27.7 C
Patiāla
Friday, April 26, 2024

ਕੌਮੀ ਤੇ ਕੌਮਾਂਤਰੀ ਹਾਕੀ ਨਾਲ ਦਿਲੋਂ ਜੁੜਿਆ ਜਲੰਧਰ ਦਾ ਓਲੰਪੀਅਨ ਪਰਿਵਾਰ

Must read


ਕੌਮੀ ਤੇ ਕੌਮਾਂਤਰੀ ਹਾਕੀ ਖਿਡਾਰੀ ‘ਬਾਬੂ ਰਾਜ ਕੁਮਾਰਲੂ’ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਹਾਕੀ ਓਲੰਪੀਅਨ ਚਰਨਜੀਤ ਕੁਮਾਰ ਤੇ ਓਲੰਪੀਅਨ ਗੁਨਦੀਪ ਕੁਮਾਰ ਦੀ  ਕੌਮੀ ਅਤੇ ਕੌਮਾਂਤਰੀ ਹਾਕੀ ਨੂੰ ਦਿੱਤੀ ਦੇਣ ਨੂੰ ਜਦੋਂ ਤੱਕ ਦੁਨੀਆਂ ’ਚ ਹਾਕੀ ਖੇਡੀ ਜਾਂਦੀ ਰਹੇਗੀ ਉਦੋਂ ਤੱਕ ਯਾਦ ਰੱਖਿਆ ਜਾਵੇਗਾ। ਮਰਹੂਮ ਰਾਜ ਕੁਮਾਰ ਨੇ ਜਿਥੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਾਕੀ ਖੇਡਣ ਕਰਕੇ ਵੱਡਾ ਨਾਮ ਕਮਾਇਆ ਹੈ ਉਥੇ ਕੌਮੀ ਹਾਕੀ ਦੀ ਭਲਾਈ ਲਈ ਭਾਰਤੀ ਹਾਕੀ ਸੰਘ ਤੋਂ ਇਲਾਵਾ ਪੰਜਾਬ ਰਾਜ ਦੀ ਹਾਕੀ ਨਾਲ ਵੀ ਸਦਾ ਜੁੜੇ ਰਹੇ।

 

 

1964-ਟੋਕੀਓ ਓਲੰਪਿਕ ਹਾਕੀ ਸਮੇਂ ਪਰਿਵਾਰਕ ਹਾਕੀ ਦਾ ਮੁੱਢ ਬੰਨਣ ਵਾਲੇ ਬਾਬੂ ਰਾਜ ਕੁਮਾਰ ਨੂੰ 1962 ਤੋਂ 1966 ਤੱਕ ਦੇਸ਼ ਦੀ ਕੌਮੀ ਹਾਕੀ ਟੀਮ ਨਾਲ ਗੋਲਕੀਪਿੰਗ ਕਰਨ ਦਾ ਮੌਕਾ ਨਸੀਬ ਹੋਇਆ। 1952 ਤੋਂ 1966 ਤਕ ਪੰਜਾਬ ਪੁਲੀਸ ਦੀ ਟੀਮ ਦੀ ਕੌਮੀ ਹਾਕੀ ’ਚ ਨੁਮਾਇੰਦਗੀ ਕਰਨ ਵਾਲੇ ਗੋਲਚੀ ਬਾਬੂ ਰਾਜ ਕੁਮਾਰ ਨੂੰ ਕਪਤਾਨ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਨੈਸ਼ਨਲ ਹਾਕੀ ਟੀਮ ਨਾਲ ਜੁੜਨ ਦਾ ਮੌਕਾ-ਮੇਲ ਵੀ ਨਸੀਬ ਹੋਇਆ।

 

 

ਖੇਡ ਮੈਦਾਨ ਦੀ ਲਾਈਨਅੱਪ ’ਚ ਗੋਲਚੀ ਦੀ ਭੂਮਿਕਾ ਨਿਭਾਉਣ ਵਾਲੇ ਬਾਬੂ ਰਾਜ ਕੁਮਾਰ ਨੂੰ ਕੌਮੀ ਹਾਕੀ ਟੀਮ ਨਾਲ ਪੱਛਮੀ ਜਰਮਨੀ, ਪੂਰਬੀ ਜਰਮਨੀ, ਮਲੇਸ਼ੀਆ, ਫਰਾਂਸ, ਹਾਂਗ-ਕਾਂਗ, ਥਾਈਲੈਂਡ, ਜਪਾਨ, ਨਿਊਜ਼ੀਲੈਂਡ, ਇੰਗਲੈਂਡ, ਹਾਲੈਂਡ ਆਦਿ ਹਾਕੀ ਖੇਡਣ ਦੇਸ਼ਾਂ ਦੀਆਂ ਟੀਮਾਂ ਨਾਲ ਖੇਡ ਲੜੀਆਂ ਖੇਡਣ ਦਾ ਮਾਣ ਵੀ ਮਿਲਿਆ। ਇਕ ਉਮਦਾ ਗੋਲਚੀ ਬਣਨ ਦਾ ਸਨਮਾਨ ਖੱਟਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ ਹਾਕੀ ਸੰਘ ਵਲੋਂ ਸੀਨੀਅਰ ਹਾਕੀ ਟੀਮ ਦੀ ਚੋਣ ਕਮੇਟੀ ’ਚ 1981 ਤੋਂ 1985 ਤੇ 1990 ਤੋਂ 1993 ਤੱਕ ਦੋ ਵਾਰ ਹਾਕੀ ਪਲੇਅਰ ਚੋਣਕਾਰ ਕਮੇਟੀ ’ਚ ਸਿਲੈਕਟਰ ਦਾ ਅਹੁਦਾ ਦਿੱਤਾ ਗਿਆ।

 

 

ਹਮੇਸ਼ਾ ਦੇਸ਼ ਦੀ ਹਾਕੀ ਨੂੰ ਉਚੀਆਂ ਉਡਾਣਾਂ ’ਤੇ ਦੇਖਣ ਦੀ ਤਮੰਨਾ ਸਦਾ ਦਿਲ ’ਚ ਪਾਲਣ ਵਾਲੇ ਸ੍ਰੀ ਰਾਜ ਕੁਮਾਰ ਨੇ ਹਾਕੀ ਦੀ ਨਰਸਰੀ ਪੰਜਾਬ ਦੀ ਜਵਾਨੀ ਨੂੰ ਹਾਕੀ ਨਾਲ ਜੋੜਨ ਲਈ ਦਿਨ-ਰਾਤ ਕੰਮ ਕਰਨ ’ਚ ਸਦਾ ਹੀ ਮੋਹਰੀ ਖੇਡ ਰੋਲ ਅਦਾ ਕੀਤਾ। ਇਸੇ ਦਾ ਸਿੱਟਾ ਰਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲੀਸ ਜਿਹੇ ਨਾਮੀਂ ਖੇਡ ਅਦਾਰੇ ਹਾਕੀ ’ਚ ਖੇਡ ਸੈਕਟਰੀ ਦਾ ਅਹੁਦਾ ਬਖਸ਼ਿਆ ਗਿਆ। ਹਾਕੀ ਖੇਡ ਨਾਲ ਖਾਸ ਲਗਾਅ ਰੱਖਣ ਵਾਲੇ ਬਾਬੂ ਰਾਜ ਕੁਮਾਰ ਦਾ 10 ਅਕਤੂਬਰ, 2006 ਨੂੰ ਜਲੰਧਰ ’ਚ ਦੇਹਾਂਤ ਹੋ ਗਿਆ।   

 

ਹਾਕੀ ਓਲੰਪੀਅਨ ਚਰਨਜੀਤ ਕੁਮਾਰ: ਮਾਸਕੋ-1980 ’ਚ ਕਪਤਾਨ ਭਾਸਕਰਨ ਦੀ ਕਪਤਾਨੀ ’ਚ ਚਰਨਜੀਤ ਕੁਮਾਰ ਨੇ ਕੌਮੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ ਤੇ ਟੀਮ ਅਨੇ ਓਲੰਪਿਕ ਹਾਕੀ ਦਾ ਰਿਕਾਰਡ ਅੱਠਵਾਂ ਸੋਨ ਤਗਮਾ ਜਿੱਤਿਆ। ਓਲੰਪੀਅਨ ਚਰਨਜੀਤ ਕੁਮਾਰ ਨੂੰ 1981-82 ’ਚ ਮੁੰਬਈ ਦੇ ਘਰੇਲੂ ਹਾਕੀ ਮੈਦਾਨ ’ਚ ਕਪਤਾਨ ਸੁਰਜੀਤ ਸਿੰਘ ਦੀ ਕਮਾਨ ’ਚ ਪੰਜਵਾਂ ਸੰਸਾਰ ਹਾਕੀ ਕੱਪ ਖੇਡਣ ਦਾ ਖੇਡ ਹੱਕ ਹਾਸਲ ਹੋਇਆ।

 

 

ਜ਼ਫ਼ਰ ਇਕਬਾਲ ਦੀ ਅਗਵਾਈ ’ਚ ਸਟਰਾਈਕਰ ਚਰਨਜੀਤ ਕੁਮਾਰ 1982 ’ਚ ਦਿੱਲੀ ’ਚ ਹੋਇਆ ਏਸ਼ਿਆਈ ਹਾਕੀ 9ਵਾਂ ਹਾਕੀ ਅਡੀਸ਼ਨ ਖੇਡਿਆ, ਜਿਸ ’ਚ ਟੀਮ ਆਪਣੇ ਲੋਕਲ ਹਾਕੀ ਪ੍ਰੇਮੀਆਂ ਸਾਹਵੇਂ ਚਾਂਦੀ ਦਾ ਮੈਡਲ ਹੀ ਜਿੱਤ ਸਕੀ। ਇਥੇ ਹੀ ਬਸ ਨਹੀਂ, 1982 ’ਚ ਸੁਰਜੀਤ ਸਿੰਘ ਦੀ ਅਗਵਾਈ ’ਚ ਕਰਾਚੀ ’ਚ ਹੋਇਆ ਪਹਿਲਾ ਏਸ਼ਿਆ ਹਾਕੀ ਕੱਪ ਖੇਡ ਕੇ ਚਰਨਜੀਤ ਕੁਮਾਰ ਜਿਥੇ ਦੁਨੀਆਂ ਦੀ ਹਾਕੀ ਦੇ ਸਾਰੇ ਵੱਡੇ ਹਾਕੀ ਟੂਰਨਾਮੈਂੈਂਟ ਖੇਡਣ ਵਾਲੇ ਹਾਕੀ ਖਿਡਾਰੀਆਂ ਦੇ ਖੇਡ ਕਲੱਬ ’ਚ ਸ਼ਾਮਲ ਹੋਇਆ ਉਥੇ ਪਾਕਿਸਤਾਨ ਦੀ ਧਰਤੀ ’ਤੇ ਖੇਡੇ ਪਲੇਠੇ ਏਸ਼ਿਆ ਹਾਕੀ ਕੱਪ ’ਚ ਟੀਮ ਨੇੇ ਸਿਲਵਰ ਕੱਪ ਜਿੱਤ ਕੇ ਆਪਣੀ ਬੱਲੇ-ਬੱਲੇ ਵੀ ਕਰਵਾਈ। ਬੀਐਸਐਫ ਦਾ ਖਿਡਾਰੀ ਤੇ ਕੌਮੀ ਹਾਕੀ ਪੰਜਾਬ ਵਲੋਂ ਖੇਡਣ ਵਾਲਾ ਚਰਨਜੀਤ ਕੁਮਾਰ ਅੱਜ-ਕੱਲ ਪੰਜਾਬ ਪੁਲੀਸ ’ਚ ਐਸਐਸਪੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈੈ।

 

 

ਅਪਰੈਲ 11, 1956 ’ਚ ਜਨਮੇਂ ਓਲੰਪੀਅਨ ਚਰਨਜੀਤ ਨੇ ਹਾਕੀ ਖੇਡਣ ਦੀ ਪਾਰੀ ਡੀਏਵੀ ਕਾਲਜ ਜਲੰਧਰ ’ਚ ਪੜ੍ਹਦਿਆਂ ਕੀਤੀ। ਓਲੰਪੀਅਨ ਚਰਨਜੀਤ ਨੇ ਯੂੁਨੀਵਰਸਿਟੀੇ ਤੇ ਕੰਬਾਇੰਡ ’ਵਰਸਿਟੀ ਦੀ ਹਾਕੀ ਟੀਮ ਦੀ ਰਾਸ਼ਟਰੀ ਹਾਕੀ ’ਚ ਕਪਤਾਨੀ ਕੀਤੀ। ਕੌਮੀ ਹਾਕੀ ਟੀਮ ’ਚ ਪੰਜਾਬ ਦੀ ਤਿੰਨ ਵਾਰ ਨੁਮਾਇੰਦਗੀ ਕਰਨ ਵਾਲੇ ਚਰਨਜੀਤ ਕੁਮਾਰ ਨੂੰ ਜਫਰ ਇਕਬਾਲ ਦੀ ਕਮਾਨ ’ਚ ਲਾਸ ਏਂਜਲਸ-1984 ਦਾ ਓਲੰਪਿਕ ਅਡੀਸ਼ਨ ਖੇਡਣ ਦਾ ਮਾਣ ਨਸੀਬ ਹੋਇਆ ਤੇ ਟੀਮ ਨੂੰ ਪੰਜਵਾਂ ਰੈਂਕ ਹਾਸਲ ਹੋਇਆ।  

 

ਹਾਕੀ ਓਲੰਪੀਅਨ ਗੁਨਦੀਪ ਕੁਮਾਰ: ਗੁਨਦੀਪ ਕੁਮਾਰ ਨੇ 1982 ’ਚ ਕੁਆਲਾਲੰਪੁਰ ਖੇਡੇ ਜੂਨੀਅਰ ਵਿਸ਼ਵ ਹਾਕੀ ਕੱਪ ’ਚ ਜੂਨੀਅਰ ਕੌਮੀ ਟੀਮ ਦੀ ਨੁਮਾਇੰਦਗੀ ਕਰਕੇ ਆਪਣੇ ਕੌਮਾਂਤਰੀ ਹਾਕੀ ਕਰੀਅਰ ਦਾ ਖਾਤਾ ਖੋਲ੍ਹਿਆ। ਹਾਕੀ ਖੇਡਣ ਦੀ ਰੰਗਤ ਕਰਕੇ ਹੀ ਗੁਨਦੀਪ ਕੁਮਾਰ ਨੂੰ 1983 ’ਚ ਜੂਨੀਅਰ ਸੰਸਾਰ ਹਾਕੀ ਕੱਪ ਦਾ ਕੁਆਲੀਫਾਇਰ ਟੂਰਨਾਮੈਂਟ ਖੇਡਣ ਵਾਲੀ ਹਾਕੀ ਟੀਮ ਦੇ ਖੇਡ ਜਥੇ ’ਚ ਸ਼ਾਮਲ ਕੀਤਾ ਗਿਆ। ਸਟਰਾਈਕਰ ਗੁਨਦੀਪ ਨੇ 1985 ’ਚ ਸੀਨੀਅਰ ਕੌਮੀ ਹਾਕੀ ਟੀਮ ਨਾਲ ਐਮ. ਐਮ. ਸਮੱਇਆ ਦੀ ਕਮਾਨ ’ਚ 1985 ’ਚ ਬੰਗਲਾਦੇਸ਼ ਦੇ ਸ਼ਹਿਰ ਢਾਕਾ ’ਚ ਹੋਇਆ ਦੂਜਾ ਏਸ਼ੀਆ ਹਾਕੀ ਕੱਪ ਖੇਡਿਆ। ਹਾਕੀ ਕੱਪ ਮੁਕਾਬਲੇ ’ਚ ਹਾਕੀ ਟੀਮ ਨੂੰ ਸਿਲਵਰ ਕੱਪ ਜਿਤਾਉਣ ’ਚ ਗੁਨਦੀਪ ਕੁਮਾਰ ਨੇ ਫੈਸਲਾਕੁਨ ਖੇਡ ਭੂਮਿਕਾ ਨਿਭਾਈ।

 

 

ਗੁਨਦੀਪ ਕੁਮਾਰ ਅੰਦਰ ਹਾਕੀ ਦੇ ਪ੍ਰਭਾਵਸ਼ਾਲੀ ਖੇਡ ਖਜ਼ਾਨੇ ਕਰਕੇ ਹੀ ਉਸ ਦੇ ਹੱਥ ਵੈਨਕੁਵਰ-1985 ਦਾ ਜੂਨੀਅਰ ਆਲਮੀ ਹਾਕੀ ਕੱਪ ਖੇਡਣ ਵਾਲੀ ਦੇਸ਼ ਦੀ ਜੂਨੀਅਰ ਕੌਮੀ ਟੀਮ ਦੀ ਵਾਗਡੋਰ ਫੜਾਈ ਗਈ। ਗੁਨਦੀਪ ਕੁਮਾਰ ਨੇ 1984 ’ਚ ਰੂਸ ਦੀ ਮੇਜ਼ਬਾਨੀ ’ਚ ਹਾਕੀ ਟੂਰਨਾਮੈਂਟ ਖੇਡਣ ਲਈ ਸੀਨੀਅਰ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਦੁਬਈ ਦੇ ਹਾਕੀ ਮੈਦਾਨ ’ਚ 1985 ’ਚ ਪਾਕਿਸਤਾਨ ਨਾਲ ਖੇਡੀ ਟੈਸਟ ਲੜੀ ’ਚ ਵੀ ਗੁਨਦੀਪ ਦੇਸ਼ ਦੀ ਕੌਮੀ ਟੀਮ ਨਾਲ ਖੇਡ ਮੈਦਾਨ ’ਚ ਨਿਤਰਿਆ। 1988 ’ਚ ਕੀਨੀਆ ਦੇ ਸ਼ਹਿਰ ਨਰੋਬੀ ’ਚ ਖੇਡੇ ਗਏ ਪ੍ਰੀ-ਓਲੰਪਿਕ ਹਾਕੀ ਟੂਰਨਾਮੈਂਟ ’ਚ ਟੀਮ ਨੂੰ ਗੋਲਡ ਮੈਡਲ ਜਿਤਾਉਣ ’ਚ ਗੁਨਦੀਪ ਨੇ ਮੋਹਰੀ ਖੇਡ ਰੋਲ ਅਦਾ ਕੀਤਾ।

 

 

1988 ’ਚ ਲਖਨਊ ਅਤੇ 1991 ’ਚ ਨਵੀਂ ਦਿੱਲੀ ’ਚ ਖੇਡੇ ਇੰਦਰਾ ਗਾਂਧੀ ਗੋਲਡ ਕੱਪ ਹਾਕੀ ਟੂਰਨਾਮੈਂਟਾਂ ’ਚ ਦੇਸ਼ ਦੀ ਟੀਮ ਦੀ ਨੁਮਾਇੰਦਗੀ ਕਰਨ ਦਾ ਜੱਸ ਖੱਟਿਆ। ਹਰ ਸਮੇਂ ਆਪਣੀ ਖੇਡ ਦਾ ਸੰਜੀਦਗੀ ਨਾਲ ਅਧਿਐਨ ਕਰਨ ਵਾਲੇ ਗੁਨਦੀਪ ਕੁਮਾਰ ਨੇ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ’ਚ 1988 ਦੀ ਓਲੰਪਿਕ ਹਾਕੀ ਖੇਡਣ ਸਦਕਾ ਆਪਣੇ ਮੱਥੇ ’ਤੇ ਓਲੰਪੀਅਨ ਹਾਕੀ ਖਿਡਾਰੀ ਬਣਨ ਦਾ ਟਿੱਕਾ ਲਗਵਾਇਆ।

 

 

1990 ’ਚ ਗੁਨਦੀਪ ਨੇ ਹਾਲੈਂਡ ਦੇ ਸ਼ਹਿਰ ਐਮਸਟਰਡਮ ਦੇ ਖੇਡ ਮੈਦਾਨ ’ਚ ਬੀਐਮਡਬਲਿਓ ਹਾਕੀ ਮੁਕਾਬਲਾ ਖੇਡਿਆ। ਮੈਦਾਨ ’ਚ ਖੇਡਦੇ ਸਮੇਂ ਕਹਿੰਦੇ-ਕਹਾਉਂਦੇ ਡਿਫੈਂਡਰਾਂ ਦੇ ਪੈਰੋਂ ਥੱਲਿਓਂ ਜ਼ਮੀਨ ਖਿਸਕਾਉਣ ਵਾਲੇ ਗੁਨਦੀਪ ਕੁਮਾਰ ਨੂੰ ਪ੍ਰਗਟ ਸਿੰਘ ਕਪਤਾਨੀ ’ਚ 1990 ਦੀ ਨੌਵੀਂ ਪੇਇਚਿੰਗ ਏਸ਼ਿਆਈ ਹਾਕੀ ’ਚ ਦੇਸ਼ ਦੀ ਕੌਮੀ ਹਾਕੀ ਨੂੰ ਚਾਂਦੀ ਦਾ ਮੈਡਲ ਨਸੀਬ ਹੋਇਆ। ਉੱਘੇ ਫਾਰਵਰਡ ਗੁਨਦੀਪ ਕੁਮਾਰ ਨੇ 1988 ’ਚ ਮਲੇਸ਼ੀਆ ਦੇ ਸ਼ਹਿਰ ਇਪੋਹ ’ਚ ਹੋਇਆ ਅਜ਼ਲਾਨ ਸ਼ਾਹ ਹਾਕੀ ਕੱਪ ’ਚ ਖੇਡਣ ਦਾ ਵੱਡਾ ਮਾਣ ਖੱਟਿਆ। 

 

ਪੰਜਾਬ ਐਂਡ ਸਿੰਧ ਬੈਂਕ ’ਚ ਸੀਨੀਅਰ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਓਲੰਪੀਅਨ ਗੁਨਦੀਪ ਕੁਮਾਰ, ਪੰਜਾਬ ਐਂਡ ਸਿੰਧ ਬੈਂਕ ਦੀੇ ਹਾਕੀ ਅਕਾਡਮੀ ਦਾ ਮੁੱਖ ਕੋਚ ਹੈ। ਉਸ ਦੀਆਂ ਸਿੱਧੀਆਂ ਖੇਡ ਤਾਰਾਂ ਕੌਮੀ ਸੀਨੀਅਰ ਅਤੇ ਜੂਨੀਅਰ ਹਾਕੀ ਟੀਮਾਂ ਦੇ ਕੋਚਿੰਗ ਕੈਂਪ ਨਾਲ ਵੀ ਜੁੜੀਆਂ ਹੋਈਆਂ ਹਨ।

 

 

2007-08 ’ਚ ਗੁਨਦੀਪ ਨੂੰ ਅੰਡਰ-16 ਹਾਕੀ ਟੀਮ ਦਾ ਮੁੱਖ ਕੋਚ ਥਾਪਿਆ ਗਿਆ। ਮਲੇਸ਼ੀਆ ’ਚ ਖੇਡਿਆ 2010 ਅਜ਼ਲਾਨ ਸ਼ਾਹ ਹਾਕੀ ਕੱਪ ’ਚ ਜਿੱਥੇ ਕੌਮੀ ਹਾਕੀ ਟੀਮ ਸਾਂਝੇ ਰੂਪ ’ਚ ਚੈਂਪੀਅਨ ਬਣੀ ਉੱਥੇ 2010 ’ਚ ਬੰਗਲਾਦੇਸ਼ ਦੀ ਸੈਫ ਹਾਕੀ ’ਚ ਟੀਮ ਸਿਲਵਰ ਮੈਡਲ ਜੇਤੂ ਰਹੀ। ਨਵੀਂ ਦਿੱਲੀ-2010 ’ਚ ਖੇਡੇ ਗਏ ਵਿਸ਼ਵ ਹਾਕੀ ਕੱਪ ਸਮੇਂ ਵੀ ਗੁਨਦੀਪ ਨੂੰ ਸੀਨੀਅਰ ਹਾਕੀ ਟੀਮ ਦੇ ਕੋਚਿੰਗ ਕੈਂਪ ਨਾਲ ਜੁੜੇ ਰਹਿਣ ਦਾ ਮਾਣ ਮਿਲਿਆ।

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ





News Source link

- Advertisement -

More articles

- Advertisement -

Latest article