ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਗਏ ਹਨ। ਉਹ ਪਿਛਲੇ ਕਈ ਦਿਨਾਂ ਤੋਂ ਲੌਕਡਾਊਨ ‘ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਘਰ ਪਹੁੰਚਾਉਣ ‘ਚ ਮਦਦ ਕਰ ਰਹੇ ਹਨ। ਹੁਣ ਤਕ ਉਨ੍ਹਾਂ ਨੇ 12 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਸੋਨੂੰ ਸੂਦ ਨੇ ਕਿਹਾ ਕਿ ਇੱਕ ਸਮੇਂ ਮੈਂ ਵੀ ਪ੍ਰਵਾਸੀ ਸੀ। ਇਸ ਲਈ ਮੈਂ ਉਨ੍ਹਾਂ ਦੇ ਦਰਦ ਤੇ ਸੰਘਰਸ਼ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ।
ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, “ਮੈਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਿਹਾ ਹਾਂ, ਕਿਉਂਕਿ ਮੈਂ ਵੀ ਕਦੇ ਇੱਕ ਪ੍ਰਵਾਸੀ ਸੀ ਜੋ ਬਹੁਤ ਸਾਰੇ ਸੁਪਨੇ ਲੈ ਕੇ ਮੁੰਬਈ ਆਇਆ ਸੀ। ਮੈਨੂੰ ਤਸਵੀਰਾਂ ਤੋਂ ਪਤਾ ਲੱਗਿਆ ਕਿ ਉਹ ਕਿੰਨੀ ਮੁਸੀਬਤ ਵਿੱਚੋਂ ਲੰਘ ਰਹੇ ਹਨ। ਉਹ ਹਜ਼ਾਰਾਂ ਕਿਲੋਮੀਟਰ ਸੜਕਾਂ ‘ਤੇ ਪੈਦਲ ਚੱਲ ਰਹੇ ਹਨ। ਇਸ ਲਈ ਮੈਨੂੰ ਆਪਣੇ ਸ਼ੁਰੂਆਤੀ ਦਿਨਾਂ ਦੀ ਯਾਦ ਆ ਗਈ। ਮੈਂ ਪਹਿਲੀ ਵਾਰ ਬਿਨਾਂ ਰਾਖਵੀਂ ਟਿਕਟ ਰੇਲ ਗੱਡੀ ਰਾਹੀਂ ਮੁੰਬਈ ਆਇਆ ਸੀ। ਮੈਂ ਰੇਲ ਦੇ ਦਰਵਾਜ਼ੇ ‘ਤੇ ਖੜੇ ਹੋ ਕੇ ਅਤੇ ਪਖਾਨੇ ਕੋਲ ਸੌਂ ਕੇ ਮੁੰਬਈ ਪਹੁੰਚਿਆ ਸੀ। ਮੈਨੂੰ ਪਤਾ ਹੈ ਕਿ ਸੰਘਰਸ਼ ਕੀ ਹੁੰਦਾ ਹੈ।”
ਸੋਨੂੰ ਸੂਦ ਅਤੇ ਉਨ੍ਹਾਂ ਦੀ ਟੀਮ ਨੇ ਹਜ਼ਾਰਾਂ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਮੁੰਬਈ ਤੋਂ ਕਰਨਾਟਕ, ਰਾਜਸਥਾਨ, ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼ ਤੇ ਬਿਹਾਰ ਭੇਜਿਆ ਹੈ ਅਤੇ ਅਜੇ ਵੀ ਕੰਮ ਜਾਰੀ ਹੈ। ਉਨ੍ਹਾਂ ਦੀ ਪਤਨੀ ਸੋਨਾਲੀ, ਬੇਟੇ ਅਹਿਸਾਨ ਤੇ ਅਯਾਨ ਵੀ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਹੁਣੇ ਇਕ ਹੈਲਪਲਾਈਨ ਜਾਰੀ ਕੀਤੀ ਹੈ, ਜਿਸ ਰਾਹੀਂ ਲੋਕ ਸਾਡੇ ਨਾਲ ਸੰਪਰਕ ਕਰ ਰਹੇ ਹਨ। ਜਦੋਂ ਕਾਲ ਆਉਂਦੀ ਹੈ, ਮੇਰੀ ਪਤਨੀ ਨੋਟ ਕਰਦੀ ਹੈ ਅਤੇ ਮੇਰਾ ਬੇਟਾ ਇੱਕ ਸੂਚੀ ਤਿਆਰ ਕਰਦਾ ਹੈ ਕਿ ਕਿਹੜੀ ਬੱਸ ਵਿੱਚ ਕੌਣ ਸਵਾਰ ਹੋਵੇਗਾ। ਇਸ ਦੇ ਨਾਲ ਹੀ ਸੋਨੂੰ ਸੂਦ ਬੱਸ ਟਰੈਵਲ ਦੇ ਪੇਪਰਵਰਕ ਅਤੇ ਮੈਡੀਕਲ ਟੈਸਟ ਰਿਪੋਰਟਾਂ ‘ਤੇ ਵੀ ਨਜ਼ਰ ਰੱਖਦੇ ਹਨ।