ਭਾਰਤ ਦੀ ਡਾਂਸ ਟੀਮ ‘ਵੀ ਅਨਬੀਟੇਬਲ’ ਨੇ ਵਿਦੇਸ਼ੀ ਸ਼ੋਅ ‘ਅਮੈਰਿਕਾ’ਜ਼ ਗੌਟ ਟੇਲੈਂਟ–2019’ ਦੇ ਜੱਜਾਂ ਦੇ ਹੋਸ਼ ਉਡਾ ਕੇ ਆਪਣੇ ਦੇਸ਼ ਦਾ ਮਾਣ ਕੌਮਾਂਤਰੀ ਪਲੇਟਫ਼ਾਰਮ ਉੱਤੇ ਵਧਾਇਆ ਹੈ। ‘ਵੀ ਅਨਬੀਟੇਬਲ’ ਨੇ ਇਸ ਪ੍ਰਸਿੱਧ ਹਾਲੀਵੁੱਡ ਸ਼ੋਅ ਦੇ ਸਟੇਜ ਉੱਤੇ ਆਪਣੀ ਖ਼ਤਰਨਾਕ ਐਕਰੋਬੈਟਿਕਸ ਡਾਂਸ ਕਾਰਗੁਜ਼ਾਰੀ ਨਾਲ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ।
ਜੱਜਾਂ ਨੇ ਮੁੰਬਈ ਦੀ ਇਸ ਟੀਮ ਦੀ ਡਾਂਸ ਕਾਰਗੁਜ਼ਾਰੀ ਲਈ ਗੋਲਡਨ ਬਜ਼ਰ ਦਬਾਇਆ; ਜਿਸ ਦਾ ਮਤਲਬ ਸੀ ਕਿ ਇਹ ਡਾਂਸ–ਕਰੂ ਹੁਣ ਸਿੱਧਾ ਲਾਈਵ ਸ਼ੋਅ ਕਰਨ ਲਈ ਅੱਗੇ ਵਧ ਗਿਆ ਹੈ।
ਭਾਰਤ ਦੇ ‘ਵੀ ਅਨਬੀਟੇਬਲ’ ਡਾਂਸ–ਕਰੂ ਨੇ ਜੱਜਾਂ ਸਾਹਮਣੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਰਾਮ ਲੀਲਾ’ ਦੇ ਗੀਤ ‘ਤਤੜ–ਤਤੜ’ ਉੱਤੇ ਜ਼ਬਰਦਸਤ ਕਾਰਗੁ਼ਜ਼ਾਰੀ ਦਿਖਾ ਕੇ ਉਨ੍ਹਾਂ ਦੇ ਹੋਸ਼ ਉਡਾ ਦਿੱਤੇ। ਇਸ ਮੌਕੇ ਸ਼ੋਅ ਦੇ ਮੁੱਖ ਜੱਜ ਸਾਈਮਨ ਕਾੱਵੇਲ, ਹਾਊਡ ਮੰਡੇਲ, ਜੂਲੀਆਨਾ ਹਗ ਤੇ ਗੈਬਰੀਅਲ ਯੂਨੀਅਨ–ਵੇਡ ਨਾਲ ਸਾਬਕਾ ਐੱਨਬੀਏ ਸਟਾਰ ਡਵੇਨ ਵੇਡ ਗੈਸਟ ਜੱਜ ਦੇ ਤੌਰ ਉੱਤੇ ਮੌਜੂਦ ਸਨ।
ਡਵੇਨ ਵੇਡ ਨੂੰ ਤਾਂ ‘ਵੀ ਅਨਬੀਟੇਬਲ’ ਦੀ ਕਾਰਗੁਜ਼ਾਰੀ ਇੰਨੀ ਜ਼ਿਆਦਾ ਪਸੰਦਆਈ ਕਿ ਉਨ੍ਹਾਂ ਨੇ ਇਸ ਕਰੂ ਨੂੰ ਗੋਲਡਨ ਬਜ਼ਰ ਨਾਲ ਲਾਈਵ ਸ਼ੋਅਜ਼ ਵਿੱਚ ਪਹੁੰਚਾ ਦਿੱਤਾ।
‘ਗੋਲਡਨ ਬਜ਼ਰ’ ਦੇਣ ਤੋਂ ਪਹਿਲਾਂ ਭਾਰਤੀ ਕਰੂ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਇਸ ਵਧੀਆ ਕਾਰਗੁਜ਼ਾਰੀ ਨੂੰ ਵੇਖ ਕੇ ਉਨ੍ਹਾਂ ਦਾ ਦਿਲ ਬਹੁਤ ਜ਼ੋਰ ਦੀ ਧੜਕ ਰਿਹਾ ਹੈ।
ਮੁੰਬਈ ਦੇ ਇਸ ਡਾਂਸ–ਕਰੂ ਨੇ ਆਪਣੀ ਕਾਰਗੁਜ਼ਾਰੀ ਵੇਲੇ ਪੀਲ਼ੇ ਰੰਗ ਦੀਆਂ ਟੀ–ਸ਼ਰਟਾਂ ਪਾਈਆਂ ਹੋਈਆਂ ਸਨ; ਜਿਨ੍ਹਾਂ ਉੱਤੇ ਵਿਕਾਸ ਨਾਂਅ ਲਿਖਿਆ ਸੀ। ਦਰਅਸਲ ਇਸ ਡਾਂਸ–ਕਰੂ ਨੇ ਇੰਝ ਆਪਣੇ ਦੋਸਤ ਨੂੰ ਸ਼ਰਧਾਂਜਲੀ ਦਿੱਤੀ ਸੀ; ਜਿਸ ਦੀ 6 ਸਾਲ ਪਹਿਲਾਂ ਰਿਹਰਸਲ ਦੌਰਾਨ ਮੌਤ ਹੋ ਗਈ ਸੀ।
ਇਸ ਬਾਰੇ ਜੱਜਾਂ ਨੂੰ ਟੀਮ ਦੇ 29 ਮੈਂਬਰਾਂ ਨੇ ਦੱਸਿਆ ਕਿ ਛੇ ਵਰ੍ਹੇ ਪਹਿਲਾਂ ਜਦੋਂ ਉਹ ਰਿਹਰਸਲ ਕਰ ਰਹੇ ਸਨ; ਤਦ ਇੱਕ ਹਾਦਸਾ ਵਾਪਰ ਗਿਆ ਸੀ; ਦੋਸਤ ਡਿੱਗ ਪਿਆ ਸੀ ਤੇ ਉਸ ਨੂੰ ਲਕਵਾ ਮਾਰ ਗਿਆ ਸੀ ਤੇ ਕੁਝ ਹਫ਼ਤਿਆਂ ਪਿੱਛੋਂ ਉਸ ਦੀ ਮੌਤ ਹੋ ਗਈ ਸੀ।