38.6 C
Patiāla
Monday, June 24, 2024

ਡਲ੍ਹਕਦਾ ਇਨਸਾਫ

Must read


ਗੁਰਮਲਕੀਅਤ ਸਿੰਘ ਕਾਹਲੋਂ

ਦੁਨੀਆ ’ਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਅ ਲਈ ਸਰਕਾਰ ਨੇ ਕਰਫਿਊ ਲਾ ਦਿੱਤਾ ਸੀ। ਅਖ਼ਬਾਰਾਂ ਵਾਲੇ ਬਹੁਤੇ ਹਾਕਰ ਬਾਹਰ ਨਿਕਲਣ ਦਾ ਹੀਆ ਨਹੀਂ ਕਰਦੇ ਸਨ। ਸਾਡੇ ਹਾਕਰ ਨੇ ਕਈ ਦਿਨਾਂ ਬਾਅਦ ਅੱਜ ਅਖ਼ਬਾਰ ਸੁੱਟੀ ਸੀ। ਪਹਿਲੀ ਖ਼ਬਰ ਸੀ ਕਿਸੇ ਨਿਹੰਗ ਬਾਣੇ ਵਾਲੇ ਬਾਬੇ ਨੇ ਥਾਣੇਦਾਰ ਦਾ ਗੁੱਟ ਲਾਹ ਦਿੱਤਾ। ਬਾਅਦ ਵਿੱਚ ਪੁਲੀਸ ਨੇ ਬਾਬੇ ਦੇ ਡੇਰੇ ਨੂੰ ਘੇਰਾ ਪਾ ਕੇ ਸਾਥੀਆਂ ਸਮੇਤ ਫੜ ਲਿਆ ਸੀ। ਅੱਗੇ ਜਾ ਕੇ ਬਾਬੇ ਦੇ ਟੋਲੇ ਦੀਆਂ ਬਦਮਾਸ਼ੀਆਂ ਦਾ ਕੱਚਾ ਚਿੱਠਾ ਅਤੇ ਗੁਰਦੁਆਰੇ ਦੇ ਰੂਪ ਵਿੱਚ ਚਲਾਏ ਜਾ ਰਹੇ ਡੇਰੇ ’ਚੋਂ ਫੜੇ 39 ਲੱਖ ਦੇ ਨੋਟ ਅਤੇ ਕਈ ਹਥਿਆਰਾਂ ਦਾ ਜ਼ਿਕਰ ਸੀ।

ਮੇਰਾ ਧਿਆਨ ਹੋਰ ਖ਼ਬਰਾਂ ਵੱਲੋਂ ਹਟਕੇ ਕਈ ਸਾਲ ਪਹਿਲਾਂ ਸਾਡੇ ਇਲਾਕੇ ਵਿੱਚ ਵਾਪਰੀ ਇੱਕ ਘਟਨਾ ਵੱਲ ਚਲਾ ਗਿਆ। ਉਸ ਘਟਨਾ ਦਾ ਮੁੱਖ ਪਾਤਰ ਬਿੰਦਾ ਉਸੇ ਰੂਪ ਵਿੱਚ ਮੇਰੇ ਸਾਹਮਣੇ ਆਣ ਖੜੋ ਗਿਆ। ਦਿਮਾਗ਼ ਦੇ ਯਾਦ ਵਾਲੇ ਹਿੱਸੇ ਵਿੱਚ ਸਾਂਭਿਆ ਉਹ ਦ੍ਰਿਸ਼ ਚੱਲਣ ਲੱਗ ਪਿਆ। ਇੱਕੋ ਬੰਦੇ ਵੱਲੋਂ ਇੱਕੋ ਵੇਲੇ ਕੀਤੇ ਤਿੰਨ ਕਤਲਾਂ ਦਾ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਸੀ। ਦੱਸਦੇ ਸੀ ਕਿ ਸੁਣਵਾਈ ਕਰ ਰਹੇ ਜੱਜ ਉੱਤੇ ਕਦੇ ਨਾਇਨਸਾਫੀ ਵਾਲੀ ਉਂਗਲ ਨਹੀਂ ਸੀ ਉੱਠੀ। ਇਨਸਾਫ ਲਈ ਉਹ ਜੱਜ ਉਹ ਨਿਯਮ ਵੀ ਅਪਣਾ ਲੈਂਦਾ ਸੀ ਕਿ ਜੇ ਕਾਨੂੰਨ ਤੋਂ ਬਾਹਰ ਜਾ ਕੇ ਇਨਸਾਫ ਕਰਨਾ ਪੈ ਜਾਵੇ ਤਾਂ ਉਹ ਜਾਇਜ਼ ਹੈ, ਬਸ਼ਰਤੇ ਇੰਜ ਕੀਤਾ ਗਿਆ ਇਨਸਾਫ ਫੈਸਲੇ ’ਚੋਂ ਝਲਕਦਾ ਹੋਵੇ।

ਮਾਮਲੇ ਵਿੱਚ ਇਸਤਗਾਸਾ ਪੱਖ ਦੇ ਸਾਰੇ ਗਵਾਹ ਭੁਗਤ ਚੁੱਕੇ ਸਨ ਤੇ ਸਭ ਨੇ ਬਲਵਿੰਦਰ ਸਿੰਘ ਉਰਫ਼ ਬਿੰਦੇ ਨੂੰ ਕਾਤਲ ਸਾਬਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਬੇਸ਼ੱਕ ਜੱਜ ਵੱਲੋਂ ਵਕੀਲ ਬਾਰੇ ਪੁੱਛੇ ਜਾਣ ਤੇ ਬਿੰਦੇ ਨੇ ਕਹਿ ਦਿੱਤਾ ਸੀ ਕਿ ਉਸ ਨੇ ਵਕੀਲ ਨਹੀਂ ਕਰਨਾ ਤੇ ਨਾ ਹੀ ਉਸ ਨੂੰ ਸਰਕਾਰੀ ਵਕੀਲ ਦੀ ਲੋੜ ਹੈ। ਫਿਰ ਵੀ ਜੱਜ ਨੇ ਲੀਗਲ ਏਡ ਸੁਸਾਇਟੀ ਨੂੰ ਲਿਖ ਕੇ ਉਸ ਨੂੰ ਸਰਕਾਰੀ ਵਕੀਲ ਦੀ ਸੇਵਾ ਲੈ ਦਿੱਤੀ ਸੀ। ਮਾਮਲੇ ਨੂੰ ਨੇੜਿਓਂ ਵੇਖਣ ਵਾਲੇ ਦੱਸਦੇ ਸਨ ਕਿ ਉਸ ਸਰਕਾਰੀ ਵਕੀਲ ਨਾਲ ਵੀ ਕਤਲ ਹੋਏ ਲੋਕਾਂ ਦੇ ਵਾਰਸਾਂ ਨੇ ਗੰਢ ਚੁੱਪ ਕਰ ਲਈ ਸੀ, ਜਿਸ ਦੀ ਪੁਸ਼ਟੀ ਇਸ ਗੱਲ ਤੋਂ ਹੋ ਜਾਂਦੀ ਸੀ ਕਿ ਉਸ ਵਕੀਲ ਨੇ ਕਿਸੇ ਗਵਾਹ ਉੱਤੇ ਠੋਕਵੀਂ ਬਹਿਸ ਨਹੀਂ ਸੀ ਕੀਤੀ। ਜਿਵੇਂ ਕਹਿੰਦੇ ਹੁੰਦੇ ਸਨ ਕਿ ਦਾਈਆਂ ਤੋਂ ਪੇਟ ਗੁੱਝੇ ਥੋੜ੍ਹੇ ਹੁੰਦੇ ਆ, ਜੱਜ ਸਾਹਿਬ ਨੇ ਇਹ ਗੱਲ ਤਾੜ ਲਈ ਸੀ। ਆਪਣੇ ਨਿਰਦੋਸ਼ ਹੋਣ ਦੀ ਗੱਲ ਕਰਨ ਲਈ ਸਫ਼ਾਈ ਦੇ ਗਵਾਹ ਬਾਰੇ ਪੁੱਛੇ ਜਾਣ ’ਤੇ ਬਿੰਦੇ ਦਾ ਜਵਾਬ ਸੀ, ‘ਜੱਜ ਸਾਹਿਬ ਮੇਰਾ ਗਵਾਹ ਮੇਰਾ ਰੱਬ ਐ ਅਤੇ ਕਿਸੇ ਵਅਕਤੀ ਉੱਤੇ ਤਾਂ ਮੈਨੂੰ ਹੁਣ ਵਿਸ਼ਵਾਸ ਈ ਨਹੀਂ ਰਿਹਾ।’ ਆਖਰ ਵਿੱਚ ਜੱਜ ਨੇ ਉਸ ਨੂੰ ਆਪਣੀ ਸਫ਼ਾਈ ਆਪ ਦੇਣ ਦਾ ਮੌਕਾ ਦਿੰਦੇ ਹੋਏ ਅਗਲੇ ਹਫ਼ਤੇ ਦੀ ਤਰੀਕ ਪਾ ਦਿੱਤੀ।

ਇਲਾਕੇ ਦਾ ਚਰਚਿਤ ਕਤਲ ਕੇਸ ਹੋਣ ਕਾਰਨ ਕਾਫ਼ੀ ਲੋਕਾਂ ਦੀ ਉਸ ਦੀ ਸੁਣਵਾਈ ਵਿੱਚ ਦਿਲਚਸਪੀ ਸੀ। ਲੋਕਾਂ ਵਿੱਚ ਉਤਸੁਕਤਾ ਸੀ ਕਿ ਰੱਬ ’ਤੇ ਭਰੋਸਾ ਰੱਖਣ ਵਾਲਾ ਬਿੰਦਾ ਅੱਜ ਆਪਣੇ ਬਚਾਅ ਲਈ ਕਹੂ ਕੀ? ਜੇਲ੍ਹ ਅਮਲਾ ਬਿੰਦੇ ਨੂੰ ਲੈ ਕੇ ਪਹੁੰਚ ਗਿਆ ਸੀ। ਦੋ ਚਾਰ ਸੁਣਵਾਈਆਂ ਤੋਂ ਬਾਅਦ ਹਾਕਰ ਨੇ ਆਵਾਜ਼ ਦਿੱਤੀ, ਸਟੇਟ ਬਨਾਮ ਬਲਵਿੰਦਰ ਸਿੰਘ ਬਿੰਦਾ। ਸਿਪਾਹੀਆਂ ਨੇ ਉਸ ਨੂੰ ਜੱਜ ਮੂਹਰੇ ਜਾ ਖੜ੍ਹਾਇਆ। ਆਵਾਜ਼ ਪੈਂਦੇ ਸਾਰ ਉਨ੍ਹਾਂ ਸਾਰਿਆਂ ਨੇ ਅਦਾਲਤੀ ਕਮਰੇ ਦਾ ਰੁਖ਼ ਕਰ ਲਿਆ ਜੋ ਖਾਸ ਤੌਰ ’ਤੇ ਬਿੰਦੇ ਦੀ ਗੱਲ ਸੁਣਨ ਆਏ ਸਨ। ਲੋਕ ਕਿਆਸ ਅਰਾਈਆਂ ਵਾਲੇ ਘੋੜੇ ਦੌੜਾ ਰਹੇ ਸਨ ਕਿ ਪਤਾ ਨਹੀਂ ਬਿੰਦਾ ਕਿਹੜਾ ਨਵਾਂ ਸੱਪ ਕੱਢ ਮਾਰੇਗਾ? ਮੁਦਈ ਧਿਰ ਵਾਲਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਵਕੀਲਾਂ ਦੀ ਬਹਿਸ ਤੋਂ ਬਾਅਦ ਜੱਜ ਸਾਹਿਬ ਅੱਜ ਫ਼ੈਸਲਾ ਸੁਣਾ ਦੇਣਗੇ। ਉਨ੍ਹਾਂ ਨੂੰ ਪਤਾ ਸੀ ਕਿ ਬਿੰਦੇ ਦੇ ਵਕੀਲ ਦਾ ਮੂੰਹ ਤਾਂ ਉਹ ਬੰਦ ਕਰ ਚੁੱਕੇ ਨੇ, ਇਸ ਲਈ ਉਸ ਨੇ ਤਾਂ ਬਚਾਅ ਵਾਲੀ ਗੱਲ ਕਰਨੀ ਨਹੀਂ। ਉਂਜ ਵੀ ਸਾਰੇ ਇਸ ਸੱਚ ਨੂੰ ਜਾਣਦੇ ਸੀ ਕਿ ਤਿੰਨੇ ਕਤਲ ਬਿੰਦੇ ਨੇ ਹੀ ਕੀਤੇ ਸਨ। ਲੋਕਾਂ ਵਿੱਚ ਤਾਂ ਉਸ ਦੀ ਸਜ਼ਾ ਬਾਰੇ ਕਿਆਫੇ ਵੀ ਲੱਗਣ ਲੱਗ ਪਏ ਸਨ। ਕੋਈ ਕਹੇ ਫਾਂਸੀ ਤਾਂ ਪੱਕੀ ਐ ਤੇ ਕੋਈ ਉਮਰ ਕੈਦ ਦੀ ਸ਼ਰਤ ਲਾ ਰਿਹਾ ਸੀ। ਜੱਜ ਦੇ ਅਰਦਲੀ ਨੇ ਪਾਣੀ ਦਾ ਗਲਾਸ ਬਦਲ ਕੇ ਲੈ ਆਂਦਾ ਜਿਸ ਨੂੰ ਪੀ ਕੇ ਜੱਜ ਸਾਹਿਬ ਨੇ ਕੁਰਸੀ ’ਤੇ ਆਪਣੇ ਆਪ ਨੂੰ ਸੰਤੁਲਿਤ ਜਿਹਾ ਕਰਦੇ ਹੋਏ ਕਤਲ ਵਾਲੀ ਫਾਈਲ ਖੋਲ੍ਹ ਲਈ। ਕੁਝ ਵਰਕੇ ਫਰੋਲਣ ਤੋਂ ਬਾਅਦ ਬਿੰਦੇ ਨੂੰ ਗਵਾਹਾਂ ਵਾਲੇ ਚੌਖਟੇ ਵਿੱਚ ਆਉਣ ਲਈ ਕਿਹਾ। ਕਮਰੇ ਵਿੱਚ ਚੁੱਪ ਵਰਤ ਗਈ। ਟਾਈਪਿਸਟ ਨੇ ਟਾਈਪ ਮਸ਼ੀਨ ’ਤੇ ਕਾਗਜ਼ ਚੜ੍ਹਾ ਲਏ। ਸਾਰਿਆਂ ਦੀਆਂ ਨਜ਼ਰਾਂ ਬਿੰਦੇ ਦੇ ਚਿਹਰੇ ’ਤੇ ਗੱਡੀਆਂ ਗਈਆਂ। ਲੋਕ ਹੈਰਾਨ ਸਨ ਕਿ ਬਿੰਦੇ ਦੇ ਚਿਹਰੇ ’ਤੇ ਸਜ਼ਾ ਦਾ ਖੌਫ਼ ਵਾਲਾ ਪ੍ਰਭਾਵ ਨਹੀਂ ਸੀ। ਉਹ ਅਡੋਲ ਖੜ੍ਹਾ ਕਦੇ ਫਾਈਲ ਫਰੋਲਦੇ ਜੱਜ ਸਾਹਿਬ ਵੱਲ ਵੇਖ ਲੈਂਦਾ ਤੇ ਕਦੇ ਉਸ ਵੱਲ ਬਿਟ-ਬਿਟ ਝਾਕਦੇ ਲੋਕਾਂ ਵੱਲ। ਵਿਚਵਾਰ ਉਹ ਆਪਣੇ ਸਰਕਾਰੀ ਵਕੀਲ ’ਤੇ ਵੀ ਨਜ਼ਰ ਮਾਰ ਲੈਂਦਾ, ਜਿਸ ਬਾਰੇ ਉਸ ਨੂੰ ਪਤਾ ਸੀ ਕਿ ਹੋਇਆ ਨਾ ਹੋਇਆ ਇੱਕ ਗੱਲ ਹੈ।

ਆਪਣੇ ਮੂਹਰੇ ਖੱਬੇ ਪਾਸੇ ਕਟਹਿਰੇ ਵਿੱਚ ਅਡੋਲ ਖੜ੍ਹੇ ਬਿੰਦੇ ਵੱਲ ਸਿਰ ਘੁੰਮਾਉਂਦੇ ਹੋਏ ਜੱਜ ਸਾਹਿਬ ਬੋਲੇ, ‘ਹਾਂ ਬਈ ਬਲਵਿੰਦਰ ਸਿੰਘ ਤੂੰ ਆਪਣੀ ਸਫ਼ਾਈ ਵਿੱਚ ਜੋ ਕਹਿਣਾ ਚਾਹੇਂ ਕਹਿ ਸਕਦਾ ਏਂ, ਤੇਰੀ ਹਰ ਗੱਲ ਰਿਕਾਰਡ ’ਤੇ ਲਿਆਂਦੀ ਜਾਵੇਗੀ।’

ਦੁਨੀਆ ਦੇ ਲੋਕਾਂ ਦੇ ਚੰਗੇ ਬੁਰੇ ਵਿਹਾਰਾਂ ਤੋਂ ਵਾਕਿਫ਼ ਹੋ ਚੁੱਕੇ ਬਿੰਦੇ ਨੇ ਜੱਜ ਦੇ ਲਹਿਜ਼ੇ ਤੋਂ ਭਾਂਪ ਲਿਆ ਕਿ ਉਹਦੀ ਸਾਰੀ ਗੱਲ ਸੁਣੀ ਜਾਊ, ਚਾਹੇ ਉਹ ਕਿੰਨੀ ਲੰਮੀ ਹੋ ਜਾਏ। ਉਸ ਨੂੰ ਲੱਗਿਆ ਜਿਵੇਂ ਬਾਬਾ ਨਾਨਕ ਉਸ ਦੇ ਸਾਹਮਣੇ ਖੜ੍ਹਾ ਉਸ ਨੂੰ “ਓੜਕ ਸੱਚ ਰਹੀ” ਦਾ ਅਸ਼ੀਰਵਾਦ ਦੇ ਰਿਹਾ ਹੋਵੇ। ਸੱਚ ਦੀਆਂ ਬਰਕਤਾਂ ਬਾਰੇ ਸੁਣੀਆਂ ਕੁਝ ਸਾਖੀਆਂ ਤੇ ਕਹਾਣੀਆਂ ਦੇ ਬਣੇ ਹੋਏ ਦ੍ਰਿਸ਼ ਉਸ ਦੇ ਮਨ ਵਿੱਚ ਉਕਰਨ ਲੱਗੇ। ਉਸ ਦਾ ਮਨ ਗਵਾਹੀ ਭਰਨ ਲੱਗਾ ਕਿ ਸੱਚੇ ਬੰਦੇ ਨਾਲ ਰੱਬ ਆਪ ਆ ਕੇ ਖੜ੍ਹ ਜਾਂਦਾ। ਉਸ ਦਾ ਮਨ ਉਹ ਸਾਰਾ ਸੱਚ ਉਗਲਣ ਲਈ ਜ਼ੋਰ ਪਾਉਣ ਲੱਗਾ ਜਿਸ ਦਾ ਭਾਰ ਉਹ ਐਨੇ ਸਾਲਾਂ ਤੋਂ ਮਨ ’ਤੇ ਪਾਈ ਫਿਰਦਾ ਸੀ। ਉੱਧਰ ਜੱਜ ਸਾਹਿਬ ਉਸ ਦੀ ਫਾਈਲ ਪੜ੍ਹ ਰਹੇ ਸਨ ਤੇ ਇੱਧਰ ਬਿੰਦਾ ਕਤਲਾਂ ਦੇ ਕਾਰਨ ਦੱਸ ਕੇ ਆਪਣਾ ਦੋਸ਼ ਮੰਨਣ ਦਾ ਮਨ ਬਣਾ ਰਿਹਾ ਸੀ। ਪਲ ਦੋ ਪਲ ਅੱਖਾਂ ਮੀਟ ਕੇ ਉਸ ਨੇ ਮਨ ਆਈ ਗੱਲ ’ਤੇ ਖੜੋਕੇ ਸੱਚ ਦੱਸਣ ਦੀ ਤਿਆਰੀ ਕਰ ਲਈ। ਜੱਜ ਸਾਹਿਬ ਨੇ ਫਾਈਲ ਤੋਂ ਨਜ਼ਰਾਂ ਚੁੱਕ ਕੇ ਬਿੰਦੇ ਵੱਲ ਤੱਕਿਆ ਤੇ ਉਸ ਨੂੰ ਆਪਣੀ ਗੱਲ ਕਹਿਣ ਲਈ ਕਿਹਾ। ਸਟੈਨੋ ਨੇ ਉਂਗਲਾਂ ਮਸ਼ੀਨ ਦੇ ਕੀ ਬੋਰਡ ’ਤੇ ਟਿਕਾ ਲਈਆਂ। ਖੜ੍ਹੇ ਖੜ੍ਹੇ ਬਿੰਦੇ ਨੇ ਥੱਕ ਗਈਆਂ ਲੱਤਾਂ ਦਾ ਭਾਰ ਬਦਲਿਆ ਤੇ ਖੰਘੂਰਾ ਜਿਹਾ ਮਾਰ ਕੇ ਸ਼ੁਰੂ ਹੋ ਗਿਆ।

‘ਜਨਾਬ, ਮੈਂ ਕਿਸੇ ਗੁਰੂ ਦੀ ਥਾਂ ਆਪਣੇ ਆਪ ਅਤੇ ਆਪਣੀ ਜ਼ਮੀਰ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਜੋ ਵੀ ਬੋਲਾਂਗਾ ਉਹ ਪੂਰਾ ਸੱਚ ਹੋਵੇਗਾ। ਪਰ ਮੇਰੇ ਵੱਲੋਂ ਗੁਨਾਹ ਮੰਨ ਲੈਣ ਤੋਂ ਬਾਅਦ ਇਹ ਜ਼ਰੂਰ ਸੁਣ ਲਿਓ ਕਿ ਮੈਂ ਇਹ ਕਤਲ ਕਿਉਂ ਕੀਤੇ? ਜਿਵੇਂ ਹੀ ਜੱਜ ਨੇ ਅਗਾਂਹ ਦਾ ਇਸ਼ਾਰਾ ਕੀਤਾ, ਬਿੰਦੇ ਦੇ ਚੇਤਿਆਂ ਵਾਲੀ ਰੀਲ੍ਹ ਚੱਲਣ ਲੱਗ ਪਈ।

‘ਜੱਜ ਸਾਹਿਬ ਲੋਕ ਦੱਸਦੇ ਹਨ ਕਿ ਮੇਰੇ ਬਾਪ ਦੀ ਪਿੰਡ ਵਿੱਚ ਕਾਫ਼ੀ ਇੱਜ਼ਤ ਤੇ ਚੜ੍ਹਤ ਸੀ। ਦੱਸਦੇ ਨੇ ਕਿ ਉਹ ਬਹੁਤ ਇਮਾਨਦਾਰ ਤੇ ਇਨਸਾਫ ਪਸੰਦ ਬੰਦਾ ਸੀ। ਮੈਂ ਤੀਜੀ ਜਾਂ ਚੌਥੀ ਜਮਾਤ ਵਿੱਚ ਸੀ ਉਦੋਂ ਜਦੋਂ ਆਪਣੇ ਜਮਾਤੀ ਦੇ ਪਿਓ ਦਾ ਵਲੈਤੋਂ ਲਿਆਂਦਾ ਪੈੱਨ ਚੋਰੀ ਕਰ ਲਿਆ। ਮੁੰਡੇ ਨੇ ਮਾਸਟਰ ਕੋਲ ਸ਼ਿਕਾਇਤ ਲਾਉਣੀ ਹੀ ਸੀ। ਮਾਸਟਰ ਜੀ ਵੀ ਮੇਰੇ ਬਾਪ ਵਰਗੇ ਪਾਰਖੂ ਸਨ। ਅੱਖਾਂ ’ਚ ਅੱਖਾਂ ਪਾ ਕੇ ਸੱਚੇ ਝੂਠੇ ਦੀ ਪਛਾਣ ਕਰ ਲੈਂਦੇ ਸੀ। ਆਵਾਜ਼ ਪੈਂਦੇ ਈ ਮੇਰੀਆਂ ਤਾਂ ਲੱਤਾਂ ਕੰਬਣ ਲੱਗ ਪਈਆਂ। ਮਾਸਟਰ ਜੀ ਕਹਿੰਦੇ ਆਪੇ ਈ ਦੇ, ਦੇ ਨਹੀਂ ਤਾਂ ਤੇਰੇ ਭਾਪੇ ਨੂੰ ਦਸੂੰ। ਮੇਰਾ ਮੁੱਕਰਨ ਦਾ ਹੌਸਲਾ ਈ ਨਾ ਪਿਆ ਤੇ ਕਿਹਾ ਕਿ ਘਰ ਲੁਕੋਇਆ ਹੋਇਆ। ਮਾਸਟਰ ਜੀ ਦਾ ਪਿੱਛਾ ਸੁਣਦਾ, ਉਹੋ ਜਿਹੇ ਬੰਦੇ ਹੁਣ ਕਿੱਥੇ ਲੱਭਦੇ ਨੇ। ਉਹ ਅੱਜ ਦਾ ਕੰਮ ਕੱਲ੍ਹ ’ਤੇ ਨਹੀਂ ਸੀ ਛੱਡਦੇ ਹੁੰਦੇ। ਸਾਨੂੰ ਵੀ ਆਹੀ ਸਿੱਖਿਆ ਦਿੰਦੇ ਹੁੰਦੇ ਸੀ। ਮੈਨੂੰ ਕਹਿੰਦੇ ਹੁਣੇ ਜਾ ਤੇ ਘਰੋਂ ਪੈੱਨ ਲੈ ਕੇ ਆ। ਘਰ ਗਿਆ ਤਾਂ ਭਾਪੇ ਨੂੰ ਸ਼ੱਕ ਪੈ ਗਿਆ ਕਿ ਸਕੂਲੋਂ ਦੌੜ ਆਇਆ। ਸੰਦੂਕ ’ਚੋਂ ਪੈੱਨ ਕੱਢਕੇ ਲਿਜਾਣ ਲੱਗਾ ਤਾਂ ਭਾਪੇ ਨੇ ਤਾੜ ਲਿਆ। ਮੇਰੇ ਮਗਰੇ ਈ ਸਕੂਲੇ ਆ ਗਿਆ। ਨਾ ਚਾਹੁੰਦੇ ਹੋਏ ਵੀ ਮਾਸਟਰ ਜੀ ਨੂੰ ਸਭ ਕੁਝ ਦੱਸਣਾ ਪਿਆ।’’ ਬਿੰਦਾ ਥੋੜ੍ਹਾ ਚੁੱਪ ਹੋਇਆ, ਲੰਮਾ ਜਿਹਾ ਸਾਹ ਭਰਿਆ, ਜਿਵੇਂ ਕਿਸੇ ਯਾਦ ਨੇ ਉਸ ਦਾ ਦਿਲ ਬਹੁਤ ਦੁਖਾ ਦਿੱਤਾ ਹੋਏ। ਜੱਜ ਦੇ ਇਸ਼ਾਰੇ ਤੋਂ ਬਿਨਾਂ ਹੀ ਉਹ ਆਪੇ ਸ਼ੁਰੂ ਹੋ ਗਿਆ।

“ਜੱਜ ਸਾਹਿਬ ਉਂਜ ਮੇਰਾ ਭਾਪਾ ਸਿਆਣਾ ਬਹੁਤ ਸੀ। ਉਸ ਨੇ ਉੱਥੇ ਕੁਝ ਨਾ ਕਿਹਾ ਤੇ ਲਾਲ ਜਿਹੀਆਂ ਅੱਖਾਂ ਵਿਖਾ ਕੇ ਉਹ ਘਰ ਨੂੰ ਚਲੇ ਗਿਆ ਸੀ। ਭਾਪੇ ਦੇ ਡੰਡੇ ਨੇ ਉਸ ਦਿਨ ਅੱਧੀ ਛੁੱਟੀ ਵੇਲੇ ਘਰ ਜਾਣ ਦਾ ਚੇਤਾ ਭੁਲਾ ਦਿੱਤਾ ਸੀ। ਸਾਰੀ ਛੁੱਟੀ ਹੋਈ, ਜੀਅ ਕਰੇ ਖੇਤਾਂ ਵੱਲ ਭੱਜ ਜਾਵਾਂ। ਪਰ ਮਾਂ ਦੇ ਢਾਲ ਬਣਨ ਦਾ ਚੇਤਾ ਕਰਕੇ ਘਰ ਚਲੇ ਗਿਆ। ਮਾਂ ਨੇ ਅੱਧੀ ਛੁੱਟੀ ਖਾਣ ਵਾਲੀ ਰੋਟੀ ਪਾ ਕੇ ਦਿੱਤੀ ਤੇ ਨਾਲ ਦੁੱਧ ਦਾ ਗਲਾਸ। ਖਾਣ ਪੀਣ ਕਰਕੇ ਡੰਡੇ ਦਾ ਡਰ ਕੁਝ ਘਟਿਆ ਸੀ ਕਿ ਭਾਪੇ ਨੇ ਸੱਦ ਲਿਆ। ਇਸ ਤੋਂ ਪਹਿਲਾਂ ਕਿ ਮੈਂ ਦੱਸਦਾ ਕਿ ਮੈਨੂੰ ਪੈੱਨ ਬਹੁਤ ਚੰਗਾ ਲੱਗਾ ਸੀ, ਭਾਪੇ ਦੇ ਡੰਡੇ ਦਾ ਖੜਕਾ ਤੇ ਮੇਰੀਆਂ ਚੀਕਾਂ ਦੂਰ ਤੱਕ ਸੁਣਨ। ਛੁਡਾਉਂਦੇ ਹੋਏ ਮੇਰੀ ਮਾਂ ਦੇ ਵੀ ਇੱਕ ਦੋ ਵੱਜ ਗਈਆਂ। ਬਸ ਉਹ ਡੰਡਾ ਮੈਨੂੰ ਬੰਦਾ ਬਣਾ ਗਿਆ ਤੇ ਦਸਵੀਂ ਤੱਕ ਨਾ ਨਕਲ, ਨਾ ਕੋਈ ਭੈੜ ਲਾਗੇ ਲੱਗਾ। ਮੈਂ ਅਜੇ ਦਸਵੀਂ ਦਾ ਨਤੀਜਾ ਉਡੀਕ ਰਿਹਾ ਸੀ ਜਦੋਂ ਸ਼ਹਿਰੋਂ ਮੁੜਦਿਆਂ ਭਾਪੇ ਨੂੰ ਕਿਸੇ ਟਰੱਕ ਨੇ ਕੁਚਲ ਦਿੱਤਾ।

ਭਾਪੇ ਦੀ ਮੌਤ ਨਾਲ ਸਾਡੇ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬਾਅਦ ’ਚ ਪਤਾ ਲੱਗਾ ਕਿ ਉਹ ਐਕਸੀਡੈਂਟ ਸਾਡੇ ਸ਼ਰੀਕਾਂ ਦੀ ਸੋਚੀ ਸਮਝੀ ਚਾਲ ਸੀ। ਸ਼ਰੀਕਾਂ ਦੀ ਅੱਖ ਸਾਡੀ ਨਿਆਂਈ ਵਾਲੇ ਟੱਕ ’ਤੇ ਸੀ। ਮੇਰਾ ਅਜੇ ਵਿਆਹ ਨਹੀਂ ਸੀ ਹੋਇਆ ਕਿ ਭਾਪੇ ਦੇ ਗ਼ਮ ਵਿੱਚ ਮਾਂ ਵੀ ਮਰ ਗਈ। ਮੇਰਾ ਕੋਈ ਜਿਗਰੀ ਯਾਰ ਵੀ ਨਹੀਂ ਸੀ ਜੋ ਉਸ ਔਖੇ ਵੇਲੇ ਹੌਸਲਾ ਦੇਂਦਾ। ਇਕੱਲ ਤੇ ਨਿਰਾਸ਼ਤਾ ਵਿੱਚ ਧਸਦੇ ਜਾਂਦੇ ਨੂੰ ਪਤਾ ਈ ਨਈਂ ਲੱਗਾ ਕਿ ਨਿਆਈਂ ਵਾਲਾ ਚੱਕ ਕਦੋਂ ਤੇ ਕਿਵੇਂ ਸ਼ਰੀਕਾਂ ਦੇ ਨਾਂ ਚੜ੍ਹ ਗਿਆ। ਵਿਆਹ ਹੋਇਆ ਤਾਂ ਪਤਨੀ ਦੀ ਸਲਾਹ ਨਾਲ ਮੈਂ ਦੁਬਈ ਚਲੇ ਗਿਆ। ਦੋ ਕੁ ਸਾਲ ਬਾਅਦ ਪਿੰਡ ਦਾ ਫੇਰਾ ਮਾਰ ਜਾਂਦਾ ਹੁੰਦਾ ਸੀ। ਸਾਡੇ ਘਰ ਧੀ ਨੇ ਜਨਮ ਲਿਆ। ਬੜਾ ਸੋਚ ਵਿਚਾਰ ਕੇ ਉਸ ਦਾ ਨਾਂ ਅਸੀਂ ਸਹਿਜ ਕੌਰ ਰੱਖਿਆ ਸੀ। ਸਹਿਜ ਦੇ ਮੋਹ ਨੇ ਮੈਨੂੰ ਨਿਰਾਸ਼ਤਾ ਦੇ ਸਮੁੰਦਰ ’ਚੋਂ ਬਾਹਰ ਕੱਢ ਲਿਆਂਦਾ। ਮਰ ਜਾਣੀ ਬਚਪਨ ਤੋਂ ਈ ਪੜ੍ਹਾਈ ਵਿੱਚ ਬੜੀ ਹੁਸ਼ਿਆਰ ਸੀ।

ਹਰ ਸਾਲ ਜਮਾਤ ’ਚੋਂ ਫਸਟ ਆਉਣ ਲੱਗ ਪਈ ਸੀ। ਉਸ ਦੇ ਮੋਹ ਕਰਕੇ ਮੈਂ ਹਾਰ ਸਾਲ ਪਿੰਡ ਦਾ ਗੇੜਾ ਮਾਰਨ ਲੱਗ ਪਿਆ ਸੀ। ਇੱਕ ਵਾਰ ਪਿੰਡੋਂ ਹੋ ਕੇ ਦੁਬਈ ਪਹੁੰਚੇ ਨੂੰ ਕੁਝ ਦਿਨ ਈ ਹੋਏ ਸੀ ਕਿ ਪਤਨੀ ਦੀ ਮੌਤ ਦੀ ਖ਼ਬਰ ਆ ਗਈ। ਅਗਲੇ ਦਿਨ ਪਿੰਡ ਆ ਕੇ ਪਤਾ ਲੱਗਾ ਕਿ ਸ਼ਰੀਕਾਂ ਦੀ ਬੁੜੀ, ਜਿਸ ਨੇ ਕੁਝ ਦਿਨ ਪਹਿਲਾਂ ਈ ਸ਼ਿੰਦੋ ਨਾਲ ਸਾਂਝ ਪਾਈ ਸੀ, ਮੇਰੀ ਛਿੰਦੋ ਨੇ ਉਸ ਦੇ ਘਰੋਂ ਚਾਹ ਪੀਤੀ ਸੀ ਤੇ ਉਹ ਘਰ ਆ ਕੇ ਬੇਸੁੱਧ ਹੋ ਕੇ ਮੰਜੇ ’ਤੇ ਡਿੱਗ ਪਈ ਸੀ। ਕੁੜੀ ਨੇ ਨਾਨਕਿਆਂ ਨੂੰ ਈ ਫੋਨ ਕਰਨਾ ਸੀ, ਪਰ ਸ਼ਿੰਦੋ ਦਾ ਭਰਾ ਕਿਤੇ ਦੂਰ ਗਿਆ ਹੋਣ ਕਰਕੇ ਛੇਤੀ ਪਹੁੰਚ ਨਾ ਸਕਿਆ ਤੇ ਸ਼ਿੰਦੋ ਬਿਨਾਂ ਇਲਾਜ ਰਾਤ ਨੂੰ ਦਮ ਤੋੜ ਗਈ। ਉਸ ਦੇ ਪੇਕਿਆਂ ਨੇ ਤਿਆਰੀ ਕੀਤੀ ਹੋਈ ਸੀ ਤੇ ਮੇਰੇ ਪਹੁੰਚਣ ’ਤੇ ਜਲਦੀ ਨਾਲ ਸਸਕਾਰ ਕਰ ਦਿੱਤਾ ਗਿਆ। ਸ਼ਿੰਦੋ ਦੇ ਭੋਗ ਤੱਕ ਭੇਤ ਖੁੱਲ੍ਹ ਗਿਆ ਸੀ ਕਿ ਉਹ ਮਰੀ ਨਹੀਂ, ਮਾਰੀ ਗਈ ਸੀ। ਜਿਵੇਂ ਜਿਵੇਂ ਸ਼ਰੀਕਾਂ ਦੀ ਅੱਤ ਦੇ ਭੇਤ ਖੁੱਲ੍ਹਣ ਲੱਗੇ, ਮੇਰਾ ਖੂਨ ਖੌਲਣ ਲੱਗਦਾ, ਪਰ ਆਪਣੀ ਧੀ ਬਾਰੇ ਸੋਚ ਕੇ ਮੈਂ ਗੁੱਸਾ ਪੀ ਲੈਂਦਾ।’’

ਇੱਥੇ ਆ ਕੇ ਬਿੰਦੇ ਨੇ ਲੰਮਾ ਸਾਰਾ ਹਉਕਾ ਭਰਿਆ। ਦੋਹਾਂ ਹੱਥਾਂ ਨਾਲ ਸਿੱਲੀਆਂ ਹੋਈਆਂ ਅੱਖਾਂ ਪੂੰਝੀਆਂ ਤੇ ਆਪਣੇ ਆਪ ਨੂੰ ਸੰਭਾਲਦਾ ਹੋਇਆ ਅਗਲੀ ਗੱਲ ਦੱਸਣ ਲੱਗਾ।

“ਜੱਜ ਸਾਹਿਬ ਮੈਂ ਬਾਪ ਦੇ ਐਕਸੀਡੈਂਟ ਅਤੇ ਸ਼ਿੰਦੋ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਾਉਣ ਲਈ ਪੁਲੀਸ ਕੋਲ ਬਹੁਤ ਫਰਿਆਦਾਂ ਕੀਤੀਆਂ, ਪਰ ਇਨ੍ਹਾਂ ਪਾਪੀ ਸ਼ਰੀਕਾਂ ਤੇ ਲੀਡਰ ਦੀ ਇੱਕੋ ਗੱਲ ਹੋਣ ਕਰਕੇ ਮੇਰੀ ਕਿਸੇ ਨਾ ਸੁਣੀ। ਪੁਲੀਸ ਵਾਲੇ ਮੈਨੂੰ ਬਾਹਰੋਂ ਬਾਹਰ ਟਰਕਾ ਦਿੰਦੇ ਸਨ। ਇਨਸਾਫ ਲਈ ਮੇਰੀਆਂ ਕੋਸ਼ਿਸ਼ਾਂ ਤੋਂ ਸ਼ਰੀਕ ਹੋਰ ਚਿੜਦੇ ਸਨ। ਫਿਰ ਉਹ ਸਿੱਧੇ ਤੌਰ ’ਤੇ ਵੇਖ ਲੈਣ ਦੀਆਂ ਧਮਕੀਆਂ ਦੇਣ ਲੱਗ ਪਏ। ਧਮਕੀਆਂ ਤੇ ਜ਼ਿਆਦਤੀਆਂ ਕਾਰਨ ਮੇਰਾ ਖੂਨ ਖੌਲਣ ਲੱਗਾ। ਆਪੇ ਤੋਂ ਬਾਹਰ ਹੋ ਕੇ ਕੋਈ ਸਕੀਮ ਘੜਨ ਲੱਗਦਾ ਤਾਂ ਸਹਿਜ ਦਾ ਮਾਸੂਮ ਜਿਹਾ ਚਿਹਰਾ ਅੱਖਾਂ ਅੱਗੇ ਘੁੰਮਣ ਲੱਗਦਾ। ਉਸ ਦਾ ਕੀ ਬਣੂੰ ਮੇਰੇ ਫੜੇ ਜਾਣ ਬਾਅਦ। ਬਸ ਏਹੀ ਸਵਾਲ ਮੇਰਾ ਗੁੱਸਾ ਢੈਲਾ ਕਰ ਦਿੰਦਾ। ਪਰ ਇੱਕ ਦਿਨ ਸ਼ਰੀਕਾਂ ਨੇ ਮੇਰੇ ਜਿਊਣ ਦੀ ਆਖਰੀ ਖਾਹਸ਼ ਨੂੰ ਵੀ ਹੱਥ ਪਾ ਲਿਆ ਜੱਜ ਸਾਹਿਬ। ਸਕੂਲ ਗਈ ਸਹਿਜ ਵਾਪਸ ਘਰ ਨਾ ਪਹੁੰਚੀ। ਮੈਂ ਰਾਤ ਭਰ ਪਤਾ ਲਾਉਂਦਾ ਰਿਹਾ। ਐਵੇਂ ਕਿਸੇ ਨੂੰ ਬੁਰਾ ਕਿਉਂ ਕਹਾਂ, ਸ਼ਰੀਕਾਂ ਤੋਂ ਬਿਨਾਂ ਸਾਰਾ ਪਿੰਡ ਮੇਰੇ ਨਾਲ ਆਣ ਖੜੋਇਆ। ਅਗਲੀ ਸ਼ਾਮ ਨਹਿਰ ਦੀ ਪਟੜੀ ਕੋਲ ਪਈ ਉਸ ਦੀ ਲਾਸ਼ ਲੱਭੀ। ਕੋਲ ਪਏ ਪਾਟੇ ਕੱਪੜੇ ਦੱਸਦੇ ਸਨ ਕਿ ਜ਼ਾਲਮਾਂ ਨੇ ਚੂੰਡਿਆ ਸੀ ਮੇਰੇ ਜਿਗਰ ਦੇ ਟੁਕੜੇ ਨੂੰ। ਪੁਲੀਸ ਨੇ ਅੱਜ ਕੱਲ੍ਹ ਦੀ ਬਹਾਨੇਬਾਜ਼ੀ ਵਿੱਚ ਮਹੀਨਾ ਕੱਢ ਦਿੱਤਾ। ਉੱਪਰਲੇ ਅਫ਼ਸਰ ਪਹਿਲੇ ਦਿਨ ਸਖ਼ਤ ਕਾਰਵਾਈ ਦਾ ਭਰੋਸਾ ਦਿੰਦੇ, ਪਰ ਕੁਝ ਦਿਨਾਂ ਬਾਅਦ ਪਤਾ ਕਰਨਾ ਜਾਂਦਾ ਤਾਂ ਪੱਲਾ ਝਾੜ ਦਿੰਦੇ। ਦੋਸ਼ੀ ਕਿਸੇ ਤੋਂ ਲੁਕੇ ਨਹੀਂ ਸਨ। ਪੁਲੀਸ ਸਾਡੇ ਇਲਾਕੇ ਵਾਲੇ ਲੀਡਰ ਦਾ ਕਿਹਾ ਮੰਨਦੀ ਸੀ। ਜਦੋਂ ਇਨਸਾਫ ਦੀ ਉਮੀਦ ਨਾ ਰਹੀ ਤਾਂ ਮੈਂ ਮਨ ਹੀ ਮਨ ਹੰਨੇ ਜਾਂ ਬੰਨੇ ਦੀ ਸਹੁੰ ਖਾ ਲਈ। ਬਿਲਕੁਲ ਉਵੇਂ ਜਿਵੇਂ ਅੱਜ ਤੁਹਾਨੂੰ ਸੱਚੋ ਸੱਚ ਦੱਸਣ ਦੀ ਸਹੁੰ ਬੋਲ ਕੇ ਨਹੀਂ ਮਨ ਵਿੱਚ ਖਾਧੀ ਸੀ।

ਇੱਥੇ ਆ ਕੇ ਬਿੰਦੇ ਨੇ ਫਿਰ ਲੰਮਾ ਸਾਹ ਲਿਆ। ਉਸ ਦਾ ਚਿਹਰਾ ਭਖਦਾ ਤੇ ਅੱਖਾਂ ਲਾਲ ਹੋਈ ਜਾ ਰਹੀਆਂ ਸਨ। ਉਸ ਨੇ ਅਦਾਲਤ ਵਾਲੇ ਕਮਰੇ ਨੂੰ ਨਿਹਾਰਿਆ। ਅੰਦਰ ਬੈਠੇ ਸਾਰੇ ਲੋਕਾਂ ਦੀਆਂ ਅੱਖਾਂ ਤੇ ਕੰਨ ਬਿੰਦੇ ਦੀ ਅਗਲੀ ਗੱਲ ਸੁਣਨ ਲਈ ਉਤਾਵਲੇ ਹੋ ਗਏ। ਲੱਤਾਂ ਦਾ ਭਾਰ ਬਦਲਦੇ ਹੋਏ ਬਿੰਦੇ ਨੇ ਅੱਗੋਂ ਸ਼ੁਰੂ ਕੀਤਾ।

“ਜੱਜ ਸਾਹਿਬ ਫਿਰ ਮੈਨੂੰ ਉਹ ਸ਼ਹੀਦ ਯਾਦ ਆਉਣ ਲੱਗੇ, ਜਿਨ੍ਹਾਂ ਨੇ ਸੱਤ ਸਮੁੰਦਰ ਪਾਰ ਜਾ ਕੇ ਅੰਗਰੇਜ਼ਾਂ ਤੋਂ ਜ਼ਿਆਦਤੀਆਂ ਦੇ ਬਦਲੇ ਲਏ ਸਨ। ਮੇਰਾ ਮਨ ਕਹਿ ਉੱਠਦਾ ਕਿ ਮੈਨੂੰ ਤਾਂ ਦੂਰ ਜਾਣਾ ਨਹੀਂ ਪੈਣਾ। ਮਨ ਵਿੱਚ ਇੱਕੋ ਗੱਲ ਘਰ ਕਰ ਗਈ, ਬਦਲਾ। ਤੇ ਉਹ ਬਦਲਾ ਜੋ ਇਨਸਾਨਾਂ ਨੂੰ ਬੁੱਚੜਾਂ ਤੋਂ ਲੈਣਾ ਆਉਂਦਾ। ਉਹ ਬਦਲਾ ਜਿਸ ਦੀਆਂ ਮਿਸਾਲਾਂ ਨਾਲ ਕਿਤਾਬਾਂ ਭਰੀਆਂ ਪਈਆਂ। ਬੇਸ਼ੱਕ ਸਾਡੇ ਕਾਨੂੰਨ ਬਦਲੇ ਲੈਣ ਨੂੰ ਦੋਸ਼ ਮੰਨਦੇ ਨੇ, ਪਰ ‘ਪਾਪੀਓਂ ਕੇ ਮਾਰਨੇ ਕੋ ਪਾਪ ਮਹਾਂਬਲੀ ਹੋ ਜਾਤਾ’। ਰੱਬ ਨੇ ਵੀ ਆਪਣੀ ਡਾਂਗ ਕਿਸੇ ਹੱਥ ਫੜਾ ਕੇ ਮਾਰਨੀ ਹੁੰਦੀ ਆ। ਮੈਂ ਹਰ ਰੋਜ਼ ਕਈ ਸਕੀਮਾਂ ਘੜਦਾ ਤੇ ਢਾਹੁੰਦਾ। ਅਸਲਾ ਕਿੱਥੋਂ ਲੈਣਾ? ਵਾਲਾ ਸਵਾਲ ਮੂਹਰੇ ਆ ਕੇ ਮੂੰਹ ਚਿੜਾਉਂਦਾ ਲੱਗਦਾ। ਤੇ ਫਿਰ ਇੱਕ ਦਿਨ ਰੱਬ ਆਪ ਈ ਬਹੁੜ ਪਿਆ। ਮੈਂ ਨਹਿਰ ਕੰਢੇ ਜਾ ਰਿਹਾ ਸੀ। ਉਸ ਦਿਨ ਮੈਂ ਖਾਕੀ ਭਾਅ ਮਾਰਦੀ ਪੈਂਟ ਕਮੀਜ਼ ਪਾਈ ਹੋਈ ਸੀ ਤੇ ਰਲਦੀ ਮਿਲਦੀ ਪੱਗ ਬੰਨ੍ਹੀ ਸੀ। ਹੱਥ ਵਿੱਚ ਛੋਟੀ ਜਿਹੀ ਡਾਂਗ ਮੈਂ ਆਮ ਈ ਫੜਨ ਲੱਗ ਪਿਆ ਸੀ। ਲੰਘਦੇ ਹੋਏ ਝਾੜੀਆਂ ਵਿੱਚ ਹਿਲ ਜੁਲ ਤੇ ਘੁਸਰ ਮੁਸਰ ਹੁੰਦੀ ਨਜ਼ਰੀਂ ਤੇ ਕੰਨੀ ਪੈ ਗਈ। ਫਿਰੌਤੀ ਬਦਲੇ ਕਿਸੇ ਦੇ ਕਤਲ ਦੀ ਗੱਲ ਹੋ ਰਹੀ ਸੀ। ਮੈਂ ਲਲਕਾਰਾ ਮਾਰਤਾ। ਦੋਹਾਂ ਨੂੰ ਭੱਜਦਿਆਂ ਰਾਹ ਨਾ ਲੱਭੇ। ਸ਼ਾਇਦ ਉਨ੍ਹਾਂ ਮੈਨੂੰ ਪੁਲੀਸ ਵਾਲਾ ਸਮਝ ਲਿਆ ਸੀ। ਬਾਅਦ ’ਚ ਪਤਾ ਲੱਗਾ ਕਿ ਮੇਰੇ ਸ਼ਰੀਕਾਂ ਨੇ ਉਨ੍ਹਾਂ ਨਾਲ ਮੇਰੇ ਈ ਕਤਲ ਦਾ ਸੌਦਾ ਕੀਤਾ ਹੋਇਆ ਸੀ। ਭੱਜਣ ਮੌਕੇ ਉਹ ਪੰਜ ਗੋਲੀਆਂ ਵਾਲਾ ਭਰਿਆ ਰਿਵਾਲਵਰ ਉੱਥੇ ਈ ਛੱਡ ਗਏ। ਅਖੇ ਅੰਨ੍ਹਾ ਕੀ ਭਾਲੇ ਦੋ ਅੱਖਾਂ। ਮੈਨੂੰ ਆਪਣੀ ਮੰਜ਼ਿਲ ਨੇੜੇ ਹੋ ਗਈ ਲੱਗਣ ਲੱਗ ਪਈ। ਗੋਲੀਆਂ ਪੰਜ ਤੇ ਬੰਦੇ ਤਿੰਨ, ਮੇਰੇ ਲਈ ਚੁਣੌਤੀ ਵੀ ਸੀ। ਨਿਸ਼ਾਨਾ ਸਾਧਣ ਲਈ ਕੁਝ ਦਿਨ ਗੁਲੇਲ ’ਤੇ ਹੱਥ ਅਜ਼ਮਾਈ ਕੀਤੀ। ਇੱਕ ਦਿਨ ਸ਼ਰੀਕ ਕੋਲੋਂ ਲੰਘਦਾ ਗੁਲੇਲ ਵਾਲੀ ਬੋਲੀ ਮਾਰ ਗਿਆ। ਕਈ ਸਾਲਾਂ ਬਾਅਦ ਮੇਰੇ ਮਨੋ ਹਾਸਾ ਫੁੱਟਿਆ ਸੀ ਉਸ ਦਿਨ। ਮੈਂ ਉਸ ਨੂੰ ਮਨ ਈ ਮਨ ਵਿੱਚ ਲਲਕਾਰ ਦਿੱਤਾ ਸੀ। “ਯਾਰਾ ਖਾ ਹੰਢਾ ਲੈ, ਏਹ ਗੁਲੇਲ ਈ ਤੇਰਾ ਕਾਲ ਬਣੂੰ।“ ਦੋ ਕੁ ਹਫ਼ਤਿਆਂ ਵਿੱਚ ਈ ਮੈਂ ਨਿਸ਼ਾਨਾ ਫੁੰਡਣ ’ਚ ਮਾਹਰ ਹੋ ਗਿਆ। ਤਦੇ ਪਤਾ ਲੱਗਾ ਕਿ ਅਗਲੇ ਹਫ਼ਤੇ ਆਪਣੇ ਪਿੰਡ ਖੇਡ ਮੇਲਾ ਆ ਤੇ ਸਾਡੇ ਲੀਡਰ ਸਾਹਿਬ ਨੇ ਵੱਡਾ ਪ੍ਰਾਹੁਣਾ ਬਣ ਕੇ ਸਟੇਜ ’ਤੇ ਬਹਿਣਾ। ਮੈਨੂੰ ਪਤਾ ਸੀ ਮੇਰੇ ਦੋਵੇਂ ਸ਼ਰੀਕ ਉਸ ਦੇ ਇਰਦ ਗਿਰਦ ਕੁਰਸੀਆਂ ਮੱਲਣਗੇ। ਮੈਂ ਆਪਣੀ ਪੂਰੀ ਤਿਆਰੀ ਖਿੱਚ ਲਈ। ਰਿਵਾਲਵਰ ਡੱਬ ’ਚ ਲੁਕੋਣ ਦਾ ਢੰਗ ਸਿੱਖ ਲਿਆ। ਪਿੰਡ ’ਚ ਗੱਲ ਤੋਰ ਦਿੱਤੀ, ਮੈਂ ਲੀਡਰ ਦੇ ਗੱਲ ਹਾਰ ਪਾਊਂ।

ਉਸ ਦਿਨ ਸਟੇਜ ਸਜ ਗਈ। ਲੀਡਰ ਤੇ ਉਸ ਦੇ ਚੇਲੇ ਚਾਟੜੇ ਸਟੇਜ ’ਤੇ ਆਣ ਬੈਠੇ। ਮੈਂ ਹੱਥ ਵਿੱਚ ਤਿੰਨ ਹਾਰ ਲੈ ਕੇ ਸਟੇਜ ’ਤੇ ਚੜ੍ਹਿਆ। ਫਰਵਰੀ ਦਾ ਪਹਿਲਾ ਹਫ਼ਤਾ ਸੀ ਤੇ ਮੇਰੀ ਲੋਈ ਦੀ ਬੁੱਕਲ ਸੁਭਾਵਿਕ ਜਿਹੀ ਗੱਲ ਬਣ ਗਈ। ਮਨ ਕਰੜਾ ਜਿਹਾ ਕਰਕੇ ਮੈਂ ਸਟੇਜ ’ਤੇ ਜਾ ਚੜ੍ਹਿਆ। ਪਹਿਲਾ ਹਾਰ ਲੀਡਰ ਨੂੰ ਪਾ ਕੇ ਉਸਦੀ ਝੋਲੀ ਦਸ ਹਜ਼ਾਰ ਦਾ ਪੈਕਟ ਧਰ ਦਿੱਤਾ। ਸਪੀਕਰ ਵਾਲਾ ਮੇਰੇ ਵੱਲੋਂ ਦਿੱਤੀ ਰਕਮ ਨੂੰ ਪਾਰਟੀ ਫੰਡ ਕਹਿ ਕੇ ਤਾੜੀਆਂ ਮਰਵਾਉਣ ਲੱਗ ਪਿਆ। ਦੂਜੇ ਦੋਵੇਂ ਹਾਰ ਇੱਕ ਇੱਕ ਕਰਕੇ ਮੈਂ ਸ਼ਰੀਕਾਂ ਦੇ ਗਲ ਪਾ ਦਿੱਤੇ। ਪ੍ਰਬੰਧਕਾਂ ਨੇ ਮਾਣ ਜਿਹਾ ਦੇ ਕੇ ਲੀਡਰ ਦੇ ਪਿਛਲੇ ਪਾਸੇ ਕੁਰਸੀ ’ਤੇ ਬਹਾ ਦਿੱਤਾ। ਇੰਜ ਮੇਰੇ ਲਈ ਪੰਜ ਗੋਲੀਆਂ ਨਾਲ ਤਿੰਨ ਨਿਸ਼ਾਨੇ ਫੁੰਡਣੇ ਹੋਰ ਸੁਖਾਲੇ ਹੋ ਗਏ। ਮੈਨੂੰ ਲੱਗਣ ਲੱਗਾ ਰੱਬ ਆਪ ਕੋਲ ਖੜ੍ਹਕੇ ਮੇਰੇ ਤੋਂ ਪਾਪੀਆਂ ਦਾ ਨਾਸ਼ ਕਰਵਾ ਰਿਹਾ।

ਜਦੋਂ ਮੈਚ ਭਖ ਗਿਆ, ਸਭ ਦੀਆਂ ਅੱਖਾਂ ਖਿਡਾਰੀਆਂ ਵਿੱਚ ਖੁਭ ਗਈਆਂ ਤਾਂ ਮੇਰਾ ਹੱਥ ਡੱਬ ਵੱਲ ਵਧਿਆ। ਲੋਈ ਦੀ ਬੁੱਕਲ ਸੰਵਾਰਨ ਬਹਾਨੇ ਖੜ੍ਹਾ ਹੋ ਕੇ ਪਹਿਲੀ ਗੋਲੀ ਲੀਡਰ ਦੇ ਕੰਨ ਉੱਤੇ ਤੇ ਅਗਲੀਆਂ ਦੋ ਸ਼ਰੀਕਾਂ ਦੇ ਸਿਰਾਂ ’ਚੋਂ ਆਰ ਪਾਰ ਲੰਘਾ ਕੇ ਮੈਂ ਚੌਥਾ ਫਾਇਰ ਉੱਪਰ ਵੱਲ ਕਰਦਿਆਂ ਭੱਜਦੀ ਭੀੜ ਦੇ ਵਿੱਚੋਂ ਬਚ ਕੇ ਨਿਕਲ ਗਿਆ ਤੇ ਆਪ ਈ ਥਾਣੇ ਪਹੁੰਚ ਗਿਆ। ਥਾਣੇਦਾਰ ਨੂੰ ਸਾਰੀ ਗੱਲ ਦੱਸ ਕੇ ਹੱਥਕੜੀ ਲਵਾਉਣ ਲਈ ਆਪਣੇ ਹੱਥ ਉਸ ਦੇ ਮੂਹਰੇ ਕਰ ਦਿੱਤੇ। ਜੱਜ ਸਾਹਿਬ ਤੁਸੀਂ ਅੰਦਾਜ਼ਾ ਲਾ ਲਓ ਕਿ ਪੁਲੀਸ ਨੇ ਤਾਂ ਮੁਕੱਦਮੇ ਦਾ ਮੁੱਢ ਹੀ ਗ਼ਲਤ ਬੰਨ੍ਹਿਆ ਕਿ ਕਤਲ ਕਰਕੇ ਭੱਜੇ ਜਾਂਦੇ ਬਿੰਦੇ ਨੂੰ ਨਾਕਾ ਲਾ ਕੇ ਅਗਲੇ ਦਿਨ ਫੜਿਆ ਸੀ। ਜੱਜ ਸਾਹਿਬ ਇਹ ਉਹ ਇਨਸਾਫ ਸੀ ਜੋ ਕਾਨੂੰਨ ਦੇ ਸਾਰੇ ਬੂਹੇ ਬੰਦ ਹੋਣ ਤੋਂ ਬਾਅਦ ਮੈਂ ਆਪਣੇ ਸੱਚ ਦੀ ਮਦਦ ਨਾਲ ਆਪੇ ਲਿਆ ਸੀ। ਮੇਰੇ ਵੱਲੋਂ ਦੱਸੀ ਗਈ ਸਾਰੀ ਗੱਲ ਨੂੰ ਤੁਸੀਂ ਕਤਲਾਂ ਦਾ ਇਕਬਾਲ ਸਮਝੋ ਜਾਂ ਉਹ ਜੋ ਕਾਨੂੰਨ ਦੀਆਂ ਕਿਤਾਬਾਂ ਬੋਲਦੀਆਂ ਨੇ। ਹੁਣ ਤੁਹਾਡੀ ਕਲਮ ’ਤੇ ਨਿਰਭਰ ਕਰਦੈ ਕਿ ਮੈਨੂੰ ਕਦੋਂ ਫਾਂਸੀ ਲਟਕਾਉਣ ਦਾ ਹੁਕਮ ਦਿੰਦੇ ਓ। ਮੈਨੂੰ ਦਿੱਤੀ ਜਾਣ ਵਾਲੀ ਫਾਂਸੀ ਦਾ ਰਤਾ ਵੀ ਦੁੱਖ ਨਹੀਂ ਹੋਵੇਗਾ। ਬਸ ਇਹੀ ਕੁਝ ਕਹਿਣਾ ਸੀ ਜੋ ਕਹਿਣ ਲਈ ਆਪ ਨੇ ਮੌਕਾ ਦਿੱਤਾ ਜਿਸ ਲਈ ਮੈਂ ਤੁਹਾਡਾ ਰਿਣੀ ਰਹਾਂਗਾ। ਮੈਂ ਫਿਰ ਦੁਹਰਾਉਂਦਾ ਹਾਂ ਕਿ ਮੇਰੇ ਮੂੰਹੋਂ ਨਿਕਲੀ ਹਰ ਗੱਲ ਸ਼ੀਸ਼ੇ ਵਰਗਾ ਸੱਚ ਸੀ ਤੇ ਇਹ ਸ਼ੀਸ਼ਾ ਲੋਕਾਂ ਨੂੰ ਵਿਖਾਉਣ ਲਈ ਹੀ ਮੈਂ ਅੱਜ ਏਡਾ ਜਿਗਰਾ ਕਰ ਸਕਿਆ।’’

ਰੀਡਰ ਨੇ ਬਿੰਦੇ ਵੱਲੋਂ ਲਿਖਾਏ ਬਿਆਨ ਵਾਲੇ ਕਾਗਜ਼ਾਂ ’ਤੇ ਉਸ ਦੇ ਦਸਤਖ਼ਤ ਕਰਵਾਏ ਤੇ ਜੱਜ ਸਾਹਿਬ ਦੋ ਘੰਟੇ ਲਈ ਅਦਾਲਤ ਮੁਲਤਵੀ ਕਰਕੇ ਪਿਛਲੇ ਕਮਰੇ ’ਚ ਜਾ ਬੈਠੇ। ਚਾਰ ਵਜੇ ਫਿਰ ਉਸੇ ਨਾਂ ਹੇਠ ਆਵਾਜ਼ ਪਈ। ਅਦਾਲਤੀ ਕਮਰੇ ਵਿੱਚ ਫਿਰ ਤੋਂ ਭੀੜ ਵਧਣ ਲੱਗੀ। ਜੱਜ ਸਾਹਿਬ ਨੇ ਫੈਸਲਾ ਪੜ੍ਹਨਾ ਸ਼ੁਰੂ ਕੀਤਾ।

“ਇਹ ਅਦਾਲਤ ਕੇਸ ਦੇ ਸਾਰੇ ਪਹਿਲੂਆਂ, ਮੌਕੇ ਦੇ ਗਵਾਹਾਂ, ਘਟਨਾ ਦੇ ਹਾਲਾਤ ਅਤੇ ਬਲਵਿੰਦਰ ਸਿੰਘ ਦੇ ਇਕਬਾਲੀਆ ਬਿਆਨ ’ਤੇ ਗੌਰ ਕਰਕੇ ਇਸ ਨਤੀਜੇ ’ਤੇ ਪੁੱਜੀ ਹੈ ਕਿ ਬਲਵਿੰਦਰ ਸਿੰਘ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਉਸ ਦੇ ਪਰਿਵਾਰ ਦੇ ਜੀਆਂ ਯਾਨੀ ਪਿਤਾ, ਪਤਨੀ ਤੇ ਧੀ ਦੀਆਂ ਸ਼ੱਕੀ ਮੌਤਾਂ ਦੀ ਜਾਂਚ ਕੀਤੀ ਜਾਵੇ। ਅਦਾਲਤ ਇਲਾਕਾ ਪੁਲੀਸ ਨੂੰ ਹੁਕਮ ਕਰਦੀ ਹੈ ਕਿ ਤਿੰਨਾਂ ਮੌਤਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਉਸ ਨੂੰ ਇਸ ਕੇਸ ਵਿੱਚ ਜੋੜ ਦੇ ਹੋਏ ਸਾਰੇ ਮਾਮਲੇ ਨੂੰ ਮੁੱਢ ਤੋਂ ਅਦਾਲਤ ਵਿੱਚ ਪੇਸ਼ ਕਰੇ ਤਾਂ ਕਿ ਹਰ ਧਿਰ ਨਾਲ ਇਨਸਾਫ ਕੀਤਾ ਜਾ ਸਕੇ। ਜਾਂਚ ਅਫ਼ਸਰ ਇਹ ਯਕੀਨੀ ਬਣਾਏ ਕਿ ਜਾਂਚ ’ਤੇ ਉਂਗਲੀ ਉੱਠਣ ਦੀ ਗੁੰਜਾਇਸ਼ ਨਾ ਰਹੇ। ਤਦ ਤੱਕ ਬਲਵਿੰਦਰ ਸਿੰਘ ਨੂੰ 50 ਹਜ਼ਾਰ ਰੁਪਏ ਦੇ ਜਾਤੀ ਮੁਚਲਕੇ ’ਤੇ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਜਾਂਚ ਵਿੱਚ ਸਹਿਯੋਗ ਕਰ ਸਕੇ।’’ ਹੁਕਮ ਸੁਣਾ ਕੇ ਜੱਜ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਦੇ ਫ਼ੈਸਲੇ ’ਚੋਂ ਇਨਸਾਫ ਝਲਕਦਾ ਹੀ ਨਹੀਂ ਸਗੋਂ ਡਲ੍ਹਕਾਂ ਮਾਰ ਰਿਹਾ ਹੋਵੇ। ਉਸ ਨੂੰ ਪਤਾ ਸੀ ਕਿ ਜਾਂਚ ਦੀ ਸਮਾਂ ਸੀਮਾ ਤੈਅ ਨਾ ਕੀਤੇ ਜਾਣ ਕਾਰਨ ਫਾਈਲ ਸਾਲਾਂ ਬੱਧੀ ਮੇਜ਼ਾਂ ਦਾ ਘੱਟਾ ਫੱਕਣ ਬਾਅਦ ਕਿਸੇ ਖੂੰਜੇ ਦਫਨ ਹੋ ਜਾਏਗੀ।

ਜੱਜ ਦੇ ਹੁਕਮਾਂ ਦੀ ਨਕਲ ਲੈ ਕੇ ਬਿੰਦੇ ਦੇ ਸਾਲੇ ਨੇ ਜ਼ਮਾਨਤ ਦੀ ਕਾਗਜ਼ੀ ਕਾਰਵਾਈ ਪੂਰੀ ਕੀਤੀ। ਪਿੰਡ ਦੇ ਨੰਬਰਦਾਰ ਤੋਂ ਤਸਦੀਕ ਕਰਾਇਆ ਤੇ ਬਿੰਦੇ ਦੀ ਹੱਥਕੜੀ ਖੁੱਲ੍ਹ ਗਈ। ਘਰ ਜਾਣ ਦੀ ਥਾਂ ਬਿੰਦੇ ਨੇ ਉਹ ਰਾਤ ਗੁਰਦੁਆਰੇ ਦੀ ਪਰਿਕਰਮਾ ਵਿੱਚ ਜਾਗ ਕੇ ਬਿਤਾਈ। ਉਸ ਨੂੰ ਲੱਗਣ ਲੱਗਿਆ ਜਿਵੇਂ ਗੁਰੂ ਸਾਹਿਬ ਆਪਣੀ ਕਹੀ ਹੋਈ, ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’ ਨੂੰ ਸਾਬਤ ਕਰਨ ਲਈ ਆਪ ਆ ਕੇ ਜੱਜ ਦੇ ਸੁਰਤ ’ਤੇ ਸਵਾਰ ਹੋ ਗਏ ਹੋਣ।
ਸੰਪਰਕ: +16044427676News Source link
#ਡਲਹਕਦ #ਇਨਸਫ

- Advertisement -

More articles

- Advertisement -

Latest article