39.1 C
Patiāla
Thursday, April 25, 2024

ਮਰਹੂਮ ਹਾਕੀ ਓਲੰਪੀਅਨ ਸੁਰਜੀਤ ਸਿੰਘ ਤੇ ਓਲੰਪੀਅਨ ਹਾਕੀ ਖਿਡਾਰਨ ਚੰਚਲ ਸੁਰਜੀਤ ਰੰਧਾਵਾ

Must read


ਵਿਸ਼ਵ ਹਾਕੀ ’ਚ ਦੁੱਲਾ ਸ਼ੇਰ ਪੈਨਲਟੀ ਕਾਰਨਰ ਮਾਹਿਰ ਸੀ ਸੁਰਜੀਤ ਸਿੰਘ ਰੰਧਾਵਾ

 

ਮੰਨੇ-ਦੰਨੇ ਹਾਕੀ ਖਿਡਾਰੀਆਂ ਨਾਲ ਦੁਨੀਆਂ ਦਾ ਹਾਕੀ ਇਤਿਹਾਸ ਤੂੜਿਆ ਪਿਆ ਹੈ ਪਰ ਪੋਟਿਆਂ ’ਤੇ ਗਿਣਨ ਜੋਗੇ ਭਾਵ ਵਿਰਲੇ ਟਾਵੇਂ ਹੀ ਹਾਕੀ ਖਿਡਾਰੀ ਹੋਏ ਹਨ ਜੋ ਹਾਕੀ ਪ੍ਰੇਮੀਆਂ ਦੇ ਦਿਲਾਂ ’ਤੇ ਸਦੀਵੀ ਰਾਜ ਕਰਦੇ ਹਨ। ਅਜਿਹਾ ਹੀ ਦੁੱਲਾ ਸ਼ੇਰ ਹਾਕੀ ਖਿਡਾਰੀ ਸੀ ਮਰਹੂਮ ਓਲੰਪੀਅਨ ਸੁਰਜੀਤ ਸਿੰਘ ਜੋ ਬਾਰਾਂ-ਤੇਰਾਂ ਸਾਲ ਆਲਮੀ ਹਾਕੀ ਦੇ ਮੈਦਾਨ ਅੰਦਰ ਛਾਇਆ ਰਿਹਾ। ਸੁਰਜੀਤ ਨੇ ਆਪਣੀ ਹਾਕੀ ਖੇਡਣ ਦੀ ਪਾਰੀ ਦੌਰਾਨ ਧਮਾਕੇਦਾਰ ਖੇਡ ਪ੍ਰਦਰਸ਼ਨ ਰਾਹੀਂ ਅਰਸ਼ ਤੋਂ ਫ਼ਰਸ਼ ਦੋਵੇਂ ਹੀ ਤਬਕ ਹਿਲਾ ਕੇ ਰੱਖ ਦਿੱਤੇ। ਹਾਕੀ ਮੈਚਾਂ ਦੇ ਪ੍ਰਵਾਹ ਦੌਰਾਨ ਉਸ ਦੀ ਦਿਲ ਖਿੱਚਵੀਂ ਅਤੇ ਆਲਾ ਮਿਆਰੀ ਹਾਕੀ ਖੇਡ ਨੂੰ ਖੇਡ ਦਰਸ਼ਕ ਸਾਹ ਰੋਕ ਕੇ ਵੇਖਦੇ ਅਤੇ ਮੈਚ ਖਤਮ ਹੋਣ ਉਪਰੰਤ ਠਰੇ ਮਨ ਨਾਲ ਸਟੇਡੀਅਮ ਤੋਂ ਬਾਹਰ ਜਾਂਦੇ।

 

 

ਦੇਸ਼ ਤੋਂ ਇਲਾਵਾ ਸ਼ਾਇਦ ਹੀ ਦੁਨੀਆਂ ਦੇ ਵਿਰਲੇ ਹਾਕੀ ਹਮਦਰਦ ਦਾ ਦਿਲ ਹੋਵੇ, ਜਿਸ ’ਤੇ ਲਾਸਾਨੀ ਹਾਕੀ ਖਿਡਾਰੀ ਸੁਰਜੀਤ ਸਿੰਘ ਦੀ ਹਾਕੀ ਖੇਡ ਦੀ ਛਾਪ ਨਾ ਲੱਗੀ ਹੋਵੇ। ਉਸ ਨੇ ਕੌਮੀ ਤੇ ਕੌਮਾਂਤਰੀ ਹਾਕੀ ’ਚ ਬੇਮਿਸਾਲ ਹਾਕੀ ਦੀਵਾਨਗੀ ਦਾ ਪ੍ਰਭਾਵ ਦਿੱਤਾ ਜਿਸ ਨੂੰ ਸਿਜਦਾ ਕਰਨ ਲਈ ਹਰ ਹਾਕੀ ਪ੍ਰੇਮੀ ਦਾ ਦਿਲ ਝੁਕ ਜਾਂਦਾ ਹੈ। ਮੁੱਕਦੀ ਗੱਲ ਇਹੋ ਹੈ ਕਿ ਉਹ ਜਿਊਂਦੇ ਜੀਅ ਜਾਨ ਹੂਲ ਕੇ ਹਾਕੀ ਖੇਡਿਆ ਜਿਸ ਦੀ ਚਰਚਾ ਹਾਕੀ ਦੇ ਸਮੁੱਚੇ ਹਲਕਿਆਂ ’ਚ ਛਿੜੀ ਹੋਈ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਛਿੜੀ ਰਹੇਗੀ।

 

 

ਸੁਰਜੀਤ ਸਿੰਘ ਰੰਧਾਵਾ ਨੂੰ ਸੋਲਾਂ ਕਲਾਂ ਸੰਪੂਰਨ ਹਾਕੀ ਖਿਡਾਰੀ ਆਂਕਿਆ ਗਿਆ, ਜਿਸ ਨੇ ਗੋਲ ਸਰਕਲ ਦੇ ਪਰਖੱਚੇ ਉਡਾਉਣ ਵਾਲੇ ਵਿਰੋਧੀ ਫ਼ਾਰਵਰਡਾਂ ਨੂੰ ਪੂਰੀ ਤਰ੍ਹਾਂ ਨਰੜ ਕੇ ਰੱਖਿਆ ਅਤੇ ਆਪਣੇ ਗੋਲ ਵੱਲ ਕਦੇ ਵੀ ਖੁੱਲ੍ਹ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਆਪਣੇ ਸਾਥੀ ਰੱਖਿਅਕਾਂ ਨਾਲ ਮਿਲ ਕੇ ਵਿਰੋਧੀ ਹਮਲਾਵਰਾਂ ਦੀ ਆਪਣੇ ਪਾਲੇ ਅੰਦਰ ਪੂਰੀ ਘੇਰਾਬੰਦੀ ਕਰਕੇ ਰੱਖਦਾ ਸੀ। ਉਸ ਦੀਆਂ ਪੈਨੀਆ ਨਿਗਾਹਾਂ ਚੰਗੇ ਤੋਂ ਚੰਗੇ ਧੂੰਆਂਧਾਰ ਹਮਲਾਵਰ ਹਾਕੀ ਖਿਡਾਰੀਆਂ ਦੀਆਂ ਚਾਲਾਂ ਨੂੰ ਚਾਲਾਕੀ ਨਾਲ ਨਾਕਾਮ ਕਰ ਦਿੰਦੀਆਂ ਸਨ।

 

 

ਇੱਥੇ ਹੀ ਬਸ ਨਹੀਂ, ਉਹ ਲੱਗਦੇ ਦਾਅ ਆਪਣੀ ਟੀਮ ਦੀ ਮੱਧ ਪੰਕਤੀ ਦੇ ਸਹਿਯੋਗ ਨਾਲ ਆਪਣੇ ਅਗਲੀ ਪਾਲ ਦੇ ਹਮਲਾਵਰ ਹਾਕੀ ਖਿਡਾਰੀਆਂ ਨੂੰ ਜਵਾਬੀ ਹਮਲੇ ਕਰਨ ਲਈ ਜ਼ਮੀਨ ਵੀ ਤਿਆਰ ਕਰਦਾ। ਉਹ ਨਪੇ-ਤੁਲੇ ਖੇਡ ਕਰਾਸਾਂ ਨਾਲ ਆਪਣੇ ਖਿਡਾਰੀਆਂ ਦੀ ਖੇਡ ਨੂੰ ਹਰ ਸਮੇਂ ਮਘਾਈ ਰੱਖਦਾ ਸੀ। ਮਜਾਲ ਹੈ ਕਿ ਟੀਮ ਦਾ ਕੋਈ ਖਿਡਾਰੀ ਹਾਕੀ ਖੇਡਦਾ ਮੈਦਾਨ ਅੰਦਰ ਅਵੇਸਲਾ ਹੋ ਜਾਵੇ। ਸੁਰਜੀਤ ਮੈਦਾਨ ’ਚ ਖੇਡਦਾ ਅਕਸਰ ਹੀ ਕਹਿੰਦਾ ਹੁੰਦਾ ਸੀ, ‘‘ਲੈ ਬਈ ਸੋਢੀ- ਫੜ ਬਾਲ ਸ਼ਾਹਿਦ’’ ਆਦਿ ਆਦਿ।

 

ਸੁਰਜੀਤ ਸਿੰਘ ਬਾਰੇ ਆਮ ਕਿਹਾ ਜਾਂਦਾ ਸੀ ਕਿ ਹਾਕੀ ਮੈਦਾਨ ’ਚ ਉਸ ਦੀ ਭਰਵੀਂ ਹਾਜ਼ਰੀ ਵੇਖ ਵਿਰੋਧੀ ਹਾਕੀ ਟੀਮਾਂ ਦੇ ਹਮਲਾਵਰ ਪੰਕਤੀ ਦੇ ਗੋਲ ਕਰਨ ਵਾਲੇ ਖਿਡਾਰੀ ਆਪਣੀ ਸੁਭਾਵਕ ਖੇਡ ਖੇਡਣੀ ਹੀ ਭੁੱਲ ਜਾਂਦੇ ਸਨ। ਸੁਰਜੀਤ ਦਾ ਦਬਦਬਾ ਹਿੰਦ ਦੀ ਹਾਕੀ ਟੀਮ ਦੇ ਪਰਸਪਰ ਵਿਰੋਧੀ ਮੁਲਕ ਪਾਕਿਸਤਾਨ ਦੀ ਫ਼ਾਰਵਰਡ ਲਾਈਨ ਦੇ ਤੂਫ਼ਾਨ ਮੇਲ ਸਮਝੇ ਜਾਦੇ ਖਿਡਾਰੀਆਂ ਹਸਨ ਸਰਦਾਰ, ਹਨੀਫ਼ ਖ਼ਾਂ, ਸਲੀਮਉੱਲ੍ਹਾ, ਕਲੀਮਉੱਲ੍ਹਾ, ਸ਼ਹਿਨਾਜ਼ ਸ਼ੇਖ਼, ਸਲਾਹੁਦੀਨ ਸਦੀਕੀ, ਰਸ਼ੀਦ ਜੂਨੀਅਰ ’ਤੇ ਇਸ ਕਦਰ ਭਾਰੂ ਸੀ ਕਿ ਗੁਰਦਾਸਪੁਰੀਏ ਭਾਊ ਤੋਂ ਭੈਅ ਖਾਂਦੇ ਇਹ ਖਿਡਾਰੀ ਅਕਸਰ ਹੀ ਡੀ ਸਰਕਲ ਦੇ ਬੁੱਲ੍ਹਾਂ ’ਤੇ ਬਾਲ ਉੱਪਰ ਆਪਣਾ ਕੰਟਰੋਲ ਗੁਆ ਬਹਿੰਦੇ ਸਨ।

 

 

ਇਸ ਦਾ ਮੁੱਖ ਕਾਰਨ ਇਹ ਸੀ ਕਿ ਸੁਰਜੀਤ ਮੈਦਾਨ ਅੰਦਰ ਇਨ੍ਹਾਂ ਖਿਡਾਰੀਆਂ ਦੀ ਚੰਗੀ ਸਾਰ ਲੈਂਦਾ ਸੀ ਅਤੇ ਹਰ ਸਮੇਂ ਵਿਰੋਧੀ ਟੀਮ ’ਤੇ ਗੋਲ ਟੰਗਣ ਲਈ ਉਤਾਵਲੇ ਰਵਾਇਤੀ ਵਿਰੋਧੀ ਖਿਡਾਰੀਆਂ ਨੂੰ ਨਕੇਲ ਪਾਈ ਰੱਖਣ ਦਾ ਵਲ ਵੀ ਉਸ ਨੂੰ ਭਲੀ-ਭਾਂਤ ਆਉਦਾ ਸੀ।

 

ਇਕ ਚੰਗਾ ਗੋਲ ਰਾਖਾ ਹੋਣ ਦੇ ਨਾਲ-ਨਾਲ ਜ਼ਿਕਰਯੋਗ ਹੈ ਕਿ ਇਕ ਕਾਬਿਲੇਦਾਦ ਪੈਨਲਟੀ ਕਾਰਨਰ ਤੋਂ ਗੋਲ ਕਰਨ ਦਾ ਮਾਹਿਰ ਹਾਕੀ ਖਿਡਾਰੀ ਹੋਣ ਸਦਕਾ ਸੁਰਜੀਤ ਰੰਧਾਵਾ ਦੀ ਗਿਣਤੀ ਅੱਜ ਵੀ ਦੁਨੀਆਂ ਦੇ ਕੁੱਝ ਕੁ ਮਹਾਨ ਪੈਨਲਟੀ ਕਾਰਨਰ ਹਿੱਟਰ ਖਿਡਾਰੀਆਂ ’ਚ ਹੁੰਦੀ ਹੈ। ਉਸ ਬਾਰੇ ਇਹ ਧਾਰਨਾ ਆਮ ਕਰਕੇ ਮਸ਼ਹੂਰ ਸੀ ਕਿ ਜਦੋਂ ਉਹ ਪੈਨਲਟੀ ਕਾਰਨਰ ਮਾਰਦਾ ਤਾਂ ਉਸ ਦੀ ਹਾਕੀ ’ਚੋਂ ਨਿਕਲੀ ਬਾਲ ਦੀ ਰਫ਼ਤਾਰ, ਬੰਦੂਕ ’ਚੋਂ ਨਿਕਲੀ ਗੋਲੀ ਨਾਲੋਂ ਵੀ ਤੇਜ਼ ਹੁੰਦੀ ਸੀ। ਉਸ ਵੱਲੋਂ ਲਾਈ ਕਰਾਰੀ ਹਿੱਟ ਨਾਲ ਵਿਰੋਧੀ ਗੋਲ ਦਾ ਫੱਟਾ ਇਸ ਕਦਰ ਖੜਕਦਾ ਕਿ ਜਿਵੇਂ ਤੋਪ ’ਚੋਂ ਨਿਕਲੇ ਗੋਲੇ ਦੀ ਗਰਜ ਹੋਵੇ।

 

 

ਰੋਪੜ ਦੇ ਨਹਿਰੂ ਹਾਕੀ ਸਟੇਡੀਅਮ ’ਚ ਸੁਰਜੀਤ ਹੁਰਾਂ ਦੀ ਪੰਜਾਬ ਪੁਲੀਸ ਦੀ ਟੀਮ ਰੋਪੜ ਹਾਕਸ ਦਾ ਇਕ ਅਹਿਮ ਮੈਚ ਇੰਡੀਅਨ ਰੇਲਵੇ ਦੀ ਹਾਕੀ ਟੀਮ ਨੂੰ ਹਰਾ ਕੇ ਸਟੇਡੀਅਮ ਦੀਆਂ ਪੌੜੀਆਂ ’ਤੇ ਬੈਠੀ ਸੀ। ਇਸ ਦੌਰਾਨ ਇਕ ਰੌਚਕ ਖੇਡ ਘਟਨਾ ਇਹ ਵਾਪਰੀ ਕਿ ਇਕ ਬਜ਼ੁਰਗ ਨੇ ਪੰਜਾਬ ਪੁਲੀਸ ਦੀ ਜਿੱਤ ਦੇ ਨਸ਼ੇ ਦੀ ਲੋਰ ਵਿਚ ਸੁਰਜੀਤ ਦੀ ਪਿੱਠ ਥਾਪੜਦਿਆਂ ਪੁੱਛਿਆ ਕਿ ਬਈ ਕਾਕਾ ਇਵੇਂ ਦੱਸ ਤੂੰ ਇੰਨੀ ਜ਼ੋਰਦਾਰ ਹਿੱਟ ਕਿਵੇਂ ਮਾਰਦੈਂ?

 

 

ਸੁਰਜੀਤ ਮਖ਼ੌਲੀਆ ਸੀ, ਉਹ ਮੁਸਕਰਾ ਕੇ ਬੋਲਿਆ ਕਿ ਬਜ਼ੁਰਗਾ! ਇਹ ਤਾਂ ਮੈਨੂੰ ਵੀ ਪਤਾ ਨਹੀਂ, ਜੇ ਕਹੇਂ ਤਾਂ ਲਾ ਕੇ ਵਿਖਾ ਸਕਦੈਂ। ਇਸ ਤੋਂ ਬਾਅਦ ਸੁਰਜੀਤ ਨੇ ਸਤਿਕਾਰ ਵਜੋਂ ਹਾਕੀ ਦੇ ਪ੍ਰਸੰਸਕ ਬਜ਼ੁਰਗ ਨਾਲ ਆਪਣੀ ਹਾਕੀ ਸਬੰਧੀ ਕੁਝ ਗੱਲਾਂ ਸਾਂਝੀਆਂ ਵੀ ਕੀਤੀਆਂ। ਪੈਨਲਟੀ ਕਾਰਨਰ ਤੋਂ ਲਈ ਜਾਣ ਵਾਲੀ ਸੁਰਜੀਤ ਦੀ ਤਾਕਤਵਰ ਹਿੱਟ ਬਾਰੇ ਹੋਰ ਵੀ ਬਹੁਤ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਸੁਰਜੀਤ ਦੀ ਘਰ ਵਾਲੀ ਚੰਚਲ ਸੁਰਜੀਤ ਸਿੰਘ ਰੰਧਾਵਾ ਲਖਨਊ (ਯੂ.ਪੀ.) ’ਚ ਵਾਪਰੀ ਇਕ ਖ਼ਾਸ ਘਟਨਾ ਬਿਆਨਦੀ ਦੱਸਦੀ ਹੈ ਕਿ ਹਾਕੀ ਕੋਚਿੰਗ ਕੈਂਪ ਦੌਰਾਨ ਸੁਰਜੀਤ ਪੈਨਲਟੀ ਹਿੱਟਾਂ ਮਾਰਨ ਦੀ ਪ੍ਰੈਕਟਿਸ ਕਰ ਰਿਹਾ ਸੀ। ਇਸ ਦੌਰਾਨ ਐਨਆਈਐਸ ਦੀਆਂ ਸਟੂਡੈਂਟ ਕੁੜੀਆਂ ਗੋਲ ਪੋਸਟ ’ਚ ਪੈਨਲਟੀ ਕਾਰਨਰ ਰੋਕਣ ਲਈ ਖੜ੍ਹ ਗਈਆਂ। ਸੁਰਜੀਤ ਨੇ ਹਿੱਟ ਲਾਉਣ ਲਈ ਹਾਕੀ ਉਤਾਂਹ ਚੁੱਕੀ ਹੀ ਸੀ ਕਿ ਕੁੜੀਆਂ ਨੇ ਘਬਰਾ ਕੇ ਚੀਕ-ਚਿਹਾੜਾ ਪਾ ਦਿੱਤਾ ਅਤੇ ਚੇਤਨਾ ਨਾਂ ਦੀ ਇਕ ਤਾਮਿਲ ਕੁੜੀ ਤਾਂ ਬੇਹੋਸ਼ ਹੋ ਕੇ ਹੀ ਡਿੱਗ ਪਈ। ਸੁਰਜੀਤ ਸੰਭਲ ਗਿਆ। ਉਸ ਨੇ ਹਿੱਟ ਮਿਸ ਕਰ ਦਿੱਤੀ ਅਤੇ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ।

 

ਦੂਜਾ ਵਿਸ਼ਵ ਕੱਪ 1973 ’ਚ ਹਾਲੈਂਡ ਦੇ ਸ਼ਹਿਰ ਐਮਸਟਰਡਮ ਦੇ ਹਾਕੀ ਮੈਦਾਨ ’ਚ ਖੇਡਿਆ ਗਿਆ। ਆਲਮੀ ਹਾਕੀ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਦੇਸ਼ ਦੀ ਡੱਚ ਟੀਮ ਅਤੇ ਭਾਰਤੀ ਟੀਮ ਨਾਲ ਹੋਇਆ। ਮੈਚ ਕਾਹਦਾ ਸੀ, ਨਿਰਾ ਹਾਕੀ ਦਾ ਗਹਿਗੱਚ ਮੁਕਾਬਲਾ ਹੋਇਆ। ਮਹਿਮਾਨ ਅਤੇ ਮੇਜ਼ਬਾਨ ਦੋਵੇਂ ਟੀਮਾਂ ਦੂਜਾ ਸੰਸਾਰ ਹਾਕੀ ਕੱਪ ਜਿੱਤਣ ਲਈ ਤਾਰੂ ਹੋਈਆਂ ਪਈਆਂ ਸਨ। ਹਿੰਦ ਦੇ ਹਾਕੀ ਖਿਡਾਰੀਆਂ ਨੇ ਡੱਚ ਟੀਮ ਦੇ ਗੋਲ ਵੱਲ ਹਮਲਿਆਂ ਦੀ ਧਾਰ ਇਸ ਕਦਰ ਤਿੱਖੀ ਰੱਖੀ ਹੋਈ ਸੀ ਕਿ ਜਿਸ ਦੇ ਲਾਹੇ ਵਜੋਂ ਟੀਮ ਨੂੰ ਪਹਿਲੇ ਪੰਜ ਮਿੰਟਾਂ ’ਚ ਦੋ ਪੈਨਲਟੀ ਕਾਰਨਰ ਹਾਸਲ ਹੋਏ।

 

 

ਫੁੱਲ ਬੈਕ ਖਿਡਾਰੀ ਸੁਰਜੀਤ ਨੇ ਦੋਹਾਂ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲ ਕੇ ਵਿਰੋਧੀ ਟੀਮ ਦੇ ਭੁਕਾਨੇ ਦੀ ਅੱਧੀ ਕੁ ਹਵਾ ਕੱਢ ਮਾਰੀ ਪਰ ਡੱਚ ਖਿਡਾਰੀਆਂ ਦੀ ਖੇਡ ਦੀ ਚੜ੍ਹਤ ਸਦਕਾ ਮੈਚ ਬਰਾਬਰੀ ’ਤੇ ਸਮਾਪਤ ਹੋਇਆ। ਆਖ਼ਰ ਵਿਸ਼ਵ ਕੱਪ ਜੇਤੂ ਟੀਮ ਦਾ ਨਿਤਾਰਾ ਕਰਨ ਲਈ ਪੈਨਲਟੀ ਸਟਰੋਕ ਦਾ ਸਹਾਰਾ ਲਿਆ ਗਿਆ। ਸਟਰੋਕਾਂ ’ਚ ਭਾਰਤੀ ਖਿਡਾਰੀ ਮਾਤ ਖਾ ਗਈ ਅਤੇ ਜਿੱਤ ਦਾ ਜਾਦੂ ਹਾਲੈਂਡ ਦੀ ਟੀਮ ਦੇ ਸਿਰ ਚੜ੍ਹ ਕੇ ਬੋਲਿਆ।

 

 

ਭਾਵੇਂ ਜਿੱਤ ਡੱਚ ਟੀਮ ਦੀ ਝੋਲੀ ਜਾ ਪਈ ਪਰ ਇਸ ਹਾਕੀ ਕੱਪ ’ਚ ਸੁਰਜੀਤ ਦੀ ਹਾਕੀ ਦੀ ਗੁੱਡੀ ਅਸਮਾਨੀਂ ਜਾ ਚੜ੍ਹੀ। ਸੁਰਜੀਤ ਇੱਥੇ ਹਾਲੈਂਡ ਦੇ ਪਾਲ ਲਿਟਜ਼ਨ ਅਤੇ ਟੀ. ਕਰੂਜ਼ ਨੂੰ ਮਾਤ ਪਾ ਗਿਆ। ਸੁਰਜੀਤ ਸਿੰਘ ਦੀ ਲਾਜਵਾਬ ਹਾਕੀ ਖੇਡ ਸਦਕਾ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਵੱਲੋਂ ਉਸ ਨੂੰ ‘ਪਲੇਅਰ ਆਫ਼ ਦਾ ਟੂਰਨਾਮੈਂਟ’ ਉੱਤਮ ਖਿਡਾਰੀ ਦੇ ਖੇਡ ਸਨਮਾਨ ਨਾਲ ਸਨਮਾਨਿਆ ਗਿਆ। ਇੱਥੇ ਹੀ ਬਸ ਨਹੀਂ, ਆਲਮੀ ਹਾਕੀ ਦੇ ਚੋਣਕਾਰਾਂ ਨੂੰ ਹਿੰਦ ਦੇ ਹਾਕੀ ਖਿਡਾਰੀ ਦੀ ਚੋਣ ਵਿਸ਼ਵ ਹਾਕੀ ਇਲੈਵਨ ਦੀ ਹਾਕੀ ਟੀਮ ਲਈ ਕਰਨੀ ਪਈ।

 

ਇਸੇ ਤਰ੍ਹਾਂ ਦੁਨੀਆਂ ਦੇ ਤੀਜੇ ਆਲਮੀ ਹਾਕੀ ਕੱਪ ਕੁਆਲਾਲੰਪੁਰ ਦੀ ਖੇਡ ਰਾਮ ਕਹਾਣੀ ਜੇਕਰ ਹਾਕੀ ਦੇ ਪ੍ਰਸੰਸਕਾਂ ਨੂੰ ਚੇਤੇ ਹੈ ਤਾਂ ਪ੍ਰਸਪਰ ਵਿਰੋਧੀ ਹਾਕੀ ਖੇਡਣ ਵਾਲੇ ਮੁਲਕ ਪਾਕਿਸਤਾਨ ਦੀ ਟੀਮ ਨੇ ਜਦੋਂ ਫ਼ਾਈਨਲ ਮੈਚ ’ਚ ਇਸਲਾਹ (ਸਲਾਹੁਦੀਨ ਸਦੀਕੀ) ਵੱਲੋਂ ਕੀਤੇ ਮੈਦਾਨੀ ਗੋਲ ਨਾਲ ਆਪਣੀ ਜਿੱਤ ਦਾ ਰਾਹ ਪੱਧਰਾ ਕਰ ਲਿਆ ਸੀ ਤਾਂ ਮੈਚ ਸਮਾਪਤੀ ਤੋਂ ਅੱਠ ਮਿੰਟ ਪਹਿਲਾਂ ਉਦੋਂ ਕਰਾਮਾਤ ਵਾਪਰ ਗਈ ਜਦੋਂ ਸੁਰਜੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਗੋਲ ਦਾ ਫੱਟਾ ਖੜਕਾ ਕੇ ਮੈਚ ਬਰਾਬਰੀ ’ਤੇ ਲਿਆ ਖੜ੍ਹਾ ਕਰ ਦਿੱਤਾ। ਆਖ਼ਰੀ ਅੰਤਲੇ ਮਿੰਟ ’ਚ ਅਸ਼ੋਕ ਕੁਮਾਰ ਵੱਲੋਂ ਮੈਦਾਨੀ ਗੋਲ ਦਾਗਣ ਨਾਲ ਹਿੰਦ ਦੀ ਹਾਕੀ ਟੀਮ ਪਹਿਲੀ ਵਾਰ ਵਿਸ਼ਵ ਹਾਕੀ ਦੀ ਚੈਂਪੀਅਨ ਬਣੀ।

 

ਹਾਕੀ ਖੇਡਣ ਦਾ ਲੁਤਫ਼ ਲੈਣ ਦੇ ਨਾਲ-ਨਾਲ ਸੁਰਜੀਤ ਨੂੰ ਹਾਕੀ ਸੰਘ ਦੀਆਂ ਜ਼ਿਆਦਤੀਆਂ ਨਾਲ ਵੀ ਦੋ-ਚਾਰ ਹੋਣਾ ਪਿਆ। ਉਹ ਆਪਣੇ ਸਮੇਂ ਦੇ ਦੇਸ਼ ਦੇ ਹਾਕੀ ਸੰਘ ਨੂੰ ਅਕਸਰ ਮੋਤੀਆਂ ਵਾਲੀ ਹਾਕੀ ਫ਼ੈਡਰੇਸ਼ਨ ਕਿਹਾ ਕਰਦਾ ਸੀ। ਸੁਰਜੀਤ ਨੇ ਸਮੇਂ-ਸਮੇਂ ’ਤੇ ਤਰਕਾਂ ਨਾਲ ਹਾਕੀ ਦੇ ਅਮਲੋਂ ਬਿਲਕੁਲ ਕੋਰੇ ਹਾਕੀ ਅਧਿਕਾਰੀਆਂ ਨੂੰ ਡੂੰਘੀ ਨੀਂਦ ਤੋਂ ਜਗਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਵੀ ਕੀਤੀਆਂ। ਉਹ ਅਕਸਰ ਕਿਹਾ ਕਰਦਾ ਸੀ ਕਿ ਹਾਕੀ ਖੇਡ ’ਤੇ ਕਬਜ਼ਾ ਕਰੀ ਬੈਠੇ ਖੇਡ ਪ੍ਰਬੰਧਕਾਂ ਦਾ ਹਾਕੀ ਨਾਲ ਦੂਰ ਤੱਕ ਦਾ ਵੀ ਕੋਈ ਲੇਗਾ-ਦੇਗਾ ਨਹੀਂ। ਬਸ ਉਹ ਸਿਰਫ਼ ਆਪਣੀ ਹਿੰਡ ਪੁਗਾਉਦੇ ਹਨ।

 

 

ਇਸ ਦੇ ਉਲਟ ਮੈਦਾਨ ਅੰਦਰ ਖੂਨ-ਪਸੀਨਾ ਇਕ ਕਰਨ ਵਾਲੇ ਹਾਕੀ ਖਿਡਾਰੀਆਂ ਦੀ ਬਾਂਹ ਫੜਨ ਦਾ ਵਾਅਦਾ ਕੋਈ ਨਹੀਂ ਕਰਦਾ ਤੇ ਖਿਡਾਰੀਆਂ ਦੀ ਹਾਕੀ ਦੀ ਕੋਈ ਕਦਰ ਅਤੇ ਵੁੱਕਤ ਨਹੀਂ ਪਾਈ ਜਾਂਦੀ। ਵਿਸ਼ਵ ਦੇ ਮਹਾਨ ਸੱਜੇ ਦਾਅ ਦੇ ਫੁੱਲ ਬੈਕ ਨੇ ਫ਼ਾਕੇ ਅਤੇ ਕੰਗਾਲੀ ਨਾਲ ਘੁਲਦੇ ਹਾਕੀ ਖਿਡਾਰੀਆਂ ਦੇ ਹਿੱਤਾਂ ਦੀ ਵਕਾਲਤ ਕੀਤੀ ਤੇ ਬੁਲੰਦ ਆਵਾਜ਼ ’ਚ ਕਿਹਾ ਕਿ ਮਿਹਨਤ-ਮੁਸ਼ੱਕਤ ਨਾਲ ਹਾਕੀ ਖਿਡਾਰੀ ਮੈਦਾਨ ਨਾਲ ਮੱਥਾ ਮਾਰ ਕੇ ਮਿੱਟੀ ਨਾਲ ਮਿੱਟੀ ਹੁੰਦੇ ਹਨ ਪਰ ਮਲਾਈ ਹੋਰ ਚੌਧਰੀ ਹੀ ਖਾ ਜਾਂਦੇ ਹਨ।

 

 

ਉਸ ਨੇ ਸਮੇਂ ਦੀ ਹਾਕੀ ਫ਼ੈਡਰੇਸ਼ਨ ਦੇ ਪ੍ਰਧਾਨ ਰਾਮਾਸਵਾਮੀ ਨੂੰ ਕਈ ਵਾਰ ਖਿਡਾਰੀਆਂ ਦੇ ਹੱਕਾਂ ਲਈ ਖਰੀਆਂ-ਖਰੀਆਂ ਵੀ ਸੁਣਾਈਆਂ। ਸੱਚੀਆਂ ਗੱਲਾਂ ਕਰਨ ਅਤੇ ਕਹਿਣ ਦਾ ਸੁਰਜੀਤ ਨੂੰ ਵੱਡਾ ਮੁੱਲ ਵੀ ਤਾਰਨਾ ਪਿਆ। ਇਕ ਸਮਾਂ ਅਜਿਹਾ ਵੀ ਆਇਆ ਕਿ ਹਾਕੀ ਸੰਘ ਦੇ ਕਰਤਿਆਂ ਵੱਲੋਂ ਸਿਰਜੇ ਗਏ ਮਾੜੇ ਖੇਡ ਮਾਹੌਲ ਸਦਕਾ ਸੁਰਜੀਤ ਸਿੰਘ ਦੇ ਨਾਲ-ਨਾਲ ਬਲਦੇਵ ਸਿੰਘ ਅਤੇ ਵਰਿੰਦਰ ਸਿੰਘ ਨੂੰ ਪਟਿਆਲਾ ’ਚ ਐਨ.ਆਈ.ਐਸ. ’ਚ ਚੱਲ ਰਹੇ ਹਾਕੀ ਸਿਖਲਾਈ ਕੈਂਪ ਨੂੰ ਵਿਚਾਲੇ ਹੀ ਛੱਡ ਕੇ ਘਰ ਜਾਣ ਲਈ ਮਜਬੂਰ ਵੀ ਹੋਣਾ ਪਿਆ। ਹਾਕੀ ਖੇਡ ਦਾ ਨਹੀਂ, ਬਸ ਘੋੜ-ਸਵਾਰੀ ਦਾ ਮਾਹਿਰ ਆਕੜਖੋਰ ਹਾਕੀ ਸੰਘ ਦਾ ਪ੍ਰਧਾਨ ਰਾਮਾਸਵਾਮੀ, ਸੁਰਜੀਤ ਸਿੰਘ ਨਾਲ ਇਸ ਕਦਰ ਖਾਰ ਖਾਂਦਾ ਸੀ ਕਿ ਹਾਕੀ ਦੇ ਘਾਗ ਖਿਡਾਰੀ ਸੁਰਜੀਤ ਸਿੰਘ ਨੂੰ ਚੌਥਾ ਵਿਸ਼ਵ ਹਾਕੀ ਕੱਪ ਖੇਡਣ ਤੋਂ ਸੱਖਣਾ ਰੱਖਿਆ ਗਿਆ। ਬਿਊਨਸ ਆਇਰਸ (ਅਰਜਨਟੀਨਾ) ਸੰਸਾਰ ਹਾਕੀ ਕੱਪ ਖੇਡਣ ਲਈ ਓਲੰਪੀਅਨ ਬਲਦੇਵ ਸਿੰਘ ਅਤੇ ਓਲੰਪੀਅਨ ਵਰਿੰਦਰ ਸਿੰਘ ਨਾਲ ਸੁਲਾਹ-ਸਫ਼ਾਈ ਕਰਕੇ ਹਾਕੀ ਟੀਮ ’ਚ ਸਥਾਨ ਦੇ ਦਿੱਤਾ ਗਿਆ।

 

1982 ’ਚ 5ਵਾਂ ਸੰਸਾਰ ਹਾਕੀ ਕੱਪ ਦੇਸ਼ ਦੀ ਮੇਜ਼ਬਾਨੀ ’ਚ ਬੰਬਈ ਵਿਖੇ ਹੋਇਆ। ਜਿਸ ਹਾਕੀ ਸੰਘ ਦੇ ਘੁਡੰਮ ਚੌਧਰੀਆਂ, ਜਿਨ੍ਹਾਂ ਨੂੰ ਸੁਰਜੀਤ ਫੁੱਟੀ ਅੱਖ ਨਹੀਂ ਸੀ ਭਾਉਦਾ, ਆਖ਼ਰ ਉਨ੍ਹਾਂ ਦਾ ਹੀ ਸੁਰਜੀਤ ’ਤੇ ਟੇਕ ਰੱਖਣ ਦਾ ਭਲਾ ਸਮਾਂ ਆ ਗਿਆ। ਉਸ ਸੰਘ ਨੇ ਸੁਰਜੀਤ ਨੂੰ ਸਨਮਾਨ ਵਜੋਂ ਟੀਮ ’ਚ ਸਥਾਨ ਦੇਣ ਦੇ ਨਾਲ-ਨਾਲ ਹਾਕੀ ਟੀਮ ਦੀ ਵਾਗਡੋਰ ਵੀ ਉਸ ਦੇ ਹੱਥ ਫੜਾ ਦਿੱਤੀ। ਗੱਲ ਕੀ ਸੰਘ ਦੇ ਹਾਕੀ ਪ੍ਰਬੰਧਕਾਂ ਨੇ ਆਪਣੀ ਵੱਡੀ ਭੁੱਲ ’ਤੇ ਪਰਦਾ ਪਾਉਣ ਦਾ ਇਕ ਯਤਨ ਜ਼ਰੂਰ ਕੀਤਾ।

 

ਸੁਰਜੀਤ ਨੇ ਬੰਬਈ ਵਿਸ਼ਵ ਕੱਪ ’ਚ ਟੀਮ ਦੀ ਕਪਤਾਨੀ ਕੀਤੀ ਪਰ ਉਹ ਟੀਮ ਨੂੰ ਸੈਮੀਫ਼ਾਈਨਲ ’ਚ ਨਾ ਪਹੁੰਚਾ ਸਕਿਆ। ਸੁਰਜੀਤ ਦੀ ਟੀਮ ਨੂੰ ਪੰਜਵਾਂ ਸਥਾਨ ਮਿਲਿਆ। ਪਾਕਿਸਤਾਨ ਚੈਂਪੀਅਨ ਬਣਿਆ। ਇਹ ਸੁਰਜੀਤ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਵਧੀਆ ਹਾਕੀ ਖੇਡਣ ਤੋਂ ਬਾਅਦ ਟੀਮ ਕੋਈ ਪੁਜ਼ੀਸ਼ਨ ਹਾਸਲ ਨਾ ਕਰ ਸਕੀ। ਆਪਣੇ ਹਾਕੀ ਦਰਸ਼ਕਾਂ ਸਾਹਮਣੇ ਹੋਈ ਹਾਕੀ ਹਾਰ ਦਾ ਉਸ ਨੂੰ ਡੂੰਘਾ ਗ਼ਮ ਆਖ਼ਰ ਤੱਕ ਰਿਹਾ। ਦੇਸ਼ ਲਈ ਹਾਕੀ ਦੀ ਲੰਬੀ ਹਾਕੀ ਪਾਰੀ ਖੇਡਣ ਸਦਕਾ ਸੁਰਜੀਤ ਹੋਰ ਖਿਡਾਰੀਆਂ ਦੀ ਭੀੜ ’ਚੋਂ ਨਿਵੇਕਲੀ ਤੋਰ ਹੀ ਤੁਰਦਾ ਰਿਹਾ ਜਿਸ ਕਰਕੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਉਸ ਦੀ ਹਾਕੀ ਖੇਡ ਦਿਵਾਨਗੀ ਨੂੰ ਸਿਜਦਾ ਕਰਨ ਨੂੰ ਅੱਜ ਵੀ ਦਿਲ ਕਰਦਾ ਹੈ।

 

ਹਾਕੀ ਦੇ ਮੁਜੱਸਮੇ ਸੁਰਜੀਤ ਸਿੰਘ ਨੂੰ ਦੋ ਵਾਰ ਮਿਲਣ ਦਾ ਸਬੱਬ ਵੀ ਜੁੜਿਆ। ਪਹਿਲੀ ਵਾਰ ਜਦੋਂ ਉਹ ਪੰਜਾਬ ਪੁਲੀਸ ਦੀ ਟੀਮ ਨਾਲ ਰੋਪੜ ਵਿਖੇ ਦਸ਼ਮੇਸ਼ ਪਿਤਾ ਦੀ ਯਾਦ ’ਚ ਹੁੰਦਾ ‘ਦਸ਼ਮੇਸ਼ ਹਾਕਸ ਟੂਰਨਾਮੈਂਟ’ ਖੇਡਣ ਆਇਆ। ਦੂਜੀ ਵਾਰ ਬੰਬਈ ਸੰਸਾਰ ਹਾਕੀ ਕੱਪ ਖੇਡਣ ਵਾਲੀ ਭਾਰਤੀ ਹਾਕੀ ਟੀਮ ਦੀ ਕਪਤਾਨੀ ਸੰਭਾਲਣ ਤੋਂ ਪਹਿਲਾਂ ਜਦੋਂ ਉਹ ਚੰਡੀਗੜ੍ਹ ’ਚ ਪ੍ਰੈਸ ਨੂੰ ਵਿਸ਼ੇਸ਼ ਇੰਟਰਵਿਊ ਦੇਣ ਆਇਆ ਸੀ। ਰੋਪੜ ਵਿਖੇ ਜਦੋਂ ਉਸ ਨੂੰ ਭਾਰਤੀ ਹਾਕੀ ਟੀਮ ਦੇ ਕੈਂਪ ’ਚੋਂ ਵਾਕ ਆਊਟ ਕਰਨ ਦਾ ਮੁੱਖ ਕਾਰਨ ਪੁੱਛਿਆ ਤਾਂ ਜ਼ੋਰ ਪਾਉਣ ’ਤੇ ਉਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਹਾਕੀ ਫ਼ੈਡਰੇਸ਼ਨ ਦੇ ਸਿਖਰਲੇ ਅਧਿਕਾਰੀ ਨੇ ਕੈਂਪ ਦੌਰਾਨ ਸਿੱਖ ਖਿਡਾਰੀਆਂ ਨੂੰ ਇਹ ਮਿਹਣਾ ਮਾਰਿਆ ਸੀ ਕਿ ਤੁਹਾਡੇ ਕਰਕੇ ਅੱਜ ਦੇਸ਼ ਦੀ ਹਾਕੀ ਦਾ ਬੇੜਾ ਗਰਕ ਹੋਇਆ ਪਿਆ ਹੈ।

 

 

ਹਾਕੀ ਅਧਿਕਾਰੀ ਦੀ ਇਸ ਟਿੱਪਣੀ ਪਿੱਛੇ ਮੈਂ ਖੇਡ ਦਲੀਲਾਂ ਦਿੰਦਾ ਉਸ ਨਾਲ ਖਹਿਬੜ ਪਿਆ। ਇਸ ਗਰਮ ਮਾਹੌਲ ’ਚ ਮੇਰਾ ਸਾਥੀ ਬਲਦੇਵ ਸਿੰਘ ਅਤੇ ਵਰਿੰਦਰ ਸਿੰਘ ਨੇ ਵੀ ਦਿੱਤਾ। ਇਸ ਉਪਰੰਤ ਸਾਡੇ ਕੰਨੀਂ ਕਨਸੋਆਂ ਪਈਆਂ ਕਿ ਤਿੰਨਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ। ਪਰ ਕੋਈ ਕਾਰਵਾਈ ਹੋਵੇ ਕਿ ਇਸ ਤੋਂ ਪਹਿਲਾਂ ਹੀ ਅਸੀਂ ਤਿੰਨੇ ਜਣੇ ਆਪਣੇ ਬਿਸਤਰੇ ਬੰਨ੍ਹ ਕੇ ਘਰ ਆ ਗਏ। ਇਸ ਮੁਲਾਕਾਤ ’ਚ ਬੰਬੇ ਹਾਕੀ ਕੱਪ ਲਈ ਟੀਮ ਦੀ ਤਿਆਰੀ ਬਾਰੇ ਕੀਤੇ ਸਵਾਲ ਦੇ ਜਵਾਬ ’ਚ ਸੁਰਜੀਤ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਟੀਮ ਦਾ ਮੁੱਖ ਕੋਚ ਹਰਮੀਕ ਸਿੰਘ ਸਾਰੇ ਖਿਡਾਰੀਆਂ ਦੀ ਖੇਡ ਨੂੰ ਸਾਣ ’ਤੇ ਲਗਾ ਕੇ ਪਰਖ ਰਿਹਾ ਹੈ। ਬਾਕੀ ਅਸੀਂ ਮੇਜ਼ਬਾਨ ਹਾਂ, ਇਹ ਗੱਲ ਘਰੇਲੂ ਟੀਮ ਲਈ ਕਿਸੇ ਚੁਣੌਤੀ ਤੋਂ ਘੱਟ ਵੀ ਨਹੀਂ ਹੈ।

 

ਹਾਕੀ ਖੇਡ ’ਚ ਗਜ਼-ਗਜ਼ ਧਸੇ ਹੋਏ ਓਲੰਪੀਅਨ ਹਾਕੀ ਖਿਡਾਰੀ ਸੁਰਜੀਤ ਸਿੰਘ ਦਾ ਜਨਮ 1951 ’ਚ ਗੁਰਦਾਸਪੁਰ ਜ਼ਿਲੇ ਦੇ ਪਿੰਡ ਦਾਖ਼ਲਾ ’ਚ ਸ. ਮੱਘਰ ਸਿੰਘ ਰੰਧਾਵਾ ਦੇ ਘਰ ਹੋਇਆ। ਸੁਰਜੀਤ ਸਿੰਘ ਦੇ ਪਰਲੋਕ ਸਿਧਾਰਨ ਪਿੱਛੋਂ ਪਿੰਡ ਦਾਖ਼ਲਾ ਦਾ ਨਾਮ ਕੇਂਦਰ ਸਰਕਾਰ ਦੀ ਸਿਫ਼ਾਰਸ਼ ਉਪਰੰਤ ਬਦਲ ਕੇ ‘ਸੁਰਜੀਤ ਸਿੰਘ ਵਾਲਾ’ ਰੱਖ ਦਿੱਤਾ ਗਿਆ। ਸਾਡੇ ਦੇਸ਼ ਦੇ ਕਰਤਿਆਂ ਦਾ ਨਾਮੀਂ ਖਿਡਾਰੀਆਂ ਨੂੰ ਇਨਾਮ-ਸਨਮਾਨ ਦੇਣ ਦਾ ਬਾਬਾ ਆਦਮ ਨਿਰਾਲਾ ਹੋਣ ਕਰਕੇ ਹੀ ਰੇਲਵੇ, ਪੰਜਾਬ ਪੁਲੀਸ ਅਤੇ ਇੰਡੀਅਨ ਏਅਰਲਾਈਨਜ਼ ਵੱਲੋਂ ਕੌਮੀ ਹਾਕੀ ਲੀਗ ਖੇਡਣ ਵਾਲੇ ਧਾਕੜ ਰੱਖਿਅਕ ਖਿਡਾਰੀ ਸੁਰਜੀਤ ਸਿੰਘ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉੱਚ ਖੇਡ ਖਿਤਾਬ ‘ਅਰਜੁਨਾ ਐਵਾਰਡ’ ਨਾਲ 1988 ’ਚ ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਪੰਜਾਬ ਰਾਜ ਦੀ ਹਾਕੀ ਟੀਮ ਨੂੰ ਖਿਡਾਰੀ ਅਤੇ ਕੈਪਟਨ ਵਜੋਂ ਮੈਦਾਨ ਅੰਦਰ ਨਿੱਤਰ ਕੇ ਸੁਰਜੀਤ ਨੇ ਬਹੁਤ ਵਾਰ ਰਾਸ਼ਟਰੀ ਚੈਂਪੀਅਨ ਬਣਾਇਆ। ਸੁਰਜੀਤ ਨੂੰ 1981 ’ਚ ਚੰਡੀਗੜ੍ਹ ਖੇਡ ਪੱਤਰਕਾਰ ਐਸੋਸੀਏਸ਼ਨ ਵੱਲੋਂ ‘ਬੈਸਟ ਸਪੋਰਟਸ ਮੈਨ ਆਫ਼ ਦਾ ਯੀਅਰ’ ਦਾ ਮਾਣ ਬਖਸ਼ਿਆ ਗਿਆ।

 

        ਸੁਰਜੀਤ ਹਾਕੀ ਖਿਡਾਰੀ ਕਾਹਦਾ ਸਗੋਂ ਦੇਸ਼ ਦੀ ਹਾਕੀ ਦੀ ਸ਼ਾਨੋ-ਸ਼ੌਕਤ ਦਾ ਮੁਜੱਸਮਾ ਸੀ ਜਿਸ ਵੱਲੋਂ ਖੇਡੀ ਗਈ ਆਲਮੀ ਹਾਕੀ ਦਾ ਹਿਸਾਬ-ਕਿਤਾਬ ਬਹੁਤ ਲੰਮਾ ਚੌੜਾ ਹੈ। 1973 ਐਮਸਟਰਡਮ (ਹਾਲੈਂਡ), 1975 ਕੁਆਲਾਲੰਪੁਰ (ਮਲੇਸ਼ੀਆ) ਅਤੇ 1982 ਬੰਬਈ (ਭਾਰਤ) ਤਿੰਨ ਵਿਸ਼ਵ ਹਾਕੀ ਕੱਪ ਖੇਡਣ ਵਾਲੇ ਸੁਰਜੀਤ ਨੇ ਪਹਿਲਾ ਏਸ਼ੀਆ ਹਾਕੀ ਕੱਪ, ਜੋ 1982 ’ਚ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਹੋਇਆ, 1980 ਦੀ ਹਾਕੀ ਦੇ ਚੈਂਪੀਅਨਾਂ ਦੀ ਚੈਂਪੀਅਨਜ਼ ਹਾਕੀ ਟਰਾਫ਼ੀ ਜਿਹੜੀ ਕਿ ਪਾਕਿ ਦੇਸ਼ ਦੇ ਸ਼ਹਿਰ ਕਰਾਚੀ ’ਚ ਹੀ ਖੇਡੀ ਗਈ ਅਤੇ ਮੁੰਬਈ ਵਿਸ਼ਵ ਕੱਪ ’ਚ ਦੇਸ਼ ਦੀ ਹਾਕੀ ਟੀਮ ਦੀ ਕਮਾਨ ਆਪਣੇ ਹੱਥੀਂ ਸੰਭਾਲੀ। ਹਾਲੈਂਡ ਵਿਸ਼ਵ ਕੱਪ ’ਚ ਟੀਮ ਉਪ-ਜੇਤੂ ਅਤੇ ਮਲੇਸ਼ੀਆ ’ਚ ਸੰਸਾਰ ਕੱਪ ਜੇਤੂ ਰਹੀ। 1974 ਤਹਿਰਾਨ ਅਤੇ 1978 ਬੈਂਕਾਕ ਏਸ਼ੀਆਈ ਹਾਕੀ ਸਮੇਂ ਸੁਰਜੀਤ ਭਾਰਤੀ ਹਾਕੀ ਟੀਮ ’ਚ ਸ਼ੁਮਾਰ ਸੀ। ਦੋਵੇਂ ਵਾਰ ਟੀਮ ਸਿਲਵਰ ਮੈਡਲ ਜੇਤੂ ਬਣੀ। ਮਾਂਟੀਰੀਅਲ 1976 ਦਾ ਹਾਕੀ ਓਲੰਪਿਕ ਮੁਕਾਬਲਾ ਖੇਡਣ ਵਾਲੇ ਮਰਹੂਮ ਓਲੰਪੀਅਨ ਸੁਰਜੀਤ ਨੇ ਬਹੁਤੀ ਵਾਰ ਕੌਮਾਂਤਰੀ ਹਾਕੀ ਟੂਰਨਾਮੈਂਟਾਂ ’ਚ ਦੇਸ਼ ਦੀ ਹਾਕੀ ਟੀਮ ਦੀ ਨੁਮਾਇੰਦਗੀ ਵੀ ਕੀਤੀ।

 

ਹਾਕੀ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲਾ ਸੁਰਜੀਤ ਨਸ਼ੀਲੀਆਂ ਅੱਖਾਂ ਵਾਲਾ ਰਿਸ਼ਟ-ਪੁਸ਼ਟ ਅਤੇ ਪੰਜਾਬ ਦੀ ਖ਼ੁਰਾਕ ਖਾ ਕੇ ਪਲਿਆ ਹਾਕੀ ਖਿਡਾਰੀ ਸੀ, ਜਿਸ ਨੂੰ ਖੇਡਦਿਆਂ ਵੇਖ ਕੇ ਰੂਹ ਦਾ ਰੱਜ ਤੇ ਮਨ ਨੂੰ ਚੈਨ ਮਿਲਦਾ ਸੀ। ਉਸ ਨੇ ਅਜਿਹੇ ਹਾਕੀ ਆਲਮ ਸਿਰਜ ਮਾਰੇ, ਜਿਸ ਦੇ ਤੋੜ ਵਜੋਂ ਅੱਜ ਤੱਕ ਹੋਰ ਕੋਈ ਵੀ ਭਾਰਤੀ ਹਾਕੀ ਖਿਡਾਰੀ ਨਹੀਂ ਉੱਭਰ ਸਕਿਆ। ਉਸ ਦੀ ਹਾਕੀ ਖੇਡ ’ਚ ਦੇਸ਼ ਭਗਤੀ ਦੀ ਮਹਿਕ ਆਉਦੀ ਸੀ। ਉਹ ਪੈਸੇ ਲਈ ਨਹੀਂ, ਦੇਸ਼ ਦੀ ਇੱਜ਼ਤ ਦਾ ਸਵਾਲ ਬਣਾ ਕੇ ਹਾਕੀ ਖੇਡਿਆ। ਖੇਡ ਨੂੰ ਪੈਸੇ ਨਾਲ ਤੋਲਣ ਵਾਲਿਆਂ ਦੀ ਉਹ ਨਿੰਦਾ ਕਰਦਾ ਕਹਿੰਦਾ ਹੁੰਦਾ ਸੀ ਕਿ ਆਪਣੇ ਹਾਕੀ ਹਮਦਰਦਾਂ ਤੋਂ ਮਿਲੀ ਇੱਜ਼ਤ, ਮਾਣ, ਸ਼ੋਹਰਤ, ਮੁਹੱਬਤ ਤੇ ਬੇਪਨਾਹ ਪਿਆਰ ਦਾ ਕੋਈ ਮੁੱਲ ਨਹੀਂ ਹੁੰਦਾ। ਉਹ ਵਿਸ਼ਵ ਦਾ ਰੁਸਤਮ ਖਿਡਾਰੀ ਸੀ ਜੋ ਹਾਕੀ ਮੈਦਾਨ ਨਾਲ ਨਿਵੇਕਲੀ ਕਿਸਮ ਦੀ ਯਾਰੀ ਨਿਭਾਉਣ ਦੇ ਕਾਬਲ ਬਣਿਆ।

 

ਹਾਕੀ ਖੇਡ ਨਾਲ ਪਿਆਰ ਅਤੇ ਹੇਰਵੇ ਸਦਕਾ ਹੀ ਜਦੋਂ ਉਹ ਭਾਰਤ ਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਵਿਚਾਲੇ ‘ਸੁਰਜੀਤ ਬੈਨੀਫ਼ਿਟ ਹਾਕੀ ਮੈਚ’ ਕਰਾਉਣ ਦੀਆਂ ਭਰਪੂਰ ਕੋਸ਼ਿਸ਼ਾਂ ’ਚ ਜੁਟਿਆ ਹੋਇਆ ਸੀ ਤਾਂ ਹਾਕੀ ’ਚ ਜੱਗ ਵਾਲੀ ਤਕੜੀ ਬਾਜ਼ੀ ਮਾਰਨ ਵਾਲਾ ਸੁਰਜੀਤ ਕਰਤਾਰਪੁਰ ਤੋਂ ਵਾਪਸ ਜਲੰਧਰ ਪਰਤਦੇ ਸਮੇਂ 6 ਜਨਵਰੀ 1984 ਨੂੰ ਬਿਧੀਪੁਰ ਰੇਲਵੇ ਫ਼ਾਟਕ ਨੇੜੇ ਹੋਈ ਕਾਰ ਦੁਰਘਟਨਾ ’ਚ ਮੌਤ ਦੇ ਜ਼ਾਲਮ ਹੱਥਾਂ ਦੇ ਕਾਬੂ ਆ ਗਿਆ। ਆਕਾਸ਼ਵਾਣੀ ਤੋਂ ਜਦੋਂ ਸੁਰਜੀਤ ਦੀ ਮੌਤ ਦਾ ਵਿਸ਼ੇਸ਼ ਖਬਰਨਾਮਾ ਪ੍ਰਸਾਰਤ ਹੋਇਆ ਤਾਂ ਚਾਰੇ ਪਾਸੇ ਤਰਾਹ-ਤਰਾਹ ਹੋ ਗਈ। ਦੇਸ਼-ਵਿਦੇਸ਼ ਦੇ ਹਾਕੀ ਪ੍ਰੇਮੀਆਂ ਲਈ ਇਹ ਨਾ ਭੁੱਲਣ ਵਾਲਾ ਅਸਹਿ ਸਦਮਾ ਸੀ। ਇਸ ਮਾਣਮੱਤੇ ਹਾਕੀ ਖਿਡਾਰੀ ਦੇ ਫ਼ਾਨੀ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਦੇ ਸਕੇ ਸਬੰਧੀਆਂ ਤੋਂ ਇਲਾਵਾ ਦੇਸ਼-ਵਿਦੇਸ਼ ਦੀ ਹਾਕੀ ਦੇ ਤਬਕੇ ਠਠੰਬਰ ਗਏ। ਉਨ੍ਹਾਂ ਨੂੰ ਸ਼ਾਇਦ ਇਹੋ ਮਹਿਸੂਸ ਹੋ ਰਿਹਾ ਸੀ ਕਿ ਹਾਕੀ ਦਾ ਮਹਾਂਬਲੀ ਖਿਡਾਰੀ ਤਾਂ ਅਮਰ ਹੋ ਗਿਆ ਪਰ ਉਸ ਦੇ ਤੁਰ ਜਾਣ ਨਾਲ ਅਸਲ ’ਚ ਮੌਤ ਤਾਂ ਦੇਸ਼ ਦੀ ਹਾਕੀ ਦੀ ਹੀ ਹੋਈ ਹੈ।

 

ਅਖ਼ਬਾਰਾਂ ਨੇ ਕਾਲੇ ਹਾਸ਼ੀਏ ’ਚ ਉਸ ਦੀ ਬੇਵਕਤ ਮੌਤ ਸਬੰਧੀ ਅਲੱਗ-ਅਲੱਗ ਸੁਰਖ਼ੀਆਂ ਲਾਈਆਂ। ਕਿਸੇ ਅਖ਼ਬਾਰ ਨੇ ਲਿਖਿਆ ਕਿ ਹਾਕੀ ਦਾ ਚੜ੍ਹਦਾ ਸੂਰਜ ਅਸਤ ਹੋ ਗਿਆ, ਕਿਸੇ ਖੇਡ ਨਾਮਾਨਿਗਾਰ ਨੇ ਬਿਆਨ ਕੀਤਾ ਕਿ ਭਾਰਤੀ ਹਾਕੀ ਦਾ ਜਗਦਾ ਚਿਰਾਗ਼ ਅੱਜ ਬੁਝ ਗਿਆ। ‘ਪੰਜਾਬੀ ਟਿ੍ਰਬਿਊਨ’ ਨੇ ਆਪਣੇ ਖੇਡ ਕਾਲਮਾਂ ’ਚ ਲਿਖਿਆ ‘ਟੁੱਟਿਆ ਇਕ ਤਾਰਾ ਹੋਰ’। ਸੁਰਜੀਤ ਦੇ ਚਾਣਚੱਕ ਚਲੇ ਜਾਣ ਤੋਂ ਪਹਿਲਾਂ ਪੈਨਲਟੀ ਕਾਰਨਰ ਤੋਂ ਗੋਲ ਬਣਾਉਣ ਦਾ ਧਨੀ ਹਾਕੀ ਓਲੰਪੀਅਨ ਪਿ੍ਰਥੀਪਾਲ ਸਿੰਘ ਵੀ ਦੇਸ਼ ਦੇ ਹਾਕੀ ਹਮਦਰਦਾਂ ਤੋਂ ਸਦਾ ਲਈ ਦੂਰ ਚਲਾ ਗਿਆ ਸੀ। ਆਪਣੇ ਜੀਵਨ ਦਾ ਬਹੁਤਾ ਸਮਾਂ ਹਾਕੀ ਦੇ ਲੇਖੇ ਲਾਉਣ ਵਾਲੇ ਸੁਰਜੀਤ ਨੂੰ ਜਿਊਂਦੇ ਤੇ ਮਰਨ ਉਪਰੰਤ ਬਹੁਤ ਸਾਰੇ ਮਾਣ-ਸਨਮਾਨ ਮਿਲੇ ਹਨ ਪਰ ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਪੰਜਾਬ ਦੀ ਮੌਜੂਦਾ ਸਰਕਾਰ ਕੰਧ ’ਤੇ ਲਿਖੀ ਇਬਾਰਤ ਪੜ੍ਹ ਕੇ ਇਸ ਸਾਲ 2019 ’ਚ ਹਾਕੀ ਦੇ ਇਸ ਸੁੱਚੇ ਮੋਤੀ ਨੂੰ ਪੰਜਾਬ ਦਾ ਸਭ ਤੋਂ ਉੱਚਾ ਖੇਡ ਸਨਮਾਨ ‘ਮਹਾਰਾਜ ਰਣਜੀਤ ਸਿੰਘ ਖੇਡ ਐਵਾਰਡ’ ਦੇਣ ਦਾ ਵੱਡਾ ਪਰਉਪਕਾਰ ਕੀਤਾ ਹੈ।

 

 

ਮਰਨ ਤੋਂ ਬਾਅਦ ਵੀ ਦੇਸ਼ ਦੇ ਹਾਕੀ ਖਿਡਾਰੀਆਂ ਲਈ ਰਾਹ ਦਿਸੇਰਾ ਬਣੇ ਸੁਰਜੀਤ ਦੀ ਯਾਦ ’ਚ ਹਰ ਸਾਲ ਜਲੰਧਰ ਵਿਖੇ ‘ਸੁਰਜੀਤ ਯਾਦਗਾਰੀ ਹਾਕੀ ਟੂਰਨਾਮੈਂਟ’ ਕਰਵਾਇਆ ਜਾਂਦਾ ਹੈ ਜਿਸ ’ਚ ਕੌਮੀ ਲੀਗ ਖੇਡਣ ਵਾਲੀਆਂ ਦੇਸ਼ ਦੀਆਂ ਚੋਟੀ ਦੀਆਂ ਹਾਕੀ ਟੀਮਾਂ ਤੋਂ ਇਲਾਵਾ ਪਾਕਿਸਤਾਨ, ਕੈਨੇਡਾ, ਕਰੋਏਸ਼ੀਆ ਆਦਿ ਮੁਲਕਾਂ ਦੇ ਨਾਮਵਰ ਹਾਕੀ ਕਲੱਬਾਂ ਦੀਆਂ ਹਾਕੀ ਟੀਮਾਂ ਵੀ ਆਪਣੀ ਹਾਜ਼ਰੀ ਯਕੀਨੀ ਬਣਾਉਦੀਆਂ ਹਨ। ਇਸ ਟੂਰਨਾਮੈਂਟ ਨੂੰ ਪਹਿਲਾਂ ਪਹਿਲ ਲੀਹ ’ਤੇ ਪਾਉਣ ਦਾ ਮੁੱਖ ਸਿਹਰਾ ਮਰਹੂਮ ਖਿਡਾਰੀ ਦੇ ਪਿਤਾ ਸ. ਮੱਘਰ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਪਤਨੀ ਸਾਬਕਾ ਕੌਮਾਂਤਰੀ ਖਿਡਾਰਨ ਚੰਚਲ ਸੁਰਜੀਤ ਸਿੰਘ ਰੰਧਾਵਾ ਦੇ ਸਿਰ ਬੱਝਦਾ ਹੈ। ਸਿਰ ’ਤੇ ਦੁੱਖਾਂ ਭਰੀ ਪੰਡ ਚੁੱਕਣ ਦੇ ਬਾਵਜੂਦ ਪਤੀ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਚੰਚਲ ਰੰਧਾਵਾ ਦੀਆਂ ਭਰਪੂਰ ਕੋਸ਼ਿਸਾਂ ਸਦਕਾ ਹੀ ਜਲੰਧਰ ’ਚ ਸੁਰਜੀਤ ਸਿੰਘ ਹਾਕੀ ਅਕਾਦਮੀ ਹੋਂਦ ’ਚ ਆਈ ਅਤੇ ਹਾਕੀ ਸਟੇਡੀਅਮ ਸੁਰਜੀਤ ਸਿੰਘ ਦੇ ਨਾਂ ਕੀਤਾ ਗਿਆ। ਇਸ ਤੋਂ ਇਲਾਵਾ ਸੁਰਜੀਤ ਦੇ ਪਿੰਡ ਦਾਖਲਾ ਦਾ ਨਾਂ ਸੁਰਜੀਤ ਸਿੰਘ ਵਾਲਾ ਕਰਾਉਣ ਲਈ ਵੀ ਚੰਚਲ ਸੁਰਜੀਤ ਰੰਧਾਵਾ ਨੂੰ ਲੰਬੀ ਲੜਾਈ ਲੜਨੀ ਪਈ। ਅੰਤ ’ਚ ਇਹੋ ਕਿਹਾ ਜਾ ਸਕਦਾ ਹੈ ਕਿ ਹਾਕੀ ਖੇਡਣ ਸਦਕਾ ਜੰਨਤ ਦੇ ਨਜ਼ਾਰੇ ਤੱਕਣ ਵਾਲੇ ਸੁਰਜੀਤ ਦੇ ਨਕਸ਼ੇ ਕਦਮ ’ਤੇ ਚਲਦਿਆਂ ਦੇਸ਼ ਦੀ ਹਾਕੀ ਨੂੰ ਕੌਮਾਂਤਰੀ ਪੱਧਰ ’ਤੇ ਹੁਲਾਰਾ ਦਿੱਤਾ ਜਾ ਸਕਦਾ ਹੈ।

 

ਚੰਚਲ ਸੁਰਜੀਤ ਸਿੰਘ ਰੰਧਾਵਾ: ਨਰੋਈ ਪੈਨਲਟੀ ਕਾਰਨਰ ਹਿੱਟ ਲਾਉਣ ਦੇ ਮਾਲਕ ਸੁਰਜੀਤ ਸਿੰਘ ਨੇ ਹਾਕੀ ਖੇਡ ਨਾਲ ਆਪਣਾ ਰਿਸ਼ਤਾ ਦੋ ਕਦਮ ਹੋਰ ਪੱਕਾ ਕਰਦਿਆਂ ਕੌਮਾਂਤਰੀ ਹਾਕੀ ਖਿਡਾਰਨ ਚੰਚਲ ਰੰਧਾਵਾ ਨੂੰ ਆਪਣਾ ਜੀਵਨ ਸਾਥੀ ਬਣਾਇਆ। ਚੰਚਲ ਨੇ ਆਪਣੇ ਕੌਮਾਂਤਰੀ ਹਾਕੀ ਸਫ਼ਰ ’ਚ 1974 ਵਿਚ ਅਜਿੰਦਰ ਕੌਰ ਦੀ ਕਪਤਾਨੀ ਅਧੀਨ ਕੇਨਜ਼ ਵਿਖੇ ਪਹਿਲਾ ਮਹਿਲਾ ਵਿਸ਼ਵ ਹਾਕੀ ਕੱਪ ਖੇਡਣ ਤੋਂ ਇਲਾਵਾ ਹੋਰ ਬਹੁਤ ਸਾਰੇ ਕੌਮੀ ਅਤੇ ਕੌਮਾਂਤਰੀ ਮੈਚਾਂ ’ਚ ਹਿੰਦ ਦੀ ਮਹਿਲਾ ਹਾਕੀ ਦੀ ਪ੍ਰਤੀਨਿਧਤਾ ਕੀਤੀ। ਹਿੰਦ ਦੀ ਮਹਿਲਾ ਹਾਕੀ ਟੀਮ ਨੇ ਸੈਮੀਫ਼ਾਈਨਲ ਖੇਡਿਆ ਪਰ ਜਿੱਤ ਦਾ ਦੇਵਤਾ ਟੀਮ ’ਤੇ ਦਿਆਲ ਨਹੀਂ ਹੋਇਆ। ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। 1972 ਯੁਗਾਂਡਾ ਅਤੇ 1973 ’ਚ ਜਾਪਾਨੀ ਟੀਮ ਨਾਲ ਹਾਕੀ ਟੈਸਟ ਮੈਚ ਖੇਡਣ ਵਾਲੀ ਭਾਰਤੀ ਮਹਿਲਾ ਟੀਮ ਦੀ ਨੁਮਾਇੰਦਗੀ ਕਰਨ ਵਾਲੀ ਹਾਕੀ ਖਿਡਾਰਨ ਚੰਚਲ ਰੰਧਾਵਾ ਨੇ 1975 ’ਚ ਕੈਨੇਡਾ ’ਚ ਹੋਈ ਇੰਟਰੈਨਸ਼ਨਲ ਚੈਂਪੀਅਨਸ਼ਿਪ ਦੌਰਾਨ ਆਪਣੀ ਖੇਡ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਚਮਕਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ।

 

ਚੰਚਲ ਤੋਂ ਚੰਚਲ ਸੁਰਜੀਤ ਸਿੰਘ ਰੰਧਾਵਾ ਬਣੀ ਸਾਬਕਾ ਕੌਮਾਂਤਰੀ ਹਾਕੀ ਖਿਡਾਰਨ ਅੱਜ ਕੱਲ੍ਹ ਪੰਜਾਬ ਦੇ ਖੇਡ ਵਿਭਾਗ ’ਚ ਸੰਯੁਕਤ ਨਿਰਦੇਸ਼ਕ ਦੇ ਅਹੁਦੇ ’ਤੇ ਵੀ ਤਾਇਨਾਤ ਰਹੀ। ਕੌਮਾਂਤਰੀ ਹਾਕੀ ’ਚ ਕਦਮ ਰੱਖਣ ਤੋਂ ਪਹਿਲਾਂ ਚੰਚਲ ਸੁਰਜੀਤ ਨੇ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਗਾਤਾਰ 1970 ਤੋਂ 1974 ਤੱਕ ਖੇਡ ਕੇ ਲਗਾਤਾਰ ਆਲ ਇੰਡੀਆ ਇੰਟਰ ’ਵਰਸਿਟੀ ਚੈਂਪੀਅਨਸ਼ਿਪ ਜਿੱਤੀ। ਚੰਚਲ ਰੰਧਾਵਾ ਕੌਮੀ ਹਾਕੀ ’ਚ ਪੰਜਾਬ ਵੱਲੋਂ ਮੈਦਾਨ ਅੰਦਰ ਨਿਤਰਦੀ ਰਹੀ। ਪੰਜਾਬ ਵੱਲੋਂ ਕੌਮੀ ਹਾਕੀ ਖੇਡ ਕੇ, 1969 ਤੋਂ 1975 ਤੱਕ ਲਗਾਤਾਰ ਸੱਤ ਸਾਲ ਪੰਜਾਬ ਨੂੰ ਕੌਮੀ ਹਾਕੀ ਦੇ ਚੈਂਪੀਅਨ ਬਣਾਉਣ ’ਚ ਚੰਚਲ ਸੁਰਜੀਤ ਦੀ ਹਾਕੀ ਖੇਡ ਦਾ ਮੁੱਖ ਹੱਥ ਰਿਹਾ।

 

ਚੰਚਲ ਸੁਰਜੀਤ ਰੰਧਾਵਾ ਦੀ ਇਸੇ ਲਾਸਾਨੀ ਹਾਕੀ ਖੇਡ ਦਾ ਹੀ ਸਿੱਟਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਟੇਟ ਖੇਡ ਸਨਮਾਨ ‘ਮਹਾਰਾਜਾ ਰਣਜੀਤ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। 1970 ’ਚ ਉਨ੍ਹਾਂ ਨੂੰ ‘ਮਹਾਰਾਜਾ ਸੁਖਨੰਦਨ ਸਿੰਘ ਐਵਾਰਡ’ ਮਿਲਿਆ। ਕੌਮੀ ਅਤੇ ਕੌਮਾਂਤਰੀ ਮਿਸਾਲੀ ਹਾਕੀ ਪ੍ਰਾਪਤੀਆਂ ਸਦਕਾ 2002-03 ’ਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਰੰਧਾਵਾ ਨੂੰ ‘ਖ਼ਾਲਸਾਈ ਖੇਡ ਐਵਾਰਡ’ ਨਾਲ ਨਿਵਾਜਿਆ ਗਿਆ।

 

ਹਾਕੀ ਓਲੰਪੀਅਨ ਮਾਪਿਆਂ ਨੇ ਜਿਵੇਂ ਹੱਥ ਹਾਕੀ ਚੁੱਕ ਕੇ ਕੌਮੀ ਅਤੇ ਕੌਮਾਂਤਰੀ ਹਾਕੀ ’ਚ ਚੰਗਾ ਨਾਮ ਕਮਾਇਆ ਉਵੇਂ ਇਕਲੌਤੇ ਬੇਟੇ ਸਰਬਰਿੰਦਰ ਅਤੇ ਬੇਟੀ ਡਾ. ਇੰਦਰਪ੍ਰੀਤ ਕੌਰ ਨੇ ਪਰਿਵਾਰ ਦੀ ਖੇਡ ਰੀਤ ਤੋੜਦਿਆਂ ਟੈਨਿਸ ਰੈਕਟ ਚੁੱਕ ਕੇ ਮਾਡਰਨ ਖੇਡ ਲਾਅਨ ਟੈਨਿਸ ਖੇਡਣ ਨੂੰ ਤਰਜੀਹ ਦਿੱਤੀ। ਇੰਦਰਪ੍ਰੀਤ ਡਾਕਟਰੀ ਦੇ ਪੇਸ਼ੇ ’ਚ ਆਉਣ ਸਦਕਾ ਭਾਵੇਂ ਕੌਮੀ ਪੱਧਰ ’ਤੇ ਹੀ ਟੈਨਿਸ ਖੇਡੀ ਪਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਚੰਗੇ ਗਿਆਤਾ ਸਰਬਰਿੰਦਰ ਰੰਧਾਵਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਬੀ.ਈ. ਦੀ ਡਿਗਰੀ ਕਰਨ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੈਨਿਸ ਪ੍ਰਾਪਤੀਆਂ ਹਾਸਲ ਕਰਨ ਦਾ ਮੋਰਚਾ ਵੀ ਬਾਖ਼ੂਬੀ ਸੰਭਾਲੀ ਰੱਖਿਆ। ਜਕਾਰਤਾ ’ਚ ਹੋਏ ਜੂਨੀਅਰ ਏਸ਼ੀਆਈ ਟੈਨਿਸ ਮੁਕਾਬਲੇ ’ਚ ਤਾਂਬੇ ਦਾ ਤਮਗ਼ਾ ਜਿੱਤ ਕੇ ਉਹ ਟੈਨਿਸ ਖੇਡ ’ਚ ਵੱਡੀ ਪ੍ਰਾਪਤੀ ਹਾਸਲ ਕਰ ਚੁੱਕਾ ਹੈ।

 

ਨੂੰ ਜਨਮੇ ਸਰਬਰਿੰਦਰ ਨੇ ਅੰਡਰ 19 ਵਰਗ ਦੀਆਂ ਇੰਡੋਨੇਸ਼ੀਆ ਸਕੂਲ ਏਸ਼ੀਅਨ ਗੇਮਜ਼ ’ਚ ਉਪ-ਜੇਤੂ ਰਹਿ ਕੇ ਆਪਣਾ ਨਾਮ ਖੇਡ ਪ੍ਰਾਪਤੀਆਂ ਨਾਲ ਜੋੜਿਆ। ਇੱਥੇ ਹੀ ਬਸ ਨਹੀਂ, ਅੰਡਰ 19 ਕੈਨੇਡਾ ’ਚ ਹੋਈ ਸੰਸਾਰ ਚੈਂਪੀਅਨਸ਼ਿਪ ਦੌਰਾਨ ਸਰਬਰਿੰਦਰ ਸੈਮੀਫ਼ਾਈਨਲ ਤੱਕ ਪਹੁੰਚਿਆ ਪਰ ਇਹੋ ਕਿਹਾ ਜਾ ਸਕਦਾ ਹੈ ਕਿ ਮੈਡਲ ਦੀ ਜਿੱਤ ਬੂਹੇ ਤੱਕ ਪਹੁੰਚ ਕੇ ਉਸ ਦੀ ਕਿਸਮਤ ਦਗ਼ਾ ਦੇ ਗਈ। ਅੰਡਰ 18 ਉਮਰ ਵਰਗ ’ਚ ਸਰਬਰਿੰਦਰ ਦੋ ਸਾਲ ਪੰਜਾਬ ਸਟੇਟ ਚੈਂਪੀਅਨ ਰਿਹਾ। ਸਰਬਰਿੰਦਰ ਨੇ ਅੰਡਰ 14, 16 ਅਤੇ 18 ਉਮਰ ਵਰਗ ਦੀ ਚੰਡੀਗੜ੍ਹ ਸਟੇਟ ਚੈਂਪੀਅਨਸ਼ਿਪ ਤਿੰਨੇ ਵਾਰ ਜਿੱਤ ਕੇ ਚੰਡੀਗੜ੍ਹ ਟੈਨਿਸ ਦੇ ਗਲਿਆਰਿਆਂ ’ਚ ਤਹਿਲਕਾ ਮਚਾ ਕੇ ਰੱਖ ਦਿੱਤਾ।

 

ਕਾਲਜ ਸਟੇਟ ਚੈਂਪੀਅਨਸ਼ਿਪ ਦੇ 19 ਸਾਲ ਉਮਰ ਵਰਗ ’ਚ ਸਰਬਰਿੰਦਰ ਉਪ-ਜੇਤੂ ਰਿਹਾ। 2002-03 ’ਚ ਸਰਬ ਨੂੰ ਆਈ.ਟੀ.ਬੀ.ਐਚ.ਯੂ. ਦਾ ਬੈਸਟ ਖਿਡਾਰੀ ਐਲਾਨਿਆ ਗਿਆ। 2003 ’ਚ ਸਰਬ ਨੂੰ ਆਈ.ਟੀ. ਕਾਨਪੁਰ ਓਪਨ ਟੈਨਿਸ ਮੀਟ ’ਚ ਸਰਬਰਿੰਦਰ ਨੇ ਸੋਨ ਤਮਗਾ ਹਾਸਲ ਕੀਤਾ। ਸਰਬ ਨੇ 2002, 2003 ਅਤੇ 2004 ’ਚ ਲਗਾਤਾਰ ਤਿੰਨ ਸਾਲ ਪੰਜਾਬ ਇੰਜੀਨੀਅਰਿੰਗ ਕਾਲਜ ਟੈਨਿਸ ਟੂਰਨਾਮੈਂਟ ਜਿੱਤ ਕੇ ਆਪਣੀਆਂ ਜਿੱਤਾਂ ਦਾ ਸਿਲਸਿਲਾ ਆਰੰਭੀ ਰੱਖਿਆ। ਇੰਟਰ ਕਾਲਜ ਟੈਨਿਸ ਟੂਰਨਾਮੈਂਟ ’ਚ ਹਾਕੀ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਅੱਲੜ੍ਹ ਲਾਅਨ ਟੈਨਿਸ ਖਿਡਾਰੀ ਸਰਬਰਿੰਦਰ ਦੋ ਸਾਲ ਜੇਤੂ ਰਹਿਣ ਦਾ ਮਾਲਕ ਬਣਿਆ। ਸਰਬ ਨੇ ਨੈਸ਼ਨਲ ਸਕੂਲ ਖੇਡਾਂ ਪੂਨੇ ’ਚੋਂ ਤਾਂਬੇ ਦਾ ਮੈਡਲ ਜਿੱਤ ਕੇ ਆਪਣੀਆਂ ਜਿੱਤਾਂ ਦਾ ਸ੍ਰੀਗਣੇਸ਼ ਕੀਤਾ। ਟੈਨਿਸ ਨਾਲ ਗੂੜ੍ਹਾ ਰਿਸ਼ਤਾ ਰੱਖਣ ਵਾਲਾ ਸਰਬਰਿੰਦਰ ਮੁਹਾਲੀ ਵਿਖੇ ਸਪਾਈਸ ਕੰਪਨੀ ’ਚ ਇੰਜੀਨੀਅਰ ਦੇ ਅਹੁਦੇ ’ਤੇ ਤਾਇਨਾਤ ਹੈ। ਸਰਬਰਿੰਦਰ ਆਪਣੇ ਸਵਰਗਵਾਸੀ ਪਿਤਾ ਸੁਰਜੀਤ ਸਿੰਘ ਤੋਂ ਹਰ ਪੱਖੋਂ ਖ਼ਾਸ ਤੌਰ ’ਤੇ ਪ੍ਰਭਾਵਿਤ ਹੈ। ਉਹ ਆਪਣੀਆਂ ਖੇਡ ਅਤੇ ਸਿੱਖਿਆ ਦੇ ਖੇਤਰ ’ਚ ਹਾਸਲ ਪ੍ਰਾਪਤੀਆਂ ਪਿੱਛੇ ਪਿਤਾ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਖ਼ਾਸ ਹੱਥ ਹੋਣ ਦੀ ਹਾਮੀ ਹੁੱਬ ਕੇ ਭਰਦਾ ਹੈ ਅਤੇ ਆਪਣੀ ਹਰ ਕਾਮਯਾਬੀ ਦਾ ਸੇਹਰਾ ਆਪਣੇ ਪਿਤਾ ਨੂੰ ਸਮਰਪਿਤ ਕਰਦਾ ਹੈ। 

   

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ





News Source link

- Advertisement -

More articles

- Advertisement -

Latest article