ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ‘ਤੇ ਬਣੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਚ ਮੱਥਾ ਟੇਕਿਆ ਅਤੇ ਅਸ਼ੀਰਵਾਰ ਲਿਆ। ਉਨ੍ਹਾਂ ਨੇ ਚਵਰ ਸਾਹਿਬ ਝੁਲਾਇਆ।
ਇਸ ਦੀਆਂ ਕੁਝ ਤਸਵੀਰਾਂ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ‘ਚ ਲਿਖਿਆ, ”ਨਨਕਾਣਾ ਸਾਹਿਬ।” ਗਿੱਪੀ ਵਲੋਂ ਤਸਵੀਰਾਂ ਪੋਸਟ ਕਰਨ ਤੋਂ ਬਾਅਦ ਕਈ ਪੰਜਾਬੀ ਸਿਤਾਰੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕੁਮੈਂਟਸ ਕਰ ਰਹੇ ਹਨ। ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ।
ਫਿਲਮ ਦੇ ਟੀਜ਼ਰ ‘ਚ ਦੋਸਤੀ-ਯਾਰੀ ਤੇ ਪਿਆਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਇਸ ਫਿਲਮ ਦੀ ਪੂਰੀ ਕਹਾਣੀ ਸੰਧੂ ਨਾਂ ਦੇ ਵਿਅਕਤੀ ਦੇ ਆਲੇ-ਦੁਆਲੇ ਘੁੰਮੇਗੀ। ਫਿਲਮ ‘ਇੱਕ ਸੰਧੂ ਹੁੰਦਾ ਸੀ’ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। ‘ਇਕ ਸੰਧੂ ਹੁੰਦਾ ਸੀ’ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।