ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ’ ਦੀ ਛੇਤੀ ਹੀ ਐਨੀਮੇਟਿਡ ਸੀਰੀਜ਼ ਆਉਣ ਜਾ ਰਹੀ ਹੈ। ਇਸ ਦੇ ਦੋ ਸੀਜ਼ਨ ਹੋਣਗੇ। ਪਹਿਲੇ ਸੀਜ਼ਨ ‘ਚ 52 ਐਪੀਸੋਡ ਹੋਣਗੇ। ਹਰ ਐਪੀਸੋਡ ਅੱਧੇ ਘੰਟੇ ਦਾ ਹੋਵੇਗਾ। ਨਿਰਮਾਤਾ ਇਸ ਨੂੰ ਰਿਲੀਜ਼ ਕਰਨ ਲਈ ਵੱਖ-ਵੱਖ ਓਟੀਟੀ ਮੰਚਾਂ ਨਾਲ ਗੱਲਬਾਤ ਕਰ ਰਹੇ ਹਨ। ਅਦਾਕਾਰ ਤੇ ਨਿਰਮਾਤਾ ਅਰਬਾਜ਼ ਖਾਨ ਨੇ ਕਿਹਾ ਕਿ ਦਬੰਗ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਪੂਰੇ ਪਰਿਵਾਰ ਦਾ ਮਨੋਰੰਜਨ ਕਰਦੀ ਹੈ ਅਤੇ ਐਨੀਮੇਸ਼ਨ ਇਸ ਲੜੀ ਨੂੰ ਅੱਗੇ ਲਿਜਾਣ ਦਾ ਸਭ ਤੋਂ ਵਧੀਆ ਤਰੀਕਾ ਹੈ।
ਅਰਬਾਜ਼ ਨੇ ਇੱਕ ਬਿਆਨ ‘ਚ ਕਿਹਾ, “ਇਸ ਦੇ ਜ਼ਰੀਏ ਤੁਹਾਨੂੰ ਕਹਾਣੀ ਬਿਆਨ ਕਰਨ ‘ਚ ਸਿਰਜਣਾਤਮਕ ਆਜ਼ਾਦੀ ਮਿਲਦੀ ਹੈ ਅਤੇ ਅਸੀਂ ਲੰਮੀ ਕਹਾਣੀਆਂ ਦੀ ਬਜਾਏ ਲਘੂ ਕਹਾਣੀ ‘ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ। ਚੁੱਲਬੁਲ ਦਾ ਕਿਰਦਾਰ ਕਾਫ਼ੀ ਵੱਡਾ ਹੈ ਅਤੇ ਐਨੀਮੇਸ਼ਨ ਦੇ ਜ਼ਰੀਏ ਇਸ ਨੂੰ ਇਕ ਨਵੇਂ ਢੰਗ ਨਾਲ ਦਿਖਾਇਆ ਜਾਵੇਗਾ।” ਐਨੀਮੇਸ਼ਨ ਸਟੂਡੀਓਜ਼ ‘ਕਾਜ਼ਮੋਸ-ਮਾਇਆ’ ਇਸ ਦਾ ਨਿਰਮਾਣ ਕਰ ਰਹੀ ਹੈ। ਅਰਬਾਜ਼ ਨੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਅਸੀਂ ਕਾਜ਼ਮੋਸ-ਮਾਇਆ ਨਾਲ ਕੰਮ ਕਰ ਰਹੇ ਹਾਂ, ਜਿਸ ਨੇ ਲੱਖਾਂ ਦਿਲ ਜਿੱਤੇ ਹਨ।”
ਸਲਮਾਨ ਤੋਂ ਇਲਾਵਾ ਇਸ ਐਨੀਮੇਟਿਡ ਸੀਰੀਜ਼ ਵਿੱਚ ਸੋਨਾਕਸ਼ੀ ਦੇ ਕਿਰਦਾਰ ਰੱਜੋ, ਮਰਹੂਮ ਵਿਨੋਦ ਖੰਨਾ ਦਾ ਕਿਰਦਾਰ ਪ੍ਰਜਾਪਤੀ ਅਤੇ ‘ਦਬੰਗ’ ਦੇ ਤਿੰਨ ਹਿੱਸਿਆਂ ਦੇ ਖਲਨਾਇਕ ਛੇਦੀ ਸਿੰਘ (ਸੋਨੂੰ ਸੂਦ), ਬੱਚਾ ਭੱਈਆ (ਪ੍ਰਕਾਸ਼ ਰਾਜ) ਅਤੇ ਬਾਲੀ (ਸੁਦੀਪ) ਵੀ ਨਜ਼ਰ ਆਉਣਗੇ।