ਪੇਈਚਿੰਗ, 2 ਅਪਰੈਲ
ਚੀਨ ਵਿੱਚ ਪਿਛਲੇ ਵਰ੍ਹੇ ਵਿਆਹਾਂ ਦੀ ਗਿਣਤੀ ਘਟ ਕੇ 36 ਸਾਲਾਂ ਵਿੱਚ ਸਭ ਤੋਂ ਹੇਠਾਂ ਚਲੀ ਗਈ, ਜਿਸ ਕਾਰਨ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਇਸ ਦੇਸ਼ ਵਿੱਚ ਆਬਾਦੀ ਸੰਕਟ ਜ਼ੋਰ ਫੜ ਰਿਹਾ ਹੈ। ਇਸੇ ਦੌਰਾਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਵਿੱਚ ਜਨਮ ਦਰ ਵਿੱਚ ਗਿਰਾਵਟ ਆਵੇਗੀ। ਅੰਕੜਿਆਂ ਮੁਤਾਬਕ ਚੀਨ ਵਿੱਚ 2021 ਵਿੱਚ 76.3 ਲੱਖ ਜੋੜਿਆਂ ਨੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾਈ ਹੈ, ਜੋ ਕਿ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ 1986 ਤੋਂ ਜਾਰੀ ਅੰਕੜਿਆਂ ਦੇ ਲਿਹਾਜ਼ ਤੋਂ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ। ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਅੰਕੜਿਆਂ ਨਾਲ ਸਬੰਧਤ ਸੁਤੰਤਰ ਮਾਹਿਰ ਹੀ ਯਾਫੂ ਦੇ ਹਵਾਲੇ ਨਾਲ ਲਿਖਿਆ ਕਿ ਵਿਆਹ ਰਜਿਸ਼ਟਰੇਸ਼ਨ ਦੀ ਗਿਣਤੀ ਆਈ ਗਿਰਾਵਟ ਨਾਲ ਚੀਨ ਵਿੱਚ ਜਨਮ ਦਰ ਵਿੱਚ ਵੀ ਗਿਰਾਵਟ ਦਰਜ ਹੋਵੇਗੀ। ਕੌਮੀ ਅੰਕੜਾ ਬਿਊਰੋ ਮੁਤਾਬਕ (ਐੱਨਬੀਐੱਸ) ਦੇ ਸਾਲਾਨਾ ਤੁਲਨਾਤਮਕ ਅਧਿਐਨ ਮੁਤਾਬਕ ਪਿਛਲੇ ਸਾਲ ਚੀਨ ਦੀ ਆਬਾਦੀ ਪੰਜ ਲੱਖ ਤੋਂ ਘੱਟ ਵਧੀ ਹੈ, ਜੋ ਕਿ ਲਗਾਤਾਰ ਪੰਜਵੇਂ ਸਾਲ ਘੱਟ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਵਿੱਚ ਵਿਆਹ ਰਜਿਸਟਰੇਸ਼ਨ ਦੇ ਮਾਮਲਿਆਂ ਗਿਰਾਵਟ ਦਰਜ ਹੋਈ ਹੈ। ਸਾਲ 2019 ਵਿੱਚ ਇੱਕ ਕਰੋੜ ਤੋਂ ਘੱਟ ਜੋੜਿਆਂ ਨੇ ਵਿਆਹ ਰਜਿਸਟਰ ਕਰਵਾਏ, ਜਦਕਿ 2020 ਵਿੱਚ ਅੰਕੜਾ 90 ਲੱਖ ਤੋਂ ਘੱਟ ਜਦਕਿ 2021 ਵਿੱਚ 80 ਲੱਖ ਤੋਂ ਘੱਟ ਰਿਹਾ ਹੈ। ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ 2021 ਵਿੱਚ ਜਿਨ੍ਹਾਂ ਜੋੜਿਆਂ ਨੇ ਵਿਆਹ ਕਰਵਾਇਆ, ਉਹ 2013 ਦੇ ਅੰਕੜਿਆਂ ਦੇ ਮੁਕਾਬਲੇ ਮਹਿਜ਼ 56.6 ਫ਼ੀਸਦ ਹੈ। ਪੀਟੀਆਈ