12.4 C
Patiāla
Wednesday, February 21, 2024

ਸ੍ਰੀਲੰਕਾ: ਰਾਸ਼ਟਰਪਤੀ ਵੱਲੋਂ ਵਿਰੋਧੀ ਧਿਰਾਂ ਨੂੰ ਸਰਕਾਰ ਵਿੱਚ ਸ਼ਾਮਲ ਹੋਣ ਦਾ ਸੱਦਾ

Must read


ਕੋਲੰਬੋ, 4 ਅਪਰੈਲ

ਮੁੱਖ ਅੰਸ਼

  • ਕੈਬਨਿਟ ’ਚੋਂ ਸਾਰੇ 26 ਮੰਤਰੀਆਂ ਨੇ ਅਸਤੀਫ਼ੇ ਦਿੱਤੇ
  • ਕਰਫਿਊ ਦੇ ਬਾਵਜੂਦ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਜਾਰੀ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਅੱਜ ਆਪਣੇ ਭਰਾ ਤੇ ਵਿੱਤ ਮੰਤਰੀ ਬਾਸਿਲ ਰਾਜਪਕਸੇ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਵਿਰੋਧੀ ਧਿਰਾਂ ਨੂੰ ਸਰਬ-ਪਾਰਟੀ ਸਰਕਾਰ (ਯੂਨਿਟੀ ਕੈਬਨਿਟ) ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਕਿ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਇਸ ਟਾਪੂ ਮੁਲਕ ਵਿਚ ਲੋਕਾਂ ਦੇ ਗੁੱਸੇ ਨਾਲ ਨਜਿੱਠਿਆ ਜਾ ਸਕੇ। ਜ਼ਿਕਰਯੋਗ ਹੈ ਕਿ ਬਾਸਿਲ ਨੇ ਭਾਰਤ ਤੋਂ ਆਰਥਿਕ ਰਾਹਤ ਪੈਕੇਜ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀਲੰਕਾ ਵਿਦੇਸ਼ੀ ਮੁਦਰਾ ਸੰਕਟ ਨਾਲ ਵੀ ਜੂਝ ਰਿਹਾ ਹੈ। ਹੁਣ ਬਾਸਿਲ ਦੀ ਥਾਂ ਅਲੀ ਸਾਬਰੀ ਲੈਣਗੇ ਜੋ ਕਿ ਐਤਵਾਰ ਰਾਤ ਤੱਕ ਨਿਆਂ ਮੰਤਰੀ ਸਨ। ਅਹੁਦਾ ਛੱਡ ਰਹੇ ਵਿੱਤ ਮੰਤਰੀ ਕੌਮਾਂਤਰੀ ਮੁਦਰਾ ਫੰਡ ਤੋਂ ਮਦਦ ਮੰਗਣ ਲਈ ਅਮਰੀਕਾ ਜਾਣ ਵਾਲੇ ਸਨ। ਦੱਸਣਯੋਗ ਹੈ ਕਿ ਬਾਸਿਲ ਰਾਜਪਕਸੇੋ ਸ੍ਰੀਲੰਕਾ ਦੇ ਸੱਤਾਧਾਰੀ ਗੱਠਜੋੜ ‘ਐੱਸਐਲਪੀਪੀ’ ਅੰਦਰ ਵੀ ਰੋਹ ਦਾ ਕੇਂਦਰ ਬਣੇ ਹੋਏ ਹਨ। ਪਿਛਲੇ ਮਹੀਨੇ ਬਾਸਿਲ ਦੀ ਜਨਤਕ ਤੌਰ ’ਤੇ ਨਿਖੇਧੀ ਕਰਨ ਵਾਲੇ ਦੋ ਮੰਤਰੀਆਂ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਐਤਵਾਰ ਰਾਤ ਕੈਬਨਿਟ ਵਿਚਲੇ ਸਾਰੇ 26 ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ। ਕੈਬਨਿਟ ਮੰਤਰੀਆਂ ਦੇ ਅਸਤੀਫ਼ੇ ਮਗਰੋਂ ਤਿੰਨ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਗੋਟਬਾਯਾ ਨੇ ਸਾਰੀਆਂ ਪਾਰਟੀਆਂ ਨੂੰ ਸਰਕਾਰ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੂਰੇ ਸ੍ਰੀਲੰਕਾ ਵਿਚ ਸੱਤਾਧਾਰੀ ਰਾਜਪਕਸੇ ਪਰਿਵਾਰ ਖ਼ਿਲਾਫ਼ ਵੱਡੇ ਰੋਸ ਮੁਜ਼ਾਹਰੇ ਹੋ ਰਹੇ ਹਨ। ਲੋਕ ਸਰਕਾਰ ’ਤੇ ਆਰਥਿਕ ਸੰਕਟ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾ ਰਹੇ ਹਨ। ਮੁਲਕ ਵਿਚ ਵਿਦੇਸ਼ੀ ਮੁਦਰਾ ਦੇ ਸੰਕਟ ਦੇ ਨਾਲ-ਨਾਲ ਅਦਾਇਗੀਆਂ ਰੁਕਣ ਲਈ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। -ਪੀਟੀਆਈ

ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਬੰਦ ਕੀਤਾ

ਸ੍ਰੀਲੰਕਾ ਵਿਚ ਲੋਕ ਸੜਕਾਂ ਉਤੇ ਨਿਕਲ ਰਾਸ਼ਟਰਪਤੀ ਤੋਂ ਅਸਤੀਫ਼ਾ ਮੰਗ ਰਹੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵੱਲੋਂ ਐਮਰਜੈਂਸੀ ਲਾਏ ਜਾਣ ਮਗਰੋਂ ਮੁਜ਼ਾਹਰੇ ਰੋਕਣ ਲਈ ਕਰਫਿਊ ਵੀ ਲਾਇਆ ਗਿਆ ਹੈ। ਐਤਵਾਰ ਰੋਸ ਪ੍ਰਦਰਸ਼ਨ ਤਿੱਖੇ ਹੋਣ ’ਤੇ ਸਰਕਾਰ ਨੇ 15 ਘੰਟੇ ਲਈ ਸੋਸ਼ਲ ਮੀਡੀਆ ਬੰਦ ਕਰ ਦਿੱਤਾ। ਲੋਕਾਂ ਨੇ ਕਰਫ਼ਿਊ ਦੀ ਪਰਵਾਹ ਨਹੀਂ ਕੀਤੀ ਤੇ ਰੋਸ ਪ੍ਰਦਰਸ਼ਨ ਜਾਰੀ ਰੱਖੇ। ਸ੍ਰੀਲੰਕਾ ਵਿਚ ਤੇਲ ਤੇ ਗੈਸ ਸਟੇਸ਼ਨਾਂ ਅੱਗੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਇਸ ਤੋਂ ਇਲਾਵਾ ਬਿਜਲੀ ਦੇ ਵੀ ਲੰਮੇ ਕੱਟ ਲੱਗ ਰਹੇ ਹਨ। ਰਾਸ਼ਟਰਪਤੀ ਰਾਜਪਕਸੇ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਸੰਕਟ ਲਈ ਉਹ ਨਹੀਂ ਬਲਕਿ ਮਹਾਮਾਰੀ ਜ਼ਿੰਮੇਵਾਰ ਹੈ। ਇਸ ਕਾਰਨ ਦੇਸ਼ ਨੂੰ ਸੈਰ-ਸਪਾਟੇ ਤੋਂ ਮਿਲਦਾ ਮਾਲੀਆ ਡੁੱਬ ਗਿਆ ਤੇ ਆਰਥਿਕ ਸੰਕਟ ਪੈਦਾ ਹੋਇਆ।

ਸ੍ਰੀਲੰਕਾ ਕੇਂਦਰੀ ਬੈਂਕ ਦੇ ਗਵਰਨਰ ਵੱਲੋਂ ਅਸਤੀਫ਼ਾ

ਸ੍ਰੀਲੰਕਾ ਦੀ ਕੇਂਦਰੀ ਬੈਂਕ ਦੇ ਗਵਰਨਰ ਅਜੀਤ ਨਿਵਾਰਡ ਕਬਰਾਲ (67) ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕੈਬਨਿਟ ਮੰਤਰੀਆਂ ਵੱਲੋਂ ਅਸਤੀਫ਼ਾ ਦੇਣ ਦੇ ਸੰਦਰਭ ਵਿਚ ਉਹ ਵੀ ਅੱਜ ਗਵਰਨਰ ਵਜੋਂ ਅਸਤੀਫ਼ਾ ਦੇ ਰਹੇ ਹਨ। ਕੇਂਦਰੀ ਬੈਂਕ ਦੇ ਗਵਰਨਰ ਨੇ ਹੀ ਕੌਮਾਂਤਰੀ ਮੁਦਰਾ ਫੰਡ ਤੱਕ ਮਦਦ ਲਈ ਪਹੁੰਚ ਕੀਤੀ ਸੀ। ਉਨ੍ਹਾਂ ’ਤੇ ਆਪਣੇ ਕਾਰਜਕਾਲ ਦੌਰਾਨ ਵੱਡੀ ਗਿਣਤੀ ਵਿਚ ਨੋਟ ਪ੍ਰਿੰਟ ਕਰਨ ਦੇ ਦੋਸ਼ ਲੱਗਦੇ ਰਹੇ ਹਨ ਜਿਸ ਕਾਰਨ ਮਹਿੰਗਾਈ ਵਧੀ। ਬਰਤਾਨੀਆ ਤੋਂ 1948 ਵਿਚ ਆਜ਼ਾਦੀ ਮਿਲਣ ਮਗਰੋਂ ਇਹ ਮੁਲਕ ਦੀ ਹੁਣ ਤੱਕ ਦਾ ਸਭ ਤੋਂ ਮਾੜਾ ਆਰਥਿਕ ਸੰਕਟ ਹੈ। ਸ੍ਰੀਲੰਕਾ ਤੇਲ, ਖਾਣਾ ਪਕਾਉਣ ਵਾਲੀ ਗੈਸ ਤੇ ਬਿਜਲੀ ਦੀ ਵੱਡੀ ਕਮੀ ਨਾਲ ਜੂਝ ਰਿਹਾ ਹੈ। ਭਾਰਤ ਨੇ ਹਾਲ ਹੀ ਵਿਚ ਸ੍ਰੀਲੰਕਾ ਨੂੰ ਇਕ ਅਰਬ ਡਾਲਰ ਉਧਾਰ ਦੇਣ ਦਾ ਐਲਾਨ ਕੀਤਾ ਹੈ।

News Source link

- Advertisement -

More articles

- Advertisement -

Latest article