ਨਵੀਂ ਦਿੱਲੀ, 3 ਅਪਰੈਲ
ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦਾ ਨਿਰਯਾਤ ਵਿੱਤੀ ਵਰ੍ਹੇ 2021-22 ਵਿੱਚ 418 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ, ‘‘ਮਾਰਚ ਵਿੱਚ ਭਾਰਤ ਦਾ ਨਿਰਯਾਤ ਲੱਗਪਗ 40 ਅਰਬ ਡਾਲਰ ਤੱਕ ਪਹੁੰਚ ਗਿਆ, ਜੋ ਆਪਣੇ ਵਿੱਚ ਇੱਕ ਰਿਕਾਰਡ ਹੈ, ਕਿਉਂਕਿ ਪਹਿਲਾਂ ਅਸੀਂ ਕਦੇ ਇੱਕ ਮਹੀਨੇ ਵਿੱਚ ਨਿਰਯਾਤ ਤੋਂ ਇੰਨੀ ਵੱਡੀ ਰਕਮ ਹਾਸਲ ਕੀਤੀ।’’ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ ਕਿ 2021-22 ਦੌਰਾਨ ਮਹੀਨਵਾਰ ਅਧਾਰ ’ਤੇ 30 ਅਰਬ ਡਾਲਰ ਦਾ ਨਿਰਯਾਤ ਦਰਜ ਕੀਤਾ ਗਿਆ ਸੀ ਅਤੇ ਇਹ ਦੇਸ਼ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਅਤੇਤ ਤੀਜੀ ਲਹਿਰ ਦੇ ਬਾਵਜੂਦ ਔਖਾ ਸੀ। ਇੰਜਨੀਅਰਿੰਗ ਸਾਮਾਨ ਦੇ ਨਿਰਯਾਤ ਵਿੱਚ ਰਿਕਾਰਡ 111 ਅਰਬ ਡਾਲਰ ਦਾ ਇਜ਼ਾਫਾ ਹੋਇਆ, ਜਿਸ ਵਿੱਚ ਲੱਗਪਗ 16 ਬਿਲੀਅਨ ਡਾਲਰ ਦਾ ਮਾਲ ਇਕੱਲੇ ਅਮਰੀਕਾ ਨੂੰ ਭੇਜਿਆ ਗਿਆ। -ਏਜੰਸੀ