ਹਰਿਆਣਾ ਦੇ ਗੁਰੂਗ੍ਰਾਮ ਤੋਂ ਆਪਣੇ ਪਿਓ ਨੂੰ ਸਾਈਕਲ ‘ਤੇ ਬਿਠਾ ਕੇ ਬਿਹਾਰ ਦੇ ਦਰਭੰਗਾ ਲਿਆਉਣ ਵਾਲੀ ਜਯੋਤੀ ‘ਤੇ ਹੁਣ ਛੇਤੀ ਹੀ ਫ਼ਿਲਮ ਬਣੇਗੀ। ਫ਼ਿਲਮ ਨਿਰਮਾਤਾ ਸਹਿ-ਨਿਰਦੇਸ਼ਕ ਵਿਨੋਦ ਕਾਪੜੀ ਨੇ ਜਯੋਤੀ ਅਤੇ ਉਸ ਦੇ ਪਿਤਾ ਮੋਹਨ ਪਾਸਵਾਨ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਜਯੋਤੀ ਤੇ ਉਸ ਦੇ ਪਿਤਾ ਦੀ ਸਹਿਮਤੀ ਤੋਂ ਬਾਅਦ ਫ਼ਿਲਮ ਤੇ ਵੈੱਬ ਸੀਰੀਜ਼ ਬਣਾਉਣ ਵਾਲੀ ਭਾਗੀਰਥ ਫ਼ਿਲਮ ਪ੍ਰਾਈਵੇਟ ਲਿਮਟਿਡ (ਬੀਐਫਪੀਐਲ) ਨਾਲ ਵੀ ਇਕਰਾਰਨਾਮਾ ਕੀਤਾ ਗਿਆ ਹੈ। ਇਹੀ ਨਹੀਂ, ਜਯੋਤੀ ਦੇ ਪਿਤਾ ਮੋਹਨ ਪਾਸਵਾਨ ਨੇ ਵੀ ਕੰਪਨੀ ਦੇ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਹਾਲਾਂਕਿ, ਸਮਝੌਤੇ ਦੀ ਰਕਮ ਦਾ ਖੁਲਾਸਾ ਨਹੀਂ ਹੋਇਆ ਹੈ।
ਫ਼ਿਲਮ ਦਾ ਆਫ਼ਰ ਮਿਲਣ ਤੋਂ ਬਾਅਦ ਪੂਰੇ ਪਰਿਵਾਰ ‘ਚ ਖੁਸ਼ੀ ਵੇਖਣ ਨੂੰ ਮਿਲੀ। ਜਯੋਤੀ ਦੇ ਪਿਤਾ ਨੇ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਜਯੋਤੀ ਦੀ ਕਹਾਣੀ ‘ਤੇ ਇਕ ਫ਼ਿਲਮ ਦਿਖਾਈ ਜਾਵੇਗੀ। ਇਸ ਨਾਲ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਨਾਲ ਹੀ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਬੇਟਾ-ਬੇਟੀ ‘ਚ ਫ਼ਰਕ ਨਾ ਕਰਨ। ਅੱਜ ਉਸ ਦੀ ਪਛਾਣ ਅਤੇ ਨਾਂਅ ਉਨ੍ਹਾਂ ਦੀ ਧੀ ਕਾਰਨ ਹੋਇਆ ਹੈ।
ਬੀਐਫਪੀਐਲ ਦੇ ਬੁਲਾਰੇ ਮਹਿੰਦਰ ਸਿੰਘ ਨੇ ਦਿੱਲੀ ‘ਚ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਯੋਤੀ ਦੀ ਕਹਾਣੀ ਚੁਣੌਤੀਆਂ ਨਾਲ ਭਰੀ ਹੋਈ ਹੈ। ਇੱਕ ਮਜ਼ਦੂਰ ਦੀ ਸੰਘਰਸ਼ ਦੀ ਕਹਾਣੀ ਹੈ ਅਤੇ ਇਹ ਬਹੁਤ ਪ੍ਰੇਰਣਾਦਾਇਕ ਵੀ ਹੈ।
ਫ਼ਿਲਮ ਨਿਰਮਾਤਾ ਵਿਨੋਦ ਕਾਪੜੀ ਨੇ ਦੱਸਿਆ ਕਿ ਉਹ ਜਾਣਦੇ ਹਨ ਕਿ ਇਹ ਯਾਤਰਾਵਾਂ ਕਿੰਨੀਆਂ ਖ਼ਤਰਨਾਕ ਹਨ, ਜਿਸ ‘ਤੇ ਉਨ੍ਹਾਂ ਦੀ ਡਾਕੂਮੈਂਟਰੀ ਛੇਤੀ ਹੀ ਆਉਣ ਵਾਲੀ ਹੈ। ਪਰ ਉਹ ਜਯੋਤੀ ਦੀ ਕਹਾਣੀ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨਾ ਚਾਹੁੰਦੇ ਹਨ, ਕਿਉਂਕਿ ਸੰਘਰਸ਼ ਪਿਤਾ ਤੇ ਧੀ ਦਾ ਹੈ।