20.1 C
Patiāla
Saturday, November 26, 2022

ਦੇਸ਼ ਲਈ ਮੁਸ਼ਕਲ ਖੜ੍ਹੀ ਕਰਨ ਵਾਲਿਆਂ ਨੂੰ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ: ਰਾਜਨਾਥ : The Tribune India

Must read


ਅਜੈ ਬੈਨਰਜੀ

ਨਵੀਂ ਦਿੱਲੀ, 7 ਅਪਰੈਲ

ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ ਦਾ ਹਵਾਲਾ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੇ ਕਿਸੇ ਲਈ ਕਦੇ ਵੀ ਮੁਸ਼ਕਲ ਖੜ੍ਹੀ ਨਹੀਂ ਕੀਤੀ ਹੈ ਪਰ ਜੇਕਰ ਕੋਈ ਦੇਸ਼ ਲਈ ਮੁਸ਼ਕਲ ਪੈਦਾ ਕਰੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਅਤੇ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ। ਰੱਖਿਆ ਮੰਤਰੀ ਨੇ ਕਿਹਾ,‘‘ਵਿਸਤਾਰਵਾਦੀ ਏਜੰਡਾ ਸਾਡੇ ਖਿਆਲਾਂ, ਸੱਭਿਆਚਾਰ ਅਤੇ ਸੋਚ ਪ੍ਰਕਿਰਿਆ ਦੇ ਖ਼ਿਲਾਫ਼ ਹੈ। ਅਸੀਂ ਜੰਗ ਦੇ ਨਫ਼ੇ-ਨੁਕਸਾਨ ਬਾਰੇ ਕੁਝ ਵੀ ਨਹੀਂ ਸੋਚਾਂਗੇ।’’ ਰਾਜਨਾਥ ਸਿੰਘ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਰਾਜੇਸ਼ ਰਾਮਾਚੰਦਰਨ ਵੱਲੋਂ ਸੰਪਾਦਿਤ ਕਿਤਾਬ ‘ਹੀਰੋਜ਼ ਆਫ਼ 1971’ ਨੂੰ ਰਿਲੀਜ਼ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਦਿ ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਐੱਨ ਐੱਨ ਵੋਹਰਾ ਅਤੇ ਟਰੱਸਟੀਆਂ ਲੈਫ਼ਟੀਨੈਂਟ ਜਨਰਲ ਐੱਸ ਐੱਸ ਮਹਿਤਾ (ਰਿਟਾਇਰਡ) ਅਤੇ ਗੁਰਬਚਨ ਜਗਤ ਵੀ ਇਸ ਮੌਕੇ ਹਾਜ਼ਰ ਸਨ। ਕਿਤਾਬ ਬਾਰੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਟ੍ਰਿਬਿਊਨ ਵੱਲੋਂ ਪ੍ਰਕਾਸ਼ਿਤ ਲੇਖ ਯਾਦਗਾਰੀ ਹਨ ਅਤੇ ਕਿਤਾਬ ਯਾਦਾਂ ਨੂੰ ਤਾਜ਼ਾ ਕਰ ਦੇਵੇਗੀ। ਉਨ੍ਹਾਂ ਕਿਹਾ,‘‘ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈਆਂ ਸਾਰੀਆਂ ਜੰਗਾਂ ’ਚੋਂ 1971 ਦੀ ਜੰਗ ਸਭ ਤੋਂ ਜ਼ਿਆਦਾ ਫੈਸਲਾਕੁੰਨ ਰਹੀ ਸੀ। ਫ਼ੌਜ ਨੇ ਦਲੇਰੀ, ਬਹਾਦਰੀ ਅਤੇ ਹੌਸਲਾ ਦਿਖਾਇਆ ਸੀ। ਜੰਗ ਤਾਂ ਜੰਗ ਸੀ ਪਰ ਅਸੀਂ ਮਨੁੱਖੀ ਹੱਕਾਂ ਲਈ ਲੜੇ ਜਿਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਅਸੀਂ ਅਨਿਆਂ ਅਤੇ ਮਨੁੱਖਤਾ ’ਤੇ ਜ਼ੁਲਮ ਖ਼ਿਲਾਫ਼ ਲੜੇ ਸੀ।’’ ਰੱਖਿਆ ਮੰਤਰੀ ਨੇ ਕਿਹਾ ਕਿ ਪੂਰਬੀ ਪਾਕਿਸਤਾਨ (ਬਾਅਦ ’ਚ ਬੰਗਲਾਦੇਸ਼) ’ਚ ਜੋ ਕੁਝ ਵਾਪਰ ਰਿਹਾ ਸੀ, ਉਹ ਪੂਰੀ ਦੁਨੀਆ ਨੇ ਦੇਖਿਆ ਸੀ। ‘ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਸੀ, ਕਈ ਲੋਕ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਸੀ। ਭਾਰਤ ਨੇ ਇਸ ’ਚ ਦਖ਼ਲ ਦੇਣ ਦਾ ਫ਼ੈਸਲਾ ਲਿਆ ਅਤੇ ਅਸੀਂ ਜਿੱਤ ਹਾਸਲ ਕੀਤੀ ਸੀ। ਮਨੁੱਖੀ ਸਹਾਇਤਾ ਲਈ ਜੰਗ ਲੜੀ ਗਈ ਸੀ। ਸਾਡਾ ਇਰਾਦਾ ਪਾਕਿਸਤਾਨ ਦੇ ਇਕ ਇੰਚ ਇਲਾਕੇ ’ਤੇ ਵੀ ਕਬਜ਼ਾ ਕਰਨ ਦਾ ਨਹੀਂ ਸੀ।’ ਉਨ੍ਹਾਂ ਕਿਹਾ ਕਿ ਦੇਸ਼ ਜੰਗ ’ਚ ਹਿੱਸਾ ਲੈਣ ਵਾਲਿਆਂ ਦਾ ਕਰਜ਼ਈ ਹੈ। ਉਨ੍ਹਾਂ ਭਾਰਤੀ ਫ਼ੌਜ ਵੱਲੋਂ ਜੰਗੀ ਕੈਦੀਆਂ ਨਾਲ ਕੀਤੇ ਗਏ ਰਹਿਮ ਵਾਲੇ ਵਿਵਹਾਰ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਅਥਲੀਟ ਅਬਦੁੱਲ ਖਾਲਿਕ ਦਾ ਜ਼ਿਕਰ ਕੀਤਾ ਜੋ ਜੰਗੀ ਕੈਦੀ ਸੀ। ਉਨ੍ਹਾਂ ਕਿਹਾ ਕਿ ਉਸ ਨਾਲ ਪੂਰੇ ਸਨਮਾਨ ਨਾਲ ਪੇਸ਼ ਆਇਆ ਗਿਆ। ਰੱਖਿਆ ਮੰਤਰੀ ਨੇ ਕਿਹਾ,‘‘ਸਾਰਿਆਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।’ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਰੋਜ਼ਾਨਾ ਟ੍ਰਿਬਿਊਨ ਪੜ੍ਹਦੇ ਹਨ ਕਿਉਂਕਿ ਇਹ ਰੱਖਿਆ ਮਾਮਲਿਆਂ ਨੂੰ ਪੂਰੀ ਡੂੰਘਾਈ ਨਾਲ ਕਵਰ ਕਰਦਾ ਹੈ ਅਤੇ ਬਹੁਤ ਵਧੀਆ ਲੇਖ ਪ੍ਰਕਾਸ਼ਿਤ ਕਰਦਾ ਹੈ। ਉਨ੍ਹਾਂ ਟ੍ਰਿਬਿਊਨ ਗਰੁੱਪ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਕਿਤਾਬ ਦਾ ਹਿੰਦੀ ਅਤੇ ਹੋਰ ਭਾਸ਼ਾਵਾਂ ’ਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ।’ 1971 ਦੀ ਜੰਗ ਸਮੇਂ ਭਾਰਤੀ ਸੈਨਾਵਾਂ ਦੀ ਸਾਂਝੀ ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਮਿਸਾਲ ਸੀ। ਉਨ੍ਹਾਂ ਕਿਹਾ,‘‘ਅਸੀਂ ਮੁੜ ਹੁਣ ਸਾਂਝੀ ਫ਼ੌਜ ਬਾਰੇ ਚਰਚਾ ਕਰ ਰਹੇ ਹਾਂ। ਇਸ ’ਚ ਕਿੰਨਾ ਕੁ ਸਮਾਂ ਲੱਗੇਗਾ ਇਸ ਦਾ ਪਤਾ ਨਹੀਂ ਹੈ ਪਰ ਸਾਨੂੰ ਆਸ ਹੈ ਕਿ ਇਹ ਫ਼ੈਸਲਾ ਛੇਤੀ ਲਿਆ ਜਾਵੇਗਾ ਅਤੇ ਇਹ ਫ਼ੈਸਲਾ ਤਿੰਨੋਂ ਸੈਨਾਵਾਂ ਦੀ ਸਰਬਸੰਮਤੀ ਨਾਲ ਲਿਆ ਜਾਵੇਗਾ।’’ ਰੱਖਿਆ ਉਤਪਾਦਨ ’ਚ ਆਤਮ-ਨਿਰਭਰਤਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਸਬੰਧੀ ਕਈ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਫ਼ੈਸਲਾ ਲਿਆ ਗਿਆ ਹੈ ਕਿ ਇਕ ਤੈਅ ਸਮੇਂ ਤੋਂ ਬਾਅਦ ਮੁਲਕ ਫ਼ੌਜੀ ਸਾਜ਼ੋ-ਸਾਮਾਨ ਦੀ ਦਰਾਮਦ ਨਹੀਂ ਕਰੇਗਾ। 

News Source link

- Advertisement -

More articles

- Advertisement -

Latest article