19.5 C
Patiāla
Monday, December 2, 2024

ਮਾਨਸਾ: ਪੰਜਾਬ ’ਚ ਸਕੂਲ ਖੁੱਲ੍ਹੇ ਪਰ ਵਿਦਿਆਰਥੀਆਂ ਨੂੰ ਨਹੀਂ ਮਿਲੀਆਂ ਕਿਤਾਬਾਂ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 6 ਅਪਰੈਲ

ਸਿੱਖਿਆ ਸੁਧਾਰ ਦੇ ਸਭ ਤੋਂ ਵੱਡੇ ਏਜੰਡੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਪਹਿਲੇ ਵਿੱਦਿਅਕ ਸ਼ੈਸਨ ਦਾ ਬੁਰਾ ਹਾਲ ਹੈ। ਸੈਸ਼ਨ ਦੇਰੀ ਨਾਲ ਸ਼ੁਰੂ ਹੋਣ ਦੇ ਬਾਵਜੂਦ ਅੱਜ ਪੰਜਾਬ ਭਰ ’ਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਕਿਸੇ ਵੀ ਵਿਦਿਆਰਥੀ ਨੂੰ ਨਵੇਂ ਸੈਸ਼ਨ ਦੀ ਨਵੀਂ ਕਿਤਾਬ ਨਸੀਬ ਨਹੀਂ ਹੋਈ। ਹਰ ਵਰ੍ਹੇ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲਾ ਵਿੱਦਿਅਕ ਸੈਸ਼ਨ ਇਸ ਵਾਰ ਅੱਜ 6 ਅਪਰੈਲ ਤੋਂ ਸ਼ੁਰੂ ਹੋਇਆ ਪਰ ਇਸ ਦੇ ਬਾਵਜੂਦ ਕਿਸੇ ਸਰਕਾਰੀ ਸਕੂਲ ਵਿੱਚ ਕਿਤਾਬਾਂ ਨਹੀਂ ਪਹੁੰਚੀਆਂ, ਜਿਸ ਕਾਰਨ ਅਗਲੀਆਂ ਜਮਾਤਾਂ ਚੜ੍ਹੇ ਵਿਦਿਆਰਥੀਆਂ ਨੂੰ ਪੁਰਾਣੀਆਂ ਕਿਤਾਬਾਂ ਨਾਲ ਹੀ ਆਪਣੀ ਨਵੀਂ ਜਮਾਤ ਦੀ ਸ਼ੁਰੂਆਤ ਕਰਨੀ ਪਈ। ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਬੁਲਾਰੇ ਅਮੋਲਕ ਡੇਲੂਆਣਾ ਦਾ ਕਹਿਣਾ ਹੈ ਕਿ ਜਦੋਂ ਅਧਿਆਪਕ ਆਪਣੇ ਹੱਕਾਂ ਲਈ ਸਿੱਖਿਆ ਮੰਤਰੀ ਦੇ ਘਰ ਅੱਗੇ ਛੁੱਟੀ ਲੈ ਕੇ ਧਰਨਾ ਦਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਫਰਲੇ ਆ ਜਾਂਦੇ ਹਨ ਪਰ ਜਦੋਂ ਕਿਤਾਬਾਂ ਵਰਗੇ ਅਹਿਮ ਮਸਲਿਆਂ ‘ਤੇ ਵੱਡੀ ਕੁਤਾਹੀ ਹੁੰਦੀ ਹੈ ਤਾਂ ਸਬੰਧਤ ਕਿਸੇ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਕਰਨ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ।

ਡੀਟੀਐੱਫ ਦਿੱਗਵਿਜੇ ਗਰੁੱਪ ਦੇ ਆਗੂ ਕਰਮਜੀਤ ਤਾਮਕੋਟ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੀਨੀਅਰ ਆਗੂ ਗੁਰਦਾਸ ਸਿੰਘ ਰਾਏਪੁਰ, ਈਟੀਟੀ ਅਧਿਆਪਕ ਯੂਨੀਅਨ ਦੇ ਸਰਪ੍ਰਸਤ ਜਗਤਾਰ ਝੱਬਰ ਨੇ ਤਰਕ ਦਿੱਤਾ ਕਿ ਜਦੋਂ ਪਤਾ ਕਿ ਹਰ ਸਾਲ ਬਾਰਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ ਦਿੱਤੀਆਂ ਜਾਣੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਛਪਾਈ ਵੇਲੇ ਸਿਰ ਕਿਉਂ ਨਹੀਂ ਕਰਵਾਈ ਜਾਂਦੀ। ਆਗੂਆਂ ਨੇ ਚਿਤਾਵਨੀ ਸੁਰ ਵਿੱਚ ਕਿਹਾ ਕਿ ਜੇ ਜਲਦੀ ਕਿਤਾਬਾਂ ਸਕੂਲਾਂ ਤੱਕ ਨਾ ਪਹੁੰਚੀਆਂ ਤਾਂ ਜਥੇਬੰਦੀਆਂ ਸੰਘਰਸ਼ ਤੋਂ ਗਰੇਜ਼ ਨਹੀਂ ਕਰਨਗੀਆਂ। ਸਥਾਨਕ ਖੇਤਰੀ ਬੋਰਡ ਦੇ ਮੈਨੇਜਰ ਗਿਆਨ ਚੰਦ ਦਾ ਕਹਿਣਾ ਹੈ ਕਿ ਵੱਖ ਵੱਖ ਜਮਾਤਾਂ ਦੀਆਂ ਕੁੱਝ ਕਿਤਾਬਾਂ ਪਹੁੰਚ ਚੁੱਕੀਆਂ ਨੇ ਕਾਫ਼ੀ ਆਉਣੀਆਂ ਬਾਕੀ ਹਨ, ਜਿਹੜੀਆਂ ਕਿਤਾਬਾਂ ਆਈਆਂ ਹਨ,ਉਨ੍ਹਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ/ਐਲੀਮੈਂਟਰੀ ਮਾਨਸਾ ਸੰਜੀਵ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਅਜੇ ਉਪਰੋਂ ਪੂਰੀਆਂ ਕਿਤਾਬਾਂ ਨਹੀਂ ਆਈਆਂ, ਜੋ ਆਈਆਂ ਨੇ ਉਨ੍ਹਾਂ ਦੀ ਵੱਡ ਸ਼ੁਰੂ ਕਰ ਦਿੱਤੀ ਹੈ। ਆਪ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜ਼ਰੂਰ ਜਾਂਚ ਕਰਵਾਉਣਗੇ, ਜੋ ਕਸੂਰਵਾਰ ਹੋਇਆ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।





News Source link

- Advertisement -

More articles

- Advertisement -

Latest article