12.4 C
Patiāla
Wednesday, February 21, 2024

ਭਾਰਤੀ ਫੁਟਬਾਲ ਟੀਮ ਦਾ ਕਪਤਾਨ ਗੁਰਪ੍ਰੀਤ ਸਿੰਘ ਸੰਧੂ

Must read


ਮੁਹੰਮਦ ਸਲੀਮ ਤੋਂ ਬਾਅਦ ਯੂਰਪੀਅਨ ਡਿਵੀਜ਼ਨ ਖੇਡਣ ਵਾਲਾ ਦੇਸ਼ ਦਾ ਦੂਜਾ ਫੁਟਬਾਲਰ ਗੁਰਪ੍ਰੀਤ ਸੰਧੂ

ਪੰਜਾਬੀ ਖਿਡਾਰੀਆਂ ਨੂੰ ਬੰਗਾਲ ਦੇ ਫੁਟਬਾਲ ਕਲੱਬਾਂ ਵਲੋਂ ਖੇਡਣ ਦਾ ਰੁਤਬਾ ਹਾਸਲ ਹੁੰਦਾ ਆਇਆ ਹੈ। ਇਨ੍ਹਾਂ ਫੁਟਬਾਲਰਾਂ ’ਚ ਹੁਸ਼ਿਆਰਪੁਰ ਦੇ ਪਿੰਡ ਪਨਾਮ ਦੇ ਜਰਨੈਲ ਸਿੰਘ ਢਿੱਲੋਂ ਦਾ ਨਾਮ ਉਦੋਂ ਸ਼ੁਮਾਰ ਹੋਇਆ ਜਦੋਂ ਬੰਗਾਲ ਦੇ ਮੋਹਨ ਬਾਗਾਨ ਫੁਟਬਾਲ ਕਲੱਬ ਨੇ ਉਸ ਨੂੰ ਆਪਣੀ ਟੀਮ ’ਚ ਖੇਡਣ ਲਈ ਹਾਕ ਮਾਰੀ। ਇਸ ਤੋਂ ਬਾਅਦ ਤਿੰਨ ਪੰਜਾਬੀ ਖਿਡਾਰੀਆਂ ਹਰਜਿੰਦਰ ਸਿੰਘ, ਮਨਜੀਤ ਸਿੰਘ ਗਿੱਲ ਤੇ ਗੁਰਦੇਵ ਸਿੰਘ ਗਿੱਲ ਨੂੰ ਕੋਲਕਾਤਾ ਦੇ ਈਸਟ ਬੰਗਾਲ ਫੁਟਬਾਲ ਕਲੱਬ ਨੇ ਆਪਣੀ ਟੀਮ ਨਾਲ ਜੋੜਨ ਲਈ ਹਰ ਹਰਬਾ ਵਰਤਿਆ ਅਤੇ ਕਲੱਬ ਨੂੰ ਇਸ ’ਚ ਸਫਲਤਾ ਵੀ ਮਿਲੀ। ਇਸ ਤੋਂ ਬਾਅਦ ਦੇਸ਼ ਦਾ ਫੁਟਬਾਲਰ ਆਫ ਦਿ ਯੀਅਰ:2013-14 ਬਣੇ ਬਲਵੰਤ ਸਿੰਘ ਰੈਲੀ, ਬਿਕਰਮਜੀਤ ਸਿੰਘ ਤੇ ਮੁਨੀਸ਼ ਭਾਰਗਵ ਮੋਹਨ ਬਾਗਾਨ ਫੁਟਬਾਲ ਕਲੱਬ ਅਤੇ ਬਲਜੀਤ ਸਿੰਘ ਸਾਹਨੀ, ਹਰਮਨਜੋਤ ਸਿੰਘ ਖਾਬੜਾ ਗੁਰਵਿੰਦਰ ਸਿੰਘ ਅਤੇ ਗੋਲਚੀ ਗੁਰਪ੍ਰੀਤ ਸਿੰਘ ਸੰਧੂ ਨੂੰ ਈਸਟ ਬੰਗਾਲ ਕਲੱਬ ਦੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੋਇਆ।

 

ਫਰਵਰੀ 3,1992 ਨੂੰ ਤੇਜਿੰਦਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਮਾਤਾ ਹਰਜੀਤ ਕੌਰ ਸੰਧੂ ਦੀ ਕੁੱਖੋਂ ਮੁਹਾਲੀ ’ਚ ਜਨਮੀਆਂ 6 ਫੁੱਟ 6 ਇੰਚ ਲੰਬੇ ਕੱਦ ਦਾ ਮਾਲਕ ਗੁਰਪ੍ਰੀਤ ਸਿੰਘ ਸੰਧੂ 1936 ਤੋਂ ਬਾਅਦ ਪੰਜਾਬ ਦਾ ਪਹਿਲਾ ਅਤੇ ਦੇਸ਼ ਦਾ ਦੂਜਾ ਖਿਡਾਰੀ ਹੈ, ਜਿਸ ਨੂੰ ਯੂਰਪ ਦੇ ਫੁਟਬਾਲ ਕਲੱਬ ਵਲੋਂ ‘ਟਾਪ ਡਿਵੀਜ਼ਨ ਲੀਗ’ ਖੇਡਣ ਦਾ ਰੁਤਬਾ ਹਾਸਲ ਹੋਇਆ ਹੈ। ਕਾਬਲੇਗੌਰ ਹੈ ਕਿ ਸੰਧੂ ਤੋਂ 79 ਸਾਲ ਪਹਿਲਾਂ 1936 ’ਚ ਦੇਸ਼ ਦੇ ਪਹਿਲੇ ਫੁਟਬਾਲਰ ਮੁਹੰਮਦ ਸਲੀਮ ਨੂੰ ਵਿਦੇਸ਼ੀ ਫੁਟਬਾਲ ਕਲੱਬ ਕੈੈਲਟਿਕ ਨੇ ਟਾਪ ਡਿਵੀਜ਼ਨ ਯੂਰਪੀਅਨ ਕਲੱਬ ਨੇ ਸਾਈਨ ਕੀਤਾ ਸੀ।

 

 

ਟਾਪ ਡਿਵੀਜ਼ਨ ਯੂਰਪੀਅਨ ਕਲੱਬ ਦੇ ਫੁਟਬਾਲਰ ਬਣਨ ਦਾ ਜੱਸ ਖੱਟਣ ਵਾਲੇ ਗੁਰਪ੍ਰੀਤ ਸੰਧੂ ਅਤੇ ਮੁਹੰਮਦ ਸਲੀਮ ਤੋਂ ਇਲਾਵਾ ਦੇਸ਼ ਦੇ ਤਿੰਨ ਹੋਰ ਖਿਡਾਰੀਆਂ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੂੰ ਐਫਸੀ ਬੱਰੀ, ਮੌਜੂਦਾ ਕਪਤਾਨ ਸੁਨੀਲ ਛੇਤਰੀ ਨੂੰ ਸਪੋਰਟਿੰਗ ਲਿਸਬਨ ‘ਬੀ’ ਐਫਸੀ ਅਤੇ ਗੋਲਕੀਪਰ ਸੁਬਰਤਾ ਪੌਲ ਨੂੰ ਐਫਸੀ ਵੈਸਟਸਜੈਲੈਂਡ ਅਜਿਹੇ ਯੂਰਪੀਅਨ ਫੁਟਬਾਲ ਕਲੱਬਾਂ ਵਲੋਂ ਸੈਕਿੰਡ ਡਿਵੀਜ਼ਨ ਲੀਗ ਖੇਡਣ ਦਾ ਮਾਣ ਮਿਲ ਚੁੱਕਾ ਹੈ।

 

 

ਗੋਲਕੀਪਰ ਵਜੋਂ ਗੋਲ ਪੋਸਟ ਦੀ ਰਾਖੀ ਕਰਨ ਵਾਲੇ ਫੁਟਬਾਲਰ ਗੁਰਪ੍ਰੀਤ ਸਿੰਘ ਸੰਧੂ ਨੇ ਨਾਰਵੇ ਦੇ ਸੀਨੀਅਰ ਪ੍ਰੋਫੈਸ਼ਨਲ ਫੁਟਬਾਲ ਕਲੱਬ ਸਟੈਬੈੇਕ ਐਫਸੀ ਵਲੋਂ 18 ਜਨਵਰੀ, 2015 ਨੂੰ ਸੈਕਿੰਡ ਟਾਇਰ ਫੁਟਬਾਲ ਕਲੱਬ ਫੋਲੋ ਐਫਕੇ ਦੀ  ਟੀਮ ਨਾਲ ਦੋਸਤਾਨਾ ਮੈਚ ਖੇਡਦਿਆਂ ਆਪਣੇ ਪੇਸ਼ੇਵਾਰਾਨਾ ਫੁਟਬਾਲ ਕਲੱਬ ਖੇਡ ਕਰੀਅਰ ਦਾ ਆਗਾਜ਼ ਕੀਤਾ, ਜਿਸ ਮੈਚ ’ਚ ਸੰਧੂ ਦੀ ਨੁਮਾਇੰਦਗੀ ਵਾਲੇ ਫੁਟਬਾਲ ਕਲੱਬ ਦੀ ਟੀਮ ਨੂੰ 4-1 ਗੋਲ ਅੰਤਰ ਦੀ ਜਿੱਤ ਨਸੀਬ ਹੋਈ। ਯੂਰਪ ਦੇ ਟਾਪ ਡਿਵੀਜ਼ਨ ਫੁਟਬਾਲ ਕਲੱਬ ਨਾਰਵੇਜੀਅਨ ਟਿਪੀਲਿਗੈਨ ਸਟੈਬੈਕ ਐਫਸੀ ਨੇ ਗੁਰਪ੍ਰੀਤ ਸੰਧੂ ਨਾਲ ਅਗਸਤ 15, 2014 ’ਚ ਆਪਣੀ ਫੁਟਬਾਲ ਟੀਮ ਦੇ ਦਸਤੇ ’ਚ ਸ਼ਾਮਲ ਕਰਨ ਲਈ ਡੀਲ ਸਾਈਨ ਕੀਤੀ ਸੀ। ਗੋਲਚੀ ਗੁਰਪ੍ਰੀਤ ਸੰਧੂ ਨੇ 5 ਨਵੰਬਰ, 2009 ’ਚ ਭਾਰਤ ਦੀ ਅੰਡਰ-19 ਫੁਟਬਾਲ ਟੀਮ ਵਲੋਂ ਇਰਾਕ ਵਿਰੁੱਧ ਏਐਫਸੀ ਏਸ਼ੀਅਨ ਫੁਟਬਾਲ ਕੱਪ ਦਾ ਕੁਆਲੀਫਿਕੇਸ਼ਨ ਮੈਚ ਖੇਡਦਿਆਂ ਆਪਣੀ ਖੇਡ ਪਾਰੀ ਦਾ ਆਗਾਜ਼ ਕੀਤਾ।

 

 

ਸੰਧੂ ਦੀ ਗੋਲ ਰਾਖੇ ਦੀ ਖੇਡ ਕਾਬਲੀਅਤ ਨੂੰ ਵੇਖਦਿਆਂ ਏਐਫਸੀ ਫੁਟਬਾਲ ਕੱਪ-2011 ਖੇਡਣ ਵਾਲੀ ਕੌਮੀ ਫੁਟਬਾਲ ਟੀਮ ’ਚ ਟੀਮ ਚੋਣਕਾਰਾਂ ਵਲੋਂ ਉਸ ਨੂੰ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਗੋਲ ਰਾਖੇ ਸੰਧੂ ਨੂੰ ਏਐਫਸੀ ਫੁਟਬਾਲ ਕੱਪ ’ਚ ਕੌਮੀ ਟੀਮ ਲਈ ਆਪਣੇ ਖੇਡ ਕਰੀਅਰ ਦੇ ਪਹਿਲੇ ਮੈਚ ’ਚ ਤੁਰਕਮੇਨਿਸਤਾਨ ਦੀ ਟੀਮ ਵਿਰੁੱਧ ਆਪਣੇ ਗੋਲ ਦੀ ਹਿਫਾਜ਼ਤ ਕਰਨ ਦਾ ਮੌਕਾ ਮਿਲਿਆ, ਜਿਸ ’ਚ ਨੌਜਵਾਨ ਭਾਰਤੀ ਫੁਟਬਾਲ ਟੀਮ ਨੇ 2-1 ਗੋਲ ਨਾਲ ਮੈਚ ਗੁਆ ਲਿਆ। ਗੁਰਪ੍ਰੀਤ ਸੰਧੂ ਨੂੰ ਸੈਕਿੰਡ ਕਲੀਨ ਸ਼ੀਟ ਸ੍ਰੀਲੰਕਨ ਸੌਕਰ ਟੀਮ ਵਿਰੁੱਧ ਸੈਫ ਸੁਜ਼ੂਕੀ ਕੱਪ ਦੌਰਾਨ ਹਾਸਲ ਹੋਈ, ਜਿਸ ’ਚ ਕੌਮੀ ਟੀਮ ਨੇ 2-0 ਗੋਲਾਂ ਨਾਲ ਜਿੱਤ ਦਰਜ ਕੀਤੀ। ਕਿਰਗਿਜਸਤਾਨ ਵਿਰੁੱਧ ਏਐਫਸੀ ਏਸ਼ੀਅਨ ਕੱਪ ਕੁਆਲੀਫਿਕੇਸ਼ਨ ਮੈਚ ’ਚ ਗੁਰਪ੍ਰੀਤ ਸੰਧੂ ਨੇ ਕੌਮੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਨਸੀਬ ਹੋਇਆ।

 

 

ਸਤੰਬਰ-5, 2019 ’ਚ ਓਮਾਨ ਨਾਲ ਫੀਫਾ ਕੱਪ ਕੁਆਲੀਫਿਕੇਸ਼ਨ ਮੈਚ ’ਚ ਗੁਰਪ੍ਰੀਤ ਸੰਧੂ ਨੇ ਦੋ ਗੋਲਾਂ ਦਾ ਸ਼ਾਨਦਾਰ ਬਚਾਅ ਕੀਤਾ ਪਰ ਇਸ ਦੇ ਬਾਵਜੂਦ ਵੀ ਉਹ ਟੀਮ ਦੀ ਹਾਰ ਨੂੰ ਟਾਲ ਨਾ ਸਕਿਆ। ਫੀਫਾ ਫੁਟਬਾਲ ਕੱਪ-2022 ਦੇ ਕੁਆਲੀਫਿਕੇਸ਼ਨ ਮੈਚ ਸੁਨੀਲ ਛੇਤਰੀ ਦੀ ਗੈਰ-ਮੌਜੂਦਗੀ ’ਚ ਗੁਰਪ੍ਰੀਤ ਸੰਧੂ ਨੂੰ ਦੂਜੀ ਵਾਰ ਟੀਮ ਦੀ ਕਮਾਨ ਸਾਂਭਣ ਦਾ ਮੌਕਾ ਨਸੀਬ ਹੋਇਆ। ਅਰਬ ਦੇਸ਼ ਕਤਰ ਦੀ ਨਰੋਈ ਸੌਕਰ ਟੀਮ ਦੇ ਸਟਰਾਈਕਰਾਂ ਵਲੋਂ ਗੋਲ ਵੱਲ ਸੁੱਟੇ ਸ਼ਾਨਦਾਰ 20 ਸ਼ਾਟਸ ਨੂੰ ਨਕਾਰਾ ਕਰਨ ਵਾਲੇ ਕਪਤਾਨ ਗੁਰਪ੍ਰੀਤ ਸੰਧੂ ਨੇ ਮੈਚ 0-0 ਨਾਲ ਬਰਾਬਰ ਰੱਖਣ ’ਚ ਅਹਿਮ ਭੂਮਿਕਾ ਨਿਭਾਈ। 

 

ਇੰਗਲਿਸ਼ ਫੁਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਦੇ ਗੋਲਚੀ ਐਡਵਿਨ ਵੈਨ ਡੇਰ ਸਾਰ ਅਤੇ ਭਾਰਤੀ ਕੀਪਰ ਸੁਬਰਤਾ ਪੌਲ ਨੂੰ ਆਪਣੀ ਖੇਡ ਦਾ ਆਦਰਸ਼ ਮੰਨਣ ਵਾਲੇ ਸੰਧੂ ਨੇ 2009-10 ਦੇ ਇੰਡੀਅਨ ਫੁਟਬਾਲ ਲੀਗ ਸਮੇਂ ਬੰਗਾਲ ਦੇ ਪ੍ਰਸਿੱਧ ਫੁਟਬਾਲ ਕਲੱਬ ਈਸਟ ਬੰਗਾਲ ਨਾਲ ਸੀਨੀਅਰ ਕਰੀਅਰ ਦਾ ਆਗਾਜ਼ ਕਰਕੇ ਕੰਟਰੈਕਟ ਸਾਈਨ ਕੀਤਾ। ਇੰਡੀਅਨ ਲੀਗ ਦੇ ਖੇਡ ਸੈਸ਼ਨ ਦੌਰਾਨ ਚਾਣਚੱਕ ਹੀ ਈਸਟ ਬੰਗਾਲ ਟੀਮ ਦਾ ਨੰਬਰ-1 ਗੋਲਕੀਪਰ ਅਬਹਰਾ ਮੰਡਲ ਜ਼ਖਮੀ ਹੋ ਗਿਆ, ਜਿਸ ਕਰਕੇ ਸੰਧੂ ਨੂੰ ਫਸਟ-ਆਈ ਲੀਗ ਦੇ ਪੰਜ ਮੈਚਾਂ ’ਚ ਈਸਟ ਬੰਗਾਲ ਦੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਸੀਬ ਹੋਇਆ।

ਭਾਰਤੀ ਫੁਟਬਾਲ ਟੀਮ ਦਾ ਕਪਤਾਨ ਗੁਰਪ੍ਰੀਤ ਸਿੰਘ ਸੰਧੂ ਦੇ ਮਾਪੇ

 

ਇੰਡੀਅਨ ਲੀਗ ਦੇ 2010-11 ਦੇ ਖੇਡ ਸੈਸ਼ਨ ਸਮੇਂ ਗੁਰਪ੍ਰੀਤ ਸੰਧੂ ਲੋਨ ’ਤੇ ਆਈਐਲਐਫਐਫ ਇਲੈਵਨ ਲਈ ਖੇਡ ਮੈਦਾਨ ’ਚ ਨਿੱਤਰਿਆ। ਆਈਐਲਐਫਐਫ ਇਲੈਵਨ ਜਾਂ ਇੰਡੀਅਨ ਐਰੋਜ਼ ਜਿਸ ਨੂੰ ਹੁਣ ਪਾਇਲਾਂ ਐਰੋਜ਼ ਵੀ ਕਿਹਾ ਜਾਂਦਾ ਹੈ, ਵਲੋਂ ਬਿਨਾਂ ਕੋਈ ਮੈਚ ਖੇਡਿਆਂ ਸੰਧੂ ਨੇ 2011-12 ਦੇ ਇੰਡੀਅਨ ਫੁਟਬਾਲ ਲੀਗ ਦੇ ਖੇਡ ਸੈਸ਼ਨ ਮੌਕੇ ਆਪਣੇ ਪਲੇਠੇ ਸੀਨੀਅਰ ਫੁਟਬਾਲ ਈਸਟ ਬੰਗਾਲ ਦੀ ਟੀਮ ’ਚ ਵਾਪਸੀ ਕੀਤੀ ਅਤੇ 2011 ’ਚ ਫੈਡਰੇਸ਼ਨ ਫੁਟਬਾਲ ਕੱਪ ਸਮੇਂ ਉਸ ਦਾ ਈਸਟ ਬੰਗਾਲ ਦੀ ਟੀਮ ’ਚ ਰੁਤਬਾ ਨੰਬਰ-2 ਗੋਲਕੀਪਰ ਸੀ ਪਰ ਫੈਡਰੇਸ਼ਨ ਫੁਟਬਾਲ ਕੱਪ ਤੋਂ ਬਾਅਦ ਆਈ ਲੀਗ ਚੈਂਪੀਅਨ ਦੇ ਖੇੇਡ ਸੈਸ਼ਨ 2011-12 ’ਚ ਸੰਧੂ ਨੇ ਬਤੌਰ ਨੰਬਰ-1 ਕੀਪਰ ਵਜੋਂ ਬੰਗਾਲੀ ਫੁਟਬਾਲ ਕਲੱਬ ਟੀਮ ਦੀ ਨੁਮਾਇੰਦਗੀ ਕੀਤੀ।

 

 

ਸੰਧੂ ਦੇ ਨੰਬਰ-1 ਗੋਲਕੀਪਰ ਵਜੋਂ ਈਸਟ ਬੰਗਾਲ ਕਲੱਬ ਦੀ ਟੀਮ ਨੇ ਆਪਣਾ ਮੈਚ ਚਰਚਿਲ ਬ੍ਰਦਰਜ਼ ਦੀ ਟੀਮ ਤੋਂ 1-0 ਨਾਲ ਗੁਆ ਲਿਆ ਪਰ ਸੰਧੂ ਦੀ ਖੇਡ ’ਚ ਕੋਚ ਨੇ ਉਮੀਦ ਤੇ ਵਿਸ਼ਵਾਸ ਕਰਦਿਆਂ ਈਸਟ ਬੰਗਾਲ ਦੀ ਟੀਮ ਨਾਲ 6 ਮਾਰਚ, 2012 ਨੂੰ ਏਐਫਸੀ ਫੁਟਬਾਲ ਕੱਪ ’ਚ ਕੌਮਾਂਤਰੀ ਪੱਧਰ ’ਤੇ ਅਲ-ਓਰੁਬਾ ਦੀ ਟੀਮ ਖਿਲਾਫ ਮੈਦਾਨ ’ਚ ਉਤਾਰਿਆ। 22 ਨੰਬਰੀ ਜਰਸੀ ਵਾਲੇ ਸੰਧੂ ਨੇ ਕੋਚ ਦੇ ਵਿਸ਼ਵਾਸ ’ਤੇ ਖਰਾ ਉਤਰਦਿਆਂ ਆਈਐਫਏ ਸ਼ੀਲਡ ਦੇ 2013 ’ਚ ਮੋਹਨ ਬਾਗਾਨ ਨਾਲ ਹੋਏ ਫਾਈਨਲ ਮੈਚ ’ਚ ਟਾਈਬਰੇਕਰ ਸਮੇਂ ਚੰਗੇ ਬਚਾਅ ਕਰਦਿਆਂ ਕਲੱਬ ਦੀਆਂ ਕੁਆਲੀਫਾਈ ਕਰਨ ਦੀਆਂ ਉਮੀਦਾਂ ’ਤੇ ਤਕੜਾ ਪਹਿਰਾ ਰੱਖਣ ’ਚ ਕਾਮਯਾਬੀ ਹਾਸਲ ਕਰਕੇ ਚੰਗੀ ਵਾਹ-ਵਾਹ ਖੱਟੀ। 2009 ਤੋਂ 2014 ਤੱਕ ਈਸਟ ਬੰਗਾਲ ਐਫਸੀ ਦੀ ਟੀਮ ਵਲੋਂ 43 ਮੈਚਾਂ ’ਚ ਮੈਦਾਨ ’ਚ ਨਿੱਤਰਨ ਵਾਲੇ ਗੁਰਪ੍ਰੀਤ ਸੰਧੂ ਨੇ ਬੰਗਾਲ ਦੇ ਕਲੱਬ ਟੀਮ ਦੀ ਫੈਡਰੇਸ਼ਨ ਫੁਟਬਾਲ ਕੱਪ-2012, ਇੰਡੀਅਨ ਸੁਪਰ ਲੀਗ-2011, ਕੋਲਕਾਤਾ ਫੁਟਬਾਲ ਲੀਗ: 2010-11, 2012-13 ਤੇ 2013-14 ’ਚ ਪ੍ਰਤੀਨਿੱਧਤਾ ਕਰਨ ਦਾ ਮਾਣ ਹਾਸਲ ਹੋਇਆ।

 

 

2017 ’ਚ ਪੰਜਾਬੀ ਫੁਟਬਾਲਰ ਗੁਰਪ੍ਰੀਤ ਸਿੰਘ ਸੰਧੂ ਨੇ ਕਰਨਾਟਕਾ ਦੇ ਕਲੱਬ ਬੰਗਲੌਰੂ ਐਫਸੀ ਦਾ ਦਾਮਨ ਫੜਿਆ। ਆਪਣੇ ਚਹੇਤੇ ਕਰੰਟ ਫੁਟਬਾਲ ਵਲੋਂ 58 ਮੈਚ ਖੇਡਣ ਵਾਲਾ ਗੋਲਕੀਪਰ ਗੁਰਪ੍ਰੀਤ ਸੰਧੂ ਕਲੱਬ ਟੀਮ ਦੀ ਇੰਡੀਅਨ ਸੁਪਰ ਫੁਟਬਾਲ ਲੀਗ: 2018-19 ਅਤੇ ਹੀਰੋ ਸੁਪਰ ਸੌਕਰ ਕੱਪ-2018 ’ਚ ਨੁਮਾਇੰਦਗੀ ਕਰ ਚੁੱਕਾ ਹੈ। ਗੁਰਪ੍ਰੀਤ ਸਿੰਘ ਸੰਧੂ ਵਲੋਂ ਕੌਮੀ ਤੇ ਕੌਮਾਂਤਰੀ ਫੁਟਬਾਲ ’ਚ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਸਦਕਾ ਕੇਂਦਰੀ ਖੇਡ ਮੰਤਰਾਲੇ ਵਲੋਂ 2019 ’ਚ ‘ਅਰਜੁਨਾ ਅਵਾਰਡ’ ਅਤੇ ਇੰਡੀਅਨ ਸੁਪਰ ਲੀਗ ਦੇ ਖੇਡ ਪ੍ਰਬੰਧਕਾਂ ਵਲੋਂ 2018-19 ’ਚ ‘ਗੋਲਡਨ ਗਲੱਵਜ਼’ ਨਾਲ ਸਨਮਾਨਤ ਕੀਤਾ ਗਿਆ।

 

 

ਇਸ ਦੌਰਾਨ ਸੰਧੂ ਇੰਗਲਿਸ਼ ਪ੍ਰੀਮੀਅਰ ਲੀਗ ਦੇ 62 ਸਾਲਾ ਗੋਲਕੀਪਰ ਕੋਚ ਜੌਹਨ ਬੁਰਿਡਜ਼ ਦੀਆਂ ਨਜ਼ਰਾਂ ’ਤੇ ਚੜ੍ਹ ਗਿਆ ਜਿਹੜਾ ਉਸ ਨੂੰ ਆਪਣੇ ਕਲੱਬ ਐਵਰਟੋਨ ਅਤੇ ਵਿਗਨ ਅਥਲੈਟਿਕ ਦੀ ਟੀਮ ’ਚ ਲੋਨ ’ਤੇ ਲਿਆਉਣਾ ਚਾਹੰੁਦਾ ਸੀ ਪਰ ਵਰਕ ਪਰਮਿਟ ਵੀਜ਼ਾ ਇਸ ਮੁਹਿੰਮ ’ਚ ਵੱਡਾ ਅੜਿਕਾ ਬਣ ਗਿਆ, ਜਿਸ ਕਰਕੇ ਕੋਚ ਜੌਹਨ ਦੀ ਚਾਲ ਸਫਲ ਨਹੀਂ ਹੋ ਸਕੀ। ਮਾਨਚੈਸਟਰ ਸਿਟੀ ਅਤੇ ਨਿਊਕੈਸਟਲ ਯੂਨਾਈਟਿਡ ਫੁਟਬਾਲ ਕਲੱਬਾਂ ਦੀਆਂ ਟੀਮਾਂ ਦਾ ਗੋਲ ਰਾਖਾ ਰਹਿ ਚੁੱਕਾ ਜੌਹਨ ਇਸ ਤੋਂ ਪਹਿਲਾਂ 2003 ’ਚ ਨਾਰਵੇ ਦੇ ਫੁਟਬਾਲ ਕਲੱਬ ਲੇਅਨ ਓਸਲੋ ਤੋਂ ਓਮਾਨ ਦੇ ਗੋਲਕੀਪਰ ਅਲੀ ਅਲ ਹੈੈਬਸੀ ਨੂੰ ਲੋਨ ’ਤੇ ਲਿਆ ਕੇ ਐਵਰਟੋਨ ਫੁਟਬਾਲ ਕਲੱਬ ਦੀ ਟੀਮ ਵਲੋਂ ਖੇਡਣ ਦਾ ਮੌਕਾ ਪ੍ਰਦਾਨ ਕਰਾ ਚੁੱਕਾ ਹੈ। ਗੋਲਕੀਪਰ ਕੋਚ ਜੌਹਨ ਦਾ ਕਹਿਣਾ ਹੈ ਉਹ ਆਪਣੀਆਂ ਚਾਲਾਂ ’ਚ ਲੱਗਿਆ ਹੋਇਆ ਹੈ। ਇਹ ਸਮਾਂ ਹੀ ਦੱਸੇਗਾ ਕਿ ਉਸ ਨੂੰ ਸੰਧੂ ਨੂੰ ਆਪਣੀ ਟੀਮ ਨਾਲ ਜੋੜਨ ’ਚ ਕਦੋਂ ਸਫਲਤਾ ਮਿਲਦੀ ਹੈ।

 

ਫੁਟਬਾਲ ਖਿਡਾਰੀ ਦੇ ਜੀਵਨ ਦਾ ਸੰਖੇਪ ਵੇਰਵਾ: ਗੁਰਪ੍ਰੀਤ ਸਿੰਘ ਸੰਧੂ, ਜਨਮ ਸਥਾਨ: ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ, ਜਨਮ ਮਿਤੀ: ਫਰਵਰੀ 3, 1992, ਕੱਦ: 6’-6’’, ਪਲੇਇੰਗ ਪੁਜ਼ੀਸ਼ਨ: ਗੋਲਕੀਪਰ, ਜਰਸੀ ਨੰਬਰ-1, ਪਿਤਾ: ਸ.ਤੇਜਿੰਦਰ ਸਿੰਘ ਸੰਧੂ, ਐਸਪੀ ਪੰਜਾਬ ਪੁਲੀਸ, ਮਾਤਾ: ਸ੍ਰੀਮਤੀ ਹਰਜੀਤ ਕੌਰ ਸੰਧੂ, ਡੀਐਸਪੀ ਚੰਡੀਗੜ੍ਹ ਪੁਲੀਸ, ਭੈਣ: ਅਮਨ ਕੌਰ ਸੰਧੂ।

ਯੂਥ ਖੇਡ ਕਰੀਅਰ: ਯੂਥ ਫੁਟਬਾਲ ਟੀਮ ਪੰਜਾਬ ਅੰਡਰ-16, ਸੇਂਟ ਸਟੀਫਨ’ਜ਼ ਸਕੂਲ ਫੁਟਬਾਲ ਅਕਾਡਮੀ, ਚੰਡੀਗੜ੍ਹ-2000 ਤੋਂ 2009 
ਸੀਨੀਅਰ ਪ੍ਰੋਫੈਸ਼ਨਲ ਕਰੀਅਰ: ਈਸਟ ਬੰਗਾਲ ਫੁਟਬਾਲ ਕਲੱਬ-2009 ਤੋਂ 2014, ਮੈਚ-43, ਈਸਟ ਬੰਗਾਲ ਐਫਸੀ ਵਲੋਂ ਖੇਡੇ ਕੌਮੀ ਫੁਟਬਾਲ ਟੂਰਨਾਮੈਂਟ: ਫੈਡਰੇਸ਼ਨ ਫੁਟਬਾਲ ਕੱਪ-2012, ਇੰਡੀਅਨ ਸੁਪਰ ਸੌਕਰ ਕੱਪ-2011, ਕੋਲਕਾਤਾ ਫੁਟਬਾਲ ਲੀਗ: 2010-11, 2012-13 ਤੇ 2013-14
ਕਰੰਟ ਕਲੱਬ ਟੀਮ ਬੰਗਲੌਰੂ ਐਫਸੀ-2017, ਮੈਚ-58, ਬੰਗਲੌਰੂ ਐਫਸੀ ਵਲੋਂ ਖੇਡੇ ਨੈਸ਼ਨਲ ਫੁਟਬਾਲ ਟੂਰਨਾਮੈਂਟ, ਇੰਡੀਅਨ ਸੁਪਰ ਫੁਟਬਾਲ ਲੀਗ: 2018-19, ਹੀਰੋ ਸੁਪਰ ਫੁਟਬਾਲ ਕੱਪ-2018
ਵਿਦੇਸ਼ੀ ਫੁਟਬਾਲ ਕਲੱਬ: ਸਟੈਬੈਕ ਫੁਟਬਾਲ ਕਲੱਬ, ਨਾਰਵੇ-2014-2017, ਮੈਚ-3
ਨੈਸ਼ਨਲ ਫੁਟਬਾਲ ਟੀਮ: ਅੰਡਰ-16, ਯੂਥ ਫੁਟਬਾਲ ਟੀਮ, ਚੰਡੀਗੜ੍ਹ: ਅੰਡਰ-19, 2010, ਮੈਚ-10, ਅੰਡਰ-23: 2010 ਤੋਂ 2012, ਮੈਚ-9, ਸੀਨੀਅਰ ਕੌਮੀ ਫੁਟਬਾਲ ਟੀਮ: 2011, ਮੈਚ-38
ਖੇਡ ਸਨਮਾਨ: ਕੇਂਦਰੀ ਖੇਡ ਮੰਤਰਾਲੇ ਵਲੋਂ 2019 ’ਚ ‘ਅਰਜੁਨਾ ਅਵਾਰਡ’ ਅਤੇ ਇੰਡੀਅਨ ਸੁਪਰ ਲੀਗ-2018-19 ’ਚ ‘ਗੋਲਡਨ ਗਲੱਵਜ਼’

   

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

News Source link

- Advertisement -

More articles

- Advertisement -

Latest article