ਮੁੰਬਈ, 1 ਅਪਰੈਲ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇੱਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ। ਕੋਲਕਾਤਾ ਵੱਲੋਂ ਪਹਿਲਾਂ ਉਮੇਸ਼ ਯਾਦਵ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਪੰਜਾਬ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ ਅਤੇ ਬਾਅਦ ਵਿੱਚ ਆਂਦਰੇ ਰਸਲ ਨੇ ਧੜੱਲੇਦਾਰ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਦਿਵਾਈ। ਇੱਥੇ ਵਾਨਖੇੜੇ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਟੀਮ ਪਹਿਲਾਂ ਖੇਡਦਿਆਂ 18.2 ਓਵਰਾਂ ਵਿੱਚ ਸਾਰੀਆਂ ਗੁਆ ਕੇ ਸਿਰਫ 137 ਦੌੜਾਂ ਬਣਾ ਸਕੀ। ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਉਮੇਸ਼ ਯਾਦਵ ਨੇ 23 ਦੌੜਾਂ ਦੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਟਿਮ ਸਾਊਥੀ ਨੂੰ 2 ਵਿਕਟਾਂ ਮਿਲੀਆਂ। ਪੰਜਾਬ ਵੱਲੋਂ ਮਿਲੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੇ ਆਂਦਰੇ ਰਸਲ ਦੀ 31 ਗੇਂਦਾਂ ’ਤੇ 70 ਦੌੜਾਂ ਦੀ ਨਾਬਾਦ ਪਾਰੀ ਸਦਕਾ 14.3 ਓਵਰਾਂ ਵਿੱਚ ਹੀ ਜਿੱਤ ਹਾਸਲ ਕਰ ਲਈ। ਰਸਲ ਨੇ ਆਪਣੀ ਪਾਰੀ ਦੌਰਾਨ 8 ਛੱਕੇ ਅਤੇ ਦੋ ਚੌਕੇ ਮਾਰੇ। ਕਪਤਾਨ ਸ਼੍ਰੇਅਸ ਅਈਅਰ ਨੇ 26 ਅਤੇ ਸੈਮ ਬਿਲਿੰਗਸ ਨੇ 24 ਦੌੜਾਂ ਬਣਾਈਆਂ। -ਪੀਟੀਆਈ