38.6 C
Patiāla
Monday, June 24, 2024

ਮਰਹੂਮ ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਸਮਕਾਲੀ ਫੁੱਲ ਬੈਕ ਬਲਦੇਵ ਸਿੰਘ

Must read


ਅੱਜ ਦੇ ਹਾਕੀ ਖਿਡਾਰੀ ਸਾਡੇ ਨਾਲੋਂ ਬੜੇ ਸੌਖੇ ਹਨ: ਓਲੰਪੀਅਨ ਬਲਦੇਵ ਸਿੰਘ

 

ਓਲੰਪੀਅਨ ਬਲਦੇਵ ਸਿੰਘ ਹਾਕੀ ਦੇ ਹਲਕਿਆਂ ਦਾ ਉੱਘਾ ਨਾਮ ਹੈ, ਜਿਸ ਦੀ ਰੱਖਿਅਕ ਖੇਡ ਤੇ ਪੈਨਲਟੀ ਕਾਰਨਰ ਹਿੱਟ ਦਾ ਕੋਈ ਆਰ-ਪਾਰ ਨਹੀਂ ਸੀ। ਉਸ ਦੀ ਹਾਕੀ ਕਲਾ ’ਚ ਇਕ ਰਵਾਨਗੀ ਸੀ, ਜਿਸ ਕਰਕੇ ਉਸ ਦੀ ਖੇਡ ਸ਼ੈਲੀ ਦੀ ਤੁਲਨਾ ਨਾਰਮਲ ਤੇ ਸਿਹਤਮੰਦ ਬੰਦੇ ਦੇ ਸਾਹਾਂ ਨਾਲ ਕੀਤੀ ਗਈ। ਉਹ ਲੰਮਾ ਸਮਾਂ ਰੂਹ ਦੇ ਜ਼ੋਰ ਨਾਲ ਕੌਮੀ ਤੇ ਕੌਮਾਂਤਰੀ ਹਾਕੀ ਖੇਡਿਆ। ਆਪਣੇ ਹਾਕੀ ਖੇਡਣ ਦੇ ਕਿਆਮ ਦੌਰਾਨ ਉਸ ਨੇ ਮੈਦਾਨ ’ਚ ਖੇਡਦਿਆਂ ਨਰੋਏ ਤੇ ਸਾਵੇਂ ਖਿਡਾਰੀਆਂ ਨਾਲ ਜਿੱਤਾਂ ਤੇ ਹਾਰਾਂ ਦੇ ਕਈ ਖੱਟੇ-ਮਿੱਠੇ ਅਨੁਭਵ ਸਾਂਝੇ ਕੀਤੇ, ਜਿਹੜੇ ਅੱਜ ਤੱਕ ਉਸ ਨੂੰ ਸਧਰਾਂ ਨਾਲ ਜਿਊਣ ਦਾ ਬੱਲ ਬਖਸ਼ ਰਹੇ ਹਨ।

 

ਉਸ ਨੂੰ ਇਸ ਗੱਲੋਂ ਵੀ ਧਨੀ ਖਿਡਾਰੀ ਆਂਕਿਆ ਗਿਆ ਕਿਉਂਕਿ ਕੋਈ ਵੀ ਮੈਚ ਜਿੱਤਣ ਤੋਂ ਬਾਅਦ ਉਹ ਅਕਸਰ ਕਿਹਾ ਕਰਦਾ ਸੀ ਕਿ ਜਿੱਥੇ ਆਪਣੀ ਪ੍ਰਾਪਤੀ ’ਤੇ ਜਿਥੇ ਖੁਸ਼ ਹੋਣੀ ਚੰਗੀ ਗੱਲ ਹੈ ਉਥੇ ਮੈਚ ਖੇਡਦੇ ਸਮੇਂ ਹੋਈਆਂ ਆਪਣੀਆਂ ਖੇਡ ਕਮੀਆਂ ਦਾ ਲੇਖਾ-ਜੋਖਾ ਕਰਨਾ ਵੀ ਖੇਡ ਦਾ ਜ਼ਰੂਰੀ ਪੱਖ ਹੁੰਦਾ ਹੈ। ਉਸ ਅਨੁਸਾਰ ਹਰ ਜੇਤੂ ਸਫਰ ਤੈਅ ਕਰਨ ਵਾਲੇ ਖਿਡਾਰੀ ਨੂੰ ਠੰਢੇ ਮਨ ਨਾਲ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿੱਤ ਤੇੇ ਲੋਕ ਵਡਿਆਈ ਦਾ ਨਸ਼ਾ ਬਹੁਤਿਆਂ ਨੂੰ ਕੱਖੋਂ ਹੌਲਾ ਕਰਕੇ ਧਰਤੀ ’ਤੇ ਖਿਲਾਰ ਦੇਂਦਾ ਹੈ।

 

ਬਲਦੇਵ ਸਿੰਘ ਆਪਣੇ ਆਪ ਨੂੰ ਇਸ ਲਈ ਅਮੀਰ ਖਿਡਾਰੀ ਮੰਨਦਾ ਹੈ ਕਿਉਂਕਿ ਉਸ ਨੂੰ ਖੇਡ ਦੇ ਮੈਦਾਨ ਜਾਂ ਕੈਂਪਾਂ ’ਚ ਉਨ੍ਹਾਂ ਹਾਕੀ ਖਿਡਾਰੀਆਂ ਦਾ ਸੰਗ ਮਾਨਣ ਦਾ ਮੌਕਾ-ਮੇਲ ਨਸੀਬ ਹੋਇਆ, ਜਿਨ੍ਹਾਂ ਨੂੰ ਆਉਣ ਵਾਲਾ ਹਾਕੀ ਦਾ ਵਕਤ ਹਮੇਸ਼ਾ ਯਾਦ ਕਰਦਾ ਰਹੇਗਾ। ਉਹ ਦਾ ਮਨ ਹਰ ਵੇਲੇ ਦੇਸ਼ ਦੀ ਹਾਕੀ ਦੀ ਚੜ੍ਹਤ ਨੂੰ ਲੋਚਦਾ ਰਿਹਾ। ਇਸੇ ਕਰਕੇ ਉਹ ਕਹਿੰਦਾ ਹੈ ਕਿ ਦੇਸ਼ ਲਈ ਖੇਡਣਾ ਰੋਮਾਂਚਕਾਰੀ ਹੀ ਨਹੀਂ ਸਗੋਂ ਅੰਬਰ ’ਤੇ ਪੈਰ ਰੱਖਣ ਦੇ ਤੁਲ ਹੁੰਦਾ ਹੈ। ਸੱਚਮੁਚ ਹੀ ਬਲਦੇਵ ਹਾਕੀ ਦਾ ਵਗਦਾ ਦਰਿਆ ਸੀ ਜੋ ਸਮੇਂ ਦੀਆਂ ਹੱਦਾਂ ਨੂੰ ਮੋਢਾ ਮਾਰ ਕੇ ਸਦਾ ਪਾਣੀ ਵਾਂਗ ਵਗਦਾ ਰਿਹਾ।

 

ਮੁੱਕਦੀ ਗੱਲ ਇਹ ਕਿ ਉਸ ਨੇ ਹਾਕੀ ਨਾਲ ਤੋੜ ਨਿਭਣ ਦੀਆਂ ਕਸਮਾਂ ਖਾਈਆਂ ਹੋਈਆਂ ਸਨ, ਜਿਸ ਕਰਕੇ ਅੱਜ ਵੀ ਉਸ ਦਾ ਦਿਲ ਹਰ ਵੇਲੇ ਹਾਕੀ ਦੇ ਆਸਮਾਨ ’ਚ ਉਡਾਰੀਆਂ ਮਾਰਦਾ ਰਹਿੰਦਾ ਹੈ। 

ਅੱਜ ਦੇ ਹਾਕੀ ਖਿਡਾਰੀ ਸਾਡੇ ਨਾਲੋਂ ਬੜੇ ਸੌਖੇ ਹਨ: ਓਲੰਪੀਅਨ ਬਲਦੇਵ ਸਿੰਘ

ਬਲਦੇਵ ਸਿੰਘ ਮਰਹੂਮ ਹਾਕੀ ਖਿਡਾਰੀ ਸੁਰਜੀਤ ਸਿੰਘ ਦਾ ਜੋਟੀਦਾਰ ਹੀ ਨਹੀਂ ਸਗੋਂ ਹਾਕੀ ਜਗਤ ’ਚ ਦੋਹਾਂ ਦੀ ਗੂੁੜੀ ਮਿੱਤਰਤਾ ਦੇ ਕਿੱਸੇ ਹਾਕੀ ਦੇ ਇਤਿਹਾਸ ਦੇ ਪੰਨਿਆਂ ਨਾਲ ਪੱਕੇ ਤੌਰ ’ਤੇ ਜੁੜੇ ਹੋਏ ਹਨ। ਸਮਕਾਲੀ ਫੁੱਲ ਬੈਕਸ ਖਿਡਾਰੀ ਹੋਣ ਕਰਕੇ ਦੋਵੇਂ ਪੈਨਲਟੀ ਕਾਰਨਰ ਹਿੱਟ ਲਾਉਣ ਦੇ ਸਪੈਸ਼ਲਿਸਟ ਵੀ ਸਨ। ਦੋਵੇਂ ਬਾਰੇ ਹਾਕੀ ਦੇ ਗਲਿਆਰਿਆਂ ’ਚ ਇਹ ਆਮ ਧਾਰਨਾ ਸੀ ਕਿ ਜਦੋਂ ਉਹ ਪੈਨਲਟੀ ਕਾਰਨਰ ਹਿੱਟ ਲਾਉਂਦੇ ਸਨ ਤਾਂ ਗੋਲ ਪੋਸਟ ਨੂੰ ਸਾਂਭ ਰਹੇ ਨਰੋਏ ਤੋਂ ਨਰੋਏ ਗੋਲਕੀਪਰਾਂ ਨੂੰ ਵੀ ਕਾਂਬਾ ਚੜ੍ਹ ਜਾਂਦਾ ਸੀ। 

 

ਬਲਦੇਵ ਸਿੰਘ ਦਾ ਜਨਮ 23 ਅਗਸਤ, 1952 ਨੂੰ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਬਰਗਾੜੀ ’ਚ ਪੁਲੀਸ ਇੰਸਪੈੈਕਟਰ ਸ. ਦਰਸ਼ਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਰ. ਐਸ. ਡੀ. ਕਾਲਜ ਫਿਰੋਜ਼ਪੁਰ ’ਚ ਪੜ੍ਹਦਿਆਂ ਪਹਿਲਾਂ ਬਲਦੇਵ ਸਿੰਘ ਗੋਲਾ ਸੁੱਟਿਆ ਕਰਦਾ ਸੀ। ਉੱਘਾ ਥਰੋਅਰ ਹੋਣ ਸਦਕਾ ਉਸ ਨੇ ਕਾਲਜ ਤੇ ਯੂਨੀਵਰਸਿਟੀ ਪੱਧਰ ’ਤੇ ਗੋਲਾ ਸੁੱਟਣ ’ਖ ਜਿੱਤਾਂ ਵੀ ਦਰਜ ਕੀਤੀਆਂ।

 

ਸ਼ਾਟਪੁੱਟ ’ਚ ਬਹੁਤੀ ਗੱਲ ਨਾ ਬਣਦੀ ਵੇਖ ਬਲਦੇਵ ਨੇ ਹਾਕੀ ਖੇਡਣ ਦੀ ਸ਼ੁਰੂਆਤ ਕੀਤੀ ਤੇ ਉਸ ਨੂੰ ਹਾਕੀ ਖੇਡਣੀ ਰਾਸ ਵੀ ਆਈ। ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਾਕੀ ਖੇਡਣ ਸਦਕਾ ਬਲਦੇਵ ਨੇ ਸਪੋਰਟਸ ਕਾਲਜ ਜਲੰਧਰ ’ਚ ਦਾਖਲਾ ਲੈ ਲਿਆ। ਹਾਕੀ ਕੋਚ ਗੁਰਦੀਪ ਸਿੰਘ ਨੇ ਬਲਦੇਵ ਦੀ ਖੇਡ ਨੂੰ ਨਿਰਖ-ਪਰਖ ਕੇ ਉਸ ਨੂੰ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਲਈ ਫਿੱਟ ਕੀਤਾ। ਮੈਦਾਨ ਅੰਦਰ ਫੁੱਲ ਬੈਕ ਖੇਡਣ ਦੇ ਨਾਲ ਪੈਨਲਟੀ ਹਿੱਟ ਲਾਉਣ ਦਾ ਕਦਮ ਬਲਦੇਵ ਲਈ ਬਹੁਤ ਕਾਰਗਰ ਸਾਬਤ ਹੋਇਆ। ਇਤਿਹਾਸ ਵਿਸ਼ੇ ’ਚ ਪੋਸਟ-ਗਰੈਜੂਏਟ ਬਲਦੇਵ ਕਰੀਬ ਡੇਢ ਦਹਾਕਾ ਕੌਮੀ ਤੇ ਕੌਮਾਂਤਰੀ ਹਾਕੀ ’ਚ ਪੂਰੀ ਤਰ੍ਹਾਂ ਛਾਇਆ ਰਿਹਾ। ਬਲਦੇਵ ਸਿੰਘ ਬੀ. ਐਸ. ਐਫ. ’ਚ ਇਸੰਪੈਕਟਰ ਦੇ ਅਹੁਦੇ ’ਤੇ ਵੀ ਤੈਨਾਤ ਰਿਹਾ।

 

ਹਾਕੀ ਖੇਡਣ ਕਰਕੇ ਹੀ ਬੀ. ਐਸ. ਐਫ. ਦਾ ਉਸ ਸਮੇਂ ਦਾ ਡਾਇਰੈਕਟਰ ਅਸ਼ਵਨੀ ਕੁਮਾਰ ਜੋ ਦਿਲੋਂ ਹੀ ਖਿਡਾਰੀਆਂ ਨੂੰ ਪਿਆਰਦਾ ਹੁੰਦਾ ਸੀ, ਨੇ ਬਲਦੇਵ ਤੋਂ ਇਲਾਵਾ ਅਜੀਤਪਾਲ ਸਿੰਘ ਤੇ ਚਰਨਜੀਤ ਕੁਮਾਰ ਹੁਰਾਂ ਨੂੰ ਆਪਣੀ ਫੋਰਸ ’ਚ ਭਰਤੀ ਕਰਕੇ ਵਿਭਾਗ ਲਈ ਨਰੋਈ ਹਾਕੀ ਟੀਮ ਦਾ ਨਿਰਮਾਣ ਕੀਤਾ। ਹਾਕੀ ਕਿੱਲੀ ’ਤੇ ਟੰਗਣ ਦੇ ਨਾਲ ਹੀ ਬਲਦੇਵ ਨੇ ਨੌਕਰੀ ਤੋਂ ਵੀ ਸੰਨਿਆਸ ਲੈ ਲਿਆ। ਉਸ ਦੀ ਘਰ ਵਾਲੀ ਜਲੰਧਰ ’ਚ ਅਧਿਆਪਕਾ ਹੈ ਤੇ ਪੁੱਤਰ-ਪੁੱਤਰੀ ਦੋਵੇਂ ਕੈਨੇਡਾ ’ਚ ਵਧੀਆ ਸੈਟਲ ਹਨ। 

 

ਕੌਮੀ ਹਾਕੀ ’ਚ ਪੰਜਾਬ ਤੇ ਬੀ. ਐਸ. ਐਫ. ਜਲੰਧਰ ਦੀ ਪ੍ਰਤੀਨਿੱਧਤਾ ਕਰਨ ਵਾਲੇ ਬਲਦੇਵ ਨੇ ਕੈਮਾਂਤਰੀ ਹਾਕੀ ਦੇ ਮੈਦਾਨ ’ਚ ਕਦਮ ਧਰਦਿਆਂ 1970 ਬੈਂਕਾਕ ਤੇ 1974 ’ਚ ਤਹਿਰਾਨ ਏਸ਼ੀਆਡ ਹਾਕੀ ਖੇਡਣ ਤੋਂ ਇਲਾਵਾ 1971 ਬਾਰਸੀਲੋਨਾ, 1973 ਐਮਸਟਰਡਮ ਤੇ 1978 ਬਿਊੁਨਿਸ ਆਈਰਸ ਦੇ ਤਿੰਨ ਵਿਸ਼ਵ ਹਾਕੀ ਕੱਪ ਅਡੀਸ਼ਨ ਖੇਡ ਕੇ ਆਪਣੀ ਖੇਡ ਦੀ ਤੰਦ ਹਾਕੀ ਦੇ ਸੱਤ ਪੱਤਣਾਂ ਨਾਲ ਜੋੜਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਦੋਵੇਂ ਏਸ਼ਿਆਈ ਹਾਕੀ ਮੁਕਾਬਲਿਆਂ ’ਚ ਟੀਮ ਨੇ ਚਾਂਦੀ ਦਾ ਤੇ ਸੰਸਾਰ ਕੱਪ ਦੇ ਪਹਿਲੇ ਦੋ ਟੂਰਨਾਮੈਂਟਾਂ 1971 ਤੇ 1973 ’ਚ ਕਰਮਵਾਰ ਤਾਂਬੇ ਤੇ ਉਪ ਜੇਤੂ ਰਹਿ ਕੇ ਦੇਸ਼-ਵਿਦੇਸ਼ ਦੇ ਹਾਕੀ ਦੇ ਤਬਕਿਆਂ ’ਚ ਵੱਡਾ ਲੱਖਣ ਵੀ ਲਾਇਆ।

 

ਬਲਦੇਵ ਨੇ ਮਿਊਨਿਖ-1972 ਅਤੇ ਮਾਂਟੀਰੀਅਲ-1976 ਓਲੰਪਿਕ ਹਾਕੀ ’ਚ ਦੇਸ਼ ਦੀ ਨੁਮਾਇੰਦਗੀ ਕਰਕੇ ਆਪਣੇ ’ਤੇ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਲਗਵਾਇਆ। ਮਿਊਨਿਖ ਓਲੰਪਿਕ ’ਚ ਹਾਕੀ ਟੀਮ ਸੈਮੀਫਾਈਨਲ ’ਚ ਪੁੱਜੀ ਅਤੇ ਕਾਂਸੇ ਦਾ ਮੈਡਲ ਜਿੱਤਿਆ। ਇਨ੍ਹਾਂ ਵੱਡੇ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟਾਂ ’ਚ ਹਾਜ਼ਰੀ ਲਗਵਾਉਣ ਤੋਂ ਇਲਾਵਾ ਬਲਦੇਵ ਨੂੰ ਪਾਕਿਸਤਾਨ, ਮਲੇਸ਼ੀਆ, ਜਰਮਨ ਆਦਿ ਦੇਸ਼ਾਂ ਦੀਆਂ ਤਕੜੀਆਂ ਹਾਕੀ ਟੀਮਾਂ ਨਾਲ ਟੈਸਟ ਹਾਕੀ ਖੇਡਣ ਦਾ ਮਾਣ ਵੀ ਹਾਸਲ ਹੈ। 

 

ਕੁੱਝ ਅਰਸਾ ਪਹਿਲਾਂ ਓਲੰਪੀਅਨ ਬਲਦੇਵ ਸਿੰਘ ਨੂੰ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਮਦਨਮੋਹਨ ਸਿੰਘ ਮੱਦੀ ਦੇ ਘਰ ਮੁਹਾਲੀ ’ਚ ਮਿਲਣ ਦਾ ਮੌਕਾ ਨਸੀਬ ਹੋਇਆ। ਇਸ ਦੌਰਾਨ ਉਸ ਨੇ ਮੌਜੂਦਾ ਹਾਕੀ ਖਿਡਾਰੀਆਂ ਬਾਰੇ ਕਿਹਾ ਕਿ ਸਾਡੇ ਨਾਲੋਂ ਚੌਖੀਆਂ ਖੇਡ ਸਹੂਲਤਾਂ ਮਿਲਣ ਕਰਕੇ ਬਹੁਤ ਸੌਖੇ ਹਨ। ਇਸ ਲਈ ਉਹ ਮੁਕਾਬਲਤਨ ਸਾਡੇ ਨਾਲੋਂ ਜ਼ਿਆਦਾ ਬਿਹਤਰ ਖੇਡ ਰਿਜ਼ਲਟ ਦੇਣ ’ਚ ਨਾਕਾਮ ਸਿੱਧ ਹੋਏ ਹਨ। ਮੈਂ ਥੋੜੇ ਲਫਜ਼ਾਂ ’ਚ ਗੱਲ ਨਿਬੇੜਦਾ ਹਾਂ ਕਿ ਹਰ ਵਾਰ ਨਾ ਕੋਈ ਟੀਮ ਜਿੱਤਦੀ ਹੈ ਤੇ ਨਾ ਹੀ ਹਾਰਾਂ ਨੂੰ ਸਦਾ ਹੀ ਗਲ ਲਾਉਂਦੀ ਹੈ।

 

ਇਸ ਲਈ ਹਿੰਦ ਦੀ ਹਾਕੀ ਟੀਮ ਦਾ ਕੋਈ ਵੀ ਕਪਤਾਨ ਜਾਂ ਹਾਕੀ ਕੋਚ ਇਹ ਦੱਸਣ ਦੀ ਖੇਚਲ ਕਰੇ ਕਿ 1980 ਤੋਂ ਬਾਅਦ ਹਿੰਦ ਦੀ ਹਾਕੀ ਟੀਮ ਓਲੰਪਿਕ ਹਾਕੀ ਜਾਂ ਵਿਸ਼ਵ ਹਾਕੀ ਦੇ ਸੈਮੀਫਾਈਨਲ ਤੱਕ ਦੇ ਦਰ ’ਤੇ ਪਹੁੰਚਣ ’ਚ ਨਾਕਾਮ ਕਿਉਂ ਰਹੀ। ਉਸ ਦਾ ਮੰਨਣਾ ਹੈ ਕਿ ਦਿਨ ਪ੍ਰਤੀ ਦਿਨ ਦੇਸ਼ ਦੇ ਖਿਡਾਰੀਆਂ ਦੀ ਹਾਕੀ ਖੇਡ ਨੂੰ ਖੋਰਾ ਹੀ ਲੱਗ ਰਿਹਾ ਹੈ। ਅਸੀਂ ਠੋਕ ਵਜਾ ਕੇ ਮੈਚ ਜਿੱਤਿਆ ਕਰਦੇ ਸੀ ਪਰ ਅੱਜ ਦੇ ਖਿਡਾਰੀਆਂ ਦੀ ਖੇਡ ’ਚ ਰਵਾਨਗੀ ਨਾ ਹੋਣ ਕਰਕੇ ਉਨ੍ਹਾਂ ਦੀ ਮੈਦਾਨੀ ਖੇਡ ਦਾ ਘੁੱਗੂ ਹੀ ਬੋੋਲਿਆ ਪਿਆ ਹੈ। ਦੇਸ਼ ਦੀ ਹਾਕੀ ਟੀਮ ਨੂੰ ਜਿੱਤਾਂ ਦੀਆਂ ਲੀਹਾਂ ’ਤੇ ਪਾਉਣ ’ਤੇ ਬਲਦੇਵ ਦਾ ਤਰਕ ਸੀ ਕਿ ਪਹਿਲਾਂ ਤਾਂ ਹਾਕੀ ਅਧਿਕਾਰੀਆਂ ਤੇ ਮੈਦਾਨ ’ਚ ਖੇਡਦੇ ਹਾਕੀੇ ਖਿਡਾਰੀਆਂ ਪ੍ਰਤੀ ਜੋ ਸਵਾਲ ਉੱਠੇੇ ਹਨ ਉਨ੍ਹਾਂ ਦੇ ਵੀ ਜਵਾਬ ਜ਼ਰੂਰ ਲੱਭਣੇ ਪੈਣਗੇ। ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਹਾਕੀ ਦੇ ਨਿਯਮ ਤਾਂ ਬਦਲ ਗਏ ਹਨ ਪਰ ਸਾਡੀੇ ਹਾਕੀ ਦੇ ਕਰਤਿਆਂ ਦੀ ਮਾਨਸਿਕਤਾ ’ਚ ਭੋਰਾ ਵੀ ਫਰਕ ਨਹੀਂ ਪਿਆ। ਉਸ ਦਾ ਸਿੱਧਾ ਇਸ਼ਾਰਾ ਹਾਕੀ ਇੰਡੀਆ ਵੱਲ ਸੀ।

 

ਨਾ-ਸਮਝ ਹਾਕੀ ਦੇ ਪ੍ਰਬੰਧਕਾਂ ਕਰਕੇ ਜਜਮਾਨ ਵੀ ਮੰਝਧਾਰ ’ਚ ਹੀ ਗੋਤੇ ਖਾਂਦੇ ਫਿਰਦੇ ਹਨ ਤੇ ਖੇਡ ਦੀ ਬੇੜੀ ਕਿਸੇ ਤਣ-ਪੱਤਣ ਲੱਗਦੀ ਨਜ਼ਰ ਨਹੀਂ ਆਉਂਦੀ। ਲੰਡਨ-2012 ਓਲੰਪਿਕ ’ਚ ਹਾਕੀ ਟੀਮ ਤੇ ਕੋਚਿੰਗ ਕੈਂਪ ਨੇ ਜਿਹੜਾ ਚੰਨ ਚੜ੍ਹਾਇਆ ਸਭ ਦੇ ਸਾਹਮਣੇ ਹੈ। ਕੋਚਿੰਗ ਕੈਂਪ ਤੇ ਖਿਡਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖੇਡਣਾ ਕੋਈ ਮਜ਼ਾਕ ਨਹੀਂ, ਮੈਦਾਨ ਅੰਦਰ ਵਿਚਰਨਾ ਨਿਰਾ ਕੀੜਿਆਂ ਦੇ ਭੌਣ ’ਤੇ ਚੜ੍ਹਨ ਸਾਮਾਨ ਹੈ। ਬਲਦੇਵ ਹਿੱਕ ਠੋਕ ਕੇ ਕਹਿੰਦਾ ਹੈ ਕਿ ਆਲਮੀ ਹਾਕੀ ’ਚ ਜਮਰੌਧ ਦਾ ਕਿਲਾ੍ਹ ਫਤਿਹ ਕਰਨ ਵਾਲੇ ਦੇਸ਼ ਦੇ ਹਾਕੀ ਅਧਿਕਾਰੀਆਂ ਨੂੰ ਭਲੀ-ਭਾਂਤ ਪਤਾ ਹੈ ਕਿ ਹਿੰਦ ਦੀ ਹਾਕੀ ਦੇ ਪਾਵੇ ਪੰਜਾਬ ਦੀ ਧਰਤੀ ਦੇ ਪਾਤਾਲ ’ਚ ਡੂੰਘੇ ਧਸੇ ਹੋਏ ਹਨ।

 

ਇਸ ਲਈ ਖੱਬੀਖਾਨ ਖਿਡਾਰੀਆਂ ਦੀ ਭਾਲ ’ਚ ਆਲ-ਪਾਤਾਲ ’ਚ ਟੱਕਰਾਂ ਮਾਰਨ ਦੀ ਜਗਾ੍ਹ ਹਰਿਆਣਾ ਦੇ ਕੋਚ ਬਲਦੇਵ ਸਿੰਘ ਤੋਂ ਸਬਕ ਸਿੱਖਦੇ ਹੋਏ ਮਰਦਾਂ ਦੀ ਹਾਕੀ ਲਈ ਪੰਜਾਬ ’ਤੇ ਟੇਕ ਰੱਖ ਕੇ ਦੇਸ਼ ਦੀ ਹਾਕੀ ਦੇ ਸੁਨਹਿਰੇ ਦਿਨ ਵਾਪਸ ਲਿਆਏ ਜਾ ਸਕਦੇ ਹਨ। ਓਲੰਪੀਅਨ ਬਲਦੇਵ ਅਨੁਸਾਰ ਸਾਰੇ ਹੀ ਵਿਦੇਸ਼ੀ ਹਾਕੀ ਕੋਚਾਂ ਨੇ ਹਾਕੀ ਦੇ ਵਧੀਆ ਰਿਜ਼ਲਟ ਦੇਣ ਦੀ ਬਜਾਏ ਹਾਕੀ ਟੀਮ ਦਾ ਭੱਠਾ ਹੀ ਬਿਠਾਇਆ ਹੈ।

 

ਆਸਟਰੇਲੀਆ-2002 ਦੇ ਜੂਨੀਅਰ ਸੰਸਾਰ ਹਾਕੀ ਕੱਪ ’ਚ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਘਰੇਲੂ ਹਾਕੀ ਕੋਚ ਰਾਜਿੰਦਰ ਸਿੰਘ ਸੀਨੀਅਰ ਨੂੰ ਕੋਚਿੰਗ ਤੋਂ ਅਲਹਿਦਾ ਕਰਕੇ ਪਤਾ ਨਹੀਂ ਕਿਸ ਗੱਲ ਦੀ ਸਜ਼ਾ ਦਿੱਤੀ ਗਈ ਜਦਕਿ ਲੋੜ ਸੀ ਕਿ ਰਾਜਿੰਦਰ ਸਿੰਘ ਨੂੰ ਸੀਨੀਅਰ ਟੀਮ ਨਾਲ ਜੋੜ ਕੇ ਉਸ ਦੀਆਂ ਹਾਕੀ ਕੋਚਿੰਗ ਸੇਵਾਵਾਂ ਦਾ ਲਾਭ ਲਿਆ ਜਾਂਦਾ। ਮੈਂ ਤਾਂ ਇਹੋ ਕਹਾਂਗਾ ਕਿ ਜਦੋਂ ਕੁਆਲਾਲੰਪੁਰ-1975 ’ਚ ਵਿਸ਼ਵ ਚੈਂਪੀਅਨ ਕੌਮੀ ਹਾਕੀ ਟੀਮ ਦੇ ਮੈਨੇਜਰ ਤੇ ਚੀਫ ਕੋਚ ਓਲੰਪੀਅਨ ਸੀਨੀਅਰ ਬਲਬੀਰ ਸਿੰਘ, ਜਿਨ੍ਹਾਂ ਨੂੰ ਵਿਸ਼ਵ ਹਾਕੀ ’ਚ ਦੂਜਾ ਧਿਆਨ ਚੰਦ ਸਿੰਘ ਕਿਹਾ ਜਾਂਦਾ ਹੈ ਤੋਂ ਇਲਾਵਾ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਅਤੇ ਸ਼ਾਹਬਾਦ ਦੇ ਹਾਕੀ ਕੋਚ ਬਲਦੇਵ ਸਿੰਘ ਨੇ ਦੇਸ਼ ਦੀ ਕੁੜੀਆਂ ਦੀ ਹਾਕੀ ’ਚ ਹਰਿਆਣਾ ਨੂੰ ਮੋਹਰੀ ਨੂੰ ਸੂਬਾ ਬਣਾ ਕੇ ਜਿਥੇ ਵੱਡਾ ਪੁੰਨ ਖੱਟਿਆ ਹੈ ਉਥੇ ਦੇਸ਼ ਦੀਆਂ ਸਾਰੀਆਂ ਹਾਕੀ ਟੀਮਾਂ ’ਚ ਹਰਿਆਣਾ ਦੀਆਂ ਖਾਸ ਕਰ ਸ਼ਾਹਬਾਦ ਦੀਆਂ ਲੜਕੀਆਂ ਚੜ੍ਹਤ ਨਾਲ ਆਪਣਾ ਨਾਂ ਵੀ ਹਾਕੀ ਦੇ ਨਕਸ਼ੇ ’ਤੇ ਚਮਕਾਇਆ ਹੈ, ਜਿਹੇ ਨਾਮਵਰ ਘਰੇਲੂ ਕੋਚਾਂ ਦੀਆਂ ਕੋਚਿੰਗ ਸੇਵਾਵਾਂ ਦਾ ਕੌਮੀ ਹਾਕੀ ਟੀਮਾਂ ਲਈ ਲਾਹਾ ਲੈਣਾ ਚਾਹੀਦਾ ਹੈ। 

 

ਕਿਸੇ ਸਮੇਂ ਦੇਸ਼ ਦੀ ਹਾਕੀ ਦੀ ਮਾਲਾ ਦਾ ਲਿਸ਼ਕਦਾ ਮੋਤੀ ਰਿਹਾ ਹਾਕੀ ਓਲੰਪੀਅਨ ਬਲਦੇਵ ਨੂੰ ਜਦੋਂ ਸੁਰਜੀਤ ਤੇ ਵਰਿੰਦਰ ਨਾਲ ਪਟਿਆਲਾ ਦਾ ਹਾਕੀ ਕੈਂਪ ਛੱਡਣ ਸਬੰਧੀ ਸਵਾਲ ਕੀਤਾ ਤਾਂ ਬਲਦੇਵ ਦੀਆਂ ਅੱਖਾਂ ’ਚ ਇਕਦਮ ਚਮਕ ਆ ਜਾਂਦੀ ਹੈ ਤੇ ਉਹ ਕਹਿੰਦਾ ਹੈ ਕਿ ਉਸ ਸਮੇਂ ਦੇ ਹਾਕੀ ਸੰਘ ਦੇ ਪ੍ਰਧਾਨ ਰਾਮਾਸਵਾਮੀ ਦਾ ਸ਼ਰੇਆਮ ਸਾਡੇ ਵੱਲ ਇਸ਼ਾਰਾ ਕਰਕੇੇ ਇਹ ਕਹਿਣਾ ਕਿ ਇਨ੍ਹਾਂ ਸਿੱਖ ਖਿਡਾਰੀਆਂ ਨੇ ਦੇਸ਼ ਦੀ ਹਾਕੀ ਦਾ ਬੇੜਾ ਗਰਕ ਕੀਤਾ ਹੈ। ਇਸ ’ਤੇ ਅਸੀਂ ਤਿੰੰਨਾਂ ਨੇ ਪੰਜਾਬੀਆਂ ਪ੍ਰਤੀ ਅਪ-ਸ਼ਬਦ ਨਾ ਸਹਾਰਦੇ ਹੋਏ ਆਪਣੇ ਹਾਕੀ ਕੈਰੀਅਰ ਨੂੰ ਦਾਅ ’ਤੇ ਲਾ ਕੇ ਪਟਿਆਲੇ ਦਾ ਹਾਕੀ ਕੈਂਪ ਵਿਚ-ਵਿਚਾਲੇ ਛੱਡਣ ਨੂੰ ਤਰਜੀਹ ਦਿੱਤੀ।   

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

News Source link

- Advertisement -

More articles

- Advertisement -

Latest article