37.4 C
Patiāla
Monday, July 22, 2024

ਹਾਕੀ ਓਲੰਪੀਅਨ ਮੁਕੇਸ਼ ਕੁਮਾਰ ਤੇ ਕੌਮਾਂਤਰੀ ਹਾਕੀ ਖਿਡਾਰਨ ਨਿੱਧੀ ਮੁਕੇਸ਼

Must read

ਹਾਕੀ ਓਲੰਪੀਅਨ ਮੁਕੇਸ਼ ਕੁਮਾਰ ਤੇ ਕੌਮਾਂਤਰੀ ਹਾਕੀ ਖਿਡਾਰਨ ਨਿੱਧੀ ਮੁਕੇਸ਼


ਦੇਸ਼-ਵਿਦੇਸ਼ ’ਚ ਕੌਮਾਂਤਰੀ ਖਿਡਾਰੀਆਂ ਦੇ ਜੀਵਨ ਸਾਥੀ ਬਣਨ ’ਚ ਹਾਕੀ ਓਲੰਪੀਅਨ ਸੁਰਜੀਤ ਸਿੰਘ ਤੇ ਚੰਚਲ ਸੁਰਜੀਤ ਸਿੰਘ, ਵਿਸ਼ਵ ਹਾਕੀ ਕੱਪ ਜੇਤੂ ਕਪਤਾਨ ਅਜੀਤਪਾਲ ਸਿੰਘ ਤੇ ਕਿਰਨਜੀਤ ਕੌਰ, ਓਲੰਪੀਅਨ ਗੁਰਮੇਲ ਸਿੰਘ ਤੇ ਰਾਜਵੀਰ ਕੌਰ, ਓਲੰਪੀਅਨ ਸ਼ਵੇਂਦਰ ਸਿੰਘ ਤੇ ਨਿਸ਼ੀ ਸ਼ਵੇਂਦਰ ਸਿੰਘ, ਕੌਮਾਂਤਰੀ ਹਾਕੀ ਖਿਡਾਰੀ ਗੁਰਵਿੰਦਰ ਸਿੰਘ ਚੰਦੀ ਤੇ ਓਲੰਪੀਅਨ ਮਨਜੀਤ ਕੌਰ, ਓਲੰਪੀਅਨ ਸੰਦੀਪ ਸਿੰਘ ਤੇ ਹਰਜਿੰਦਰ ਕੌਰ, ਓਲੰਪੀਅਨ ਇਗਨੇੇਸ ਟਿਰਕੀ ਤੇ ਮੈਸਿਰਾ ਸੁਰੀਨ, ਡੱਚ ਹਾਕੀ ਓਲੰਪੀਅਨ ਟਿਊਨ ਡੀ ਨਿਊਜਰ ਤੇ ਜਰਮਨ ਦੀ ਓਲੰਪੀਅਨ ਹਾਕੀ ਖਿਡਾਰਨ ਫਿਲਿਪਾ ਸੁਕਸਡੋਰਫ, ਓਲੰਪੀਅਨ ਮੁਕੇਸ਼ ਕੁਮਾਰ ਤੇ ਕੌਮਾਂਤਰੀ ਹਾਕੀ ਖਿਡਾਰਨ ਨਿਧੀ ਖੁੱਲਰ ਦੇ ਨਾਮ ਕੌਮਾਂਤਰੀ ਖੇਡ ਇਤਿਹਾਸ ਦੀ ਸੂਚੀ ’ਚ ਦਰਜ ਹੋ ਚੁੱਕੇ ਹਨ।

 

 

ਭਵਿੱਖ ’ਚ ਖੇਡ ਖੇਤਰ ’ਚ ਹੋਰ ਵੀ ਕਈ ਖਿਡਾਰੀ ਦੇ ਖਿਡਾਰਨਾਂ ਦੀਆਂ ਮਾਣਮੱਤੀਆਂ ਜੋੜੀਆਂ ਬਣਨ ਦੀਆਂ ਉਦਾਹਰਣਾਂ ਪੇਸ਼ ਹੁੰਦੀਆਂ ਰਹਿਣਗੀਆਂ। ਓਲੰਪੀਅਨ ਮੁਕੇਸ਼ ਕੁਮਾਰ ਤੇ ਕੌਮਾਂਤਰੀ ਖਿਡਾਰਨ ਨਿਧੀ ਖੁੱਲਰ ਨੂੰ ਕਰਮਵਾਰ ਦੇਸ਼ ਦੀ ਕੌਮੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਸੁਨਹਿਰਾ ਮੌਕਾ ਨਸੀਬ ਹੋਇਆ। ਇਕੋ ਖੇਡ ਦੇ ਖਿਡਾਰੀ ਹੋਣ ਸਦਕਾ ਦੋਵੇਂ ਇਕ-ਦੂਜੇ ਦੇ ਜਾਣਕਾਰ ਜ਼ਰੂਰ ਸਨ ਪਰ ਕੁਆਲਾਲੰਪੁਰ-1998 ਦੀਆਂ ਕਾਮਨਵੈਲਥ ਖੇਡਾਂ ’ਚ ਦੋਹਾਂ ’ਚ ਨੇੜਤਾ ’ਚ ਇਸ ਕਦਰ ਵਾਧਾ ਹੋਇਆ ਕਿ ਇਹ ਮਿੱਤਰਤਾ ਵਿਆਹ ਦੇ ਬੰਧਨ ’ਚ ਬੱਝ ਗਈ। 

ਹਾਕੀ ਓਲੰਪੀਅਨ ਮੁਕੇਸ਼ ਕੁਮਾਰ ਤੇ ਕੌਮਾਂਤਰੀ ਹਾਕੀ ਖਿਡਾਰਨ ਨਿੱਧੀ ਮੁਕੇਸ਼ 

ਅਪਰੈਲ 16, 1970 ਨੂੰ ਪਿਤਾ ਐਨ ਵੈਂਕਟੇਸ਼ਰਾਉ ਦੇ ਘਰੇ ਮਾਂ ਸੀਤਾ ਰਤਨਮ ਦੀ ਕੁਖੋਂ ਜਨਮੇ ਨੰਦਾਨੂਰੀ ਮੁਕੇਸ਼ ਕੁਮਾਰ ਦੇ ਕੌਮਾਂਤਰੀ ਹਾਕੀ ਕਰੀਅਰ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਉਸ ਵਲੋਂ ਖੇਡੇ ਗਏ ਅੰਤਰਰਾਸ਼ਟਰੀ 307 ਮੈਚਾਂ ’ਚ ਉਸ ਦੇ ਖਾਤੇ ’ਚ 80 ਸ਼ਾਨਦਾਰ ਨਿੱਜੀ ਗੋਲ ਦਰਜ ਹੋਏ ਹਨ, ਜਿਨ੍ਹਾਂ ’ਚ ਬਾਰਸੀਲੋਨਾ-1992 ਓਲੰਪਿਕ ’ਚ ਚਾਰ, ਐਟਲਾਂਟਾ-1996 ਤੇ ਸਿਡਨੀ-2000 ਓਲੰਪਿਕਸ ’ਚ ਕਰਮਵਾਰ ਕੀਤੇ 2-2 ਗੋਲ ਵੀ ਸ਼ਾਮਲ ਹਨ। ਯਾਰਾਂ-ਦੋਸਤਾਂ ’ਚ ਮੁਰਲੀ ਦੀ ਅੱਲ ਨਾਲ ਸੱਦੇ ਜਾਣ ਵਾਲੇ ਮੁਕੇਸ਼ ਕੁਮਾਰ ਨੂੰ 1992 ’ਚ ਕੌਮੀ ਹਾਕੀ ਦੇ ਮੈਦਾਨ ’ਚ ਕੁੱਦਣ ਤੋਂ ਬਾਅਦ 1994 ’ਚ ਕੌਮੀ ਹਾਕੀ ਟੀਮ ’ਚ ਸ਼ਾਮਲ ਕੀਤਾ ਗਿਆ। ਸੈਫ ਖੇਡਾਂ-1995 ਦੇ ਹਾਕੀ ਟੂਰਨਾਮੈਂਟ ’ਚ ਮੁਕੇਸ਼ ਵਲੋਂ ਫਾਈਨਲ ’ਚ ਦੋ ਗੋਲ ਦਾਗੇ ਗਏ।

 

 

ਬਾਰਸੀਲੋਨਾ ਓਲੰਪਿਕ ਤੋਂ ਬਾਅਦ ਮੁਕੇਸ਼ ਕੁਮਾਰ ਲਗਾਤਾਰ ਦੇਸ਼ ਦੀ ਕੌਮੀ ਟੀਮ ਦਾ ਹਿੱਸਾ ਬਣਦਾ ਰਿਹਾ ਅਤੇ ਦੋ ਚੈਂਪੀਅਨਜ਼ ਹਾਕੀ ਟਰਾਫੀ ਬਰਲਿਨ-1995 ਤੇ ਚੇਨਈ-1996 ’ਚ ਉਸ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਜਿਸ ’ਚ ਟੀਮ ਨੂੰ ਕਰਮਵਾਰ ਪੰਜਵਾਂ ਤੇ ਚੌਥਾ ਰੈਂਕ ਨਸੀਬ ਹੋਇਆ। ਮੁਕੇਸ਼ ਕੁਮਾਰ ਨੇ ਦੋ ਵਾਰ ਏਸ਼ਿਆਈ ਖੇਡਾਂ ’ਚ ਕੌਮੀ ਟੀਮ ਪ੍ਰਤੀਨਿੱਧਤਾ ਕੀਤੀ ਜਿਸ ’ਚ ਹਿਰੋਸ਼ੀਮਾ-1994 ’ਚ ਟੀਮ ਉਪ ਜੇਤੂ ਰਹੀ ਜਦਕਿ ਬੈਂਕਾਕ-1998 ’ਚ ਟੀਮ ਨੇ ਕਪਤਾਨ ਧਨਰਾਜ ਪਿਲੈ ਦੀ ਕਮਾਨ ’ਚ ਦੇਸ਼ 32 ਸਾਲ ਬਾਅਦ ਸੋਨ ਤਗਮਾ ਜਿੱਤ ਕੇ ਦੂਜਾ ਵਾਰ ਏਸ਼ੀਆ ਦਾ ਹਾਕੀ ਚੈਂਪੀਅਨ ਬਣਿਆ। ਮੁਕੇਸ਼  ਕੌਮੀ ਟੀਮ ਨਾਲ ਦੋ ਵਾਰ ਏਸ਼ੀਆ ਹਾਕੀ ਕੱਪ ਖੇਡਿਆ ਜਿਨ੍ਹਾਂ ’ਚ ਹਿਰੋਸ਼ੀਮਾ-1993 ’ਚ ਟੀਮ ਉਪ ਜੇਤੂ ਬਣੀ ਜਦਕਿ ਕੁਆਲਾਲੰਪੁਰ-1999 ’ਚ ਟੀਮ ਨੂੰ ਤਾਂਬੇ ਦੇ ਤਗਮੇ ਨਾਲ ਸਬਰ ਕਰਨਾ ਪਿਆ। 

 

2002 ’ਚ ਪਦਮਸ਼੍ਰੀ ਖੇਡ ਐਵਾਰਡ ਨਾਲ ਸਨਮਾਨਤ ਮੁਕੇਸ਼ ਕੁਮਾਰ ਨੇ ਵੱਡੇ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟਾਂ ਤੋਂ ਇਲਾਵਾ ਅਪਰੈਲ-2000 ਆਸਟਰੇਲੀਆ ’ਚ ਚਾਰ ਦੇਸ਼ਾ ਹਾਕੀ ਮੁਕਾਬਲਾ ਜਿੱਤਣ ਤੋਂ ਇਲਾਵਾ ਯੂਰਪ ਦਾ ਫੋਰ ਨੇਸ਼ਨ ਪੈਨਾਸੋਨਿਕ ਹਾਕੀ ਟੂਰਨਾਮੈਂਟ ਖੇਡਣ ਦਾ ਹੱਕ ਹਾਸਲ ਹੋਇਆ। ਕੁਆਲਾਲੰਪੁਰ-1998 ’ਚ ਰਾਸ਼ਟਰਮੰਡਲ ਖੇਡਾਂ ’ਚ ਕੌਮੀ ਹਾਕੀ ਟੀਮ ’ਚ ਖੇਡਣ ਵਾਲੇ ਮੁਕੇਸ਼ ਕੁਮਾਰ ਨੂੰ 1995 ’ਚ ‘ਅਰਜੁਨਾ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਕਾਮਨਵੈਲਥ ਹਾਕੀ ’ਚ ਮੁਕੇਸ਼ ਨੇ ਦੋ ਗੋਲ ਕੀਤੇ ਪਰ ਟੀਮ ਨੂੰ ਚੌਥਾ ਸਥਾਨ ਹਾਸਲ ਹੋਇਆ।

ਹਾਕੀ ਓਲੰਪੀਅਨ ਮੁਕੇਸ਼ ਕੁਮਾਰ ਤੇ ਕੌਮਾਂਤਰੀ ਹਾਕੀ ਖਿਡਾਰਨ ਨਿੱਧੀ ਮੁਕੇਸ਼ 

 

ਮਲੇਸ਼ੀਆ ਦੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਤਿੰਨ ਅਡੀਸ਼ਨ ਖੇਡਣ ਵਾਲੇ ਮੁਕੇਸ਼ ਕੁਮਾਰ ਨੇ 2000 ’ਚ ਇਸ ਹਾਕੀ ਮੁਕਾਬਲੇ ’ਚ ਟੀਮ ਦੀ ਕਪਤਾਨੀ ਕੀਤੀ। ਕੌਮੀ ਹਾਕੀ ਟੀਮ ਨਾਲ ਪਾਕਿਸਤਾਨ ਤੇ ਜਰਮਨੀ ਦੀ ਮੇਜ਼ਬਾਨੀ ’ਚ ਦੋਸਤਾਨਾ ਟੈਸਟ ਸੀਰੀਜ਼ ਖੇਡਣ ਵਾਲੇ ਮੁਕੇਸ਼ ਨੂੰ ਸਿਡਨੀ-1994 ਤੇ ਹਾਲੈਂਡ-1998 ਦੇ ਦੋ ਵਿਸ਼ਵ ਹਾਕੀ ਕੱਪ ਖੇਡਣ ਦਾ ਰੁਤਬਾ ਹਾਸਲ ਹੋਇਆ ਪਰ ਆਪਣੀ ਹਾਕੀ ’ਚੋਂ ਦੋਵੇਂ ਵਾਰ 3 ਤੇ 4 ਮੈਦਾਨੀ ਗੋਲ ਕੱਢਣ ਵਾਲੇ ਮੁਕੇਸ਼ ਨੂੰ ਦੁੱਖ ਹੈ ਕਿ ਟੀਮ ਨੂੰ ਕਰਮਵਾਰ 5ਵਾਂ ਤੇ 9ਵਾਂ ਰੈਂਕ ਨਸੀਬ ਹੋਇਆ। ਦੇਸ਼ ਲਈ ਮਣਾ-ਮੂੰਹੀਂ ਹਾਕੀ ਖੇਡਣ ਵਾਲੇ ਮੁਕੇਸ਼ ਕੁਮਾਰ ਨੂੰ ਮਲੇਸ਼ੀਆ ਦੇ ਹਾਕੀ ਕਲੱਬ ਯੈਆਸਾਨ ਨੇਗਰੀ ਸੇਮਬੀਲੈਨ ਵਲੋਂ ਚਾਰ ਸਾਲ ਪ੍ਰੋਫੈਸ਼ਨਲ ਹਾਕੀ ਖੇਡਣ ਦਾ ਮਾਣ ਵੀ ਮਿਲਿਆ ਤੇ ਕਲੱਬ 1995 ’ਚ ਹਾਕੀ ਲੀਗ ’ਚ ਜੇਤੂ ਰਿਹਾ। ਵਿਦੇਸ਼ੀ ਹਾਕੀ ਕਲੱਬ ਮੁਕੇਸ਼ ਨਾਲ ਨਵਾਂ ਖੇਡ ਸਮਝੌਤਾ ਕਰਨ ਦਾ ਚਾਹਵਾਨ ਸੀ ਪਰ ਭਾਰਤੀ ਹਾਕੀ ਫੈਡਰੇਸ਼ਨ ਨੇ ਉਸ ਦੀਆਂ ਸੇਵਾਵਾਂ ਦੇਸ਼ ਦੀ ਹਾਕੀ ਲਈ ਜ਼ਰੂਰੀ ਸਮਝਦਿਆਂ ਅਜਿਹਾ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ। 

 

ਕੌਮੀ ਹਾਕੀ ਖਿਡਾਰਨ ਨਿਧੀ ਖੁੱਲਰ: ਕੌਮੀ ਮਹਿਲਾ ਹਾਕੀ ਦੀ ਨੁਮਾਇੰਦਗੀ ਕਰਨ ਵਾਲੀ ਨਿਧੀ ਖੁੱਲਰ 1999 ’ਚ ਇੰਡੀਅਨ ਏਅਰਲਾਇਨਜ਼ ’ਚ ਕਮਰਸ਼ੀਅਲ ਮੈਨੇਜਰ ਦੇ ਅਹੁਦੇ ’ਤੇ ਤੈਨਾਤ ਹਾਕੀ ਓਲੰਪੀਅਨ ਮੁਕੇਸ਼ ਕੁਮਾਰ ਦੀ ਜੀਵਨ ਸਾਥਣ ਬਣ ਕੇ ਨਿਧੀ ਮੁਕੇਸ਼ ਬਣੀ। ਪਟਿਆਲਾ ਦੇ ਪੰਜਾਬੀ ਪਰਿਵਾਰ ਦੀ ਲੜਕੀ ਨਿਧੀ ਦਾ ਜਨਮ ਗੋਰਖਪੁਰ ’ਚ ਕੌਸ਼ਿਕ ਖੁੱਲਰ ਦੇ ਗ਼੍ਰਹਿ ਵਿਖੇ ਮਾਤਾ ਸਰਸਵਤੀ ਖੁੱਲਰ ਦੀ ਕੁੱਖੋਂ ਹੋਇਆ। ਨਿਧੀ ਮੁਕੇਸ਼ ਨੇ 1993 ’ਚ ਇੰਡੋ-ਸ੍ਰੀਲੰਕਾ ਹਾਕੀ ਟੈਸਟ ਸੀਰੀਜ਼ ਖੇਡਣ ਨਾਲ ਕੌਮਾਂਤਰੀ ਦੇ ਮੈਦਾਨ ’ਚ ਕਦਮ ਰੱਖਿਆ।

 

 

ਰੇਲਵੇ ਵਲੋਂ ਨੈਸ਼ਨਲ ਹਾਕੀ ਖੇਡਣ ਵਾਲੀ ਨਿਧੀ ਨੇ ਜਪਾਨ-1993 ’ਚ ਖੇਡੇ ਗਏ ਤੀਜੇ ਏਸ਼ੀਆ ਹਾਕੀ ਕੱਪ ’ਚ ਜਿਥੇ ਤਾਂਬੇ ਦਾ ਤਗਮਾ ਜਿੱਤਿਆ ਉਥੇ ਇਸੇ ਸਾਲ ਅਮਰੀਕਾ ’ਚ ਖੇਡੇ ਗਏ ਕੌਨਟੀਨੈਂਟਲ ਹਾਕੀ ਕੱਪ ’ਚ ਚੌਥਾ ਸਥਾਨ ਹਾਸਲ ਕੀਤਾ। 1994 ’ਚ ਅੰਮਿ੍ਰਤਸਰ ’ਚ ਖੇਡੇ ਗਏ ਪੰਜਵੇਂ ਇੰਦਰਾ ਗਾਂਧੀ ਕੌਮਾਂਤਰੀ ਹਾਕੀ ਟੂਰਨਾਮੈਂਟ ’ਚ ਉਪ ਜੇਤੂ ਰਹਿਣ ਵਾਲੀ ਕੌਮੀ ਮਹਿਲਾ ਟੀਮ ਦੀ ਨੁਮਾਇੰਦਗੀ ਕਰਨ ਵਾਲੀ ਨਿਧੀ ਨੇ ਇਸੇ ਸਾਲ ਜਿਥੇ ਜਰਮਨ ਤੇ ਹਾਲੈਂਡ ਦੀ ਮੇਜ਼ਬਾਨੀ ’ਚ ਦੋਸਤਾਨਾ ਟੈਸਟ ਹਾਕੀ ਲੜੀਆਂ ਖੇਡੀਆਂ ਉਥੇ ਹਿਰੋਸ਼ੀਮਾ-1994 ’ਚ ਏਸ਼ਿਆਈ ਹਾਕੀ ਮੁਕਾਬਲੇ ਦਾ ਸੈਮੀਫਾਈਨਲ ਖੇਡਣ ਦਾ ਜੱਸ ਵੀ ਖੱਟਿਆ। 1996 ’ਚ ਛੇਵਾਂ ਇੰਦਰਾ ਗਾਂਧੀ ਕੌਮਾਂਤਰੀ ਗੋਲਡ ਕੱਪ ਜਿੱਤਣ ਵਾਲੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੀ ਨਿਧੀ ਕੁਮਾਰ ਨੇ ਇਸੇ ਸਾਲ ਪੋਰਟ ਆਫ ਸਪੇਨ ’ਚ ਖੇਡੇ ਗਏ 9ਵੇਂ ਵਿਸ਼ਵ ਹਾਕੀ ਕੱਪ ਪ੍ਰੀਮੀਨਰੀ ਟੂਰਨਾਮੈਂਟ ’ਚ ਤਾਂਬੇ ਦਾ ਤਗਮੇ ਨਾਲ ਹਾਕੀ ਪ੍ਰੇਮੀਆਂ ਨੂੰ ਜਿੱਤ ਨਾਲ ਨਿਹਾਲ ਕੀਤਾ।

 

 

ਇੰਡੋ-ਚੀਨ ਟੈੈਸਟ ਲੜੀ ਦੀ ਮੇਜ਼ਬਾਨੀ ਕਰਨ ਵਾਲੀ ਕੌਮੀ ਹਾਕੀ ਟੀਮ ਨੇ 1996 ’ਚ ਦਿੱਲੀ ’ਚ ਖੇਡੇ ਤਿੰਨ ਨੇਸ਼ਨ ਹਾਕੀ ਮੁਕਾਬਲੇ ’ਚ ਜਿੱਤ ਹਾਸਲ ਕੀਤੀ। ਸਾਲ-1997 ’ਚ ਹਰਾਰੇ ’ਚ ਖੇਡੇ ਗਏ 9ਵੇਂ ਵਿਸ਼ਵ ਹਾਕੀ ਕੱਪ ਕੁਆਲੀਫਾਈ ਟੂਰਨਾਮੈਂਟ ’ਚ ਕੌਮੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਖੇਡਣ ਦਾ ਮਾਣ ਮਿਲਿਆ। 1998 ’ਚ ਕੌਮੀ ਮਹਿਲਾ ਹਾਕੀ ਟੀਮ ਨੇ ਜਰਮਨੀ ਦੇ ਦੱਖਣੀ ਅਫਰੀਕਾ ਨਾਲ ਟੈਸਟ ਹਾਕੀ ਲੜੀਆਂ ਖੇਡਣ ਤੋਂ ਇਲਾਵਾ ਜਿਥੇ ਅਮਰੀਕਾ ’ਚ ਹੋਇਆ ਚਾਰ ਨੇਸ਼ਨ ਹਾਕੀ ਮੁਕਾਬਲਾ ਖੇਡਿਆ ਉਥੇ ਬੈਂਕਾਕ-1998 ਏਸ਼ਿਆਈ ਹਾਕੀ ’ਚ ਉਪ ਜੇਤੂ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ।

 

 

ਪਤੀ ਮੁਕੇਸ਼ ਵਾਂਗ ਨਿਧੀ ਵੀ ਹਾਲੈਂਡ-1998 ਦਾ ਮਹਿਲਾ ਹਾਕੀ ਵਿਸ਼ਵ ਕੱਪ ਖੇਡਣ ਲਈ ਕਪਤਾਨ ਸੰਦੀਪ ਕੌਰ ਦੀ ਕਮਾਨ ’ਚ ਮੈਦਾਨ ’ਚ ਨਿੱਤਰੀ। ਦੋ ਬੱਚਿਆਂ ਦੀ ਮਾਂ ਨਿੱਧੀ ਕੁਮਾਰ ਨੂੰ ਕੁਆਲਾਲੰਪੁਰ-1998 ਦੀਆਂ ਕਾਮਨਵੈਲਥ ਖੇਡਾਂ ’ਚ ਚੌਥਾ ਰੈਂਕ ਹਾਸਲ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਦੱਖਣੀ ਅਫਰੀਕਾ ’ਚ 2002 ’ਚ ਖੇਡੇ ਚੈਂਪੀਅਨ ਚੈਲੈਂਜ ਹਾਕੀ ਟਰਾਫੀ ਟੂਰਨਾਮੈਂਟ ’ਚ ਤਾਂਬੇ ਦਾ ਤਗਮਾ ਜਿੱਤਣ ਦਾ ਵੱਡਾ ਹੰਭਲਾ ਮਾਰਿਆ।    

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

News Source link

- Advertisement -

More articles

- Advertisement -

Latest article