ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਨੂੰ ਲੰਘੇ ਦਿਨਾਂ ਚ ਵੱਜੀ ਕਈ ਲੱਖਾਂ ਦੀ ਠੱਗੀ ਦੇ ਮਾਮਲੇ ਤੋਂ ਬਾਅਦ ਹੁਣ ਪੰਜਾਬੀ ਗਾਇਕ ਪੰਮੀ ਬਾਈ ਵੀ ਠੱਗੀ ਦਾ ਸ਼ਿਕਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਪੰਮੀ ਬਾਈ ਨੂੰ ਕੋਕ ਸਟੂਡੀਓ ‘ਚ ਗੀਤ ਗਵਾਉਣ ਦਾ ਝਾਂਸਾ ਦੇ ਕੇ 1 ਲੱਖ 9 ਹਜ਼ਾਰ ਰੁਪਏ ਦੀ ਠੱਗੀ ਵੱਜਣ ਦੀ ਗੱਲ ਸਾਹਮਣੇ ਆਈ ਹੈ।
ਨਾਮੀ ਅਖਬਾਰ ਪੰਜਾਬੀ ਜਾਗਰਣ ਦੀ ਰਿਪੋਰਟ ਮੁਤਾਬਕ ਠੱਗਾਂ ਵਲੋਂ ਪੰਮੀ ਬਾਈ ਨੂੰ ਪੂਰੀ ਟੀਮ ਸਮੇਤ ਮੁੰਬਈ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ‘ਤੇ ਵੀ ਬੁਲਾ ਲਿਆ ਗਿਆ ਤੇ ਯੂਟਿਊਬ ਰਾਹੀਂ ਉਨ੍ਹਾਂ ਦੇ ਖਾਤੇ ‘ਚ ਰਾਸ਼ੀ ਹੋਣ ਦਾ ਕਹਿ ਕੇ ਇਕ ਲੱਖ ਤੋਂ ਵੱਧ ਰਕਮ ਹੜੱਪ ਲਈ।
ਇਸ ਸਬੰਧੀ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਪਰਮਜੀਤ ਸਿੰਘ ਉਰਫ਼ ਪੰਮੀ ਬਾਈ ਵਾਸੀ ਨੌਰਥ ਸਰਹੰਦ ਬਾਈਪਾਸ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸਾਹਿਲ ਪੀਰਜ਼ਾਦਾ ਵਾਸੀ ਸੈਕਟਰ 88 ਖੇੜੀ ਕਲਾਂ ਫ਼ਰੀਦਾਬਾਦ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਮੀ ਬਾਈ ਮੁਤਾਬਕ 5 ਫਰਵਰੀ 2019 ਨੂੰ ਉਨ੍ਹਾਂ ਨੂੰ ਇਕ ਕੋਕ ਸਟੂਡੀਓ ਨਾਂ ਦੇ ਖਾਤੇ ਤੋਂ ਈਮੇਲ ਰਾਹੀਂ 11 ਫਰਵਰੀ 2019 ਨੂੰ ਗੀਤ ਦੀ ਰਿਹਰਸਲ ਤੇ 12 ਫਰਵਰੀ 2019 ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੋਣ ਦੀ ਸੂਚਨਾ ਮਿਲੀ। ਈਮੇਲ ਰਾਹੀਂ ਹੀ ਪੰਮੀ ਬਾਈ ਤੋਂ ਸਾਰਾ ਵੇਰਵਾ ਤੇ ਆਈਪੀਆਰਐੱਸ ਨੰਬਰ ਮੰਗਿਆ ਗਿਆ। ਇਹ ਨੰਬਰ ਨਾ ਹੋਣ ‘ਤੇ ਫੋਨ ਰਾਹੀਂ ਗੱਲਬਾਤ ਸ਼ੁਰੂ ਹੋ ਗਈ।
ਪੰਜਾਬੀ ਜਾਗਰਣ ਦੀ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਆਪਣੇ ਆਪ ਨੂੰ ਐੱਮਟੀਵੀ ਦਾ ਪੀਆਰਓ ਦੱਸਣ ਵਾਲੇ ਵਿਅਕਤੀ ਨੇ ਆਈਪੀਆਰਐੱਸ ਨੰਬਰ ਲੈਣ ਲਈ 26 ਹਜ਼ਾਰ 400 ਰੁਪਏ ਉਸ ਦੇ ਖਾਤੇ ‘ਚ ਪੁਆ ਲਏ। ਇਸ ਤੋਂ ਬਾਅਦ ਵੀਡੀਓ ਦੇ ਰਾਈਟਸ ਲੈਣ ਲਈ 26 ਹਜ਼ਾਰ 400 ਰੁਪਏ ਹੋਰ ਖਾਤੇ ‘ਚ ਪੁਆਏ।
ਖਬਰ ਮੁਤਾਬਕ 10 ਫਰਵਰੀ ਨੂੰ ਨੀਲ ਬਖਸ਼ੀ ਨਾਂ ਦੇ ਵਿਅਕਤੀ ਦਾ ਫੋਨ ਆਇਆ ਤੇ ਯੂਟਿਊਬ ਖਾਤੇ ‘ਚ 16 ਲੱਖ ਰੁਪਏ ਜਮ੍ਹਾਂ ਹੋਣ ਦਾ ਕਹਿ ਕੇ ਇਸ ਦਾ 1 ਫੀਸਦੀ ਟੈਕਸ 16 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਐੱਮਟੀਵੀ ‘ਤੇ ਆਉਣ ਲਈ 20 ਹਜ਼ਾਰ ਰੁਪਏ ਸਿਕਊਰਟੀ ਵਜੋਂ ਵੀ ਉਕਤ ਵਿਅਕਤੀ ਦੇ ਖਾਤੇ ‘ਚ ਜਮ੍ਹਾਂ ਕਰਵਾ ਦਿੱਤੇ। ਇਸ ਬਦਲੇ ਪੰਮੀ ਬਾਈ ਨੂੰ ਚੰਡੀਗੜ੍ਹ ਤੋਂ ਮੁੰਬਾਈ ਆਉਣ ਲਈ ਟਿਕਟਾਂ ਫੋਨ ‘ਤੇ ਭੇਜ ਦਿੱਤੀਆਂ।
ਪੰਮੀ ਬਾਈ 11 ਫਰਵਰੀ ਨੂੰ ਆਪਣੀ ਪੂਰੀ ਟੀਮ ਨਾਲ ਮੁੰਬਈ ਜਾਣ ਲਈ ਚੰਡੀਗੜ੍ਹ ਏਅਰਪੋਰਟ ‘ਤੇ ਪੁੱਜ ਗਏ ਜਿੱਥੇ ਟਿਕਟਾਂ ਬਾਰੇ ਪੁੱਛਣ ‘ਤੇ ਪਤਾ ਲੱਗਿਆ ਕਿ ਮੁੰਬਈ ਲਈ ਕੋਈ ਫਲਾਈਟ ਹੀ ਨਹੀਂ ਹੈ। ਪੰਮੀ ਬਾਈ ਨੇ ਇਸ ਬਾਰੇ ਠੱਗੀ ਮਾਰਨ ਵਾਲਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਸਾਰੀ ਟੀਮ ਸਮੇਤ ਚੰਡੀਗੜ੍ਹ ਹੋਟਲ ‘ਚ ਰੁਕਣ ਲਈ ਕਹਿ ਦਿੱਤਾ।
ਇਸ ਤੋਂ ਬਾਅਦ ਰਿਕਾਰਡਿੰਗ ਦੀ ਮਿਤੀ ਬਦਲਣ ਦਾ ਕਹਿ ਕੇ ਸਾਰੀ ਟੀਮ ਨੂੰ ਮੁੜ ਵਾਪਸ ਭੇਜ ਦਿੱਤਾ। ਇੱਥੇ ਹੀ ਬਸ ਨਹੀਂ 16 ਫਰਵਰੀ ਨੂੰ ਫਿਰ ਪੰਮੀ ਬਾਈ ਨੂੰ ਫੋਨ ਕਰ ਕੇ ਉਨ੍ਹਾਂ ਦੇ ਯੂਟਿਊਬ ਖਾਤੇ ‘ਚ 37 ਲੱਖ ਰੁਪਏ ਜਮ੍ਹਾਂ ਹੋਣ ਦੀ ਗੱਲ ਕਹੀ ਤੇ ਇਸ ਦਾ 1 ਫੀਸਦੀ ਟੈਕਸ ਭਰਵਾ ਲਿਆ। ਪੰਮੀ ਬਾਈ ਤੋਂ ਵੱਖ-ਵੱਖ ਤਰੀਕਾਂ ‘ਚ 1 ਲੱਖ ਤੋਂ ਵੱਧ ਦੀ ਰਾਸ਼ੀ ਠੱਗ ਲਈ ਗਈ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੋਈ ਹੈ।