37.4 C
Patiāla
Monday, July 22, 2024

ਪਰਿਵਾਰਕ ਗੀਤਾਂ ਦਾ ਰਚੇਤਾ ਬਾਂਸਲ ਬਾਪਲੇ ਵਾਲਾ

Must read

ਪਰਿਵਾਰਕ ਗੀਤਾਂ ਦਾ ਰਚੇਤਾ ਬਾਂਸਲ ਬਾਪਲੇ ਵਾਲਾ


ਰਮੇਸ਼ਵਰ ਸਿੰਘ

ਪੰਜਾਬ ਦੇ 1980-90ਵਿਆਂ ਦੇ ਦਹਾਕੇ ਵਿੱਚ ਰਿਕਾਰਡਾਂ ਤੇ ਰੀਲ੍ਹਾਂ ਵਿੱਚ ਵੱਜਦੇ ਗੀਤਾਂ ਵਿੱਚ ਇੱਕ ਨਾਮ ਅਕਸਰ ਸੁਣਨ ਨੂੰ ਮਿਲਦਾ ਹੈ, ਉਹ ਹੈ ‘ਬਾਂਸਲ ਬਾਪਲੇ ਵਾਲਾ’। ਇਹ ਨਾਮ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਮਾਲੇਰਕੋਟਲਾ ਸ਼ਹਿਰ ਦੇ ਗੀਤਕਾਰ ਸੁਰੇਸ਼ ਬਾਂਸਲ ਨੇ ਪੰਜਾਬੀ ਸੰਗੀਤ ਨੂੰ ਉਹ ਗੀਤ ਦਿੱਤੇ ਜੋ ਲੋਕ ਗੀਤਾਂ ਵੱਜੋਂ ਸਥਾਪਿਤ ਹੋਏ ਲੱਗਦੇ ਹਨ। ਬਾਂਸਲ ਬਾਪਲੇ ਦੇ ਲਿਖੇ ਗੀਤਾਂ ਨਾਲ ਕਈ ਉੱਭਰਦੇ ਗਾਇਕ ਸਥਾਪਿਤ ਵੀ ਹੋਏ ਹਨ।

ਦਸੰਬਰ 1959 ਨੂੰ ਪਿੰਡ ਭਾਈਕੇ ਪਿਛੌਰ ਜ਼ਿਲ੍ਹਾ ਸੰਗਰੂਰ ਵਿੱਚ ਪੈਦਾ ਹੋਏ ਸੁਰੇਸ਼ ਬਾਂਸਲ ਦਾ ਬਚਪਨ ਕਸਬਾ ਸੰਦੌੜ ਲਾਗੇ ਪਿੰਡ ਬਾਪਲੇ ਗੁਜ਼ਰਿਆ। ਬਚਪਨ ਤੋਂ ਰੇਡੀਓ ਉੱਪਰ ਚੱਲਦੇ ਗੀਤਾਂ ਨੂੰ ਸੁਣਨ ਦੇ ਸ਼ੌਕ ਨੇ ਕਦੋਂ ਸੁਰੇਸ਼ ਬਾਂਸਲ ਨੂੰ ਚੜ੍ਹਦੀ ਉਮਰੇ ਹੀ ਸਥਾਪਿਤ ਗੀਤਕਾਰ ਬਣਾ ਦਿੱਤਾ, ਇਹ ਉਸ ਨੂੰ ਖ਼ੁਦ ਵੀ ਪਤਾ ਨਹੀਂ। ਸੰਦੌੜ ਸਕੂਲ ਤੋਂ ਦਸਵੀਂ ਤੱਕ ਪੜ੍ਹੇ ਸੁਰੇਸ਼ ਬਾਂਸਲ ਨੇ ਮਾਲੇਰਕੋਟਲਾ ਵਿਖੇ ਆਪਣੇ ਪਿਤਾ ਜੀ ਦੀ ਕਰਿਆਨੇ ਦੀ ਦੁਕਾਨ ਸਾਂਭ ਲਈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜੋ ਲੋਕ ਜਿਸ ਕੰਮ ਵਿੱਚ ਵੀ ਆਪਣਾ ਧਿਆਨ, ਆਪਣੀ ਮਿਹਨਤ ਲਗਾਉਣ, ਉਸ ਨੂੰ ਮੰਜ਼ਿਲ ਵੱਲ ਲੈ ਕੇ ਜਾਣ ਲਈ ਕਾਇਨਾਤ ਖ਼ੁਦ ਰਾਹ ਬਣਾਉਂਦੀ ਜਾਂਦੀ ਹੈ। ਕੋਰੇ ਕਾਗਜ਼ਾਂ ’ਤੇ ਉਂਗਲਾਂ ਨਾਲ ਮਾਰੀਆਂ ਝਰੀਟਾਂ ਨੇ ਸੁਰੇਸ਼ ਬਾਂਸਲ ਦੀ ਮੁਲਾਕਾਤ ਪੰਜਾਬੀ ਸਾਹਿਤ ਤੇ ਗੀਤਕਾਰੀ ਦੇ ਉੱਘੇ ਨਾਂ ਗੁਰਦੇਵ ਮਾਨ ਨਾਲ ਕਰਵਾਈ। ਜਿਨ੍ਹਾਂ ਨੂੰ ਉਸਤਾਦ ਧਾਰ ਕੇ ਗੀਤਕਾਰੀ ਦੀਆਂ ਬਾਰੀਕੀਆਂ ਸਿੱਖਣ ਕਰਕੇ ਹੀ ਸੁਰੇਸ਼ ਬਾਂਸਲ, ਬਾਂਸਲ ਬਾਪਲੇ ਵਾਲਾ ਵਜੋਂ ਜਾਣਿਆ ਜਾਣ ਲੱਗਿਆ। ਉਨ੍ਹਾਂ ਦੇ ਸਦਕਾ ਹੀ 18-19 ਸਾਲ ਦੀ ਉਮਰ ਵਿੱਚ ਉਸ ਦਾ ਲਿਖਿਆ ਪਹਿਲਾ ਗੀਤ ‘ਮੇਲਣ ਬਣ ਕੇ ਜਾਣਾ’ ਰਿਕਾਰਡ ਹੋ ਚੁੱਕਿਆ ਸੀ, ਜਿਸ ਨੂੰ ਕਰਤਾਰ ਰਮਲਾ ਨੇ ਗਾਇਆ ਸੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਮੁਹੰਮਦ ਸਦੀਕ ਨਾਲ 1980 ਵਿੱਚ ਮੁਲਾਕਾਤ ਹੋਈ, ਜਿਨ੍ਹਾਂ ਨੇ ਪਹਿਲੀ ਮਿਲਣੀ ਵਿੱਚ ਹੀ ਸੁਰੇਸ਼ ਬਾਂਸਲ ਦੇ ਕਈ ਗੀਤ ਰਿਕਾਰਡ ਕਰਵਾਏ। ਉਸ ਤੋਂ ਬਾਅਦ ਪੰਜਾਬ ਦੇ ਹਰ ਸਥਾਪਿਤ ਗਾਇਕ ਨੇ ਸੁਰੇਸ਼ ਬਾਂਸਲ ਬਾਪਲੇ ਵਾਲਾ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਜਿਨ੍ਹਾਂ ਵਿੱਚ ਕੁਲਦੀਪ ਮਾਣਕ ਨੇ ‘ਯਾਰਾਂ ਦੀ ਕੁੱਲੀ ਨੂੰ ਅੱਗ ਲਾਉਣ ਵਾਲੀਏ’, ਲਵਲੀ ਨਿਰਮਾਣ ਨੇ ‘ਗੈਰਾਂ ਨੂੰ ਪਿਆਈ ਵਿਸਕੀ’, ਮੇਜਰ ਰਾਜਸਥਾਨੀ ਨੇ ‘ਕਿਹੜੀ ਗੱਲੋਂ ਪਾਸਾ ਵੱਟ ਗਈ’, ਪਰਮਿੰਦਰ ਸੰਧੂ ਨੇ ‘ਪੇਪਰਾਂ ’ਚ ਦਿਨ ਰਹਿ ਗਏ ਪੰਦਰਾਂ’ ਅਤੇ ਹਰਭਜਨ ਸ਼ੇਰਾ ਨੇ ‘ਜੀਅ ਨਹੀਂ ਲੱਗਦਾ ਕੱਲੀ ਦਾ’ ਗਾਇਆ ਸੀ। 1980-90 ਦੇ ਦਹਾਕੇ ਵਿੱਚ ਮੁਹੰਮਦ ਸਦੀਕ, ਰਣਜੀਤ ਕੌਰ ਤੇ ਸੁਰੇਸ਼ ਬਾਂਸਲ ਦੀ ਤਿੱਕੜੀ ਨੇ ਅਨੇਕਾਂ ਸੁਪਰਹਿੱਟ ਦੋਗਾਣੇ ਪੰਜਾਬੀ ਸੱਭਿਆਚਾਰ ਨੂੰ ਦਿੱਤੇ। ਉਸ ਸਮੇਂ ਦੋਵੇਂ ਇੱਕ ਦੂਜੇ ਦੇ ਪੂਰਕਾਂ ਵੱਜੋਂ ਸਥਾਪਿਤ ਹੋਏ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਹਰ ਦੂਜਾ ਗੀਤ ‘ਬਾਂਸਲ ਬਾਪਲੇ ਵਾਲੇ’ ਦਾ ਲਿਖਿਆ ਹੁੰਦਾ ਸੀ ਜਿਨ੍ਹਾਂ ਵਿੱਚ ‘ਨਿੱਭਣੀ ਨਾ ਪਤਲੋ ਨਾਲ’, ‘ਜਿਵੇਂ ਉੱਤਰ ਅਕਾਸ਼ੋਂ ਆਇਆ ਚੌਦਵੀਂ ਦਾ ਚੰਦ’, ‘ਕੋਈ ਕਰੀਏ ਹਾਨਣੇ, ਕਰੀਏ ਮੁਹੱਬਤਾਂ ਦੀ ਗੱਲ ਨੀਂ’ ਅਤੇ ‘ਡਾਕਟਰ ’ਫ਼ੀਮ ਛੁਡਾਉਂਦਾ ਏ ਇੱਕ ਪੇਕੇ ਮੇਰੇ ਵੇ’ ਆਦਿ ਮਕਬੂਲ ਗੀਤ ਸਨ। ‘ਮੁਹੱਬਤਾਂ ਦੀ ਗੱਲ’ ਗੀਤ ਮੁਹੰਮਦ ਸਦੀਕ ਦੀ ਐਲਬਮ ਦਾ ਟਾਈਟਲ ਗੀਤ ਸੀ, ਜਿਸ ਨੇ ਸੁਰੇਸ਼ ਬਾਂਸਲ ਬਾਪਲੇ ਨੂੰ ਇੱਕ ਸਥਾਪਿਤ ਗੀਤਕਾਰ ਵੱਜੋਂ ਪਛਾਣ ਦਿੱਤੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਨੇ ਹਰ ਵਿਸ਼ੇ ’ਤੇ ਹਰ ਤਰ੍ਹਾਂ ਦਾ ਗੀਤ ਲਿਖਿਆ।

ਬੇਸ਼ੱਕ ਕਮਰਸ਼ੀਅਲ ਗੀਤਕਾਰੀ ਦੇ ਇਸ ਯੁੱਗ ਵਿੱਚ ਬਹੁਤੇ ਗੀਤਕਾਰ ਖੜਕਾ ਦੜਕਾ, ਹਥਿਆਰ, ਨਸ਼ੇ, ਲੱਚਰਤਾ ਆਦਿ ਆਪਣੇ ਗੀਤਾਂ ਰਾਹੀਂ ਪੇਸ਼ ਕਰ ਰਹੇ ਹਨ। ਜਿਨ੍ਹਾਂ ਦੇ ਲਿਖੇ ਗੀਤ ਚੜ੍ਹਦੇ ਸੂਰਜ ਨਾਲ ਆਉਂਦੇ ਹਨ ਤੇ ਸ਼ਾਮ ਨੂੰ ਡੁੱਬਦੇ ਸੂਰਜ ਨਾਲ ਹੀ ਲੋਕਾਂ ਨੂੰ ਭੁੱਲ ਜਾਂਦੇ ਹਨ। ਪਰ ਬਾਂਸਲ ਬਾਪਲੇ ਵਾਲੇ ਦੇ ਲਿਖੇ ਗੀਤ ਲੋਕਾਂ ਨੂੰ ਅੱਜ ਵੀ ਜ਼ੁਬਾਨੀ ਯਾਦ ਹਨ ਕਿਉਂਕਿ ਇਹ ਗੀਤ ਲੋਕਾਂ ਦੇ ਅਸਲ ਜੀਵਨ ਦੀਆਂ ਬਾਤਾਂ ਪਾਉਂਦੇ ਹਨ।

ਬੇਸ਼ੱਕ ਸੁਰੇਸ਼ ਬਾਂਸਲ ਰੁਜ਼ਗਾਰ ਕਾਰਨ ਪਿੰਡ ਛੱਡ ਕੇ ਸ਼ਹਿਰ ਆ ਕੇ ਵੱਸ ਗਿਆ ਸੀ, ਪਰ ਉਸ ਦੀ ਰੂਹ ਅਜੇ ਵੀ ਪਿੰਡ ਦੇ ਖੇਤਾਂ ਵਿੱਚ ਵੱਸਦੀ ਹੈ। ਪਿੰਡ ਦੀਆਂ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦੀਆਂ ਕਹਾਣੀਆਂ ਅੱਜ ਵੀ ਉਸ ਦੇ ਮਨ ਨੂੰ ਹਲੂਣਦੀਆਂ ਹਨ ਤਾਂ ਹੀ ਉਸ ਦੇ ਗੀਤਾਂ ਵਿੱਚੋਂ ਪਿੰਡ ਦੀ ਮਿੱਟੀ ਦੀ ਮਹਿਕ ਆਉਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਲੋਕਾਂ ਨੂੰ ਅੱਜ ਵੀ ਸੁਰੇਸ਼ ਬਾਂਸਲ ਉਨ੍ਹਾਂ ਬਾਰੇ ਹੀ ਲਿਖਦਾ ਦਿਸਦਾ ਹੈ, ਜੋ ਉਨ੍ਹਾਂ ਦੇ ਪਿੰਡਾਂ ਦੀ ਗੱਲ ਅੰਬਰਾਂ ਤੱਕ ਕਰਦਾ ਹੈ।

ਅਜੋਕੀ ਗੀਤਕਾਰੀ ਤੇ ਗੀਤਕਾਰ ਪੰਜਾਬੀ ਵਿਰਾਸਤ ਨੂੰ ਅੱਖੋਂ ਪਰੋਖੇ ਕਰਕੇ ਆਪਣਾ ਨਾਂ ਚਮਕਾ ਰਹੇ ਹਨ, ਪਰ ਇਹ ਗੀਤ ਸਾਨੂੰ ਕੋਈ ਸੇਧ ਨਹੀਂ ਦਿੰਦੇ। ਪਰ ਬਾਂਸਲ ਬਾਪਲੇ ਨੇ ਵਪਾਰ ਦੇ ਇਸ ਯੁੱਗ ਵਿੱਚ ਵੀ ਆਪਣੇ ਆਪ ਨੂੰ ਮਾਂ ਬੋਲੀ ਦੇ ਸੇਵਕ ਵਜੋਂ ਹੀ ਸਥਾਪਿਤ ਕੀਤਾ ਹੈ। ਬੇਸ਼ੱਕ ਉਹ ਹੁਣ ਬਹੁਤ ਘੱਟ ਲਿਖ ਰਿਹਾ ਹੈ, ਪਰ ਉਹ ਲਿਖ ਵਧੀਆ ਰਿਹਾ ਹੈ। ਉਸ ਦੇ ਗੀਤ ਦੋਗਾਣਾ ਰੂਪ ਵਿੱਚ ਜ਼ਿਆਦਾ ਹਨ, ਪਰ ਸਾਰੇ ਹੀ ਪਰਿਵਾਰਕ ਹਨ। ਉਹ ਅਕਸਰ ਆਖਦਾ ਹੈ ਕਿ ਮੈਂ ਲਿਖਣਾ ਬੰਦ ਨਹੀਂ ਕੀਤਾ, ਬਸ! ਥੋੜ੍ਹਾ ਰੁਕਿਆ ਹਾਂ।
ਸੰਪਰਕ: 98148-80392News Source link
#ਪਰਵਰਕ #ਗਤ #ਦ #ਰਚਤ #ਬਸਲ #ਬਪਲ #ਵਲ

- Advertisement -

More articles

- Advertisement -

Latest article