ਨਵੀਂ ਦਿੱਲੀ, 6 ਅਪਰੈਲ
ਭਾਰਤੀ ਮੁੱਕੇਬਾਜ਼ ਆਸ਼ੀਸ਼ ਕੁਮਾਰ, ਗੋਵਿੰਦ ਸਾਹਨੀ, ਵਰਿੰਦਰ ਸਿੰਘ ਅਤੇ ਮੋਨਿਕਾ ਅੱਜ ਇੱਥੇ ਫੁਕੇਤ ਸਟੇਡੀਅਮ ਵਿੱਚ ਚੱਲ ਰਹੇ ਥਾਈਲੈਂਡ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿੱਚ ਆਪੋ-ਆਪਣੇ ਵਰਗਾਂ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਆਸ਼ੀਸ਼ ਕੁਮਾਰ ਨੇ 81 ਕਿੱਲੋ ਵਰਗ ਦੇ ਸੈਮੀ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਮੈਖੇਲ ਰੋਬੈਰਡ ਮਸਕਿਤਾ ਨੂੰ 5-0 ਨਾਲ ਹਰਾਇਆ। ਅਸ਼ੀਸ਼ ਨੇ ਟੂਰਨਾਮੈਂਟ ਵਿੱਚ ਪਿਛਲੀ ਵਾਰ 75 ਕਿੱਲੋ ਵਰਗ ’ਚ ਸੋਨ ਤਗ਼ਮਾ ਜਿੱਤਿਆ ਸੀ। ਪੁਰਸ਼ਾਂ ਦੇ 48 ਕਿੱਲੋ ਵਰਗ ਵਿੱਚ ਗੋਵਿੰਦ ਨੇ ਸਖ਼ਤ ਮੁਕਾਬਲੇ ਵਿੱਚ ਵੀਅਤਨਾਮ ਦੇ ਗੁਯੇਨ ਲਿਨ ਫੁੰਗ ਨੂੰ 4-1 ਨਾਲ ਹਰਾਇਆ ਜਦਕਿ ਪੁਰਸ਼ਾਂ ਦੇ 60 ਕਿੱਲੋ ਵਰਗ ਦੇ ਸੈਮੀ ਫਾਈਨਲ ਵਿੱਚ ਵਰਿੰਦਰ ਸਿੰਘ ਨੂੰ ਫਲਸਤੀਨ ਦੇ ਅਬਦੇਲ ਰਹਿਮਾਨ ਅਬੂਨਬ ਤੋਂ ਵਾਕਓਵਰ ਮਿਲਿਆ। ਔਰਤਾਂ ਦੇ 48 ਕਿੱਲੋ ਵਰਗ ਦੇ ਸੈਮੀ ਫਾਈਨਲ ਵਿੱਚ ਮੋਨਿਕਾ (26) ਨੇ ਥਾਈਲੈਂਡ ਦੀ ਟੀ.ਟੀ. ਡਿਏਮ ਕਿਯੂ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਮੋਨਿਕਾ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਜੋਸੀ ਗਾਬੁਕੋ ਨੇ ਹਰਾ ਕੇ ਉਲਟਫੇਰ ਕੀਤਾ ਸੀ। ਇਸੇ ਦੌਰਾਨ ਪੁਰਸ਼ਾਂ ਦੇ 52 ਕਿੱਲੋ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਅੰਮਿਤ ਪੰਘਾਲ ਜੇਤੂ ਰਿਹਾ ਜਦਕਿ 57 ਕਿੱਲੋ ਵਰਗ ’ਚ ਰੋਹਿਤ ਮੋਹਿਤ ਮੋਰ ਨੂੰ ਥਾਈਲੈਂਡ ਦੇ ਮੁੱਕੇਬਾਜ਼ ਰੁਜਾਕਰਨ ਜੁਨਤਰੋਂਗ ਹੱਥੋ 5-0 ਨਾਲ ਹਾਰ ਮਿਲੀ। ਇਸ ਤੋਂ ਇਲਾਵਾ ਭਾਰਤ ਦੀ ਭਾਗਵਤੀ ਕਾਚਰੀ ਵੀ ਥਾਈਲੈਂਡ ਦੀ ਪੋਰਨਿਪਾ ਨੂੰ 5-0 ਨਾਲ ਹਰਾ ਕੇ ਔਰਤਾਂ ਦੇ 75 ਕਿੱਲੋ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ। -ਪੀਟੀਆਈ