—ਗੁਰਸ਼ਰਨ ਸਿੰਘ ਨਾਟ ਉਤਸਵ ਦਾ ਪੰਜਵਾਂ ਦਿਨ—
ਸੁਚੇਤਕ ਰੰਗਮੰਚ ਮੋਹਾਲੀ, ਜਿਸਨੇ ਰੰਗਮੰਚੀ ਸਰਗਰਮੀਆਂ ਦੇ 20 ਸਾਲਾਂ ਦਾ ਸਫ਼ਰ ਮੁਕੰਮਲ ਕਰ ਲਿਆ ਹੈ, ਨੇ ਪੰਜ ਦਿਨਾ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਸਿਖ਼ਰਲੇ ਦਿਨ ‘ਨਟੀ ਬਿਨੋਦਨੀ’ ਨਾਟਕ ਪੇਸ਼ ਕੀਤਾ। ਇਹ ਨਾਟਕ ਬੰਗਾਲੀ ਰੰਗਮੰਚ ਦੀ ਅਦਾਕਾਰਾ ਬਿਨੋਦਨੀ ਦਾਸੀ ਦੀ ਸਵੈ-ਜੀਵਨੀ ‘ਤੇ ਆਧਾਰਤ ਹੈ, ਜਿਸਨੇ 1874 ਵਿਚ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਤੇ 1886 ਵਿਚ ਰੰਗਮੰਚ ਦੀ ਦੁਨੀਆਂ ਨੂੰ ਅਲਵਿਦਾ ਆਖ ਗਈ। ਉਸਦੀ 1931 ਵਿੱਚ ਪ੍ਰਕਾਸ਼ਿਤ ਆਤਮਕਥਾ ਵਿੱਚ ਦਰਸਾਏ ਗਏ ਜੀਵਨ ਅਨੁਭਵ ਅਤੇ ਉਸਦੇ ਜੀਵਨੀਕਾਰਾਂ ਦੀਆਂ ਰਚਨਾਵਾਂ ‘ਤੇ ਆਧਾਰਤ ਸਕ੍ਰਿਪਟ ਸ਼ਬਦੀਸ ਦੀ ਤਿਆਰ ਕੀਤੀ ਹੋਈ ਸੀ, ਜਿਸਦਾ ਨਿਰਦੇਸ਼ਨ ਤੇ ਮੁੱਖ ਰੋਲ ਅਨੀਤਾ ਸ਼ਬਦੀਸ਼ ਦਾ ਸੀ।
ਨਾਟਕ ਦੀ ਕਹਾਣੀ 19ਵੀਂ ਸਦੀ ਦੇ ਅੰਤਲੇ ਸਾਲਾਂ ਦੌਰਾਨ ਹੁੰਦੇ ਨਾਟਕ ਦੀ ਰਿਹਰਸਲ ਤੋਂ ਆਰੰਭ ਹੁੰਦੀ ਹੈ ਅਤੇ ਹੌਲ਼ੀ-ਹੌਲ਼ੀ ਬਿਨੋਦਨੀ ਦੇ ਜੀਵਨ ਨਾਲ਼ ਜੁੜੀਆਂ ਸਚਾਈਆਂ ਦੇ ਨਾਟਕੀਕਰਨ ਵੱਲ ਫੈਲਦੀ ਹੈ। ਉਹ ਰੰਗਮੰਚ ‘ਤੇ ਕਿਵੇਂ ਆਈ ਅਤੇ ਕਿਨ੍ਹਾਂ ਹਾਲਾਤ ਵਿਚ ਹਨੇਰੀਆਂ ਗਲੀਆਂ ਦੀ ਗੁੰਮਨਾਮੀ ਵਿੱਚ ਗਵਾਚ ਗਈ-ਇਹ ਕਥਾ ਬਿਆਨ ਕਰਦਾ ਨਾਟਕ ਵਰਤਮਾਨ ਹਾਲਾਤ ਵਿੱਚ ਇਸਤਰੀ ਕਲਾਕਾਰਾਂ ਦੀਆਂ ਸਮੱਸਿਆਵਾਂ ਨਾਲ਼ ਜੁੜੇ ਬੁਨਿਆਦੀ ਸਵਾਲ ਵੀ ਉਠਾਉਂਦਾ ਹੈ।
ਅਨੀਤਾ ਸ਼ਬਦੀਸ਼ ਨੇ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ਮੰਨੀ ਜਾਂਦੀ ਨਟੀ ਬਿਨੋਦਨੀ ਦੀ ਮੁੱਖ ਭੂਮਿਕਾ ਨਿਭਾਈ, ਜੋ ਰੰਗਮੰਚ ਨੂੰ ਪੂਜਾ ਮੰਨਣ ਦੇ ਬਾਵਜੂਦ ਸਹਿਯੋਗੀ ਕਲਾਕਾਰਾਂ ਦੇ ਰਵੱਈਏ ਤੋਂ ਦੁਖੀ ਹੋ ਰੰਗਮੰਚ ਨੂੰ ਅਲਵਿਦਾ ਆਖ ਦਿੰਦੀ ਹੈ। ਇਹ ਰੰਗਮੰਚ ਹੀ ਸੀ, ਜਿਸ ਲਈ ਉਸਨੇ ਆਪਣੇ ਪ੍ਰੇਮੀ (ਹਰਮਨਪਾਲ ਸਿੰਘ) ਦੀ ਮੁਹੱਬਤ ਤੱਕ ਠੁਕਰਾ ਦਿੱਤੀ ਸੀ ਅਤੇ ਥੀਏਟਰ ਕੰਪਨੀ ਨੂੰ ਬਚਾਉਣ ਲਈ ਹਵਸੀ ਕਿਸਮ ਦੇ ਅਮੀਰਜਾਦੇ ਕੋਲ਼ ਵਿਕ ਗਈ ਸੀ। ਇਸ ਤਨ-ਮਨ ਨਿਛਾਵਰ ਕਰਨ ਵਾਲੀ ਨਟੀ ਬਿਨੋਦਨੀ ਦੇ ਦਰਦ ਨੇ ਸੰਵੇਦਨਸ਼ੀਲ ਦਰਸ਼ਕਾਂ ਨੂੰ ਵਾਰ-ਵਾਰ ਭਾਵੁਕ ਕੀਤਾ, ਜਿਸਨੂੰ ਸਹਿਯੋਗੀ ਕਲਾਕਾਰ ਵੇਸਵਾ ਹੀ ਸਵੀਕਾਰ ਕਰਦੇ ਹਨ, ਕਿਉਂਕਿ ਉਸਦੀ ਮਾਂ ਤੇ ਨਾਨੀ ਦਾ ਜੀਵਨ ਹਨੇਰੀਆਂ ਗਲੀਆਂ ਵਿੱਚ ਹੀ ਗੁਜ਼ਰਿਆ ਸੀ। ਉਹ ਥੀਏਟਰ ਕੰਪਨੀ ਉਤੇ ਕਬਜ਼ੇ ਲਈ ਹਰ ਤਰ੍ਹਾਂ ਦੀਆਂ ਸਾਜ਼ਿਸਾਂ ਰਚਦੇ ਹਨ।
ਇਸ ਤਰ੍ਹਾਂ ‘ਨਟੀ ਬਿਨੋਦਨੀ’ ਨਾਟਕ ਮਰਦ ਰੰਗਕਰਮੀਆਂ ਦੀਆਂ ਸਾਜ਼ਿਸਾਂ ਦੀ ਸ਼ਿਕਾਰ ਸਰਵੋਤਮ ਅਦਾਕਾਰਾ ਦੀ ਨਾਟ-ਜਗਤ ਤਿਲਾਂਜਲੀ ਦੇਣ ਦੇ ਅਮਲ ਵਿੱਚ ਅਨੇਕਾਂ ਸਵਾਲ ਖੜ੍ਹੇ ਕਰਦੇ ਹਾਂ, ਜਿਸਦਾ ਜਵਾਬ ਦਰਸ਼ਕਾਂ ਨੇ ਵੀ ਦੇਣਾ ਹੈ, ਕਿਉਂ ਨਾਟਕ ਦੇ ਸਿਖ਼ਰ ‘ਤੇ ਨਟੀ ਬਿਨੋਦਨੀ ਮੰਚ ਤੋਂ ਉਤਰ ਕੇ ਦਰਸ਼ਕਾਂ ਦੀ ਭੀੜ ਵਿੱਚ ਗਵਾਚ ਜਾਂਦੀ ਹੈ।
ਇਸ ਨਾਟਕ ਵਿੱਚ ਨਾਟਕ ਕੰਪਨੀ ਦੀ ਟੀਮ ਦੇ ਸੰਚਾਲਕ ਦਾ ਕਿਰਦਾਰ ਸੰਨੀ ਗਿੱਲ ਨੇ ਅਦਾ ਕੀਤਾ। ਇਹ ਕਿਰਦਾਰ ਬਿਨੋਦਨੀ ਨੂੰ ਮਾਨਸਕ ਤਸ਼ੱਦਦ ਦੀਆਂ ਸਾਜ਼ਿਸਾਂ ਦਾ ਸ਼ਿਕਾਰ ਬਣਾਏ ਜਾਣ ਵਿੱਚ ਮੋਹਰੀ ਵੀ ਬਣਦਾ ਹੈ ਅਤੇ ਨਟੀ ਪ੍ਰਤੀ ਹਮਦਰਦੀ ਦਾ ਇਜ਼ਹਾਰ ਵੀ ਕਰਦਾ ਹੈ। ਇਸ ਨਾਟਕ ਵਿਚਲੇ ਸਾਜ਼ਿਸ਼ੀ ਰੰਗਕਰਮੀਆਂ ਦੀ ਭੂਮਿਕਾ ਵਿੱਚ ਅਰਮਾਨ ਸੰਧੂ, ਅਵਰਿੰਦਰ ਸਿੰਘ, ਅਮਨਪ੍ਰੀਤ ਸਿੰਘ ਸ਼ਾਮਲ ਸਨ।
ਤੇਜਭਾਨ ਗਾਂਧੀ ਨਿਲਾਮ ਹੋਏ ਨਾਟ-ਘਰ ਦੇ ਮਾਲਕ ਵਜੋਂ ਹਵਸੀ ਬੁੜੇ ਦੀ ਭੂਮਿਕਾ ਅਦਾ ਕਰ ਰਹੇ ਸਨ, ਜਿਨ੍ਹਾਂ ਆਖਿਰਕਾਰ ਬਿਨੋਦਨੀ ਪ੍ਰਤੀ ਸੱਚੀ ਹਮਦਰਦੀ ਦਾ ਇਜ਼ਹਾਰ ਕਰਕੇ ਨਾਟਕ ਨੂੰ ਹੋਰ ਵੀ ਗਹਿਰਾ ਕੀਤਾ। ਇਸ ਵਿੱਚ ਬਿਨੋਦਨੀ ਦੀ ਨਾਨੀ ਦੀ ਭੂਮਿਕਾ ਸੁਸ਼ਮਾ ਗਾਂਧੀ ਨੇ ਅਦਾ ਕੀਤੀ, ਜਦਕਿ ਮਾਂ ਦਾ ਕਿਰਦਾਰ ਰਮਨ ਢਿੱਲੋਂ ਨੇ ਅਦਾ ਕੀਤਾ। ਹਰਮਨਪਾਲ ਸਿੰਘ ਰਾਜਾ ਬਾਬੂ ਦੀ ਭੂਮਿਕਾ ਅਦਾ ਕਰ ਰਿਹਾ ਸੀ, ਜੋ ਬਿਨੋਦਨੀ ਨੂੰ ਦਿਲੋਂ-ਮਨੋਂ ਪਿਆਰ ਕਰਨ ਦੇ ਬਾਵਜੂਦ ਰਖੇਲ ਵਾਂਗ ਰੱਖਣ ਤੋਂ ਅਗਾਂਹ ਨਹੀਂ ਜਾਂਦਾ। ਮਨਦੀਪ ਮਨੀ ਨੇ ਰਾਂਘਾ ਬਾਬੂ ਨਾਂ ਦੇ ਹਮਦਰਦ ਦੀ ਭੂਮਿਕਾ ਅਦਾ ਕੀਤੀ, ਜੋ ਥੱਕੀ-ਹਾਰੀ ਅਦਾਕਾਰਾ ਦੇ ਆਖਰੀ ਪੜਾਅ ‘ਤੇ ਸਹਾਰਾ ਬਣਦਾ ਹੈ। ਨਟੀ ਬਿਨੋਦਨੀ ਦੇ ਬਚਪਨ ਦੀ ਭੂਮਿਕਾ ਮੰਨਤ ਗਰੇਵਾਲ ਨੇ ਅਦਾ ਕੀਤੀ।
ਇਸ ਨਾਟਕ ਦਾ ਸੰਗੀਤ ਦਿਲਖ਼ੁਸ਼ ਥਿੰਦ ਨੇ ਤਿਆਰ ਕੀਤਾ ਸੀ ਅਤੇ ਸ਼ਬਦੀਸ਼ ਦੇ ਗੀਤਾਂ ਦਾ ਗਾਇਨ ਸਲੀਮ ਸਿਕੰਦਰ ਤੇ ਮਿੰਨੀ ਦਿਲਖ਼ੁਸ਼ ਦੇ ਨੇ ਕੀਤਾ ਸੀ। ਇਸ ਨਾਟਕ ਦੀ ਲਾਈਟਿੰਗ ਹਰਮੀਤ ਭੁੱਲਰ ਕਰ ਰਹੇ ਸਨ, ਜਿਨ੍ਹਾਂ ਇਸ ਵਾਰ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਵਿੱਚ ਪੇਸ਼ ਹੋਏ ਸਾਰੇ ਨਾਟਕਾਂ ਦੀ ਲਾਈਟ ਡਿਜ਼ਾਇਨ ਵੀ ਕੀਤੀ ਸੀ। ਇਸ ਨਾਟਕ ਦਾ ਢੁਕਵਾਂ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ।