ਨਵੀਂ ਦਿੱਲੀ, 5 ਅਪਰੈਲ
ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੇ ਨੈਦਰਲੈਂਡਜ਼ ਖ਼ਿਲਾਫ਼ ਅਗਲੇ ਐੱਫਆਈਐੱਚ ਪ੍ਰੋ-ਲੀਗ ਮੁਕਾਬਲਿਆਂ ਲਈ ਅੱਜ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ 22 ਮੈਂਬਰੀ ਮਹਿਲਾ ਹਾਕੀ ਟੀਮ ’ਚ ਵਾਪਸੀ ਕੀਤੀ ਹੈ। ਟੀਮ ’ਚ ਮਿਡ-ਫੀਲਡਰ ਮਹਿਮਾ ਚੌਧਰੀ ਅਤੇ ਸਟ੍ਰਾਈਕਰ ਐਸ਼ਵਰਿਆ ਚੌਹਾਨ ਦੇ ਰੂਪ ’ਚ ਦੋ ਨਵੇਂ ਚਿਹਰੇ ਵੀ ਸ਼ਾਮਲ ਹਨ ਜੋ ਆਉਂਦੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਭੁਵਨੇਸ਼ਵਰ ਦੇ ਕਾਲਿੰਗਾ ਸਟੇਡੀਅਮ ’ਚ ਹੋਣ ਵਾਲੇ ਮੈਚ ਖੇਡਣਗੀਆਂ। ਰਾਣੀ ਦੀ ਅਗਵਾਈ ਵਿੱਚ ਭਾਰਤੀ ਟੀਮ ਪਿਛਲੇ ਸਾਲ ਟੋਕੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੀ ਸੀ। ਇਹ ਸਟਾਰ ਸਟ੍ਰਾਈਕਰ ਜ਼ਖ਼ਮੀ ਹੋਣ ਕਾਰਨ ਇਸ ਤੋਂ ਬਾਅਦ ਕੌਮੀ ਟੀਮ ਲਈ ਨਹੀਂ ਖੇਡ ਸਕੀ ਸੀ। ਰਾਣੀ ਦੀ ਵਾਪਸੀ ਦੇ ਬਾਵਜੂਦ ਸਵਿਤਾ ਟੀਮ ਦੀ ਕਪਤਾਨ ਰਹੇਗੀ ਜਦਕਿ ਦੀਪ ਗਰੇਸ ਐੱਕਾ ਉਪ ਕਪਤਾਨ ਹੋਵੇਗੀ। ਟੀਮ ਦੇ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ, ‘ਰਾਣੀ ਨੇ ਵਾਪਸੀ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਜੇਕਰ ਅਭਿਆਸ ਚੰਗਾ ਰਿਹਾ ਤਾਂ ਮੈਨੂੰ ਉਮੀਦ ਹੈ ਕਿ ਉਹ ਇੱਕ ਮੈਚ ’ਚ ਖੇਡ ਸਕਦੀ ਹੈ।’ ਜ਼ਿਕਰਯੋਗ ਹੈ ਕਿ ਪ੍ਰੋ-ਲੀਗ ਦੀ ਅੰਕ ਸੂਚੀ ਵਿੱਚ ਭਾਰਤ ਛੇ ਮੈਚਾਂ ’ਚ 12 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ ਜਦਕਿ ਨੈਦਰਲੈਂਡਜ਼ ਛੇ ਮੈਚਾਂ ’ਚ 17 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। -ਪੀਟੀਆਈ