‘ਪੰਜਾਬੀ ਸਿਨਮੇ ਦਾ ਇਤਿਹਾਸ ਹੁਣ ਤੱਕ ਬੇਹੱਦ ਸ਼ਾਨਦਾਰ ਰਿਹਾ ਹੈ। ਬਟਵਾਰੇ ਤੋਂ ਪਹਿਲਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਿਨੇਮੇ ਨੇ ਇਸ ਖਿੱਤੇ ਦੇ ਲੋਕਾਂ ਦੇ ਰਹਿਣ-ਸਹਿਣ ਅਤੇ ਸਮਾਜਿਕ ਤੇ ਆਰਥਿਕ ਪਹਿਲੂਆਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਅਜੋਕੇ ਸਮੇਂ ਵਿੱਚ ਸਮੇਂ ਦਾ ਹਾਣੀ ਬਣਦਾ ਹੋਇਆ ਪੰਜਾਬੀ ਸਿਨੇਮਾ ਤਕਨੀਕੀ ਸੂਝ-ਬੂਝ ਅਤੇ ਮੁਹਾਰਤ ਨਾਲ ਮੱਲਾਂ ਮਾਰ ਰਿਹਾ ਹੈ।’’
ਇਹ ਵਿਚਾਰ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪ੍ਰਗਟ ਕੀਤੇ। ਉਹ ਉੱਘੇ ਫਿਲਮ ਇਤਿਹਾਸਕਾਰ ਭੀਮ ਰਾਜ ਗਰਗ ਵੱਲੋਂ ਲਿਖੀ ਕਿਤਾਬ ‘ਦ ਇਲਸਟ੍ਰੇਟਿਡ ਹਿਸਟਰੀ ਆਫ਼ ਪੰਜਾਬੀ ਸਿਨੇਮਾ-1935-1985’ ਦੇ ਅੰਗਰੇਜ਼ੀ ਐਡੀਸ਼ਨ ਦੇ ਨਾਰਥ ਜ਼ੋਨ ਫਿਲਮ ਐਂਡ ਟੀ.ਵੀ. ਆਰਟਿਸਟਸ ਐਸੋਸੀਏਸ਼ਨ ਵੱਲੋਂ ਕਰਵਾਏ ਘੁੰਡ ਚੁਕਾਈ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ।
ਉਨਾਂ ਅੱਗੇ ਕਿਹਾ ਕਿ ਇਹ ਕਿਤਾਬ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਸਿਨੇਮੇ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣ ’ਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਪੰਜਾਬੀ ਸਿਨੇਮੇ ਵਿੱਚ ਬੀਤੇ ਸਮੇਂ ਦੇ ਮੁਕਾਬਲੇ ਹੁਣ ਕਾਫ਼ੀ ਤਬਦੀਲੀਆਂ ਆ ਗਈਆਂ ਹਨ ਅਤੇ ਫਿਲਮਕਾਰਾਂ ਵੱਲੋਂ ਦਲੇਰਾਨਾ ਕਦਮ ਚੁੱਕਦੇ ਹੋਏ ਲੀਕ ਤੋਂ ਹਟ ਕੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਇੱਕ ਸੁਚੱਜਾ ਕਦਮ ਹੈ।
ਚੰਨੀ ਨੇ ਨਾਰਥ ਜ਼ੋਨ ਫਿਲਮ ਐਂਡ ਟੀ.ਵੀ. ਆਰਟਿਸਟਸ ਐਸੋਸੀਏਸ਼ਨ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ ਨੂੰ ਪ੍ਰਮੋਟ ਕਰਨ ਹਿੱਤ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸ. ਚੰਨੀ ਨੇ ਕਿਹਾ ਕਿ ਜਾਰੀ ਕੀਤੀ ਗਈ ਪੁਸਤਕ ਵਿਚਲਾ ਕਾਰਜ ਵਡਮੁੱਲਾ ਹੈ ਅਤੇ ਇਸਦੀ ਸਾਹਿਤਕ ਕੀਮਤ ਕਰਕੇ ਇਸਨੂੰ ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਯੂਟੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ’ਚ ਸ਼ਾਮਲ ਕਰਨ ਦਾ ਉਪਰਾਲਾ ਵੀ ਕੀਤਾ ਜਾਵੇਗਾ। ਉਨਾਂ ਲੇਖਕ ਨੂੰ ਇਸ ਪੁਸਤਕ ਲਿਖਣ ’ਦੇ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਵੱਲੋਂ ਪਿਛਲੇ 36 ਸਾਲਾਂ ਤੋਂ ਆਰੰਭਿਆ ਕਾਰਜ ਸ਼ਲਾਘਾਯੋਗ ਹੈ।
ਇਸ ਮੌਕੇ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਚੰਨੀ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮੇ ਨੂੰ ਉਤਾਂਹ ਵੱਲ ਲੈ ਕੇ ਜਾਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸੂਬਾ ਸਰਕਾਰ ਇਸ ਕੋਸ਼ਿਸ਼ ’ਚ ਅਹਿਮ ਰੋਲ ਅਦਾ ਕਰ ਸਕਦੀ ਹੈ। ਮੁੱਖ ਮਹਿਮਾਨ ਅਤੇ ਬਾਕੀ ਮਹਿਮਾਨਾਂ ਦਾ ਧੰਨਵਾਦ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਵੱਲੋਂ ਕੀਤਾ ਗਿਆ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਤ ਰੌਣੀ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਲੇਖਕ ਭੀਮ ਰਾਜ ਗਰਗ ਅਤੇ ਮਨਦੀਪ ਸਿੱਧੂ, ਵਿਜੇ ਟੰਡਨ, ਨਿਰਮਲ ਰਿਸ਼ੀ, ਸਰਦਾਰ ਸੋਹੀ, ਬੀ.ਐਨ. ਸ਼ਰਮਾ, ਗੁਰਪ੍ਰੀਤ ਕੌਰ ਭੰਗੂ ਅਤੇ ਜਪੁਜੀ ਖਹਿਰਾ ਸਮੇਤ ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜੀਆਂ ਨਾਮੀ ਹਸਤੀਆਂ ਮੌਜੂਦ ਸਨ।