26.1 C
Patiāla
Friday, April 26, 2024

ਕੁਰਸੀ ਵਾਲਾ ਬੁੱਤ

Must read


ਤਰਸੇਮ ਸਿੰਘ ਭੰਗੂ

ਇੱਕ ਨੇਤਾ ਜੀ ਆਪਣੀਆਂ ਮੋਮੋਠਗਣੀਆਂ ਨਾਲ ਲੋਕਾਂ ਨੂੰ ਬੇਵਕੂਫ਼ ਬਣਾ ਕੇ ਸਾਰੀ ਉਮਰ ਕੁਰਸੀ ਦਾ ਸੁੱਖ ਮਾਣਦਾ ਰਿਹਾ। ਉਮਰ ਦੇ ਪਿਛਲੇ ਪਹਿਰ ਵੀ ਉਹ ਕੁਰਸੀ ਦਾ ਮੋਹ ਨਹੀਂ ਤਿਆਗ ਸਕਿਆ। ਆਪਣੇ ਸਹਾਇਕਾਂ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਜਾਂਦਾ ਤੇ ਆਖਦਾ, ‘‘ਸਾਰੀ ਉਮਰ ਤੁਸੀਂ ਮੈਨੂੰ ਮਾਣ ਬਖ਼ਸ਼ਿਆ ਹੈ, ਇਸ ਵਾਰ ਵੀ ਇੱਕ ਮੌਕਾ ਦੇ ਦਿਓ ਤਾਂ ਮੇਰੀ ਪੰਜ ਸਾਲ ਹੋਰ ਉਮਰ ਵਧ ਜਾਵੇਗੀ। ਮੈਂ ਆਖਰੀ ਸਾਹ ਤੱਕ ਤੁਹਾਡੀ ‘ਸੇਵਾ’ ਕਰਨੀ ਚਾਹੁੰਦਾ ਹਾਂ।’’ ਪਰ ਲੋਕ ਉਸ ਦੀਆਂ ਮੋਮੋਠਗਣੀਆਂ ਵਿੱਚ ਨਹੀਂ ਆਏ ਤੇ ਨੇਤਾ ਚੋਣ ਹਾਰ ਗਿਆ। ਸਾਰੀ ਉਮਰ ਜਿੱਤਾਂ ਪ੍ਰਾਪਤ ਕਰਨ ਵਾਲੇ ਨੇ ਹਾਰ ਦਾ ਗ਼ਮ ਦਿਲ ਨੂੰ ਬਹੁਤ ਜ਼ਿਆਦਾ ਲਾ ਲਿਆ ਤੇ ਬਿਮਾਰ ਹੋ ਗਿਆ। ਬਿਮਾਰੀ ਦੀ ਹਾਲਤ ਵਿੱਚ ਮੰਜੇ ’ਤੇ ਪਏ ਨੇਤਾ ਜੀ ਦੀਆਂ ਅੱਖਾਂ ਅੱਗੇ ਕੁਰਸੀ ਹੀ ਘੁੰਮਦੀ ਰਹਿੰਦੀ। ਦਿਨ-ਰਾਤ ਉਹ ਬੀਤੀ ਉਮਰ ਦੇ ਵਰ੍ਹਿਆਂ ਨੂੰ ਹੰਘਾਲਦਾ ਰਹਿੰਦਾ, ਕਿਵੇਂ ਉਸ ਨੇ ਆਪਣੇ ਸਿਆਸੀ ਜੀਵਨ ਵਿੱਚ ਵਿਰੋਧੀਆਂ ਨੂੰ ਨੁੱਕਰੇ ਲਾ ਕੇ ਰੱਖਿਆ ਸੀ। ਇਹ ਵੀ ਸੱਚ ਸੀ ਕਿ ਅੱਜ ਉਹ ਕੱਖੋਂ ਹੌਲਾ ਤੇ ਬੇਵੱਸ ਹੋ ਕੇ ਰਹਿ ਗਿਆ ਹੈ। ਜਿਨ੍ਹਾਂ ਖਾਤਰ ਉਸ ਨੇ ਦੂਸਰਿਆਂ ਦੇ ਗਲ਼ ਘੁੱਟ ਕੇ ਬੇਸ਼ੁਮਾਰ ਮਾਇਆ ਜੋੜੀ, ਉਹ ਵੀ ਜ਼ਿਆਦਾ ਸਮਾਂ ਉਸ ਕੋਲ ਬੈਠਣ ਤੋਂ ਕੰਨੀ ਕਤਰਾਉਂਦੇ ਹਨ। ਕਾਫ਼ੀ ਅਰਸੇ ਬਾਅਦ ਉਸ ਨੂੰ ਸੁੱਝ ਗਿਆ ਕਿ ਉਹ ਹੁਣ ਬਚਦਾ ਨਹੀਂ। ਉਸ ਨੇ ਇੱਕ ਦਿਨ ਆਪਣੇ ਸਾਰੇ ਟੱਬਰ ਨੂੰ ਆਪਣੇ ਕੋਲ ਬੁਲਾਇਆ। ਸਾਰੇ ਜੀਅ ਬਜ਼ੁਰਗ ਦੇ ਆਲੇ-ਦੁਆਲੇ ਬੈਠ ਗਏ।

‘‘ਮੇਰੇ ਬੱਚਿਓ, ਮੈਂ ਸਾਰੀ ਉਮਰ ਕੁਰਸੀ ਦੀ ਤਾਕਤ ਨਾਲ ਤੁਹਾਡੇ ਵਾਸਤੇ ਐਨਾ ਕੁਝ ਬਣਾ ਦਿੱਤਾ ਹੈ ਕਿ ਤੁਸੀਂ ਸੱਤਾਂ ਪੁਸ਼ਤਾਂ ਤੱਕ ਵਿਹਲੇ ਬੈਠ ਕੇ ਖਾ ਸਕਦੇ ਹੋ। ਮੈਨੂੰ ਲੱਗ ਰਿਹਾ ਹੈ ਕਿ ਮੇਰਾ ਅੰਤ ਸਮਾਂ ਆ ਗਿਆ ਹੈ। ਮੈਂ ਹੁਣ ਬਚਣਾ ਨਹੀਂ। ਮੇਰੀ ਆਖਰੀ ਇੱਛਾ ਹੈ ਕਿ ਮੇਰਾ ਅਖੀਰਲਾ ਸਾਹ ਵੀ ਕੁਰਸੀ ’ਤੇ ਹੀ ਨਿਕਲੇ।’’ ਬਜ਼ੁਰਗ ਨੇਤਾ ਨੇ ਬੇਵੱਸ ਅਤੇ ਤਰਲੇ ਭਰੀ ਨਜ਼ਰ ਸਾਰੇ ਜੀਆਂ ’ਤੇ ਮਾਰਦਿਆਂ ਕਿਹਾ।

ਘਰ ਦੇ ਜੀਆਂ ਨੇ ਬਾਪੂ ਦੀ ਆਖਰੀ ਇੱਛਾ ਪੂਰੀ ਕਰਨੀ ਆਪਣਾ ਫ਼ਰਜ਼ ਸਮਝ ਕੇ ਤਕਲੀਫ਼ ਦੇ ਬਾਵਜੂਦ ਬਾਪੂ ਨੂੰ ਕੁਰਸੀ ’ਤੇ ਬਿਠਾ ਦਿੱਤਾ। ਕੁਰਸੀ ਦੀ ਛੋਹ ਨਾਲ ਜਿਵੇਂ ਬਾਪੂ ਵਿੱਚ ਦੁਬਾਰਾ ਜਾਨ ਪੈ ਗਈ ਹੋਵੇ। ਉਹ ਕੁਰਸੀ ਦੀਆਂ ਬਾਹੀਆਂ ਨੂੰ ਪਲੋਸਦਾ ਨੇੜੇ ਬੈਠੇ ਜੀਆਂ ਨੂੰ ਆਪਣੇ ਜੀਵਨ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਕਿੱਸੇ-ਕਹਾਣੀਆਂ ਸੁਣਾਉਣ ਲੱਗ ਪਿਆ ਤੇ ਪਰਿਵਾਰ ਨੂੰ ਜੀਵਨ ਵਿੱਚ ਕਾਮਯਾਬ ਹੋਣ ਦੇ ਗੁਰ ਵੀ ਸਮਝਾਉਣ ਲੱਗਾ। ਨਵੀਂ ਪਨੀਰੀ ਦਾ ਬਾਪੂ ਦੀਆਂ ਗੱਲਾਂ ਨਾਲੋਂ ਆਪਣੇ ਮੋਬਾਈਲ ਫੋਨਾਂ ’ਤੇ ਧਿਆਨ ਵੱਧ ਸੀ। ਕਾਫ਼ੀ ਰਾਤ ਗੁਜ਼ਰ ਗਈ। ਸਾਰੇ ਜੀਆਂ ਨੂੰ ਵਿੱਚ-ਵਿੱਚ ਨੀਂਦ ਦੇ ਝੋਕੇ ਵੀ ਆ ਰਹੇ ਸਨ। ਉਨ੍ਹਾਂ ਬਾਪੂ ਨੂੰ ਇੱਕ ਦੋ ਵਾਰ ਆਪਣੇ ਬੈੱਡ ’ਤੇ ਲੰਮੇ ਪੈਣ ਲਈ ਵੀ ਕਿਹਾ, ਪਰ ਬਾਪੂ ਆਖ ਦੇਂਦਾ, ‘‘ਤੁਸੀਂ ਆਰਾਮ ਕਰੋ ਹੁਣ ਮੈਂ ਠੀਕ ਹਾਂ।’’ ਅਖੀਰ ਹੌਲੀ-ਹੌਲੀ ਸਾਰੇ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ। ਇੱਕ ਦੋ ਵਾਰ ਉੱਠ ਕੇ ਬਾਪੂ ਨੂੰ ਵੇਖਿਆ ਵੀ, ਪਰ ਚੁੱਪ-ਚਾਪ ਬੈਠਾ ਵੇਖ ਸੁੱਤਾ ਸਮਝ ਆਪ ਵੀ ਨਿਸ਼ਚਿੰਤ ਹੋ ਕੇ ਸੌਂ ਗਏ। ਪਤਾ ਨਹੀਂ ਕਿਹੜੇ ਵੇਲੇ ਬਾਪੂ ਨੇ ਕੁਰਸੀ ’ਤੇ ਬੈਠੇ ਨੇ ਹੀ ਪ੍ਰਾਣ ਤਿਆਗ ਦਿੱਤੇ। ਰਾਤ ਦੇਰ ਨਾਲ ਸੌਣ ਕਰਕੇ ਸਵੇਰੇ ਸਾਰੇ ਹੀ ਦੇਰ ਨਾਲ ਜਾਗੇ। ਪਹਿਲਾਂ ਤਾਂ ਸਾਰਿਆਂ ਨੇ ਬਾਪੂ ਨੂੰ ਆਰਾਮ ਨਾਲ ਕੁਰਸੀ ’ਤੇ ਸੁੱਤਾ ਪਿਆ ਹੀ ਸਮਝਿਆ, ਪਰ ਜਦੋਂ ਹੱਥ ਲਾ ਕੇ ਵੇਖਿਆ ਤਾਂ ਬਾਪੂ ਆਕੜਿਆ ਹੋਇਆ ਸੀ। ਬਾਪੂ ਦੇ ਦੋਵੇਂ ਹੱਥ ਕੁਰਸੀ ਦੀਆਂ ਬਾਹੀਆਂ ਨੂੰ ਘੁੱਟ ਕੇ ਫੜੀ ਇੰਜ ਆਕੜੇ ਹੋਏ ਸਨ ਜਿਵੇਂ ਬਜ਼ੁਰਗ ਨੇਤਾ ਜੀ ਜਾਨ ਨਿਕਲਣ ਵੇਲੇ ਵੀ ਕੁਰਸੀ ਨੂੰ ਘੁੱਟ-ਘੁੱਟ ਫੜਦੇ ਰਹੇ ਹੋਣ। ਬਾਪੂ ਦੇ ਪ੍ਰਾਣ ਪੰਖੇਰੂ ਉੱਡੇ ਵੇਖ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੁਣ ਬਾਪੂ ਨੂੰ ਜ਼ਮੀਨ ’ਤੇ ਲੰਮਾ ਪਾ ਕੇ ਉੱਪਰ ਕੱਪੜਾ ਪਾਉਣਾ ਸੀ। ਜਦੋਂ ਕੁਰਸੀ ਤੋਂ ਚੁੱਕ ਕੇ ਲੰਮਾ ਪਾਉਣ ਲੱਗੇ ਤਾਂ ਆਕੜੀਆਂ ਬਾਹਵਾਂ ਵੀ ਸਿੱਧੀਆਂ ਹੀ ਨਾ ਹੋਣ। ਰਾਤ ਕੁਰਸੀ ’ਤੇ ਬੈਠਾ ਬਾਪੂ ਸਵੇਰੇ ਨੌਂ ਵਜੇ ਤੱਕ ਆਕੜ ਕੇ ਅੰਗਰੇਜ਼ੀ ਦਾ ਜੈੱਡ ਬਣ ਚੁੱਕਾ ਸੀ। ਲੰਮਾ ਪਾਉਣ ਤਾਂ ਪੈਰ ਚੁੱਕੇ ਜਾਣ, ਜੇ ਪੈਰ ਸਿੱਧੇ ਕਰਨ ਤਾਂ ਸਿਰ ਵਾਲੇ ਪਾਸੇ ਤੋਂ ਉੱਠ ਖਲੋਵੇ। ਪਰਿਵਾਰ ਨੂੰ ਕੋਈ ਸਮਝ ਨਾ ਲੱਗੇ ਕਿ ਕੀ ਕਰਨ। ਅਖੀਰ ਬਾਪੂ ਦੇ ਜਾਨਸ਼ੀਨ ਪੁੱਤਰ ਨੇ ਭੱਜ ਕੇ ਬਾਪੂ ਦੇ ਸਮਕਾਲੀ ਖਾਸ ਮਿੱਤਰ ਬਾਬੇ ਬੰਮੇ ਬਹਿਰੂਪੀਏ ਕੋਲ ਜਾ ਕੇ ਉਸ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਮੁੰਡੇ ਦੇ ਨਾਲ ਘਰ ਆ ਕੇ ਬਾਪੂ ਦਾ ਯਾਰ, ਆਪਣੇ ਲੰਗੋਟੀਏ ਯਾਰ ਦੀ ਹਾਲਤ ਵੇਖ ਕੇ ਬੁੜਬੁੜਾਇਆ, ‘‘ਇਹਨੇ ਸਾਰੀ ਉਮਰ ਹੀ ਪੰਗੇ ਪਾ ਛੱਡੇ ਸੀ, ਮਰਦਾ ਵੀ ਪਾ ਗਿਆ।’’

‘‘ਕੁਝ ਕਿਹਾ ਬਾਬਾ ਜੀ?’’

‘‘ਨਹੀਂ ਕੁਝ ਨਹੀਂ, ਹੁਣ ਕਹਿਣ ਵਾਸਤੇ ਬਚਿਆ ਈ ਕੀ ਆ।’’ ਬਾਬੇ ਨੇ ਆਪਣੇ ਯਾਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ।

ਨੇਤਾ ਜੀ ਨੂੰ ਸਿੱਧਾ ਕਰਨ ਦੀ ਬਥੇਰੀ ਕੋਸ਼ਿਸ਼ ਕੀਤੀ ਗਈ, ਪਰ ਗੱਲ ਨਾ ਬਣੀ। ਅਖੀਰ ਬਾਬੇ ਨੇ ਸਲਾਹ ਦਿੱਤੀ ਕਿ ਇਸ ਨੂੰ ਕੁਰਸੀ ’ਤੇ ਹੀ ਬਿਠਾ ਦਈਏ, ਸਿੱਧਾ ਕਰਦਿਆਂ ਐਵੇਂ ਕੋਈ ਹੱਡੀਂ ਤੋੜ ਬਹਾਂਗੇ। ਕੁਰਸੀ ਨੂੰ ਬਾਲ੍ਹਾ ਈ ਮੋਹ ਕਰਦਾ ਸੀ ਚੰਦਰਾ।’’

‘‘ਬਾਬਾ ਜੀ, ਲੋਕ ਕੀ ਕਹਿਣਗੇ?’’ ਮੁੰਡੇ ਨੇ ਲੋਕਾਚਾਰੀ ਦਾ ਖਿਆਲ ਕਰਦਿਆਂ ਆਖਿਆ।

‘‘ਇਹ ਮੈਂ ਆਪੇ ਸੰਭਾਲ ਲਵਾਂਗਾ। ਸਾਰੀ ਉਮਰ ਗੱਲਾਂ ਬਣਾਉਣੀਆਂ ਤੇ ਮਿੱਠੀਆਂ ਗੋਲੀਆਂ ਵੰਡਣੀਆਂ ਈ ਸਿੱਖੀਆਂ ਨੇ ਅਸੀਂ, ਹੋਰ ਕੀਤਾ ਈ ਕੀ ਆ।’’ ਬਾਬਾ ਜੀ ਨੇ ਮਿੱਠੀਆਂ ਤੋਂ ਅੱਗੇ ਵਚਦਾ ਵਾਕ ਹੌਲੀ ਜਿਹੀ ਆਖਿਆ।

‘‘ਕੀ ਕਿਹਾ ਬਾਬਾ ਜੀ?’’

ਮੁੰਡੇ ਦੇ ਸੁਆਲ ਵੱਲ ਬਾਬੇ ਨੇ ਗੌਰ ਨਹੀਂ ਕੀਤਾ। ਰਿਸ਼ਤੇਦਾਰ ਅਤੇ ਨੇਤਾ ਜੀ ਦੇ ਸਨੇਹੀਆਂ ਦੇ ਪਹੁੰਚਣ ਤੋਂ ਪਹਿਲਾਂ ਨੇਤਾ ਜੀ ਨੂੰ ਬਾਬੇ ਬਹਰੂਪੀਏ ਦੀ ਮਦਦ ਤੇ ਸਲਾਹ ਨਾਲ ਕੁਰਸੀ ’ਤੇ ਹੀ ਪੰਜ ਇਸ਼ਨਾਨਾ ਕਰਵਾ ਕੇ ਦਸਤਾਰ ਸਜਾਈ ਗਈ। ਉਸ ਤੋਂ ਬਾਅਦ ਨੇਤਾ ਜੀ ਨੂੰ ਕੈਮਰਿਆਂ ’ਚ ਕੈਦ ਕੀਤਾ ਗਿਆ ਕਿਉਂਕਿ ਨੇਤਾ ਜੀ ਦੀਆਂ ਤਸਵੀਰਾਂ ਅਗਲੇ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਵਾਸਤੇ ਬਹੁਤ ਜ਼ਰੂਰੀ ਸਨ। ਕੁਰਸੀ ’ਤੇ ਬੈਠੇ ਨੇਤਾ ਜੀ ਇੰਜ ਲੱਗ ਰਹੇ ਸਨ ਜਿਵੇਂ ਹੂਬਹੂ ਸ਼ਾਖ਼ਸਾਤ ਚੋਣ ਪ੍ਰਚਾਰ ਮੌਕੇ ਪਿੰਡ ਦੀ ਸੱਥ ਵਿੱਚ ਬੈਠੇ ਲੋਕਾਂ ਨੂੰ ਲਾਰੇ-ਲੱਪਿਆਂ ਨਾਲ ਨਿਹਾਲ ਕਰ ਰਹੇ ਹੋਣ। ਅੰਤਿਮ ਸੰਸਕਾਰ ਲਈ ਤੁਰਨ ਤੋਂ ਪਹਿਲਾਂ ਨੇਤਾ ਜੀ ਦੇ ਲੰਗੋਟੀਏ ਯਾਰ ਬਾਬਾ ਬੰਮਾ ਬਹਰੂਪੀਆ ਜੀ ਨੇ ਨੇਤਾ ਜੀ ਦੇ ਚਹੇਤਿਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ‘‘ਸ਼ਾਇਦ ਦੁਨੀਆ ਦਾ ਅਜਿਹਾ ਕੋਈ ਵੀ ਭਾਗਸ਼ਾਲੀ ਨੇਤਾ ਅੱਜ ਤੱਕ ਨਹੀਂ ਹੋਇਆ ਹੋਵੇਗਾ ਜਿਸ ਨੇ ਆਪਣੇ ਜੀਵਨ ਦਾ ਐਨਾ ਲੰਮਾ ਸਮਾਂ ਕੁਰਸੀ ਦਾ ਸੁੱਖ ਮਾਣਿਆ ਹੋਵੇ। ਇਸ ਲਈ ਇਨ੍ਹਾਂ ਲਈ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਇਨ੍ਹਾਂ ਦੀ ਅੰਤਿਮ ਯਾਤਰਾ ਵੀ ਕੁਰਸੀ ’ਤੇ ਹੀ ਹੋਵੇ ਤਾਂ ਕਿ ਆਪਣੇ ਮਹਿਬੂਬ ਨੇਤਾ ਦੇ ਆਖਰੀ ਦਰਸ਼ਨਾਂ ਤੋਂ ਕੋਈ ਵੀ ਵਾਂਝਾ ਨਾ ਰਹਿ ਜਾਵੇ। ਇੱਕ ਫ਼ੈਸਲਾ ਇਹ ਵੀ ਕੀਤਾ ਗਿਆ ਕਿ ਨੇਤਾ ਜੀ ਦਾ ਯਾਦਗਾਰੀ ਬੁੱਤ ਵੀ ਕੁਰਸੀ ’ਤੇ ਬੈਠਿਆਂ ਦਾ ਹੀ ਬਣਵਾ ਕੇ ਲਾਇਆ ਜਾਵੇਗਾ।’’ ਵਿਸ਼ੇਸ਼ ਗੱਡੀ ’ਤੇ ਸਿਵਿਆਂ ਵੱਲ ਵਧ ਰਿਹਾ ਕਾਫ਼ਲਾ ਇੰਜ ਲੱਗ ਰਿਹਾ ਸੀ ਜਿਵੇਂ ਨੇਤਾ ਜੀ ਹਮੇਸ਼ਾਂ ਵਾਂਗ ਆਪਣੇ ਲਾਮ ਲਸ਼ਕਰ ਸਮੇਤ ਆਪਣੀ ਲੋਕਪ੍ਰਿਯਤਾ ਅਤੇ ਤਾਕਤ ਦਾ ਮੁਜ਼ਾਹਰਾ ਕਰਦੇ ਆਪਣੀ ਨਾਮਜ਼ਦਗੀ ਦੇ ਕਾਗ਼ਜ਼ ਦਾਖਲ ਕਰਨ ਜਾ ਰਹੇ ਹੋਣ।
ਸੰਪਰਕ: 94656-56214



News Source link
#ਕਰਸ #ਵਲ #ਬਤ

- Advertisement -

More articles

- Advertisement -

Latest article