ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ’ਤੇ ਜਲਦ ਹੀ ਫਿਲਮ ‘ਜੈ ਭੀਮ’ ਬਣਨ ਜਾ ਰਹੀ ਹੈ। ਇਸ ਫਿਲਮ ਨੂੰ ਬਣਾ ਰਹੇ ਪ੍ਰੀਤਮ ਫਿਲਮ ਪ੍ਰੋਡਕਸ਼ਨ ਵਲੋਂ ਅੱਜ ਇਥੇ ਇਸਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਦੇਸ਼ ਦੀ ਪਹਿਲੀ ਐਨੀਮੇਟਿਡ ਫ਼ਿਲਮ ਹੋਵੇਗੀ।
ਫਿਲਮ ਦੇ ਡਾਇਰੈਕਟਰ ਜੱਸੀ ਚਾਨਾ ਨੇ ਦੱਸਿਆ ਕਿ ਇਹ ਦੇਸ਼ ਦੀ ਪਹਿਲੀ ਐਨੀਮੇਟਿਡ ਫਿਲਮ ਹੈ ਜਿਹੜੀ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ‘ਤੇ ਬਣਾਈ ਜਾ ਰਹੀ ਹੈ। ਇਸ ਦੇ ਪ੍ਰੋਡਿਊਸਰ ਡਾ ਜੋਗਿੰਦਰ ਸਿੰਘ ਭੰਗਾਲੀਆ ਤੇ ਸੋਨੂੰ ਭੰਗਾਲੀਆ ਹਨ।
ਉਨ੍ਹਾਂ ਦੱਸਿਆ ਕਿ ਜੈ ਭੀਮ ਫਿਲਮ ਅਪ੍ਰੈਲ 2020 ਵਿੱਚ ਮੁਕੰਮਲ ਕਰ ਲਈ ਜਾਏਗੀ । ਫਿਲਮ ਦੇ ਨੌਜਵਾਨ ਡਾਇਰੈਕਟਰ ਜੱਸੀ ਚਾਨਾ ਨੇ ਦੱਸਿਆ ਕਿ ਭਵਿੱਖ ਵਿੱਚ ਐਨੀਮੇਟਿਡ ਫਿਲਮਾਂ ਦਾ ਰੁਝਾਨ ਵੱਧ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਦੇ ਸਾਰੇ ਮਹੱਤਵਪੂਰਨ ਪੱਖਾਂ ਦਾ ਚਿਤਰਨ ਕਰਦੀ ਹੈ ਜਿਵੇਂ ਕਿ ਉਨ੍ਹਾਂ ਦੇ ਬਚਪਨ ਅਤੇ ਵਿਦਿਆਰਥੀ ਜੀਵਨ ਦੀਆਂ ਮੁਸੀਬਤਾਂ, ਦਲਿਤਾਂ ਸੰਘਰਸ਼, ਅਜ਼ਾਦੀ ਸੰਗਰਾਮ ਅਤੇ ਨਵੇਂ ਭਾਰਤ ਦੇ ਨਿਰਮਾਣ ਵਿਚ ਯੋਗਦਾਨ।
ਇਸ ਫਿਲਮ ਦੀ ਕਹਾਣੀ ਡਾ. ਐਸ.ਐਲ ਵਿਰਦੀ ਐਡਵੋਕੇਟ ਨੇ ਲਿਖੀ ਹੈ ਜਦ ਕਿ ਇਸ ਦਾ ਸਕਰੀਨ ਪਲੇਅ ਅਤੇ ਡਾਇਲਾਗ ਸਤਨਾਮ ਚਾਨਾ ਨੇ ਲਿਖੇ ਹਨ। ਫਿਲਮ ਦਾ ਸੰਗੀਤ ਪਰਮ ਆਗਾਜ਼ ਨੇ ਦਿੱਤਾ ਹੈ।
ਸਤਨਾਮ ਚਾਨਾ ਨੇ ਦੱਸਿਆ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਇੱਕ ਯੁੱਗ ਪਲਟਾਊ ਆਗੂ ਸਨ। ਉਨ੍ਹਾਂ ਦਾ ਕੱਦ ਬੱਤ ਦੁਨੀਆਂ ਪੱਧਰ ਦੇ ਆਗੂਆਂ ਦੇ ਬਰਾਬਰ ਦਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਫਿਲਮ ਵਿੱਚ ਅਜਿਹੇ ਇਤਿਹਾਸਕ ਤੱਥ ਵੀ ਪੇਸ਼ ਕੀਤੇ ਜਾ ਰਹੇ ਹਨ ਜਿਹੜੇ ਲੋਕਾਂ ਨੂੰ ਹੈਰਾਨ ਕਰਨ ਵਾਲੇ ਹੋਣਗੇ।
ਡਾ. ਵਿਰਦੀ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਪੂਰੀ ਤਰ੍ਹਾਂ ਨਾਲ ਇਤਿਹਾਸਕ ਤੱਥਾਂ ‘ਤੇ ਅਧਾਰਿਤ ਹੈ ਜੋ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਲਿਤਾਂ, ਮਜ਼ਦੂਰਾਂ, ਕਿਸਾਨਾ, ਔਰਤਾਂ, ਘੱਟ ਗਿਣਤੀਆਂ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਕੀਤੇ ਅੰਦੋਲਨ ਨੂੰ ਪੇਸ਼ ਕਰੇਗੀ । ਇਸ ਵਿਚ ਅਜਿਹੇ ਤੱਥਾਂ ਨੂੰ ਵੀ ਉਭਾਰਿਆ ਜਾ ਰਿਹਾ ਹੈ ਜਿਹੜੇ ਲੋਕਾਂ ਨੇ ਪਹਿਲਾਂ ਕਦੇਂ ਨਹੀਂ ਸੁਣੇ ਹੋਣਗੇ।
ਜ਼ਿਕਰਯੋਗ ਹੈ ਕਿ ਪ੍ਰੀਤਮ ਫਿਲਮ ਪ੍ਰੋਡਕਸ਼ਨ ਦੀ ਇਹ ਦੂਜੀ ਫਿਲਮ ਹੈ। ਇਸ ਦੀ ਪਹਿਲੀ ਫਿਲਮ ‘ਗੁਰੁ ਦਾ ਬੰਦਾ’ ਸੀ ਜਿਸ ਨੂੰ ‘ਬੈਸਟ ਐਨੀਮੇਟਡ ਫਿਲਮ ਆਫ ਦ ਯੀਅਰ 2018 ਐਵਾਰਡ ਮਿਲਿਆ ਹੋਇਆ ਹੈ।