ਕੇ.ਪੀ ਸਿੰਘ
ਗੁਰਦਾਸਪੁਰ , 3 ਅਪਰੈਲ
ਲੰਘੇ ਦਿਨੀਂ ਸ਼ਹਿਰ ਦੀ ਇੱਕ ਚਾਰ ਸਾਲਾਂ ਦੀ ਬੱਚੀ ਨਾਲ ਇੱਕ ਨਿੱਜੀ ਸਕੂਲ ਵਿੱਚ ਕਥਿਤ ਰੂਪ ਵਿੱਚ ਹੋਏ ਜਬਰ-ਜਨਾਹ ਦੇ ਮੁਲਜ਼ਮ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪਰ ਇਸ ਮਾਮਲੇ ’ਚ ਪੁਲੀਸ ਵੱਲੋਂ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਨਿੱਜੀ ਸਿੱਖਿਆ ਅਦਾਰਿਆਂ ਨੇ ਸੋਮਵਾਰ 4 ਅਪਰੈਲ ਨੂੰ ਰੋਸ ਵਜੋਂ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐਤਵਾਰ ਨੂੰ ਐੱਸ.ਜੀ.ਆਈ ਕੈਂਪਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਨਿੱਜੀ ਸਕੂਲਾਂ, ਕਾਲਜਾਂ ਨਾਲ ਸਬੰਧਤ ਸੰਗਠਨਾਂ ਦੇ ਨੁਮਾਇੰਦਿਆਂ ਨੇ ਪੱਤਰਕਾਰਾਂ ਸਾਹਮਣੇ ਕਥਿਤ ਦੋਸ਼ ਲਾਇਆ ਕਿ ਪੁਲੀਸ ਨੇ ਸਪਲੀਮੈਂਟਰੀ ਬਿਆਨਾਂ ਨੂੰ ਆਧਾਰ ਬਣਾ ਕੇ 4 ਸਾਲ ਦੀ ਬੱਚੀ ਦੇ ਜਬਰ ਜਨਾਹ ਮਾਮਲੇ ਵਿੱਚ ਅਸਲ ਮੁਜਰਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸਵਿੰਦਰ ਸਿੰਘ ਗਿੱਲ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ। ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਸੰਯੁਕਤ ਐਕਸ਼ਨ ਕਮੇਟੀ ਦੇ ਸਰਪ੍ਰਸਤ ਡਾ. ਮਨਜੀਤ ਸਿੰਘ, ਕੋ ਚੇਅਰਮੈਨ ਡਾ. ਅੰਸ਼ੂ ਕਟਾਰੀਆ, ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ਦੇ ਪ੍ਰਧਾਨ ਡਾ. ਮੋਹਿਤ ਮਹਾਜਨ ਨੇ ਕਿਹਾ ਪੁਲੀਸ ਨੇ ਹਾਈਵੇ ਤੋਂ ਪ੍ਰਦਰਸ਼ਨਕਾਰੀਆਂ ਦੇ ਧਰਨਾ ਚੁਕਵਾਉਣ ਦੇ ਦਬਾਅ ਹੇਠ ਆ ਕੇ ਸ੍ਰੀ ਗਿੱਲ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੀ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਗੁਰਦਾਸਪੁਰ ਤੋਂ ਇਲਾਵਾ ਪੂਰੇ ਪੰਜਾਬ ਅੰਦਰ ਬੰਦ ਦਾ ਸੱਦਾ ਦਿੱਤਾ ਜਾਵੇਗਾ। ਕਟਾਰੀਆ ਨੇ ਕਿਹਾ ਕਿ ਸੰਯੁਕਤ ਐਕਸ਼ਨ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਵੇਗਾ।
