ਗੁਰਪ੍ਰੀਤ ਸਿੰਘ ਤਲਵੰਡੀ
ਕੈਨੇਡਾ ਜਿੱਥੇ ਦਰਿਆਵਾਂ ਅਤੇ ਝੀਲਾਂ ਦੀ ਧਰਤੀ ਹੈ, ਉੱਥੇ ਇਹ ਚਾਰੇ ਪਾਸਿਓਂ ਵਿਸ਼ਾਲ ਸਾਗਰਾਂ ਨਾਲ ਘਿਰੀ ਹੋਈ ਹੈ। ਸਮੁੰਦਰਾਂ ਵਿਚਕਾਰ ਖੜ੍ਹੇ ਵਿਸ਼ਾਲ ਪਰਬਤ ਵੱਖਰਾ ਦੀ ਦ੍ਰਿਸ਼ ਪੇਸ਼ ਕਰਦੇ ਹਨ। ਦੂਸਰੇ ਪਾਸੇ ਘੱਟ ਆਬਾਦੀ ਅਤੇ ਬਹੁਤੇ ਰਕਬੇ ਦਾ ਜੰਗਲਾਂ ਹੇਠ ਹੋਣਾ ਵੀ ਕੈਨੇਡਾ ਨੂੰ ਖੂਬਸੂਰਤੀ ਪ੍ਰਦਾਨ ਕਰਦਾ ਹੈ। ਇੱਥੋਂ ਦੇ ਸਭ ਤੋਂ ਖੂਬਸੂਰਤ ਰਾਜ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਨੂੰ ਜੇਕਰ ਜੰਨਤ ਦਾ ਦਰਜਾ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦੂਸਰੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰ ਵਾਲੇ ਪਾਸੇ ਸਥਿਤ ਵੱਡੇ ਸ਼ਹਿਰ ਪ੍ਰਿੰਸ ਜੌਰਜ ਦੇ ਕੁਦਰਤੀ ਸੁਹੱਪਣ ਦੀ ਗੱਲ ਕਰਨ ਤੋਂ ਬਿਨਾਂ ਵੀ ਕੈਨੇਡਾ ਦੀ ਗੱਲ ਕਰਨੀ ਅਧੂਰੀ ਹੀ ਹੋਵੇਗੀ।
ਪ੍ਰਿੰਸ ਜੌਰਜ, ਉੱਤਰੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਜਿਸ ਦੀ ਕੁੱਲ ਆਬਾਦੀ 86,622 ਹੈ। ਇਸ ਨੂੰ ਆਮ ਤੌਰ ’ਤੇ ਬੀ.ਸੀ. ਦੀ ਉੱਤਰੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇਸ ਨੂੰ ਸਪਰੂਸ ਦੀ ਰਾਜਧਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਵਿਸ਼ੇਸ਼ ਰੁੱਖ ਸਪਰੂਸ ਦੀ ਭਰਮਾਰ ਹੈ। ਇਹ ਸ਼ਹਿਰ ਫਰੇਜਰ ਦਰਿਆ ਅਤੇ ਨੇਚਾਕੋ ਦਰਿਆ ਦੇ ਸੰਗਮ ’ਤੇ ਸਥਿਤ ਹੈ। ਕੈਨੇਡਾ ਦੇ ਹਾਈਵੇ 16 ਅਤੇ ਹਾਈਵੇ 97 ਇਸ ਸ਼ਹਿਰ ਵਿੱਚ ਹੀ ਇੱਕ ਦੂਜੇ ਨੂੰ ਕੱਟਦੇ ਹਨ। ਪ੍ਰਿੰਸ ਜੌਰਜ ਸ਼ਹਿਰ ਦੀ ਸਥਾਪਨਾ ਫੋਰਟ ਜੌਰਜ (ਜੌਰਜ ਦਾ ਕਿਲ੍ਹਾ) ਨਾਲ ਜਾ ਜੁੜਦੀ ਹੈ। 1807 ਵਿੱਚ ਸਾਈਮਨ ਫਰੇਜ਼ਰ ਦੁਆਰਾ ਕਿੰਗ ਜੌਰਜ ਤੀਜੇ ਦੀ ਯਾਦ ਵਿੱਚ ਨੌਰਥ ਵੈਸਟ ਕੰਪਨੀ ਫਰ ਟਰੇਡਿੰਗ ਪੋਸਟ ਦੀ ਸਥਾਪਨਾ ਕੀਤੀ ਗਈ। ਪ੍ਰਿੰਸ ਜੌਰਜ ਦਾ ਪਹਿਲਾ ਨਾਮ ਫੋਰਟ ਜੌਰਜ ਰੱਖਿਆ ਗਿਆ। 19ਵੀਂ ਸਦੀ ਤੱਕ ਫੋਰਟ ਜੌਰਜ ਨੇ ਕੋਈ ਬਹੁਤੀ ਤਰੱਕੀ ਨਹੀਂ ਕੀਤੀ, ਪਰ 1903 ਵਿੱਚ ਇਸ ਦੀ ਤਰੱਕੀ ਦਾ ਰਾਹ ਖੁੱਲ੍ਹਣਾ ਸ਼ੁਰੂ ਹੋ ਗਿਆ। ਗਰੈਂਡ ਟਰੰਕ ਪੈਸੇਫਿਕ ਰੇਲਵੇ (ਬਾਅਦ ਵਿੱਚ ਕੈਨੇਡੀਅਨ ਨੈਸ਼ਨਲ ਰੇਲਵੇ) ਇਸ ਫਰ ਟਰੇਡਿੰਗ ਪੋਸਟ ਦੇ ਨੇੜੇ ਲੰਘਣ ਨੂੰ ਪ੍ਰਵਾਨਗੀ ਮਿਲ ਗਈ। 1906 ਵਿੱਚ ਉਕਤ ਸ਼ਹਿਰ ਦੇ ਆਲੇ ਦੁਆਲੇ ਦੀ ਉਪਜਾਊ ਜ਼ਮੀਨ ’ਤੇ ਖੇਤੀਬਾੜੀ ਸ਼ੁਰੂ ਹੋ ਗਈ ਕਿਉਂਕਿ ਸ਼ਹਿਰ ਦੇ ਰੇਲਵੇ ਨਾਲ ਜੁੜਨ ’ਤੇ ਅਨਾਜ ਦੀ ਢੋਆ ਢੁਆਈ ਸੰਭਵ ਹੋ ਗਈ।
ਸਾਲ 1913 ਤੱਕ ਦੱਖਣੀ ਅਤੇ ਕੇਂਦਰੀ ਫੋਰਟ ਜੌਰਜ ਦੀ ਆਬਾਦੀ 1500 ਦੇ ਲਗਭਗ ਸੀ। ਫਿਰ ਇਹ ਤੇਜ਼ੀ ਨਾਲ ਵਧ ਰਹੀ ਸੀ ਕਿਉਂਕਿ ਵੱਡੀ ਗਿਣਤੀ ਵਿੱਚ ਰੇਲ ਉਸਾਰੀ ਨਾਲ ਸਬੰਧਿਤ ਕਾਮੇ ਸ਼ਹਿਰ ਵਿੱਚ ਵਸਣੇ ਸ਼ੁਰੂ ਹੋ ਗਏ। 1914 ਵਿੱਚ ਹੋਈ ਪਹਿਲੀ ਸੰਸਾਰ ਜੰਗ ਦੌਰਾਨ ਸਮੁੱਚੇ ਵਿਸ਼ਵ ਦੀ ਆਰਥਿਕਤਾ ਲੜਖੜਾ ਗਈ। ਇਸ ਦਾ ਅਸਰ ਇਸ ’ਤੇ ਵੀ ਪਿਆ। ਜੰਗ ਤੋਂ ਬਾਅਦ ਜਿਵੇਂ ਹੀ ਤਬਾਹ ਹੋਏ ਯੂਰਪੀ ਸ਼ਹਿਰਾਂ ਦੀ ਮੁੜ ਉਸਾਰੀ ਸ਼ੁਰੂ ਹੋਈ ਤਾਂ ਲੱਕੜ ਦੀ ਮੰਗ ਅਸਮਾਨ ਛੂਹ ਗਈ ਅਤੇ ਪ੍ਰਿੰਸ ਜੌਰਜ ਜਿਸ ਵਿੱਚ ਲੱਕੜ ਮਿੱਲਾਂ ਅਤੇ ਸਪਰੂਸ ਦੇ ਰੁੱਖ ਸਨ, ਦੀ ਮੰਗ ਵਧ ਗਈ। ਜੰਗਲਾਂ ਅਤੇ ਵਾਦੀਆਂ ਨਾਲ ਲੱਦੇ ਰਮਣੀਕ ਸ਼ਹਿਰ ਪ੍ਰਿੰਸ ਜੌਰਜ ਦੀ ਭੂਗੋਲਿਕ ਸਥਿਤੀ ਬੇਹੱਦ ਰੋਚਕ ਹੈ। ਸ਼ਹਿਰ ਅਤੇ ਇਸ ਦਾ ਆਲਾ ਦੁਆਲਾ ਗਰਮੀਆਂ ਦੇ ਦਿਨਾਂ ਵਿੱਚ ਕਿਸੇ ਸਵਰਗ ਤੋਂ ਘੱਟ ਨਜ਼ਰ ਨਹੀਂ ਆਉਂਦਾ, ਪਰ ਸਰਦੀਆਂ ਵਿੱਚ ਕਈ ਕਈ ਸੈਂਟੀਮੀਟਰਾਂ ਤੱਕ ਪੈਂਦੀ ਬਰਫ਼ ਅਤੇ ਬਰਫ਼ੀਲੇ ਤੂਫ਼ਾਨ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਪ੍ਰਿੰਸ ਜੌਰਜ ਦੇ ਨਾਲ ਲੱਗਦੇ ਪੇਂਡੂ ਖੇਤਰਾਂ ਵਿੱਚ ਆਮ ਲੋਕਾਂ ਦਾ ਰਹਿਣ ਸਹਿਣ ਦੇਖਣਯੋਗ ਹੈ। ਇਸ ਦੇ ਪੇਂਡੂ ਖੇਤਰ ਵਿੱਚ ਜ਼ਿਆਦਾਤਰ ਗੋਰੇ ਜਾਂ ਫਿਰ ਮੂਲ ਨਿਵਾਸੀ ਰਹਿੰਦੇ ਹਨ। ਜਿੱਥੇ ਪਹਾੜੀ ਖੇਤਰਾਂ ਵਿੱਚ ਜ਼ਮੀਨ ਉਪਜਾਊ ਨਹੀਂ ਹੈ, ਉੱਥੇ ਲੋਕ ਭੇਡਾਂ ਜਾਂ ਗਾਵਾਂ ਰੱਖਦੇ ਹਨ। ਪਹਾੜਾਂ ਦੀਆਂ ਢਲਾਣਾਂ ਉੱਪਰ ਕਈ ਕਈ ਏਕੜਾਂ ਤੱਕ ਲੋਕਾਂ ਵੱਲੋਂ ਵਾੜੇ ਬਣਾਏ ਗਏ ਹਨ। ਇਨ੍ਹਾਂ ਵਾੜਿਆਂ ਵਿੱਚ ਕੁਦਰਤੀ ਤੌਰ ’ਤੇ ਘਾਹ ਬਗੈਰਾ ਉੱਗ ਪੈਂਦਾ ਹੈ। ਉਸ ਘਾਹ ਦੀ ਸਿੰਚਾਈ ਕਰਨ ਲਈ ਵੱਡੀਆਂ ਮਸ਼ੀਨਾਂ ਬਣਾਈਆਂ ਗਈਆਂ ਹਨ, ਜੋ ਮੋਟਰ ਦੇ ਸਹਾਰੇ ਚੱਲ ਕੇ ਸਮੁੱਚੇ ਘਾਹ ਦੀ ਫੁਹਾਰੇ ਦੀ ਸਹਾਇਤਾ ਨਾਲ ਸਿੰਚਾਈ ਕਰਦੀਆਂ ਹਨ। ਕਈ ਪਰਿਵਾਰਾਂ ਵੱਲੋਂ ਸਟੱਡ ਫਾਰਮ ਬਣਾ ਕੇ ਘੋੜੇ-ਘੋੜੀਆਂ ਵੀ ਪਾਲੇ ਗਏ ਹਨ। ਗਰਮੀਆਂ ਦੇ ਦਿਨਾਂ ਵਿੱਚ ਦੂਰ ਦੁਰਾਡੇ ਤੱਕ ਦਿਸਦੀਆਂ ਘਾਹ ਦੀਆਂ ਚਰਾਂਦਾਂ ਅਤੇ ਵਿਸ਼ਾਲ ਪਹਾੜਾਂ ਉੱਪਰ ਲਹਿਲਹਾਉਂਦੇ ਸਪਰੂਸ ਦੇ ਦਰੱਖਤ ਬੜਾ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ।
ਪੰਜਾਬੀਆਂ ਦੀ ਆਮਦ
ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੀ ਮਨਾਈ ਜਾ ਰਹੀ ਗੋਲਡਨ ਜੁਬਲੀ ਅਤੇ ਐਡਵਰਡ ਸੱਤਵੇਂ ਨੂੰ ਭਾਰਤ ਦੇ ਬਾਦਸ਼ਾਹ ਦਾ ਤਾਜ ਪਹਿਨਾਉਣ ਮੌਕੇ 1897 ਤੋਂ 1901 ਦਰਮਿਆਨ ਇੰਗਲੈਂਡ ਵਿੱਚ ਵੱਡੇ ਸਮਾਗਮ ਕਰਵਾਏ ਜਾ ਰਹੇ ਸਨ। ਐਡਵਰਡ ਸੱਤਵਾਂ ਮਹਾਰਾਣੀ ਵਿਕਟੋਰੀਆ ਅਤੇ ਪ੍ਰਿੰਸ ਐਲਬਰਟ ਦਾ ਵੱਡਾ ਸਪੁੱਤਰ ਸੀ। ਜੋ ਇੰਗਲੈਂਡ ਦਾ ਬਾਦਸ਼ਾਹ ਬਣਨ ਤੋਂ ਬਾਅਦ ਭਾਰਤ ਦਾ ਹੁਕਮਰਾਨ ਵੀ ਨਿਯੁਕਤ ਕੀਤਾ ਗਿਆ। ਉਹ 22 ਜਨਵਰੀ 1901 ਵਿੱਚ ਭਾਰਤ ਦਾ ਹੁਕਮਰਾਨ ਬਣਿਆ। ਮਹਾਰਾਣੀ ਦੀ ਗੋਲਡਨ ਜੁਬਲੀ ਅਤੇ ਐਡਵਰਡ ਦੇ ਤਾਜ਼ਪੋਸ਼ੀ ਸਮਾਗਮਾਂ ਦੌਰਾਨ 1897 ਅਤੇ 1901 ਦਰਮਿਆਨ ਸਿੱਖ ਸੈਨਿਕਾਂ ਦਾ ਇੱਕ ਕਾਫਲਾ ਭਾਰਤ ਤੋਂ ਇੰਗਲੈਂਡ ਜਾਂਦਾ ਹੋਇਆ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਦੀ ਗੁਜ਼ਰਿਆ। ਇਨ੍ਹਾਂ ਵਿੱਚੋਂ ਕੁੱਝ ਸੈਨਿਕਾਂ ਨੂੰ ਇੱਥੋਂ ਦੀ ਭੂਗੋਲਿਕ ਸਥਿਤੀ ਜਾਂ ਹੋਰ ਹਾਲਾਤ ਰਹਿਣ ਦੇ ਅਨੁਕੂਲ ਜਾਪੇ। ਕੁਝ ਸੈਨਿਕ ਤਾਂ ਉੱਥੇ ਹੀ ਵੱਸ ਗਏ, ਪਰ ਜੋ ਵਾਪਸ ਮੁੜੇ ਉਨ੍ਹਾਂ ਨੇ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਉੱਥੋਂ ਦੀਆਂ ਗੱਲਾਂ ਦੱਸ ਕੇ ਕੈਨੇਡਾ ਜਾ ਵੱਸਣ ਦੀ ਚਿਣਗ ਲਗਾ ਦਿੱਤੀ। 1900 ਤੱਕ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ (ਵੈਨਕੂਵਰ ਦੇ ਆਸ ਪਾਸ) ਵਿੱਚ 100 ਦੱਖਣੀ ਏਸ਼ੀਆਈ ਲੋਕ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ। ਉਹ ਨੌਕਰੀਆਂ ਲੱਭਣ ਦੀ ਇੱਛਾ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਵਸੇ ਸਨ। ਇਸ ਤੋਂ ਬਾਅਦ ਦੂਸਰਾ ਗਰੁੱਪ 1904 ਵਿੱਚ ਆਇਆ। ਇਹ ਵੀ ਲਗਭਗ ਸਾਰੇ ਹੀ ਪੰਜਾਬੀ ਸਿੱਖ ਸਨ ਜੋ ਚੀਨੀ ਸ਼ਹਿਰ ਕੈਂਟਨ, ਹਾਂਗਕਾਂਗ ਅਤੇ ਸੰਘਾਈ ਤੋਂ ਆਏ ਸਨ। ਇਨ੍ਹਾਂ ਨੇ ਵਣ ਉਦਯੋਗ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਰੇਜਰ ਨਦੀ ਦੇ ਨਾਲ-ਨਾਲ ਲੱਕੜ ਮਿੱਲਾਂ ਦੇ ਆਲੇ-ਦੁਆਲੇ ਇਕੱਠੇ ਹੋਏ, ਜਿਸ ਨਾਲ ਫਰੇਜਰ ਮਿੱਲਜ਼ ਅਤੇ ਕਵੀਨਜਬਰੋ ਵਰਗੀਆਂ ਬਸਤੀਆਂ ਸਥਾਪਿਤ ਹੋਈਆਂ। ਇਸ ਦੇ ਨਾਲ ਨਾਲ ਕੋਕਿਟਲਮ ਅਤੇ ਨਿਊ ਵੈਸਟਮਨਿਸਟਰ ਸਥਾਪਿਤ ਹੋਏ। ਕਵੀਨਜਬਰੋ ਅਜੇ ਵੀ ਦੱਖਣੀ ਏਸ਼ੀਆਈ ਲੋਕਾਂ ਦਾ ਇੱਕ ਵੱਡਾ ਕੇਂਦਰ ਹੈ, ਜਿੱਥੇ ਭਾਰਤੀ ਲੋਕਾਂ ਦੀ ਵਸੋਂ ਸਥਾਨਕ ਆਬਾਦੀ ਦਾ ਲਗਭਗ 30% ਬਣਦਾ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ 1897 ਦੇ ਆਸ-ਪਾਸ ਦੱਖਣੀ ਏਸ਼ੀਆਈ ਭਾਈਚਾਰਾ ਅੱਪੜਿਆ। ਕਈ ਲਿਖਤਾਂ ਵਿੱਚ ਲਿਖਿਆ ਮਿਲਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 20ਵੀਂ ਸਦੀ ਦੇ ਅੰਤ ਵਿੱਚ ਪੰਜਾਬੀ ਭਾਈਚਾਰਾ ਜੰਗਲਾਤ ਅਤੇ ਖੇਤੀਬਾੜੀ ਉਦਯੋਗਾਂ ਵਿੱਚ ਕੰਮ ਕਰਦਾ ਸੀ। ਜਿਵੇਂ ਜਿਵੇਂ ਉਨ੍ਹਾਂ ਦੀ ਗਿਣਤੀ ਵਧਦੀ ਗਈ, ਸੂਬੇ ਵਿੱਚ ਰਹਿਣ ਵਾਲੇ ਗੋਰਿਆਂ ਨੇ ਉਨ੍ਹਾਂ ਨੂੰ 1908 ਵਿੱਚ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ। ਪਹਿਲਾਂ ਪਹਿਲ ਉਕਤ ਸੂਬੇ ਵਿੱਚ ਕੇਵਲ ਪੰਜਾਬੀ ਮਰਦ ਹੀ ਇਕੱਲੇ ਰੋਜ਼ੀ ਕਮਾਉਣ ਲਈ ਆਉਂਦੇ ਸਨ, ਪਰ 20ਵੀਂ ਸਦੀ ਦੇ ਮੱਧ ਵਿੱਚ ਔਰਤਾਂ ਅਤੇ ਬੱਚਿਆਂ ਦਾ ਵੀ ਕੈਨੇਡਾ ਪਹੁੰਚਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ 1947 ਵਿੱਚ ਦੱਖਣੀ ਏਸ਼ੀਆਈ ਲੋਕਾਂ ਨੂੰ ਮੁੜ ਤੋਂ ਵੋਟ ਪਾਉਣ ਅਤੇ ਸਿਆਸਤ ਵਿੱਚ ਹਿੱਸਾ ਲੈਣ ਦਾ ਅਧਿਕਾਰ ਪ੍ਰਾਪਤ ਹੋ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ (ਵੈਨਕੂਵਰ ਦੇ ਆਸ ਪਾਸ) ਵਿੱਚ ਪੰਜਾਬੀਆਂ ਦੀ ਗਿਣਤੀ ਲਗਾਤਾਰ ਵਧਣ ਲੱਗੀ ਅਤੇ ਕੁਝ ਕੁ ਪਰਿਵਾਰਾਂ ਨੇ ਵੈਨਕੂਵਰ ਤੋਂ ਕਰੀਬ 800 ਕਿਲੋਮੀਟਰ ਉੱਤਰ ਵਾਲੇ ਪਾਸੇ ਪ੍ਰਿੰਸ ਜੌਰਜ ਵਰਗੀ ਰਮਣੀਕ ਜਗ੍ਹਾ ਵੱਲ ਨੂੰ ਵੀ ਵਹੀਰਾਂ ਘੱਤ ਦਿੱਤੀਆਂ। ਭਾਵੇਂ ਕਿ ਪ੍ਰਿੰਸ ਜੌਰਜ ਵਿੱਚ ਵੱਡੀ ਗਿਣਤੀ ਪੰਜਾਬੀ ਰਹਿ ਰਹੇ ਹਨ, ਪਰ 2006 ਦੀ ਮਰਦਮਸ਼ੁਮਾਰੀ ਵਿੱਚ 910 ਪੰਜਾਬੀਆਂ ਨੇ ਆਪਣੇ ਘਰਾਂ ਵਿੱਚ ਪੰਜਾਬੀ ਬੋਲਣ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ 2011 ਦੀ ਮਰਦਮਸ਼ੁਮਾਰੀ ਵਿੱਚ 1280 ਪਰਿਵਾਰਾਂ ਨੇ ਪੰਜਾਬੀ ਭਾਸ਼ਾ ਨੂੰ ਆਪਣੇ ਪਰਿਵਾਰਾਂ ਦੀ ਪਹਿਲੀ ਭਾਸ਼ਾ ਦੱਸਿਆ। ਪ੍ਰਿੰਸ ਜੌਰਜ ਵਿੱਚ ਦੋ ਗੁਰਦੁਆਰੇ ਗੁਰੂ ਨਾਨਕ ਦਰਬਾਰ ਸਿੱਖ ਟੈਂਪਲ, ਡੈਵਿਸ ਰੋਡ ਅਤੇ ਗੁਰੂ ਗੋਬਿੰਦ ਸਿੰਘ ਟੈਂਪਲ, ਕੈਲੀ ਸਟਰੀਟ ਹਨ। ਇਨ੍ਹਾਂ ਦੋਵੇਂ ਹੀ ਗੁਰਦੁਆਰਿਆਂ ਵਿੱਚ ਰੋਜ਼ਾਨਾ ਕਰੀਬ 250 ਤੋਂ 300 ਲੋਕ ਹਾਜ਼ਰੀ ਭਰਦੇ ਹਨ।
ਦੂਸਰੇ ਪਾਸੇ ਪ੍ਰਿੰਸ ਜੌਰਜ ਤੋਂ ਕਰੀਬ 718 ਕਿਲੋਮੀਟਰ ਦੂਰ ਪ੍ਰਿੰਸ ਰੂਪਰਟ ਵਿੱਚ 2006 ਵਿੱਚ 535 ਦੱਖਣੀ ਏਸ਼ੀਆਈ ਘੱਟ ਗਿਣਤੀਆਂ ਸਨ। ਸ਼ੁਰੂ ਵਿੱਚ ਪ੍ਰਿੰਸ ਰੂਪਰਟ ਵਿੱਚ ਕੋਈ ਵੀ ਗੁਰਦੁਆਰਾ ਨਹੀਂ ਸੀ। 1972 ਵਿੱਚ ਇੱਥੇ ਇੰਡੋ-ਕੈਨੇਡੀਅਨ ਐਸੋਸੀਏਸ਼ਨ ਸਥਾਪਿਤ ਕੀਤੀ ਗਈ, ਜਿਸ ਨੇ 38000 ਡਾਲਰ ਵਿੱਚ ਜਗ੍ਹਾ ਖ਼ਰੀਦ ਕੇ ਵਿਸ਼ਾਲ ਗੁਰਦੁਆਰੇ ਦਾ ਨਿਰਮਾਣ ਕੀਤਾ। 16 ਜੂਨ 1974 ਨੂੰ ਇਸ ਸੰਸਥਾ ਦਾ ਨਾਂ ਬਦਲ ਕੇ ਇੰਡੋ-ਕੈਨੇਡੀਅਨ ਸਿੱਖ ਐਸੋਸੀਏਸ਼ਨ ਰੱਖ ਦਿੱਤਾ ਗਿਆ। ਇਨ੍ਹਾਂ ਸ਼ਹਿਰਾਂ ਵਿੱਚ ਰਹਿ ਰਹੇ ਪੰਜਾਬੀ ਉਪਜਾਊ ਜ਼ਮੀਨਾਂ ’ਤੇ ਖੇਤੀ ਕਰਨ ਜਾਂ ਫਿਰ ਘਰ ਬਣਾਉਣ ਦੇ ਕੰਮਾਂ ਵਿੱਚ ਜੁਟੇ ਹੋਏ ਹਨ। ਸਮੁੱਚੇ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ’ਤੇ ਕਾਬਜ਼ ਪੰਜਾਬੀ ਭਾਈਚਾਰਾ ਵੱਡੇ ਸ਼ਹਿਰਾਂ ਦੇ ਮੁਕਾਬਲੇ ਘੱਟ ਮਹਿੰਗਾਈ ਵਾਲੇ ਦੂਰ ਦੁਰਾਡੇ ਵਾਲੇ ਸ਼ਹਿਰਾਂ ਜਾਂ ਛੋਟੇ ਕਸਬਿਆਂ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਬਿਨਾਂ ਪੰਜਾਬੀ ਭਾਈਚਾਰਾ ਕੈਨੇਡਾ ਦੀ ਟੈਕਸੀ ਸਨਅਤ ਉੱਪਰ ਵੀ ਪੂਰੀ ਤਰ੍ਹਾਂ ਆਪਣਾ ਦਬ-ਦਬਾ ਬਣਾ ਚੁੱਕਾ ਹੈ। ਪੰਜਾਬੀ ਵਿਦੇਸ਼ ਦੀ ਧਰਤੀ ਦੇ ਭਾਵੇਂ ਕਿਸੇ ਵੀ ਕੋਨੇ ਵਿੱਚ ਰਹਿਣ, ਪਰ ਉਹ ਹਮੇਸ਼ਾਂ ਆਪਣੇ ਬੱਚਿਆਂ ਨੂੰ ਸਿੱਖ ਧਰਮ ਜਾਂ ਪੰਜਾਬੀ ਜ਼ੁਬਾਨ ਨਾਲ ਜੋੜਨ ਨੂੰ ਤਰਜੀਹ ਦਿੰਦੇ ਹਨ। ਇਹੀ ਕਾਰਨ ਹੈ ਕਿ ਕੈਨੇਡੀਅਨ ਪੰਜਾਬੀਆਂ ਦੇ ਬਹੁਤ ਹੀ ਘੱਟ ਪਰਿਵਾਰ ਹੋਣਗੇ ਜੋ ਆਪਣੇ ਘਰਾਂ ਵਿੱਚ ਅੰਗਰੇਜ਼ੀ ਬੋਲਦੇ ਹਨ। ਬਹੁਗਿਣਤੀ ਪਰਿਵਾਰਾਂ ਦੇ ਬੱਚੇ ਘਰਾਂ ਵਿੱਚ ਠੇਠ ਪੰਜਾਬੀ ਵਿੱਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ।
ਸੰਪਰਕ: 001-778-980-9196 (ਵੈਨਕੂਵਰ-ਕੈਨੇਡਾ)
News Source link
#ਰਮਣਕ #ਸ਼ਹਰ #ਪਰਸ #ਜਰਜ