16 C
Patiāla
Thursday, December 7, 2023

ਆਸ਼ਾਵਾਦੀ ਬਨਾਮ ਨਿਰਾਸ਼ਾਵਾਦੀ ਆਲਮ

Must read


ਸੰਦੀਪ ਸਿੰਘ

ਨਿਰਾਸ਼ਾ ਮਨੁੱਖ ਦੀ ਢਹਿੰਦੀ ਕਲਾ ਅਤੇ ਨਿੱਘਰਦੀ ਸੋਚ ਦਾ ਪ੍ਰਤੀਕ ਹੈ। ਆਸ਼ਾਵਾਦੀ ਮਨੁੱਖ ਹਰ ਇੱਕ ਚੀਜ਼ ਨੂੰ ਹਾਂ- ਪੱਖੀ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਵੇਖਦਾ ਹੈ ਜਦੋਂਕਿ ਨਿਰਾਸ਼ਾਵਾਦੀ ਮਨੁੱਖ ਹਰ ਇੱਕ ਚੀਜ਼ ਦੀਆਂ ਬੁਰਾਈਆਂ ਅਤੇ ਖਾਮੀਆਂ ਪਹਿਲਾਂ ਵਾਚੇਗਾ ਅਤੇ ਇਸੇ ਨਾਂਹ- ਪੱਖੀ ਨਜ਼ਰੀਏ ਕਾਰਨ ਉਹ ਉਸ ਚੀਜ਼ ਦੇ ਗੁਣਾਂ ਤੋਂ ਅਣਜਾਣ ਹੀ ਰਹੇਗਾ।

ਅੱਜ ਦੇ ਵਿਗਿਆਨਕ ਯੁੱਗ ਵਿੱਚ ਨਿਰਾਸ਼ਾ ਨੇ ਮਨੁੱਖ ਜਾਤੀ ਨੂੰ ਬੁਰੀ ਤਰ੍ਹਾਂ ਹਲੂਣਿਆ ਹੈ। ਇਸ ਦੇ ਕਈ ਕਾਰਨ ਹਨ। ਭਵਿੱਖ ਸੰਵਾਰਨ ਵਾਸਤੇ ਵਰਤਮਾਨ ਦੀ ਭੱਜ-ਦੌੜ ਨੇ ਸਾਥੋਂ ਸਾਡੀ ਰੁਹਾਨੀ ਖ਼ੁਸ਼ੀ ਅਤੇ ਸੁਖ-ਚੈਨ ਸਭ ਖੋਹ ਲਿਆ ਹੈ। ਆਵਾਜਾਈ ਅਤੇ ਸੰਚਾਰ ਦੇ ਵਿਕਸਤ ਹੋਣ ਨਾਲ ਕਹਿਣ ਨੂੰ ਤਾਂ ਸਾਰਾ ਸੰਸਾਰ ਇੱਕ ਮੰਡੀ ਬਣ ਗਿਆ ਹੈ, ਪਰ ਸ਼ਾਇਦ ਇਸੇ ਮੰਡੀ ਨੇ ਸਾਨੂੰ ਰੁਹਾਨੀ ਖ਼ੁਸ਼ੀ ਅਤੇ ਆਸ਼ਾਵਾਦੀ ਵਿਚਾਰਾਂ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਸਿੱਟੇ ਵਜੋਂ ਨਿਰਾਸ਼ਾ ਵਧੀ ਹੈ ਅਤੇ ਮਾਨਸਿਕ ਪੱਧਰ ਦੀਆਂ ਮੁਸ਼ਕਿਲਾਂ ਉਪਜੀਆਂ ਹਨ।

ਆਸ਼ਾਵਾਦੀ ਮਨੱਖ ਕੋਲ ਖ਼ੁਸ਼ੀਆਂ ਅਤੇ ਖੇੜਿਆਂ ਦੇ ਭੰਡਾਰ ਹੁੰਦੇ ਹਨ। ਉਹ ਸੋਗ ਦੀ ਘੜੀ ਵਿੱਚ ਮੁਸਕਰਾਹਟ ਅਤੇ ਆਸ਼ਾ ਲੱਭਣ ਦਾ ਆਦੀ ਹੁੰਦਾ ਹੈ। ਨਿਰਾਸ਼ਾ ਉਸ ਦੇ ਨੇੜੇ ਵੀ ਨਹੀਂ ਫੜਕਦੀ। ਉਸ ਦਾ ਸੁਭਾਅ ਚਾਨਣ ਵਰਗਾ ਹੁੰਦਾ ਹੈ। ਆਸ਼ਾਵਾਦੀ ਮਨੁੱਖ ਡੁੱਬਦੇ ਸੂਰਜ ਨੂੰ ਵੀ ਦੂਸਰੇ ਦਿਨ ਦੁਬਾਰਾ ਚੜ੍ਹਨ ਅਤੇ ਚਾਨਣ ਪਸਰਨ ਦੇ ਨਜ਼ਰੀਏ ਨਾਲ ਵੇਖਦੇ ਹਨ। ਇਸ ਦੇ ਉਲਟ ਨਿਰਾਸ਼ਾਵਾਦੀ ਮਨੁੱਖ ਦੇ ਸੁਭਾਅ ਵਿੱਚ ਹਨੇਰਾ ਹੀ ਹੁੰਦਾ ਹੈ। ਉਸ ਦਾ ਚਾਨਣ ਪ੍ਰਤੀ ਰਵੱਈਆ ਵੀ ਨਫ਼ਰਤ ਵਾਲਾ ਹੁੰਦਾ ਹੈ। ਨਿਰਾਸ਼ਾਵਾਦੀ ਮਨੁੱਖ ਹੱਸਦੇ ਵੀ ਮਜਬੂਰੀ ਵੱਸ ਹੀ ਹਨ। ਉਨ੍ਹਾਂ ਦਾ ਸੁਭਾਅ ਵੀ ਚਿੜਚਿੜਾ ਹੋ ਜਾਂਦਾ ਹੈ। ਅਜਿਹੇ ਮਨੁੱਖ ਚੜ੍ਹਦੇ ਸੂਰਜ ਨੂੰ ਵੀ ਸ਼ਾਮ ਤੱਕ ਡੁੱਬ ਜਾਣ ਅਤੇ ਹਨੇਰਾ ਪਸਰਨ ਦੇ ਨਜ਼ਰੀਏ ਨਾਲ ਵੇਖਦੇ ਹਨ।

ਤੁਸੀਂ ਕਿਸੇ ਵੀ ਆਸ਼ਾਵਾਦੀ ਵਿਅਕਤੀ ਨੂੰ ਮਿਲੋ। ਜਦੋਂ ਤੁਸੀਂ ਉਸ ਤੋਂ ਉਸ ਦੇ ਹਾਲਚਾਲ ਬਾਰੇ ਪੁੱਛੋਗੇ ਤਾਂ ਉਹ ਬੜੇ ਖ਼ੁਸ਼ੀ ਭਰੇ ਅਤੇ ਆਸ਼ਾਵਾਦੀ ਲਹਿਜ਼ੇ ਵਿੱਚ ਆਪਣਾ ਹਾਲ ਤੁਹਾਨੂੰ ਬਿਆਨ ਕਰੇਗਾ। ਉਸ ਉੱਪਰ ਚਾਹੇ ਕੋਈ ਕਿੰਨੀ ਵੀ ਵੱਡੀ ਮੁਸ਼ਕਿਲ ਕਿਉਂ ਨਾ ਆਈ ਹੋਈ ਹੋਵੇ, ਪਰ ਉਹ ਫੇਰ ਵੀ ਮੁਸ਼ਕਿਲ ਨਾਲ ਨਜਿੱਠਣ ਅਤੇ ਬਾਹਰ ਆਉਣ ਦੀ ਗੱਲ ਕਰੇਗਾ। ਉਸ ਦੇ ਇਸ ਆਸ਼ਾਜਨਕ ਵਤੀਰੇ ਸਦਕਾ ਤੁਹਾਡੇ ਵਿੱਚ ਵੀ ਖ਼ੁਸ਼ੀਆਂ- ਖੇੜਿਆਂ ਅਤੇ ਆਸ਼ਾ ਦਾ ਸੰਚਾਰ ਹੋਵੇਗਾ। ਇਸ ਦੇ ਬਿਪਰੀਤ ਜੇਕਰ ਤੁਸੀਂ ਕਿਸੇ ਨਿਰਾਸ਼ਾਵਾਦੀ ਵਿਅਕਤੀ ਨੂੰ ਮਿਲੋਗੇ ਤਾਂ ਉਹ ਹਮੇਸ਼ਾਂ ਆਪਣੀ ਜ਼ਿੰਦਗੀ ਦੇ ਰੋਣੇ ਹੀ ਰੋਏਗਾ। ਉਸ ਉੱਪਰ ਚਾਹੇ ਕੋਈ ਮੁਸੀਬਤ ਨਾ ਵੀ ਹੋਵੇ, ਤਦ ਵੀ ਉਹ ਆਪਣਾ ਹਾਲ ਅਜਿਹੇ ਢੰਗ ਨਾਲ ਬਿਆਨੇਗਾ ਕਿ ਤੁਹਾਨੂੰ ਵੀ ਨਿਰਾਸ਼ਾਵਾਦੀ ਬਣਾ ਦੇਵੇਗਾ। ਉਸ ਦੀਆਂ ਗੱਲਾਂ ਵਿੱਚ ਨਿਰੋਲ ਪਤਝੜ ਦਾ ਜ਼ਿਕਰ ਹੋਵੇਗਾ, ਬਹਾਰ ਤੋਂ ਉਹ ਦੂਰੀ ਹੀ ਬਣਾ ਕੇ ਰੱਖੇਗਾ। ਅਜਿਹੇ ਵਿਅਕਤੀ ਭਵਿੱਖ ਬਾਰੇ ਨਿਰਾਸ਼ਾਜਨਕ ਸੋਚ ਕੇ ਆਪਣੇ ਵਰਤਮਾਨ ਦੀ ਸ਼ਾਂਤੀ ਖੋ ਬੈਠਦੇ ਹਨ।

ਆਸ਼ਾਵਾਦੀ ਵਿਅਕਤੀ ਚਮਕਦੇ ਸੂਰਜ ਵਰਗੇ ਹੁੰਦੇ ਹਨ ਜਦੋਂਕਿ ਨਿਰਾਸ਼ਾਵਾਦੀ ਮੱਸਿਆ ਦੀ ਕਾਲੀ ਰਾਤ ਵਰਗੇ ਹੁੰਦੇ ਹਨ। ਆਸ਼ਾਵਾਦੀ ਵਿਅਕਤੀ ਆਪਣੀ ਆਸ਼ਾ ਅਤੇ ਮਿਹਨਤ ਸਦਕਾ ਬੰਜਰ ਧਰਤੀ ਨੂੰ ਵੀ ਉਪਜਾਊ ਕਰ ਦਿੰਦੇ ਹਨ ਜਦੋਂਕਿ ਨਿਰਾਸ਼ਾਵਾਦੀ ਜਾਂ ਬੇਆਸ ਵਿਅਕਤੀ ਉਪਜਾਊ ਧਰਤੀ ਵਿੱਚੋਂ ਵੀ ਕੁਝ ਨਹੀਂ ਪੈਦਾ ਕਰ ਪਾਉਂਦੇ ਕਿਉਂਕਿ ਉਨ੍ਹਾਂ ਵਿੱਚ ਨਿਰਾਸ਼ਾ ਦਾ ਆਲਮ ਇਸ ਹੱਦ ਤੱਕ ਵਧ ਜਾਂਦਾ ਹੈ ਕਿ ਉਹ ਕਿਸੇ ਕੁਦਰਤੀ ਆਫ਼ਤ ਦੇ ਡਰੋਂ ਬੀਜ ਹੀ ਨਹੀਂ ਬੀਜਦੇ। ਫੇਰ ਇਹ ਤਾਂ ਸਪੱਸ਼ਟ ਹੀ ਹੈ ਕਿ ਜੇਕਰ ਬੀਜ ਹੀ ਨਹੀਂ ਬੀਜਿਆ ਤੇ ਕਾਮਨਾ ਫ਼ਲਾਂ- ਫੁੱਲਾਂ ਦੀ ਹੋਵੇ ਜਾਂ ਛਾਂ ਦੀ, ਤਾਂ ਇਹ ਸਭ ਬੇਅਰਥ ਹੈ। ਜਦੋਂ ਚੱਲਿਆ ਹੀ ਨਾ ਜਾਵੇ ਤਾਂ ਮੰਜ਼ਿਲ ’ਤੇ ਪਹੁੰਚਣਾ ਅਸੰਭਵ ਹੈ। ਅਜਿਹੇ ਨਿਰਾਸ਼ਾਵਾਦੀ ਲੋਕ ਬੀਨ ਵੀ ਉੱਥੇ ਹੀ ਵਜਾਉਂਦੇ ਹਨ ਜਿੱਥੇ ਸੱਪ ਦੇ ਹੋਣ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਅਜਿਹੇ ਵਿਅਕਤੀ ਹਰ ਵਕਤ ਹਰ ਮੰਜ਼ਿਲ ਵੱਲ ਜਾਂਦੇ ਰਾਹਾਂ ਨੂੰ ਕੇਵਲ ਕੋਸਦੇ ਹੀ ਰਹਿੰਦੇ ਹਨ, ਜਦੋਂਕਿ ਉਹ ਖ਼ੁਦ ਕਦੇ ਉਨ੍ਹਾਂ ਰਾਹਾਂ ਦੇ ਰਾਹੀ ਬਣੇ ਹੀ ਨਹੀਂ ਹੁੰਦੇ।

ਪਿਆਰ- ਮੁਹੱਬਤ ਦੇ ਖੇਤਰ ਵਿੱਚ ਵੀ ਆਸ਼ਾਵਾਦੀ ਵਿਅਕਤੀਆਂ ਦੀ ਹੀ ਸਰਦਾਰੀ ਹੈ। ਆਸ਼ਾਵਾਦੀ ਵਿਅਕਤੀ ਸਦਾ ਆਪਣੇ ਪਿਆਰੇ ਨੂੰ ਜ਼ਿੰਦਗੀ ਵਿੱਚ ਸਾਥ ਦੇਣ ਅਤੇ ਸਾਰੀ ਜ਼ਿੰਦਗੀ ਇੱਕ- ਦੂਸਰੇ ਦੇ ਅੰਗ-ਸੰਗ ਬਿਤਾਉਣ ਦੇ ਨਜ਼ਰੀਏ ਨਾਲ ਵੇਖਦੇ ਹਨ। ਉਹ ਪਤਝੜ ਨੂੰ ਵੀ ਬਹਾਰ ਵਾਂਗ ਵਾਚਦੇ ਹਨ। ਇਸ ਦੇ ਉਲਟ ਨਿਰਾਸ਼ਾਵਾਦੀ ਵਿਅਕਤੀ ਹਰ ਪਲ ਆਪਣੇ ਪਿਆਰੇ ਦੇ ਕੋਲ ਹੋਣ ਦੇ ਬਾਵਜੂਦ ਵਿਛੋੜੇ ਬਾਰੇ ਸੋਚ ਕੇ ਪਿਆਰ- ਮੁਹੱਬਤ ਦੇ ਸਾਰੇ ਰੰਗ ਖੋ ਬੈਠਦਾ ਹੈ। ਉਹ ਬਹਾਰ ਦਾ ਆਨੰਦ ਲੈਣ ਦੀ ਬਜਾਇ ਉਸ ਨੂੰ ਪਤਝੜ ਵਾਂਗ ਵਾਚੇਗਾ ਅਤੇ ਉਸ ਦੀ ਪਿਆਰ- ਕਥਾ ਵੀ ਸਦਾ ਪਤਝੜ ਵਰਗੀ ਹੀ ਰਹੇਗੀ। ਆਸ਼ਾਵਾਂ ਅਤੇ ਉਮੰਗਾਂ ਨਾਲ ਹੀ ਮੁਹੱਬਤ ਦੇ ਰੰਗ ਬਿਖਰਨਗੇ ਅਤੇ ਪਿਆਰ ਕਰਨ ਵਾਲੇ ਪੈਲਾਂ ਪਾਉਣਗੇ, ਪਰ ਜਦੋਂ ਆਸ਼ਾ ਅਤੇ ਉਮੰਗ ਨਾ ਹੋਵੇ ਤਾਂ ਪਿਆਰ- ਮੁਹੱਬਤ ਵੀ ਅਣਸੱਦੇ ਪ੍ਰਾਹੁਣੇ ਵਾਂਗ ਪ੍ਰਤੀਤ ਹੋਵੇਗੀ। ਨਿਰਾਸ਼ਾਵਾਦੀ ਵਿਅਕਤੀਆਂ ਦੀ ਪ੍ਰੇਮ-ਕਹਾਣੀ ਕਦੇ ਵੀ ਹੀਰ-ਰਾਂਝੇ ਦੀ ਪ੍ਰੇਮ-ਕਹਾਣੀ ਵਾਂਗ ਯਾਦ ਨਹੀਂ ਕੀਤੀ ਜਾਵੇਗੀ।

ਤੁਸੀਂ ਇਹ ਅਕਸਰ ਸੁਣਿਆ ਹੋਵੇਗਾ ਕਿ ਆਸ਼ਾਵਾਦੀ ਵਿਅਕਤੀ ਅੱਧੇ ਭਰੇ ਪਾਣੀ ਦੇ ਗਿਲਾਸ ਨੂੰ ਅੱਧਾ ਭਰਿਆ ਹੀ ਕਹੇਗਾ ਜਦੋਂਕਿ ਨਿਰਾਸ਼ਾਵਾਦੀ ਵਿਅਕਤੀ ਹਮੇਸ਼ਾਂ ਇਹ ਹੀ ਕਹੇਗਾ ਕਿ ਅੱਧਾ ਗਿਲਾਸ ਖਾਲੀ ਹੈ। ਮਸਲਾ ਸਾਰਾ ਨਜ਼ਰੀਏ ਦਾ ਹੈ, ਸੋਚ ਦਾ ਹੈ। ਨਿਰਾਸ਼ਾਵਾਦੀ ਵਿਅਕਤੀ ਹਰ ਵਕਤ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਨਿਰਾਸ਼ਾ ਅਜਿਹਾ ਆਲਮ ਹੈ ਕਿ ਜੇਕਰ ਇਹ ਭਾਰੂ ਹੋ ਜਾਵੇ ਤਾਂ ਅਸੀਂ ਇੱਕ ਪੁਲਾਂਘ ਵੀ ਅਗਾਂਹ ਨਹੀਂ ਪੁੱਟ ਸਕਦੇ। ਜੇਕਰ ਅਸੀਂ ਗੁਲਾਬ ਦੀ ਸੁੰਦਰਤਾ ਮਾਣਨੀ ਹੈ ਤਾਂ ਸਾਨੂੰ ਉਸ ਦੇ ਕੰਡਿਆਂ ਨਾਲ ਵੀ ਮੋਹ ਕਰਨਾ ਪਵੇਗਾ। ਬੇ-ਆਸ ਵਿਅਕਤੀ ਕੰਡਿਆਂ ਦੇ ਡਰੋਂ ਗੁਲਾਬ ਨੂੰ ਬੀਜਣ ਦਾ ਹੀਆ ਹੀ ਨਹੀਂ ਕਰਦੇ। ਅਜਿਹੇ ਵਿਅਕਤੀਆਂ ਦੀ ਜ਼ਿੰਦਗੀ ਇੱਕ ਬੀਆਬਾਨ ਅਤੇ ਮਾਰੂਥਲ ਵਰਗੀ ਹੋ ਨਿੱਬੜਦੀ ਹੈ। ਪਰ ਆਸ਼ਾਵਾਦੀ ਵਿਅਕਤੀ ਤੁਰਦਾ ਹੀ ਆਪਣੀ ਮੰਜ਼ਿਲ ਉੱਪਰ ਪਹੁੰਚਣ ਦੇ ਇਰਾਦੇ ਨਾਲ ਹੈ। ਉਹ ਆਪਣੀ ਕਿਸਮਤ ਆਪ ਸਿਰਜਣ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਗੁਲਾਬ ਦੇ ਨਾਲ ਕੰਡਿਆਂ ਨੂੰ ਵੀ ਮੋਹ ਕਰਨਾ ਸਿੱਖ ਜਾਂਦਾ ਹੈ।

ਅੱਜ ਦੇ ਦੌਰ ਵਿੱਚ ਅੱਗੇ ਵਧਣ ਲਈ ਲੋੜ ਪੁਲਾਂਘ ਪੁੱਟਣ ਦੀ ਹੈ। ਆਸ਼ਾਵਾਦੀ ਵਿਅਕਤੀ ਅੱਗੇ ਵਧਦੇ ਜਾਂਦੇ ਹਨ ਅਤੇ ਅੰਤ ਆਪਣੀ ਮੰਜ਼ਿਲ ਪਾ ਹੀ ਲੈਂਦੇ ਹਨ ਜਦੋਂਕਿ ਨਿਰਾਸ਼ਾਵਾਦੀ ਵਿਅਕਤੀ ਰਾਹ ਵਿੱਚ ਦੁਰਘਟਨਾ ਜਾਂ ਦੇਰੀ ਦੇ ਡਰ ਕਰਕੇ ਤੁਰਨ ਦਾ ਹੀਆ ਹੀ ਨਹੀਂ ਕਰਦੇ ਅਤੇ ਘਰ ਬੈਠੇ ਹੀ ਮੰਜ਼ਿਲ ਉਡੀਕਦੇ ਰਹਿੰਦੇ ਹਨ ਜੋ ਕਦੀ ਵੀ ਨਹੀਂ ਮਿਲਦੀ। ਆਸ਼ਾਵਾਦੀ ਵਿਅਕਤੀ ਬਹੁਤ ਘੱਟ ਬਿਮਾਰ ਹੁੰਦੇ ਹਨ। ਉਹ ਬਿਮਾਰੀ ਵਿੱਚੋਂ ਉੱਭਰ ਕੇ ਛੇਤੀ ਸਿਹਤਯਾਬ ਹੋਣ ਦੀ ਆਸ਼ਾ ਰੱਖਦੇ ਹਨ ਅਤੇ ਵਾਪਰਦਾ ਵੀ ਇਵੇਂ ਹੀ ਹੈ। ਨਿਰਾਸ਼ਾਵਾਦੀ ਵਿਅਕਤੀ ਜ਼ਿਆਦਾਤਰ ਬਿਮਾਰ ਹੀ ਰਹਿੰਦੇ ਹਨ। ਬਿਮਾਰੀ ਚਾਹੇ ਛੋਟੀ ਜਿਹੀ ਵੀ ਕਿਉਂ ਨਾ ਹੋਵੇ, ਪਰ ਉਨ੍ਹਾਂ ਨੂੰ ਉਸ ਵਿੱਚ ਹੀ ਆਪਣੀ ਜ਼ਿੰਦਗੀ ਦਾ ਅੰਤ ਪ੍ਰਤੀਤ ਹੋਣ ਲੱਗ ਪੈਂਦਾ ਹੈ। ਇਹ ਸਭ ਉਨ੍ਹਾਂ ਵਿੱਚ ਵਧ ਰਹੇ ਨਿਰਾਸ਼ਾ ਦੇ ਆਲਮ ਦਾ ਸਿੱਟਾ ਹੀ ਹੁੰਦਾ ਹੈ। ਜੰਗ ਵਿੱਚ ਵੀ ਜ਼ਿਆਦਾਤਰ ਉਹ ਹੀ ਮਰਦੇ ਹਨ ਜਿਨ੍ਹਾਂ ਦੀ ਆਸ ਮੁੱਕ ਜਾਂਦੀ ਹੈ।

ਪੜ੍ਹਾਈ ਵਿੱਚ ਵੀ ਆਸ਼ਾਵਾਦੀ ਵਿਦਿਆਰਥੀ ਹੀ ਕਿਸੇ ਕੰਢੇ ਅੱਪੜਦੇ ਹਨ ਜਦੋਂਕਿ ਨਿਰਾਸ਼ਾਵਾਦੀ ਵਿਦਿਆਰਥੀਆਂ ਦੀ ਹਾਲਤ ਬਗੈਰ ਮਲਾਹ ਵਾਲੀ ਡਿੱਕ-ਡੋਲੇ ਖਾਂਦੀ ਬੇੜੀ ਵਾਲੀ ਹੁੰਦੀ ਹੈ। ਅਜਿਹੇ ਵਿਦਿਆਰਥੀ ਇਮਤਿਹਾਨਾਂ ਨੂੰ ਵੀ ਪਾਸ ਕਰਕੇ ਅੱਗੇ ਵਧਣ ਦੀ ਬਜਾਇ ਫੇਲ੍ਹ ਹੋਣ ਕਾਰਨ ਪਿੱਛੇ ਰਹਿਣ ਦੇ ਨਜ਼ਰੀਏ ਨਾਲ ਵੇਖਦੇ ਹਨ। ਵਧ ਰਹੀਆਂ ਵਿਦਿਆਰਥੀ ਖ਼ੁਦਕੁਸ਼ੀਆਂ ਦਾ ਕਾਰਨ ਵੀ ਵਿਦਿਆਰਥੀਆਂ ਵਿੱਚ ਵਧ ਰਿਹਾ ਨਿਰਾਸ਼ਾ ਦਾ ਪੱਧਰ ਹੈ। ਸਿਰਫ਼ ਵਿਦਿਆਰਥੀ ਹੀ ਨਹੀਂ ਬਲਕਿ ਕਈ ਅਧਿਆਪਕ ਵੀ ਨਿਰਾਸ਼ਾਵਾਦੀ ਹੁੰਦੇ ਹਨ। ਇੱਕ ਨਿਰਾਸ਼ਾਵਾਦੀ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਨੁਕਸ ਹੀ ਵਾਚੇਗਾ ਅਤੇ ਉਹ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਹੀ ਕੇਵਲ ਸੱਟ ਨਹੀਂ ਮਾਰੇਗਾ ਬਲਕਿ ਉਨ੍ਹਾਂ ਵਿੱਚ ਵੀ ਨਿਰਾਸ਼ਾ ਭਾਰੂ ਕਰ ਦੇਵੇਗਾ। ਇਸ ਦੇ ਉਲਟ ਇੱਕ ਆਸ਼ਾਵਾਦੀ ਅਧਿਆਪਕ ਸਦਾ ਆਪਣੇ ਵਿਦਿਆਰਥੀਆਂ ਪ੍ਰਤੀ ਆਸ਼ਾ ਰੱਖੇਗਾ ਅਤੇ ਉਨ੍ਹਾਂ ਨੂੰ ਤਰਾਸ਼ਣ ਵਿੱਚ ਕਾਮਯਾਬ ਹੋਵੇਗਾ। ਸੰਸਾਰ ਦੇ ਸਾਰੇ ਕਾਮਯਾਬ ਵਿਅਕਤੀਆਂ ਪਿੱਛੇ ਉਨ੍ਹਾਂ ਦੇ ਆਸ਼ਾਵਾਦੀ ਅਧਿਆਪਕ ਦਾ ਅਹਿਮ ਯੋਗਦਾਨ ਰਿਹਾ ਹੈ।

ਸਪੱਸ਼ਟ ਹੈ ਕਿ ਸਾਰਾ ਮੁੱਦਾ ਸਾਡੀ ਸੋਚ ਅਤੇ ਦ੍ਰਿਸ਼ਟੀ ਉੱਪਰ ਨਿਰਭਰ ਹੈ। ਜੇਕਰ ਅਸੀਂ ਕਿਸੇ ਚੀਜ਼ ਨੂੰ ਆਸ਼ਾਵਾਦੀ ਅਤੇ ਹਾਂ- ਪੱਖੀ ਨਜ਼ਰੀਏ ਨਾਲ ਵੇਖਾਂਗੇ ਤਾਂ ਨਤੀਜੇ ਸਾਰਥਕ ਹੋਣਗੇ ਅਤੇ ਜ਼ਿੰਦਗੀ ਵਿੱਚ ਖੇੜੇ ਆਉਣਗੇ ਅਤੇ ਉਮੰਗਾਂ ਪਸਰਨਗੀਆਂ। ਪਰ ਜੇਕਰ ਅਸੀਂ ਆਪਣਾ ਨਜ਼ਰੀਆ ਨਾਂਹ-ਪੱਖੀ ਅਤੇ ਨਿਰਾਸ਼ਾਵਾਦੀ ਰੱਖਾਂਗੇ ਤਾਂ ਜ਼ਿੰਦਗੀ ਵਿੱਚ ਬਹਾਰ ਕਦੀ ਨਹੀਂ ਆਵੇਗੀ ਅਤੇ ਸਦਾ ਪਤਝੜ ਹੀ ਰਹੇਗੀ। ਆਸ਼ਾ ਅਤੇ ਉਮੀਦ ਜ਼ਿੰਦਗੀ ਨੂੰ ਰੰਗਾਂ ਨਾਲ ਭਰ ਦੇਵੇਗੀ ਜਦੋਂਕਿ ਨਿਰਾਸ਼ਾ ਕਾਰਨ ਜ਼ਿੰਦਗੀ ਦੇ ਸਾਰੇ ਰੰਗ ਫਿੱਕੇ ਪੈ ਜਾਣਗੇ, ਦਿਨਾਂ ਵਿੱਚ ਵੀ ਹਨੇਰਾ ਲੱਗੇਗਾ, ਫੁੱਲ ਵੀ ਕੰਡਿਆਂ ਵਾਂਗ ਚੁਭਣਗੇ ਅਤੇ ਬਹਾਰ ਵੀ ਪਤਝੜ ਲੱਗੇਗੀ। ਪਰ ਜੇਕਰ ਅਸੀਂ ਆਸ ਦਾ ਪੱਲਾ ਫੜਾਂਗੇ ਤਾਂ ਜ਼ਿੰਦਗੀ ਚਾਨਣ ਨਾਲ ਭਰ ਜਾਵੇਗੀ, ਹਰ ਰੁੱਤ ਬਹਾਰ ਜਾਪੇਗੀ ਅਤੇ ਜੀਵਨ ਦਾ ਆਨੰਦ ਆਵੇਗਾ। ਸੋ ਮਿਲੀ ਜ਼ਿੰਦਗੀ ਨੂੰ ਆਸ਼ਾਵਾਦੀ ਢੰਗ ਨਾਲ ਮਾਣ ਕੇ ਹੀ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।
ਸੰਪਰਕ: +1 416-276-9932News Source link
#ਆਸਵਦ #ਬਨਮ #ਨਰਸਵਦ #ਆਲਮ

- Advertisement -

More articles

- Advertisement -

Latest article