ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਅਪਰੈਲ
ਕਰੋਨਾ ਦੇ ਕੇਸ ਘਟਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ 27 ਮਾਰਚ ਤੋਂ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੌਰਾਨ ਕਤਰ ਏਅਰਵੇਜ਼ ਹਵਾਈ ਕੰਪਨੀ ਨੇ ਅੰਮ੍ਰਿਤਸਰ ਲਈ ਹਵਾਈ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਕਤਰ ਏਅਰਵੇਜ਼ ਪਹਿਲਾਂ ਤਿੰਨ ਹਫ਼ਤਾਵਾਰੀ ਉਡਾਣਾਂ ਦਾ ਸੰਚਾਲਨ ਕਰ ਰਹੀ ਸੀ, ਪਰ ਅਚਾਨਕ ਇਹ ਉਡਾਣਾਂ ਪਿਛਲੇ ਸਾਲ 18 ਦਸੰਬਰ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ। ਕਤਰ ਏਅਰਵੇਜ਼ ਵੱਲੋਂ ਮੁੜ ਦੋਹਾ-ਅੰਮ੍ਰਿਤਸਰ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੇ ਜਾਣ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸਵਾਗਤ ਕੀਤਾ ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਪਿਛਲੇ 12 ਸਾਲਾਂ ਤੋਂ ਦੋਹਾ ਰਾਹੀਂ ਦੁਨੀਆ ਭਰ ਦੇ 140 ਤੋਂ ਵੱਧ ਸ਼ਹਿਰਾਂ ਨਾਲ ਹਵਾਈ ਸੰਪਰਕ ਰਾਹੀਂ ਜੋੜਿਆ ਹੋਇਆ ਸੀ। ਦੁਨੀਆ ਭਰ ਵਿੱਚ ਵਸਦੇ ਪੰਜਾਬੀ ਦੋਹਾ ਲਈ ਦਿੱਲੀ ਦੀ ਥਾਂ ਅੰਮ੍ਰਿਤਸਰ ਤੋਂ ਉਡਾਣਾਂ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇ ਭਾਰਤ ਦੀਆਂ ਹਵਾਈ ਸੇਵਾਵਾਂ ਅੰਮ੍ਰਿਤਸਰ ਤੋਂ ਦੋਹਾ, ਮਸਕਟ, ਬਹਿਰੀਨ, ਇਟਲੀ ਅਤੇ ਹੋਰਨਾਂ ਮੁਲਕਾਂ ਲਈ ਸਿੱਧੀਆਂ ਉਡਾਣਾਂ ਚਲਾਉਣ ਤੋਂ ਅਸਮਰੱਥ ਹਨ ਤਾਂ ਵਿਦੇਸ਼ੀ ਹਵਾਈ ਕੰਪਨੀਆਂ ਲਈ ਉਡਾਣਾਂ ਨੂੰ ਸੀਮਤ ਨਾ ਕੀਤਾ ਜਾਵੇ। ਉਨ੍ਹਾਂ ਨੂੰ ਅੰਮ੍ਰਿਤਸਰ ਲਈ ਵਧੇਰੇ ਸਿੱਧੀਆਂ ਉਡਾਣਾਂ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਹ ਫ਼ੈਸਲਾ ਦਿੱਲੀ ਹਵਾਈ ਅੱਡੇ ਦੀ ਭੀੜ ਘੱਟ ਕਰਨ ਵਿੱਚ ਵੀ ਮਦਦ ਕਰੇਗਾ।