30.6 C
Patiāla
Saturday, April 20, 2024

ਭਾਰਤ ਦਾ ਸ਼ਾਨਦਾਰ ਬਜ਼ੁਰਗ

Must read


ਹਰਜੀਤ ਅਟਵਾਲ

ਦਾਦਾਭਾਈ ਨਾਰੋਜੀ ਨੂੰ ਬਰਤਾਨੀਆ ਵਿੱਚ ‘ਗਰੈਂਡ ਓਲਡਮੈਨ ਆਫ ਇੰਡੀਆ’ ਕਹਿ ਕੇ ਚੇਤੇ ਕੀਤਾ ਜਾਂਦਾ ਹੈ। ਉਸ ਦੀ ਹਿਆਤੀ ਵਿੱਚ ਉਸ ਨੂੰ ਭਾਰਤ ਦਾ ਅਣਐਲਾਨਿਆ ਰਾਜਦੂਤ ਵੀ ਕਿਹਾ ਜਾਂਦਾ ਸੀ।

ਜੇ ਦਾਦਾਭਾਈ ਨਾਰੋਜੀ ਨੂੰ ਗੂਗਲ ਕਰਕੇ ਦੇਖੀਏ ਤਾਂ ਉਹ ਪਹਿਲੇ ਭਾਰਤੀ ਬ੍ਰਿਟਿਸ਼ ਐੱਮ.ਪੀ. ਦੇ ਤੌਰ ’ਤੇ ਸਾਹਮਣੇ ਆਉਂਦਾ ਹੈ। ਉਂਜ ਭਾਰਤ ਵਿੱਚ ਪੈਦਾ ਹੋਇਆ ਪਹਿਲਾ ਬਰਤਾਨਵੀ ਐੱਮ.ਪੀ. ਡੇਵਿਡ ਡਾਇਸ ਸੌਂਬਰ ਸੀ ਜੋ 1841 ਵਿੱਚ ਸਡਬਰੀ ਤੋਂ ਚੁਣਿਆ ਗਿਆ ਸੀ। ਨਾਰੋਜੀ ਲਿਬਰਲ ਪਾਰਟੀ ਵੱਲੋਂ 1892 ਵਿੱਚ ਲੰਡਨ ਦੇ ਫਿੰਸ਼ਬਰੀ ਇਲਾਕੇ ਤੋਂ ਐੱਮ.ਪੀ. ਬਣਿਆ। ਉਹ ਤਿੰਨ ਸਾਲ ਤੱਕ ਐੱਮ.ਪੀ. ਰਿਹਾ। ਵੈਸੇ ਉਹ ਬਹੁਤ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਹੀ ਜਿੱਤਿਆ ਸੀ, ਪਰ ਕਿਸੇ ਭਾਰਤੀ ਦਾ ਉਨ੍ਹਾਂ ਵੇਲਿਆਂ ਵਿੱਚ ਹਾਊਸ ਆਫ ਕਾਮਨ ਦਾ ਐੱਮ.ਪੀ. ਚੁਣੇ ਜਾਣਾ ਬਹੁਤ ਵੱਡੀ ਗੱਲ ਹੋਵੇਗੀ। ਫਿੰਸ਼ਬਰੀ ਦੇ ਇਲਾਕੇ ਵਿੱਚ ਮੈਂ ਬਹੁਤ ਸਾਲ ਰਿਹਾ ਹਾਂ। ਨਾਰੋਜੀ ਸਟਰੀਟ, ਜੋ ਦਾਦਾਭਾਈ ਨਾਰੋਜੀ ਦੇ ਨਾਂ ’ਤੇ ਹੀ ਹੈ, ਉੱਪਰ ਵੀ ਬਹੁਤ ਵਾਰ ਗਿਆ ਹਾਂ, ਨਾਰੋਜੀ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕਰਦਾ ਰਿਹਾ ਹਾਂ। ਜੇ ਨਾਰੋਜੀ ਦੇ ਸਮੁੱਚੇ ਕੰਮ ਨੂੰ ਦੇਖੀਏ ਤਾਂ ਉਸ ਦਾ ਐੱਮ.ਪੀ. ਹੋਣਾ ਛੋਟੀ ਗੱਲ ਰਹਿ ਜਾਂਦੀ ਹੈ। ਉਸ ਦੇ ਕੀਤੇ ਕੰਮਾਂ ਦੀ ਤੇ ਗੁਣਾਂ ਦੀ ਲਿਸਟ ਬਹੁਤ ਲੰਮੀ ਹੈ। ਉਹ ਲੇਖਕ ਸੀ, ਸਿਆਸਤਦਾਨ ਵੀ, ਸਮਾਜ ਸੇਵੀ, ਧਾਰਮਿਕ ਨੇਤਾ, ਫ਼ਿਲਾਸਫ਼ਰ, ਅਧਿਆਪਕ ਤੇ ਪਤਾ ਨਹੀਂ ਹੋਰ ਕੀ-ਕੀ ਸੀ।

ਮੈਂ ਆਪਣੇ ਕੋਰਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਸੀ ਕਿ ਦਾਦਾਭਾਈ ਨਾਰੋਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ ਤੇ ਇਸ ਦਾ ਪਹਿਲਾ ਪ੍ਰਧਾਨ ਵੀ ਬਣਿਆ। ਨਾਰੋਜੀ, ਗੁਪਾਲ ਕ੍ਰਿਸ਼ਨ ਗੋਖਲੇ, ਬਾਲ ਗੰਗਾਧਰ ਤਿਲਕ ਤੇ ਮੋਹਨਦਾਸ ਕਰਮਚੰਦ ਗਾਂਧੀ ਵਰਗੇ ਲੀਡਰਾਂ ਦਾ ਉਸਤਾਦ ਜਾਂ ਰਾਹ-ਦਿਖਾਵਾ ਵੀ ਸੀ। ਇਨ੍ਹਾਂ ਸਭ ਤੋਂ ਉੱਪਰ ਦਾਦਾਭਾਈ ਨਾਰੋਜੀ ਦੀ ਪਛਾਣ ਉਸ ਦੀ ਕਿਤਾਬ ‘ਪਾਵਰਟੀ ਐਂਡ ਅਨ-ਬ੍ਰਿਟਿਨ ਰੂਲ ਇਨ ਇੰਡੀਆ’ ਹੈ। ਇਸ ਵਿੱਚ ਉਸ ਨੇ ਦੱਸਿਆ ਹੈ ਕਿ ਕਿਵੇਂ ਬਰਤਾਨਵੀ ਸਰਕਾਰ ਭਾਰਤੀ ਸਰਮਾਇਆ ਬਾਹਰ ਕੱਢ ਰਹੀ ਹੈ। ਇਹ ਕਿਤਾਬ ਉਦੋਂ ਲਿਖੀ ਗਈ ਜਦੋਂ ਬਰਤਾਨਵੀ ਸਰਕਾਰ ਭਾਰਤੀ ਸਰਮਾਇਆ ਆਪਣੇ ਮੁਲਕ ਖਿੱਚ ਕੇ ਭਾਰਤ ਨੂੰ ਗ਼ਰੀਬ ਕਰ ਰਹੀ ਸੀ। ਉਸ ਨੇ ਭਾਰਤੀ ਸਰਮਾਏ ਦੇ ਬਾਹਰ ਜਾਣ ਦੇ ਛੇ ਮੁੱਖ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ, ਪਹਿਲਾ-ਭਾਰਤ ਨੂੰ ਵਿਦੇਸ਼ੀ ਸਰਕਾਰ ਚਲਾ ਰਹੀ ਸੀ, ਯਾਨੀ ਕਿ ਭਾਰਤ ਦੀ ਪੂੰਜੀ ਉੱਪਰ ਵਿਦੇਸ਼ੀ ਕੰਟਰੋਲ ਸੀ, ਦੂਜਾ- ਬਾਹਰੋਂ ਆ ਕੇ ਕਿਸੇ ਨੇ ਭਾਰਤ ਦੇ ਸਰਮਾਏ ਨੂੰ ਵਧਾਉਣ ਵਿੱਚ ਹਿੱਸਾ ਨਹੀਂ ਪਾਇਆ, ਤੀਜਾ- ਭਾਰਤ ਨੇ ਬਰਤਾਨਵੀ ਅਫ਼ਸਰਸ਼ਾਹੀ ਤੇ ਫ਼ੌਜ ਦੇ ਖ਼ਰਚੇ ਝੱਲੇ, ਚੌਥਾ- ਭਾਰਤ ਨੇ ਬਰਤਾਨਵੀ ਰਾਜ ਨੂੰ ਹੋਰਨਾਂ ਮੁਲਕਾਂ ਵਿੱਚ ਫੈਲਾਉਣ ਉੱਪਰ ਖ਼ਰਚਾ ਝੱਲਿਆ, ਪੰਜਵਾਂ- ਅੰਗਰੇਜ਼ਾਂ ਨੇ ਭਾਰਤ ਨੂੰ ਫ੍ਰੀ-ਟਰੇਡ ਲਈ ਖੋਲ੍ਹ ਦਿੱਤਾ ਜਿਸ ਕਾਰਨ ਭਾਰਤ ਵਿਚਲੀਆਂ ਵੱਡੀਆਂ ਨੌਕਰੀਆਂ ਵਿਦੇਸ਼ੀਆਂ ਨੂੰ ਮਿਲ ਗਈਆਂ ਜਦੋਂਕਿ ਬਹੁਤ ਸਾਰੇ ਭਾਰਤੀ ਵੀ ਉਸ ਨੌਕਰੀ ਦੀ ਯੋਗਤਾ ਰੱਖਦੇ ਸਨ, ਛੇਵਾਂ- ਭਾਰਤ ਵਿੱਚੋਂ ਵੱਡੀ ਕਮਾਈ ਕਰਨ ਵਾਲੇ ਲੋਕ ਆਪਣੀ ਆਮਦਨ ਭਾਰਤ ਵਿੱਚ ਖ਼ਰਚਣ ਦੀ ਬਜਾਏ ਬਾਹਰਲੇ ਦੇਸ਼ਾਂ ਵਿੱਚ ਕੱਢ ਕੇ ਲੈ ਜਾਂਦੇ ਸਨ। ਆਪਣੀ ਕਿਤਾਬ ਵਿੱਚ ਨਾਰੋਜੀ ਨੇ ਪਹਿਲੀ ਵਾਰ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਹੁੰਦੇ ਮੁਨਾਫੇ ਦਾ ਅੰਦਾਜ਼ਾ ਲਾਇਆ ਜਿਸ ਨੂੰ ਉਹ ਖਿੱਚ ਕੇ ਬਾਹਰ ਲੈ ਜਾਂਦੇ ਸਨ। ਉਸ ਨੇ ਉਨੀਵੀਂ ਸਦੀ ਦੇ ਅਖੀਰ ਵਿੱਚ ਦੱਸਿਆ ਕਿ ਅੰਗਰੇਜ਼ ਭਾਰਤ ਵਿੱਚੋਂ ਦੋ ਸੌ ਮਿਲੀਅਨ ਤੋਂ ਲੈ ਕੇ ਤਿੰਨ ਸੌ ਮਿਲੀਅਨ ਪੌਂਡ ਭਾਰਤ ਵਿੱਚੋਂ ਬਾਹਰ ਲੈ ਕੇ ਜਾ ਰਹੇ ਹਨ।

ਜਦੋਂ ਤੁਸੀਂ ਕਿਸੇ ਅੰਗਰੇਜ਼ ਨਾਲ ਬ੍ਰਿਟਿਸ਼ ਰਾਜ ਬਾਰੇ ਗੱਲ ਕਰੋ ਤਾਂ ਉਹ ਕਹੇਗਾ ਕਿ ਅੰਗਰੇਜ਼ਾਂ ਨੇ ਵੱਖ-ਵੱਖ ਰਾਜਾਂ ਨੂੰ ਇਕੱਠੇ ਕਰਕੇ ਇੱਕ ਭਾਰਤ ਬਣਾਇਆ ਤੇ ਰੇਲਵੇ ਲਾਈਨ ਵਿਛਾਈ। ਰੇਲਵੇ ਲਾਈਨ ਤੇ ਅੰਗਰੇਜ਼ਾਂ ਵੱਲੋਂ ਭਾਰਤ ਦੀ ਕੀਤੀ ਤਰੱਕੀ ਬਾਰੇ ਸ਼ਸ਼ੀ ਥਰੂਰ ਦੀ ਵੀਡਿਓ ਅੱਜਕੱਲ੍ਹ ਬਹੁਤ ਵਾਇਰਲ ਹੋ ਰਹੀ ਹੈ ਕਿ ਇਹ ਸਭ ਅੰਗਰੇਜ਼ਾਂ ਨੇ ਆਪਣੇ ਫਾਇਦੇ ਲਈ ਕੀਤਾ। ਨਾਰੋਜੀ ਇਹੋ ਗੱਲ ਸਵਾ ਸੌ ਸਾਲ ਪਹਿਲਾਂ ਕਹਿੰਦਾ ਹੈ। ਉਸ ਮੁਤਾਬਕ ਰੇਲਵੇ ਦਾ ਤੇ ਹੋਰ ਕਮਾਈ ਵਾਲੇ ਵਿਭਾਗਾਂ ਦਾ ਸਾਰਾ ਮੁਨਾਫਾ ਬਰਤਾਨੀਆ ਭੇਜਿਆ ਜਾਂਦਾ ਸੀ। ਈਸਟ ਇੰਡੀਆ ਕੰਪਨੀ ਜਿਹੜੇ ਪੈਸੇ ਨਾਲ ਭਾਰਤ ਤੋਂ ਮਾਲ ਦੀ ਖ਼ਰੀਦ ਕਰਦੀ ਸੀ, ਉਹ ਭਾਰਤ ਤੋਂ ਚੁਰਾਇਆ ਹੋਇਆ ਹੀ ਹੁੰਦਾ ਸੀ। ਜਿਸ ਦਿਨ ਉਹ ਐੱਮ.ਪੀ. ਬਣਕੇ ਬਰਤਾਨਵੀ ਪਾਰਲੀਮੈਂਟ ਵਿੱਚ ਗਿਆ ਤਾਂ ਉਸ ਦਾ ਪਹਿਲਾ ਭਾਸ਼ਨ ਭਾਰਤ ਵਿੱਚੋਂ ਬਾਹਰ ਖਿੱਚੇ ਜਾਂਦੇ ਸਰਮਾਏ ਬਾਰੇ ਸੀ। ਬਰਤਾਨਵੀ ਪਾਰਲੀਮੈਂਟ ਵਿੱਚ ਉਸ ਨੇ ਕਿਹਾ ਕਿ ਭਾਰਤੀ ਲੋਕ ਬ੍ਰਿਟਿਸ਼ ਰਿਆਇਆ ਹਨ ਜਾਂ ਗ਼ੁਲਾਮ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਭਾਰਤੀਆਂ ਨੂੰ ਉਹ ਸੰਸਥਾਵਾਂ ਚਲਾਉਣ ਦੇ ਕਿੰਨੇ ਕੁ ਅਧਿਕਾਰ ਦਿੰਦੇ ਹੋ ਜਿਨ੍ਹਾਂ ਨੂੰ ਬਰਤਾਨਵੀ ਚਲਾ ਰਹੇ ਹਨ। ਉਸ ਨੇ ਦਲੀਲ ਦਿੱਤੀ ਕਿ ਭਾਰਤ ਵਿੱਚੋਂ ਕਮਾਈ ਪੂੰਜੀ ਭਾਰਤ ਵਿੱਚ ਖ਼ਰਚੀ ਜਾਣੀ ਚਾਹੀਦੀ ਹੈ। ਉਸ ਨੇ ਪਾਰਲੀਮੈਂਟ ਵਿੱਚ ਆਪਣੀ ਮਿਆਦ ਦੌਰਾਨ ਭਾਰਤ ਦੀ ਹਾਲਤ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਦਾ ਦ੍ਰਿਸ਼ਟੀਕੋਣ ਸਪੱਸ਼ਟ ਸੀ ਤੇ ਉਸ ਨੂੰ ਗੱਲ ਕਹਿਣੀ ਵੀ ਆਉਂਦੀ ਸੀ। ਉਹ ਪਾਰਲੀਮੈਂਟ ਤੋਂ ਬਾਹਰ ਵੀ ਬ੍ਰਿਟਿਸ਼ ਰਾਜ ਵਿੱਚ ਭਾਰਤ ਦੀ ਬੁਰੀ ਹਾਲਤ ਬਾਰੇ ਬੋਲਦਾ ਰਹਿੰਦਾ ਸੀ। ਉਸ ਨੇ ਪਾਰਲੀਮੈਂਟ ਵਿੱਚ ‘ਆਇਰਸ਼ ਹੋਮ ਰੂਲ’ ਬਾਰੇ ਵੀ ਗੱਲ ਕੀਤੀ ਕਿਉਂਕਿ ਉਸ ਵੇਲੇ ਆਇਰਲੈਂਡ ਵੀ ਅੰਗਰੇਜ਼ਾਂ ਦੇ ਅਧੀਨ ਸੀ ਤੇ ਉੱਥੇ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ।

ਦਾਦਾਭਾਈ ਨਾਰੋਜੀ ਦਾ ਜਨਮ ਗੁਜਰਾਤ ਦੇ ਸ਼ਹਿਰ ਨਵਸਾਰੀ ਵਿੱਚ ਹੋਇਆ। ਉਸ ਦਾ ਸਬੰਧ ਗੁਜਰਾਤੀ-ਪਾਰਸੀ ਪਰਿਵਾਰ ਨਾਲ ਸੀ। ਉਹ ਆਪਣੇ ਪਾਰਸੀ ਧਰਮ ਪ੍ਰਤੀ ਬਹੁਤ ਸੁਚੇਤ ਸੀ। ਇਸੇ ਲਈ ਜਦੋਂ ਉਸ ਨੂੰ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਵਜੋਂ ਸਹੁੰ ਦਵਾਈ ਗਈ ਤਾਂ ਉਸ ਨੇ ਬਾਈਬਲ ਨਾਲ ਸਹੁੰ ਚੁੱਕਣ ਦੀ ਬਜਾਏ, ਉਸ ਲਈ ਖੋਰਦੇਸ ਅਵੇਸਤਾ (ਪੁਰਾਤਨ ਪਾਰਸੀ ਗ੍ਰੰਥ) ਦੀ ਕਾਪੀ ਲਿਆਂਦੀ ਗਈ। ਉਸ ਦੀ ਪੜ੍ਹਾਈ ਬੰਬਈ ਦੀ ਮਸ਼ਹੂਰ ਸੰਸਥਾ ‘ਐਲਫਿਨਸਟੋਨ ਇੰਸਟੀਚਿਊਟ ਸਕੂਲ’ ਵਿੱਚ ਹੋਈ। ਛੇਤੀ ਹੀ ਉਸ ਦੀ ਏਨੀ ਮਕਬੂਲੀਅਤ ਹੋ ਗਈ ਕਿ ਬੜੌਦਾ ਦੇ ਮਹਾਰਾਜਾ ਸਾਇਆਜੀ ਰਾਓ ਗਾਇਕਵਾੜ ਤੀਜੇ ਨੇ ਉਸ ਨੂੰ ਆਪਣਾ ਦੀਵਾਨ ਨਿਯੁਕਤ ਕਰ ਦਿੱਤਾ। 1851 ਵਿੱਚ ਉਸ ਨੇ ਪਾਰਸੀ ਧਰਮ ਦੇ ਨੁਮਾਇੰਦੇ ਦੇ ਤੌਰ ’ਤੇ ‘ਰਹਿਨੁਮਾਈ ਮਜ਼ਦੇਆਸਨ ਸਭਾ’ ਬਣਾਈ। 1854 ਵਿੱਚ ਉਸ ਨੇ ਪੰਦਰਾ ਰੋਜ਼ਾ ਗੁਜਰਾਤੀ ਮੈਗਜ਼ੀਨ ਸ਼ੁਰੂ ਕੀਤਾ ਜਿਸ ਦਾ ਨਾਂ ਸੀ- ‘ਰਾਸਤ ਗੁਫ਼ਤਾਰ’ ਭਾਵ ਸੱਚ ਬੋਲਣ ਵਾਲਾ। ਇਹ ਮੈਗਜ਼ੀਨ ਪਾਰਸੀ ਧਰਮ ਨਾਲ ਜੁੜੇ ਸਵਾਲਾਂ ਨੂੰ ਹੱਲ ਕਰਨ ਲਈ ਸੀ। ਉਸ ਨੇ ਇੱਕ ਹੋਰ ਮੈਗਜ਼ੀਨ ਵੀ ਛਾਪਣਾ ਸ਼ੁਰੂ ਕੀਤਾ ਜਿਸ ਦਾ ਨਾਂ ਸੀ ‘ਦਿ ਵੌਇਸ ਆਫ ਇੰਡੀਆ’। ਦਸੰਬਰ 1855 ਵਿੱਚ ਉਸ ਨੂੰ ਬੰਬਈ ਦੇ ਐਲਫਿਨਸਟੋਨ ਕਾਲਜ ਵਿੱਚ ਹਿਸਾਬ ਤੇ ਕੁਦਰਤੀ ਫ਼ਿਲਾਸਫ਼ੀ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ, ਇਸ ਅਕਾਦਮਿਕ ਪਦਵੀ ’ਤੇ ਉਹ ਪਹਿਲਾ ਭਾਰਤੀ ਨਿਯੁਕਤ ਹੋਇਆ ਸੀ। 1855 ਵਿੱਚ ਉਹ ਲੰਡਨ ਚਲੇ ਗਿਆ ਜਿੱਥੇ ਉਸ ਨੇ ਕਾਮਾ ਐਂਡ ਕੋ ਨਾਮੀ ਕੰਪਨੀ ਵਿੱਚ ਹਿੱਸੇਦਾਰੀ ਕਰ ਲਈ। ਬਰਤਾਨੀਆ ਵਿੱਚ ਇਹ ਪਹਿਲੀ ਭਾਰਤੀ ਕੰਪਨੀ ਸੀ ਜਿਹੜੀ ਲਿਵਰਪੂਲ ਵਿੱਚ ਸਥਾਪਿਤ ਕੀਤੀ ਗਈ ਸੀ। ਤਿੰਨ ਸਾਲ ਉਸ ਨੇ ਇਹ ਕੰਪਨੀ ਚਲਾਈ, ਪਰ ਫਿਰ ਕੁਝ ਨੈਤਿਕ ਆਧਾਰਾਂ ਨੂੰ ਲੈ ਕੇ ਉਸ ਨੇ ਇਹ ਕੰਪਨੀ ਛੱਡ ਦਿੱਤੀ। 1859 ਵਿੱਚ ਉਸ ਨੇ ਆਪਣੀ ਕੰਪਨੀ ਖੋਲ੍ਹ ਲਈ ਜਿਸ ਦਾ ਨਾਂ ਸੀ, ‘ਦਾਦਾਭਾਈ ਨਾਰੋਜੀ ਐਂਡ ਕੋ’। 1861 ਵਿੱਚ ਉਸ ਨੇ ਮੁਨਚਰਜੀ ਹੋਰਮੁਸਜੀ ਕਾਮਾ ਨਾਲ ਰਲ ਕੇ ‘ਦਿ ਜ਼ੋਰੋਆਸਟਰੀਅਨ ਟਰੱਸਟ ਆਫ ਯੂਰੋਪ’ ਕਾਇਮ ਕੀਤਾ। 1865 ਵਿੱਚ ਉਸ ਨੇ ‘ਲੰਡਨ ਇੰਡੀਅਨ ਸੁਸਾਇਟੀ’ ਸਥਾਪਤ ਕੀਤੀ ਜਿਸ ਵਿੱਚ ਭਾਰਤ ਨਾਲ ਜੁੜੇ ਰਾਜਨੀਤਕ, ਸਮਾਜਿਕ, ਸਾਹਿਤਕ ਵਿਸ਼ੇ ਵਿਚਾਰੇ ਜਾਂਦੇ ਸਨ। 1867 ਵਿੱਚ ਉਸ ਨੇ ‘ਈਸਟ ਇੰਡੀਆ ਐਸੋਸੀਏਸ਼ਨ’ ਕਾਇਮ ਕਰਨ ਵਿੱਚ ਮਦਦ ਕੀਤੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਸ਼ੁਰੂਆਤੀ ਰੂਪ ਸੀ। ਇਸ ਦਾ ਮਕਸਦ ਬਰਤਾਨਵੀ ਜਨਤਾ ਅੱਗੇ ਭਾਰਤ ਦੇ ਲੋਕਾਂ ਦਾ ਪੱਖ ਰੱਖਣਾ ਸੀ। ਉਸ ਨੇ ‘ਐਥਨੋਲੌਜੀਕਲ ਸੁਸਾਇਟੀ ਆਫ ਲੰਡਨ’ ਦੀ ਸਹਾਇਤਾ ਨਾਲ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਕਿ ਏਸ਼ੀਅਨ ਲੋਕਾਂ ਨੂੰ ਯੂਰੋਪੀਅਨਾਂ ਦੇ ਮੁਕਾਬਲੇ ਘਟੀਆ ਸਮਝਿਆ ਜਾਂਦਾ ਹੈ। ਇਸ ਐਸੋਸੀਏਸ਼ਨ ਨੇ ਛੇਤੀ ਹੀ ਉਨ੍ਹਾਂ ਅੰਗਰੇਜ਼ਾਂ ਦੀ ਹਮਦਰਦੀ ਜਿੱਤ ਲਈ ਜਿਨ੍ਹਾਂ ਦਾ ਬਰਤਾਨਵੀ ਪਾਰਲੀਮੈਂਟ ਵਿੱਚ ਬਹੁਤ ਪ੍ਰਭਾਵ ਸੀ। ਇਹ ਐਸੋਸੀਏਸ਼ਨ ਕਾਫ਼ੀ ਪ੍ਰਸਿੱਧ ਹੋਈ ਤੇ ਇਸ ਦੀਆਂ ਬੰਬਈ, ਕਲਕੱਤੇ ਮਦਰਾਸ ਆਦਿ ਵਿੱਚ ਬ੍ਰਾਂਚਾਂ ਵੀ ਖੋਲ੍ਹੀਆਂ ਗਈਆਂ।

1874 ਵਿੱਚ ਉਹ ਬੜੌਦਾ ਦੇ ਰਾਜੇ ਦਾ ਪ੍ਰਧਾਨ ਮੰਤਰੀ ਬਣ ਗਿਆ। 1885 ਤੋਂ ਲੈ ਕੇ 1888 ਤੱਕ ਉਹ ‘ਲੈਜਿਸਲੇਟਿਵ ਕੌਂਸਲ ਆਫ ਬੰਬੇ’ ਦਾ ਮੈਂਬਰ ਵੀ ਰਿਹਾ। ਕਲਕੱਤੇ ਤੋਂ ਸੁਰੇਂਦਰਨਾਥ ਬੈਨਰਜੀ ਵੱਲੋਂ ਬਣਾਈ ਗਈ ‘ਇੰਡੀਅਨ ਨੈਸ਼ਨਲ ਐਸੋਸੀਏਸ਼ਨ’ ਦਾ ਮੈਂਬਰ ਵੀ ਉਸ ਨੂੰ ਲਿਆ ਗਿਆ। ਫਿਰ ਬੰਬਈ ਵਿੱਚ ਬਣਾਈ ਗਈ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਉਹ ਸੰਸਥਾਪਕ ਮੈਂਬਰ ਬਣ ਗਿਆ। ਇਸ ਦੇ ਟੀਚੇ ਵੀ ਕਲਕੱਤੇ ਵਾਲੀ ਐਸੋਸੀਏਸ਼ਨ ਵਾਲੇ ਸਨ ਤੇ ਬਾਅਦ ਵਿੱਚ ਇਹ ਦੋਵੇਂ ਗਰੁੱਪ ਇਕੱਠੇ ਹੋ ਗਏ। 1886 ਵਿੱਚ ਇਨ੍ਹਾਂ ਸਾਰੇ ਗਰੁੱਪਾਂ ਨੇ ਇਕੱਠੇ ਹੋ ਕੇ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਸੰਗਠਨ ਬਣਾਇਆ ਜਿਸ ਦਾ ਪਹਿਲਾ ਪ੍ਰਧਾਨ ਨਾਰੋਜੀ ਨੂੰ ਬਣਾਇਆ ਗਿਆ। ਇੰਡੀਅਨ ਨੈਸ਼ਨਲ ਕਾਂਗਰਸ ਦਾ ਉਹ 1893 ਤੇ 1906 ਵਿੱਚ ਵੀ ਪ੍ਰਧਾਨ ਬਣਿਆ। 1906 ਵਿੱਚ ਅਜਿਹਾ ਵੀ ਵੇਲਾ ਸੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੋ ਗਰੁੱਪਾਂ ਵਿੱਚ ਵੰਡੀ ਗਈ- ਮੌਡਰੇਟ ਤੇ ਐਕਸਟਰੀਮਿਸਟ-ਗਰੁੱਪ। ਭਾਵੇਂ ਨਾਰੋਜੀ ਮੌਡਰੇਟ ਗਰੁੱਪ ਨਾਲ ਵਾਹ ਰੱਖਦਾ ਸੀ, ਪਰ ਦੋਵਾਂ ਧਿਰਾਂ ਵਿੱਚ ਉਸ ਦੀ ਏਨੀ ਇੱਜ਼ਤ ਸੀ ਕਿ ਪ੍ਰਧਾਨਗੀ ਲਈ ਉਸ ਦੇ ਮੁਕਾਬਲੇ ਵਿੱਚ ਕੋਈ ਵੀ ਨਾ ਖੜ੍ਹਿਆ ਤੇ ਨਾਰੋਜੀ ਦੋਵਾਂ ਧੜਿਆਂ ਨੂੰ ਇਕੱਠੇ ਰੱਖਣ ਵਿੱਚ ਕਾਮਯਾਬ ਰਿਹਾ। ਉਹ ‘ਸੈਕਿੰਡ ਇੰਟਰਨੈਸ਼ਨਲ’ ਦਾ ਮੈਂਬਰ ਵੀ ਸੀ। ਇਹ ਸੋਸ਼ਲਿਸਟ ਤੇ ਲੇਬਰ ਪਾਰਟੀਆਂ ਦੀ ਸੰਸਥਾ ਸੀ ਜਿਸ ਦੇ ਵੀਹ ਮੁਲਕਾਂ ਤੋਂ ਮੈਂਬਰ ਸਨ ਜਿਨ੍ਹਾਂ ਵਿੱਚ ਕੌਟਸਕੀ (ਮਾਰਕਸਵਾਦੀ ਪੱਤਰਕਾਰ) ਤੇ ਪਲੈਖਾਨੋਵ (ਮਾਰਕਸਵਾਦੀ ਫ਼ਿਲਾਸਫ਼ਰ) ਵੀ ਸ਼ਾਮਲ ਸਨ। ਇਸ ਸਭ ਕਾਸੇ ਦੇ ਨਾਲ-ਨਾਲ ਉਹ ਬਹੁਤ ਵਧੀਆ ਸੰਗਤਰਾਸ਼ ਵੀ ਸੀ।

ਅਜਿਹੀ ਸ਼ਖ਼ਸੀਅਤ ਕਿਸੇ ਆਮ ਬੰਦੇ ਦੀ ਤਾਂ ਹੋ ਨਹੀਂ ਸਕਦੀ, ਸੋ ਮੈਂ ਸਮਝਦਾ ਹਾਂ ਕਿ ਦਾਦਾਭਾਈ ਨਾਰੋਜੀ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਬਲਕਿ ਸੰਸਥਾ ਤੋਂ ਵੀ ਵਸੀਹ ਸੀ। ਅੰਗਰੇਜ਼ਾਂ ਵੱਲੋਂ ਉਸ ਨੂੰ ‘ਗਰੈਂਡ ਓਲਡਮੈਨ ਆਫ ਇੰਡੀਆ’ ਕਹਿਣਾ ਗ਼ਲਤ ਨਹੀਂ ਹੈ। ਉਸ ਦਾ ਜਨਮ ਅਗਸਤ 1825 ਵਿੱਚ ਹੋਇਆ ਤੇ ਉਹ 91 ਸਾਲ ਦੀ ਉਮਰ ਭੋਗ ਕੇ ਜੂਨ 1917 ਵਿੱਚ ਪੂਰਾ ਹੋ ਗਿਆ ਸੀ, ਪਰ ਆਪਣੇ ਪਿੱਛੇ ਬਹੁਤ ਵੱਡੀ ਵਿਰਾਸਤ ਛੱਡ ਗਿਆ। ਲੰਡਨ ਵਿੱਚ ਤਾਂ ਉਸ ਦੇ ਨਾਂ ’ਤੇ ਇੱਕ ਸਟਰੀਟ ਦਾ ਨਾਂ ਹੈ ਹੀ, ਇਹਦੇ ਨਾਲ-ਨਾਲ ਦਿੱਲੀ, ਕਰਾਚੀ, ਬੰਬਈ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਨਾਰੋਜੀ ਦੇ ਨਾਂ ’ਤੇ ਸੜਕਾਂ ਤੇ ਨਗਰ ਵਸਾਏ ਹੋਏ ਹਨ। ਭਾਰਤ ਸਰਕਾਰ ਤਿੰਨ ਵਾਰ (1963, 1997, 2017) ਉਸ ਦੇ ਨਾਂ ’ਤੇ ਟਿਕਟਾਂ ਜਾਰੀ ਕਰ ਚੁੱਕੀ ਹੈ। ਬਰਤਾਨਵੀ ਸਰਕਾਰ ਦੇ ਡਿਪਟੀ ਪ੍ਰਧਾਨ ਮੰਤਰੀ ਨਿਕ ਕਲੈੱਗ ਨੇ ਭਾਰਤ- ਯੂਕੇ ਸਬੰਧਾਂ ਲਈ ਕੰਮ ਕਰਨ ਵਾਲਿਆਂ ਲਈ ‘ਦਾਦਾਭਾਈ ਨਾਰੋਜੀ ਐਵਾਰਡ’ ਵੀ ਸ਼ੁਰੂ ਕੀਤਾ ਸੀ।

ਨਾਰੋਜੀ ਨੇ ਬਰਤਾਨਵੀ ਸਰਕਾਰ ਦੀ ਉਸ ਵੇਲੇ ਆਲੋਚਨਾ ਕੀਤੀ, ਜਦੋਂ ਬ੍ਰਿਟਿਸ਼ ਰਾਜ ਆਪਣੇ ਅਰੂਜ਼ ’ਤੇ ਸੀ ਤੇ ਇਹ ਆਲੋਚਨਾ ਹੈ ਵੀ ਤਿੱਖੀ ਸੀ। ਇਹ ਸਭ ਜਾਣ ਕੇ ਹੈਰਾਨੀ ਵੀ ਹੁੰਦੀ ਹੈ ਕਿ ਬਰਤਾਨਵੀ ਸਰਕਾਰ ਇਸ ਨੂੰ ਕਿਵੇਂ ਬਰਦਾਸ਼ਤ ਕਰਦੀ ਹੋਵੇਗੀ? ਧਿਆਨ ਨਾਲ ਦੇਖਿਆਂ ਪਤਾ ਚੱਲਦਾ ਹੈ ਕਿ ਨਾਰੋਜੀ ਬਹੁਤ ਧੀਮੀ ਸੁਰ ਵਿੱਚ ਆਲਚੋਨਾ ਕਰਦਾ ਸੀ, ਇਵੇਂ ਕਿ ਕਿਸੇ ਨੂੰ ਚੁਭੇ ਵੀ ਨਾ ਤੇ ਨਾਲ ਹੀ ਕਹਿ ਦਿੰਦਾ ਸੀ ਕਿ ਕਿਉਂਕਿ ਮੈਂ ਬ੍ਰਿਟਿਸ਼ ਰਾਜ ਦਾ ਇਕ ਹਿੱਸਾ ਹਾਂ, ਇਸ ਲਈ ਮੈਨੂੰ ਇਸ ਦਾ ਫ਼ਿਕਰ ਹੈ। ਉਸ ਦੀ ਆਲੋਚਨਾ ਦਾ ਤਿੱਖਾਪਣ ਸਭ ਇਸੇ ਵਿੱਚ ਸਮਾ ਜਾਂਦਾ ਸੀ।
ਈ-ਮੇਲ : harjeetatwal@hotmail.co.uk



News Source link
#ਭਰਤ #ਦ #ਸ਼ਨਦਰ #ਬਜਰਗ

- Advertisement -

More articles

- Advertisement -

Latest article