ਨਵੀਂ ਦਿੱਲੀ, 4 ਅਪਰੈਲ
ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਇਨਾਂਸ ਕੰਪਨੀ ਐਚਡੀਐਫਸੀ ਲਿਮਟਿਡ ਦਾ ਰਲੇਵਾਂ ਮੁਲਕ ਦੀ ਸਭ ਤੋਂ ਵੱਡੀ ਪ੍ਰਾਈਵੇਟ ਬੈਂਕ ਐਚਡੀਐਫਸੀ ਵਿਚ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਭਾਰਤ ਦੇ ਕਾਰਪੋਰੇਟ ਇਤਿਹਾਸ ਦੇ ਇਹ ਸਭ ਤੋਂ ਵੱਡਾ ਰਲੇਵਾਂ ਹੋਵੇਗਾ। ਰਲੇਵੇਂ ਦੀਆਂ ਖ਼ਬਰਾਂ ਬਾਅਦ ਸ਼ੇਅਰ ਬਾਜ਼ਾਰ ’ਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਇਕ ਵਾਰ ਸੌਦਾ ਸਿਰੇ ਚੜ੍ਹਨ ’ਤੇ ਐਚਡੀਐਫਸੀ ਬੈਂਕ ਦੀ ਮਾਲਕੀ ਸੌ ਫ਼ੀਸਦੀ ਜਨਤਕ ਸ਼ੇਅਰਧਾਰਕਾਂ ਕੋਲ ਹੋਵੇਗੀ, ਤੇ ਐਚਡੀਐਫਸੀ ਦੇ ਮੌਜੂਦਾ ਸ਼ੇਅਰਧਾਰਕਾਂ ਕੋਲ ਬੈਂਕ ਦਾ 41 ਪ੍ਰਤੀਸ਼ਤ ਹਿੱਸਾ ਹੋਵੇਗਾ। ਹਰੇਕ ਐਚਡੀਐਫਸੀ ਸ਼ੇਅਰਧਾਰਕ ਨੂੰ 25 ਸ਼ੇਅਰ ਰੱਖਣ ’ਤੇ ਐਚਡੀਐਫਸੀ ਬੈਂਕ ਦੇ 42 ਸ਼ੇਅਰ ਮਿਲਣਗੇ। ਐਚਡੀਐਫਸੀ ਲਿਮਟਿਡ ਦੇ ਚੇਅਰਮੈਨ ਦੀਪਕ ਪਾਰਿਖ਼ ਨੇ ਕਿਹਾ ਕਿ ‘ਇਹ ਬਰਾਬਰ ਦਾ ਰਲੇਵਾਂ ਹੈ।’ ਉਨ੍ਹਾਂ ਕਿਹਾ ਕਿ ‘ਆਰਈਆਰਏ’ ਕਾਨੂੰਨ ਦੇ ਲਾਗੂ ਹੋਣ ਨਾਲ ਮਕਾਨਾਂ ਲਈ ਕਰਜ਼ਿਆਂ ਦਾ ਕਾਰੋਬਾਰ ਤੇਜ਼ੀ ਨਾਲ ਵਧੇਗਾ। ਐਚਡੀਐਫਸੀ ਦੇ ਉਪ ਚੇਅਰਮੈਨ ਤੇ ਸੀਈਓ ਕੇਕੀ ਮਿਸਤਰੀ ਨੇ ਕਿਹਾ ਕਿ ਇਹ ਰਲੇਵਾਂ ਐਚਡੀਐਫਸੀ ਬੈਂਕ ਨੂੰ ਆਲਮੀ ਪੱਧਰ ਉਤੇ ਵੀ ਬਹੁਤ ਵੱਡਾ ਬੈਂਕ ਬਣਾ ਦੇਵੇਗਾ। ਰਲੇਵਾਂ ਵਿੱਤੀ ਵਰ੍ਹੇ-2024 ਦੀ ਦੂਜੀ ਜਾਂ ਤੀਜੀ ਤਿਮਾਹੀ ਵਿਚ ਸਿਰੇ ਚੜ੍ਹਨ ਦੀ ਸੰਭਾਵਨਾ ਹੈ। -ਪੀਟੀਆਈ