ਇਸਲਾਮਾਬਾਦ, 6 ਅਪਰੈਲ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਰਕਾਰ ਤੋਂ ਕੌਮੀ ਸੁਰੱਖਿਆ ਕੌਂਸਲ ਦੀ ਮੀਟਿੰਗ ਦੇ ਵੇਰਵੇ ਮੰਗੇ ਹਨ। ਸਿਖਰਲੀ ਅਦਾਲਤ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਰੱਦ ਕੀਤੇ ਜਾਣ ਸਬੰਧੀ ਅਹਿਮ ਕੇਸ ਦੀ ਸੁਣਵਾਈ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਕੇਸ ਦੀ ਅੱਜ ਲਗਾਤਾਰ ਤੀਜੇ ਦਿਨ ਸੁਣਵਾਈ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਵੱਲੋਂ ਬਾਬਰ ਅਵਾਨ ਅਤੇ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ ਅਲੀ ਜ਼ਾਫ਼ਰ ਪੇਸ਼ ਹੋਏ। ਚੀਫ਼ ਜਸਟਿਸ ਉਮਰ ਅਤਾ ਬੰਡਿਆਲ ਨੇ ਅਵਾਨ ਤੋਂ ਕੌਮੀ ਸੁਰੱਖਿਆ ਕੌਂਸਲ ਦੀ ਹੁਣੇ ਜਿਹੀ ਹੋਈ ਮੀਟਿੰਗ ਦੇ ਵੇਰਵੇ ਮੰਗੇ ਜਿਸ ਨੇ ਪੀਟੀਆਈ ਦੀ ਅਗਵਾਈ ਹੇਠਲੀ ਸਰਕਾਰ ਨੂੰ ਲਾਂਭੇ ਕਰਨ ਦੀ ਵਿਦੇਸ਼ੀ ਸਾਜ਼ਿਸ਼ ਦੇ ਸਬੂਤ ਵਜੋਂ ਦਿਖਾਈ ਚਿੱਠੀ ’ਤੇ ਵਿਚਾਰ ਵਟਾਂਦਰਾ ਕੀਤਾ ਸੀ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਸੁਣਵਾਈ ਦੌਰਾਨ ਜਸਟਿਸ ਬੰਡਿਆਲ ਨੇ ਸਪੀਕਰ ਵੱਲੋਂ ਲਏ ਗਏ ਫ਼ੈਸਲੇ ਦੇ ਆਧਾਰ ਬਾਰੇ ਸਵਾਲ ਕੀਤਾ। ਉਨ੍ਹਾਂ ਕਿਹਾ,‘‘ਕੀ ਸਪੀਕਰ ਬਿਨਾਂ ਤੱਥ ਪੇਸ਼ ਕੀਤਿਆਂ ਅਜਿਹਾ ਫ਼ੈਸਲਾ ਸੁਣਾ ਸਕਦਾ ਹੈ। ਇਹ ਸੰਵਿਧਾਨਕ ਨੁਕਤਾ ਹੈ ਜਿਸ ’ਤੇ ਅਦਾਲਤ ਨੇ ਫ਼ੈਸਲਾ ਲੈਣਾ ਹੈ।’’ ਉਨ੍ਹਾਂ ਅਵਾਨ ਨੂੰ ਕਿਹਾ ਕਿ ਉਹ ਅਦਾਲਤ ਨੂੰ ਦੱਸਣ ਕਿ ਕੀ ਸਪੀਕਰ ਅਜਿਹੇ ਮੁੱਦੇ ’ਤੇ ਫ਼ੈਸਲਾ ਲੈ ਸਕਦਾ ਹੈ ਜੋ ਧਾਰਾ 95 ਦੀ ਉਲੰਘਣਾ ਹੋਵੇ। ਉਨ੍ਹਾਂ ਪੀਟੀਆਈ ਦੇ ਵਕੀਲ ਨੂੰ ਠੋਸ ਸਬੂਤਾਂ ਨਾਲ ਫ਼ੈਸਲੇ ਦਾ ਬਚਾਅ ਕਰਨ ਲਈ ਕਿਹਾ। ਅਮਲ ਪੂਰਾ ਨਾ ਹੋਣ ਕਾਰਨ ਅਦਾਲਤ ਨੇ ਕੇਸ ਦੀ ਸੁਣਵਾਈ ਵੀਰਵਾਰ ਸਵੇਰੇ ਸਾਢੇ 9 ਵਜੇ (ਸਥਾਨਕ ਸਮੇਂ ਅਨੁਸਾਰ) ਤੱਕ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ
ਰਾਸ਼ਟਰਪਤੀ ਨੇ ਚੋਣ ਕਮਿਸ਼ਨ ਤੋਂ ਚੋਣਾਂ ਲਈ ਪ੍ਰਸਤਾਵਿਤ ਤਰੀਕਾਂ ਮੰਗੀਆਂ
ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਆਮ ਚੋਣਾਂ ਕਰਾਉਣ ਲਈ ਪ੍ਰਸਤਾਵਿਤ ਤਰੀਕਾਂ ਦੀ ਜਾਣਕਾਰੀ ਦੇਵੇ। ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ’ਚ ਰਾਸ਼ਟਰਪਤੀ ਨੇ ਕਿਹਾ ਹੈ ਕਿ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਤਰੀਕ ਤੋਂ 90 ਦਿਨ ’ਚ ਚੋਣਾਂ ਕਰਾਉਣੀਆਂ ਪੈਣਗੀਆਂ ਅਤੇ ਤਰੀਕਾਂ ਦੇ ਐਲਾਨ ਲਈ ਸੰਵਿਧਾਨ ਮੁਤਾਬਕ ਚੋਣ ਕਮਿਸ਼ਨ ਨਾਲ ਵਿਚਾਰ ਵਟਾਂਦਰੇ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਉਹ ਇੰਨੀ ਛੇਤੀ ਚੋਣਾਂ ਕਰਾਉਣ ਦੇ ਸਮਰੱਥ ਨਹੀਂ ਹੈ। -ਪੀਟੀਆਈ