38.3 C
Patiāla
Sunday, July 21, 2024

ਪੰਜਾਬੀਆਂ ਦੀ ਸੂਝ ਤੇ ‘ਆਪ’ ਦੀ ਜ਼ਿੰਮੇਵਾਰੀ

Must read

ਪੰਜਾਬੀਆਂ ਦੀ ਸੂਝ ਤੇ ‘ਆਪ’ ਦੀ ਜ਼ਿੰਮੇਵਾਰੀ


ਡਾ. ਬਲਵਿੰਦਰ ਸਿੰਘ/ ਸੰਦੀਪ ਕੌਰ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਆਮ ਆਦਮੀ ਖੁਸ਼ੀ ਤੇ ਤਸੱਲੀ ਦਾ ਅਨੁਭਵ ਕਰ ਰਿਹਾ ਹੈ। ਅਸਲੀਅਤ ਇਹ ਵੀ ਹੈ ਕਿ ਜਿੱਥੇ ਬਾਹਰਲੇ ਪੰਜਾਬੀਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਕਰਕੇ ਹੈ, ਉਸ ਤੋਂ ਕਿਤੇ ਵੱਧ ਰਵਾਇਤੀ ਪਾਰਟੀਆਂ ਦੇ ਹਾਰ ਜਾਣ ’ਤੇ ਹੈ। ਜਦੋਂ ਅਸੀਂ ਪਰਦੇਸੀਂ ਵੱਸਦੇ ਇੱਕ ਆਮ ਪੰਜਾਬੀ ਦੀ ਗੱਲ ਕਰ ਰਹੇ ਹਾਂ ਤਾਂ ਸਾਡਾ ਮਤਲਬ ਉਸ ਪੰਜਾਬੀ ਤੋਂ ਹੈ ਜੋ ਇੱਕ ਸੁਚੱਜੀ ਸੋਚ ਦਾ ਮਾਲਕ ਹੋਣ ਦੇ ਨਾਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਵਿੱਚ ਵਿਸ਼ਵਾਸ ਰੱਖਦਾ ਹੈ। ਜ਼ਾਹਿਰ ਹੈ ਕਿ ਇਹੋ ਜਿਹਾ ਪੰਜਾਬੀ, ਬੇਸ਼ੱਕ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਕ ਕਿਉਂ ਨਾ ਰਿਹਾ ਹੋਵੇ, ਉਹ ਏਸ ਸੱਜਰੀ ਤੇ ਵੱਡੀ ਤਬਦੀਲੀ ਦਾ ਸਵਾਗਤ ਜ਼ਰੂਰ ਕਰੇਗਾ।

ਲੰਮੇ ਸਮੇਂ ਤੋਂ ਬਾਹਰਲੇ ਦੇਸ਼ਾਂ ਵਿੱਚ ਵੱਸ ਰਹੇ ਲੱਖਾਂ ਪੰਜਾਬੀਆਂ ਨੇ ਜਿੰਨੀਆਂ ਮਰਜ਼ੀ ਸਹੂਲਤਾਂ ਦਾ ਆਨੰਦ ਮਾਣਿਆ ਹੋਵੇ, ਉਹ ਜ਼ਿਹਨੀ ਤੌਰ ’ਤੇ ਪੰਜਾਬ ਵਿੱਚ ਗੁਜ਼ਾਰੇ ਆਪਣੇ ਬਚਪਨ ਜਾਂ ਜਵਾਨੀ ਦੇ ਦਿਨਾਂ ਨੂੰ ਕਦੇ ਵੀ ਵਿਸਾਰ ਨਹੀਂ ਸਕੇ। ਉਹ ਆਨੀ ਬਹਾਨੀ ਪੰਜਾਬ ਦਾ ਗੇੜਾ ਮਾਰਦੇ ਹੀ ਰਹਿੰਦੇ ਹਨ ਤੇ ਆਪਣੀ ਮਿੱਟੀ ਪ੍ਰਤੀ ਆਪਣੇ ਮੋਹ ਨੂੰ ਨਵਿਆਉਂਦੇ ਰਹਿੰਦੇ ਹਨ। ਉਹ ਕਦੀ ਵੀ ਆਪਣੀ ਧਰਤੀ ਨਾਲੋਂ ਟੁੱਟ ਨਹੀਂ ਸਕੇ। ਹਾਂ, ਆਪਣੀ ਹਰ ਫੇਰੀ ਤੋਂ ਪਰਤਣ ਬਾਅਦ ਉਨ੍ਹਾਂ ਦੇ ਮਨ ਪਹਿਲਾਂ ਨਾਲੋਂ ਵੱਧ ਉਦਾਸ ਜ਼ਰੂਰ ਹੁੰਦੇ ਹਨ। ਇਸ ਉਦਾਸੀ ਦਾ ਸਬੱਬ ਪੰਜਾਬ ਨੂੰ ਛੱਡ ਕੇ ਆਉਣਾ ਨਹੀਂ, ਸਗੋਂ ਪੰਜਾਬ ਦੀ ਬਦ ਤੋਂ ਬਦਤਰ ਹੋ ਰਹੀ ਹਾਲਤ ਹੁੰਦਾ ਹੈ। ਪੰਜਾਬ ਦੀ ਬਿਹਤਰੀ ਦੀ ਸੁੱਖ ਮੰਗਣ ਵਾਲਾ ਕੋਈ ਵਿਰਲਾ ਹੀ ਪੰਜਾਬੀ ਹੋਵੇਗਾ ਜੋ ਪੰਜਾਬ ਦੀ ਅਜੋਕੀ ਆਰਥਿਕ, ਸਮਾਜਿਕ ਤੇ ਸਿਆਸੀ ਸਥਿਤੀ ਤੋਂ ਨਿਰਾਸ਼ ਨਾ ਹੋਵੇ।

ਕਿਸਾਨੀ ਦੀ ਨਿਰੰਤਰ ਨਿੱਘਰ ਰਹੀ ਹਾਲਤ, ਖੇਤੀ ਦੀ ਲਗਾਤਾਰ ਵਧ ਰਹੀ ਲਾਗਤ ਤੇ ਫ਼ਸਲਾਂ ਦੀ ਘਟ ਰਹੀ ਕੀਮਤ, ਛੋਟੇ ਕਿਸਾਨਾਂ ਦੇ ਸਿਰ ਵਧ ਰਹੇ ਵੱਡੇ ਕਰਜ਼ਿਆਂ ਦਾ ਬੋਝ, ਖ਼ੁਦਕੁਸ਼ੀਆਂ ਦੀ ਭਰਮਾਰ, ਸਰਕਾਰੀ ਸਕੂਲਾਂ ਦੀ ਮੰਦਹਾਲੀ, ਸਿਹਤ ਸੇਵਾਵਾਂ ਦੀ ਕਮੀ, ਜਨਤਕ ਟਰਾਂਸਪੋਰਟ ਦੀ ਖਸਤਾ ਹਾਲਤ, ਸੜਕਾਂ ਦੀ ਦੁਰਦਸ਼ਾ, ਹੱਡਾਂ ਵਿੱਚ ਰਚੀ ਹੋਈ ਰਿਸ਼ਵਤ ਖੋਰੀ, ਨਸ਼ਿਆਂ ਦਾ ਰੁਝਾਨ, ਰੇਤ ਮਾਫ਼ੀਆ ਦੀਆਂ ਮਨਆਈਆਂ, ਗੈਂਗਸਟਰਾਂ ਦੇ ਟੋਲਿਆਂ ਵਿੱਚ ਵਾਧਾ – ਇਹ ਕੁਝ ਕੁ ਉਹ ਤੱਥ ਨੇ ਜੋ ਹਰ ਸੁਹਿਰਦ ਪੰਜਾਬੀ ਦੇ ਦਿਲ ਨੂੰ ਧੂਹ ਪਾਉਂਦੇ ਹਨ। ਜਿਸ ਤਰੀਕੇ ਪੰਜਾਬ ਦੀ ਨੌਜਵਾਨੀ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਦੇ ਨਾਮ ’ਤੇ ਆਉਣੀ ਸ਼ੁਰੂ ਹੋਈ ਹੈ, ਉਹ ਪੰਜਾਬ ਦੇ ਭਵਿੱਖ ਲਈ ਕੋਈ ਚੰਗੀ ਨਿਸ਼ਾਨੀ ਨਹੀਂ। ਬਿਨਾਂ ਸ਼ੱਕ ਉਨ੍ਹਾਂ ਦਾ ਪੂਰਨ ਹੱਕ ਹੈ ਕਿ ਉਹ ਜਿੱਥੇ ਜਾਣਾ ਚਾਹੁਣ ਜਾ ਸਕਦੇ ਨੇ, ਪਰ ਆਪਾਂ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦੇ। ਉਹ ਇਹ ਕਿ ਬਹੁਤੇ ਮਾਪਿਆਂ ਦੀ ਆਰਥਿਕ ਹਾਲਤ ਏਨੀ ਸੁਖਾਵੀਂ ਨਹੀਂ ਕਿ ਉਹ ਬਾਹਰਲੇ ਦੇਸ਼ਾਂ ਵਿੱਚ ਦੁੱਗਣੀਆਂ-ਤਿੱਗਣੀਆਂ ਫੀਸਾਂ ਦੇ ਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਸੌਖਿਆਂ ਹੀ ਭੇਜ ਸਕਣ। ਜੋ ਬੱਚੇ ਪਹੁੰਚ ਵੀ ਜਾਂਦੇ ਹਨ, ਉਨ੍ਹਾਂ ਲਈ ਵੱਡੀਆਂ ਫੀਸਾਂ ਉਤਾਰਨ ਦਾ ਬੋਝ ਹੀ ਨਹੀਂ, ਬਲਕਿ ਰਿਹਾਇਸ਼, ਖਾਣ-ਪੀਣ, ਬੱਸਾਂ-ਟੈਕਸੀਆਂ ਦੇ ਭਾੜੇ, ਕੱਪੜੇ ਆਦਿ ਦੇ ਵੱਡੇ ਖ਼ਰਚੇ ਨੂੰ ਪੂਰਾ ਕਰਨਾ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਮਿਹਨਤੀ ਬੱਚੇ ਕੰਮ ਕਰਨ ਲਈ ਤਿਆਰ ਨੇ, ਪਰ 20 ਘੰਟੇ ਤੋਂ ਵੱਧ ਕੰਮ ਉਹ ਕਰ ਨਹੀਂ ਸਕਦੇ। ਜੇ ਕਿਸੇ ਤਰ੍ਹਾਂ ਬਹੁਤਾ ਕੰਮ ਲੱਭ ਵੀ ਲੈਂਦੇ ਨੇ ਤਾਂ ਫਿਰ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਗੰਭੀਰ ਮਾਨਸਿਕ ਤਣਾਓ ਸਦਕਾ, ਕਈ ਜਵਾਨ ਕੀਮਤੀ ਜਾਨਾਂ ਜਾ ਚੁੱਕੀਆਂ ਹਨ।

ਇਸ ਤ੍ਰਾਸਦੀ ਦਾ ਮੁੱਢ ਕਿਥੋਂ ਬੱਝਦੈ? ਪੰਜਾਬ ਵਿੱਚ ਬਿਨਾਂ ਰੋਕ ਟੋਕ ਵਧ ਰਹੀ ਬੇਰੁਜ਼ਗਾਰੀ ਸਦਕਾ। ਜੇਕਰ ਪੰਜਾਬ ਦੀਆਂ ਸਰਕਾਰਾਂ ਨੇ ਬੀਤੇ ਦਹਾਕਿਆਂ ਵਿੱਚ ਚੰਗੀ ਵਿੱਦਿਆ ਮੁਹੱਈਆ ਕਰਨ ਵਾਲੇ ਪਾਸੇ ਧਿਆਨ ਦਿੱਤਾ ਹੁੰਦਾ, ਰੁਜ਼ਗਾਰ ਪੈਦਾ ਕਰਨ ਦੇ ਵਸੀਲੇ ਤਿਆਰ ਕੀਤੇ ਹੁੰਦੇ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲੱਤ ਲੱਗਣ ਤੋਂ ਰੋਕਣ ਲਈ ਕੋਈ ਉਪਾਅ ਸੋਚੇ ਹੁੰਦੇ, ਉਨ੍ਹਾਂ ਲਈ ਰੋਸ਼ਨ ਭਵਿੱਖ ਦੇ ਸਾਧਨ ਪੈਦਾ ਕੀਤੇ ਹੁੰਦੇ ਤਾਂ ਕਿਹੜਾ ਕਰਮਾਂ ਮਾਰਿਆ ਮਾਪਾ ਆਪਣੇ ਪੁਰਖਿਆਂ ਦੀ ਚਾਰ ਸਿਆੜ ਜ਼ਮੀਨ ਗਹਿਣੇ ਰੱਖ ਕੇ ਜਾਂ ਵੇਚ ਕੇ, ਆਪਣੇ ਸੀਨੇ ਦੇ ਟੁਕੜਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਹਜ਼ਾਰਾਂ ਮੀਲ ਦੂਰ ਭੇਜਦਾ?

ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਦੁਖਾਂਤ ਬੀਤੇ ਸਮੇਂ ਦੀਆਂ ਸਰਕਾਰਾਂ ਦੀ ਗੈਰ-ਜ਼ਿੰਮੇਵਾਰਾਨਾ ਸੋਚ ਅਤੇ ਦੂਰਅੰਦੇਸ਼ੀ ਦੇ ਦੀਵਾਲੀਆਪਣ ਕਰਕੇ ਵਾਪਰੇ ਹਨ, ਪਰ ਪੰਜਾਬੀਓ, ਜਿੱਥੇ ਨਿਰਸੰਦੇਹ ਇਹ ਦੋਸ਼ ਸਰਕਾਰਾਂ ਸਿਰ ਮੜ੍ਹਿਆ ਜਾ ਸਕਦਾ ਹੈ, ਉੱਥੇ ਤੁਸੀਂ ਵੀ ਆਪਣੇ ਆਪ ਨੂੰ ਬਿਲਕੁਲ ਬਰੀ ਨਹੀਂ ਕਰ ਸਕਦੇ। ਸਰਕਾਰਾਂ ਕਿਤਿਓਂ ਬਾਹਰੋਂ ਲਿਆ ਕੇ ਨਹੀਂ ਬਿਠਾ ਦਿੱਤੀਆਂ ਜਾਂਦੀਆਂ। ਉਹ ਤੁਹਾਡੇ ਵੱਲੋਂ ਪਾਈਆਂ ਗਈਆਂ ਵੋਟਾਂ ਨਾਲ ਹੀ ਬਣਦੀਆਂ ਆਈਆਂ ਹਨ; ਇਨ੍ਹਾਂ ਨੂੰ ਤੁਸੀਂ ਖ਼ੁਦ ਚੁਣਦੇ ਰਹੇ ਹੋ ਤੇ ਬਾਅਦ ਵਿੱਚ ਖ਼ੁਦ ਹੀ ਪਛਤਾਉਂਦੇ ਰਹੇ ਹੋ। ਅਸੀਂ ਪਰਦੇਸੀ ਪੰਜਾਬੀਆਂ ਨੇ ਕਿਹੜੀ ਵਾਹ ਨਹੀਂ ਲਗਾਈ ਕਿ ਪੰਜਾਬ ਦਾ ਸੂਬਾ ਮੁੜ ਤੋਂ ਖੁਸ਼ਹਾਲ ਹੋ ਜਾਵੇ, ਇਹਦੇ ਲੋਕ ਫਿਰ ਤੋਂ ਤਰੱਕੀਆਂ ਦੇ ਰਾਹ ’ਤੇ ਆ ਜਾਣ, ਕਿਸੇ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਨੱਥ ਪੈ ਜਾਵੇ, ਰੁਜ਼ਗਾਰ ਦੇ ਸੋਮੇ ਪੈਦਾ ਹੋ ਜਾਣ, ਪਰ ਸਾਡੀ ਪੇਸ਼ ਨਹੀਂ ਗਈ। ਬਹੁਤੇ ਐੱਨ.ਆਰ.ਆਈਜ਼ ਹੁਣ ਢੇਰੀ ਢਾਹ ਕੇ ਬੈਠ ਗਏ ਸਨ ਕਿ ਪੰਜਾਬੀ ਵੋਟਰਾਂ ਨੇ ਦਹਾਕਿਆਂ ਪੁਰਾਣੀ ‘ਉਤਰ ਕਾਟੋ ਮੈਂ ਚੜ੍ਹਾਂ’ ਵਾਲੀਆਂ ਪਾਰਟੀਆਂ ਦੇ ਹੱਕ ਵਿੱਚ ਭੁਗਤਣ ਵਾਲੀ ਆਪਣੀ ਆਦਤ ਨਹੀਂ ਤਿਆਗਣੀ, ਇਸ ਲਈ ਸਿਵਾ ਨਿਰਾਸ਼ਾ ਦੇ ਹੱਥ ਕੁਝ ਨਹੀਂ ਆਉਣਾ।

ਪਰ ਸਲਾਮ ਤੁਹਾਨੂੰ ਪੰਜਾਬੀਓ ਕਿ ਇਸ ਵਾਰ ਤੁਸੀਂ ਸਾਨੂੰ ਗ਼ਲਤ ਸਾਬਤ ਕਰ ਵਿਖਾਇਆ ਹੈ। ਤੁਸੀਂ ਬੜੀ ਸੂਝ ਤੋਂ ਕੰਮ ਲੈਂਦੇ ਹੋਏ ਪੰਜਾਬ ਦੀ ਵਾਗਡੋਰ ਇੱਕ ਉਸ ਪਾਰਟੀ ਦੇ ਹੱਥ ਫੜਾਈ ਹੈ, ਜੋ ਲੰਮੇ ਸਮੇਂ ਤੋਂ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੂੰ ਚੁਣੌਤੀ ਦੇਣ ਲਈ ਕੁਝ ਸਾਲਾਂ ਤੋਂ ਸਰਗਰਮ ਹੈ। ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੁਹਾਡੀਆਂ ਉਮੰਗਾਂ ’ਤੇ ਖਰੀ ਉਤਰਦੀ ਹੈ ਜਾਂ ਨਹੀਂ, ਇਹ ਕਹਿਣਾ ਹਾਲ ਦੀ ਘੜੀ ਉਚਿੱਤ ਨਹੀਂ। ਕੋਈ ਭਲਵਾਨ ਆਪਣੀ ਭੱਲ ਜਿੰਨੀ ਮਰਜ਼ੀ ਬਣਾਈ ਜਾਏ, ਉਹਦਾ ਅਸਲ ਇਮਤਿਹਾਨ ਅਖਾੜੇ ਵਿੱਚ ਉਤਰਨ ਤੋਂ ਬਾਅਦ ਹੀ ਆਉਂਦਾ ਹੈ। ਤੁਸੀਂ ਇੱਕ ਨਵੇਂ ਭਲਵਾਨ ਨੂੰ ਏਸ ਕਦਰ ਤਿਆਰ ਕਰ ਦਿੱਤਾ ਹੈ ਕਿ ਉਹ ਅਖਾੜੇ ਵਿੱਚ ਉਤਰ ਆਇਆ ਹੈ, ਇਸ ਲਈ ਤੁਸੀਂ ਇਸ ਇਤਿਹਾਸਕ ਤਬਦੀਲੀ ਲਿਆਉਣ ਵਾਸਤੇ ਵਧਾਈ ਦੇ ਪਾਤਰ ਹੋ।

ਪੰਜਾਬ ਦੇ ਪੁਨਰਗਠਨ ਤੋਂ ਬਾਅਦ ਮੁੱਖ ਤੌਰ ’ਤੇ ਕਾਂਗਰਸ ਅਤੇ ਅਕਾਲੀ ਦਲ ਨੇ ਹੀ ਸਰਕਾਰਾਂ ਚਲਾਈਆਂ ਹਨ। ਜੇ ਇਹ ਵੀ ਕਹਿ ਲਿਆ ਜਾਵੇ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਹੀ ਲੰਮਾ ਸਮਾਂ ਰਾਜਿਆਂ ਵਾਂਗ ਰਾਜ ਕੀਤਾ ਹੈ। ਜੇ ਇਨ੍ਹਾਂ ਨੇ ਰਾਜਿਆਂ ਵਾਂਗ ਰਾਜ ਕਰਨ ਦੀ ਬਜਾਏ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਾਂਗ, ਲੋਕਾਂ ਦੇ ਭਲੇ ਲਈ ਸਰਕਾਰੀ ਕਾਰਜ ਕੀਤੇ ਹੁੰਦੇ ਤਾਂ ਜਨਤਕ ਤਾਕਤ ਕਦੀ ਵੀ ਉਨ੍ਹਾਂ ਦੇ ਖਿਲਾਫ਼ ਇਸ ਤਰ੍ਹਾਂ ਨਾ ਭੁਗਤਦੀ। ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇ ਕੇ ਇਹ ਸਿੱਧ ਕਰ ਵਿਖਾਇਆ ਹੈ ਕਿ ਲੋਕ-ਸ਼ਕਤੀ ਕਿਸੇ ਵੀ ਪਾਰਟੀ, ਕਿਸੇ ਵੀ ਸਿਆਸੀ ਪਰਿਵਾਰ ਜਾਂ ਕਿਸੇ ਵੀ ਘਾਗ ਸਿਆਸਤਦਾਨ ਨੂੰ ਸ਼ੀਸ਼ਾ ਦਿਖਾ ਕੇ ਉਸ ਨੂੰ ਸਬਕ ਸਿਖਾ ਸਕਦੀ ਹੈ।

ਸਰਕਾਰਾਂ ਪਹਿਲਾਂ ਵੀ ਬਦਲਦੀਆਂ ਰਹੀਆਂ ਨੇ, ਪਰ ਉਨ੍ਹਾਂ ਦਾ ਕੰਮ ਕਰਨ ਦਾ ਤੌਰ-ਤਰੀਕਾ ਕਦੀ ਨਹੀਂ ਬਦਲਿਆ। ਇਸ ਕਰਕੇ ਇੱਕ ਸਾਧਾਰਨ ਨਾਗਰਿਕ ਵਾਸਤੇ ਸਰਕਾਰ ਬਦਲਣ ਦੇ ਕਦੀ ਕੋਈ ਮਾਅਨੇ ਨਹੀਂ ਰਹੇ – ਉਸ ਗਰੀਬੜੇ ਦੀ ਹਾਲਤ ਵਿੱਚ ਕਦੀ ਵੀ ਕੋਈ ਬਦਲਾਓ ਨਹੀਂ ਆਇਆ। ਉਸ ਨੂੰ ਲਗਭਗ ਹਰ ਸਰਕਾਰੀ ਕੰਮ ਕਰਵਾਉਣ ਵਾਸਤੇ ਕਿਸੇ ਨਾ ਕਿਸੇ ਕਲਰਕ, ਅਫ਼ਸਰ ਜਾਂ ਕਿਸੇ ਵਿਚੋਲੇ ਦੀ ਮੁੱਠੀ ਗਰਮ ਕਰਨੀ ਪਈ ਹੈ, ਉਸ ਨੂੰ ਸਰਕਾਰੀ ਨੌਕਰੀ ਲੈਣ ਲਈ ਵੱਡੀ ਰਿਸ਼ਵਤ ਦੇਣੀ ਪਈ ਆ, ਉਸ ਨੂੰ ਕੋਈ ਪਰਮਿਟ ਲੈਣ ਲਈ ਕਿਸੇ ਨਾ ਕਿਸੇ ਅਧਿਕਾਰੀ ਨੂੰ ਖੁਸ਼ ਕਰਨਾ ਪਿਆ ਹੈ, ਉਸ ਨੂੰ ਆਪਣੇ ਬੱਚੇ ਨੂੰ ਕਿਸੇ ਚੰਗੇ ਸਕੂਲ ਵਿੱਚ ਦਾਖਲਾ ਦਵਾਉਣ ਲਈ ਪ੍ਰਬੰਧਕਾਂ ਨੂੰ ਕੋਈ ਨਾ ਕੋਈ ਫੰਡ ਦੇਣਾ ਪਿਆ। ਗੱਲ ਕੀ, ਇੱਕ ਆਮ ਵਿਅਕਤੀ ਨੂੰ ਕਦਮ ਕਦਮ ’ਤੇ ਜਾਇਜ਼ ਕੰਮ ਕਰਾਉਣ ਲਈ ਵੀ ਨਾਜਾਇਜ਼ ਤਰੀਕੇ ਵਰਤਣੇ ਪਏ ਨੇ। ਦਹਾਕਿਆਂ ਤੱਕ ਇਸ ਸਿਸਟਮ ਦੇ ਸੰਤਾਪ ਨੂੰ ਭੋਗਦਿਆਂ, ਉਸ ਨੂੰ ਇਹੀ ਮਹਿਸੂਸ ਹੋਣ ਲੱਗ ਪਿਆ ਕਿ ਕਦੀ ਵੀ, ਕੋਈ ਵੀ ਕੰਮ ਰਿਸ਼ਵਤ ਦਿੱਤੇ ਬਗੈਰ ਸਿਰੇ ਚੜ੍ਹ ਹੀ ਨਹੀਂ ਸਕਦਾ ਤੇ ਆਖੀਰ ਨੂੰ ਉਸ ਨੂੰ ਇਹ ਸਾਰਾ ਕੁਝ ਆਮ ਲੱਗਣ ਲੱਗ ਪਿਆ। ਬਾਹਰਲੇ ਦੇਸ਼ਾਂ ਵਿੱਚ ਵੱਸਦੇ ਬਹੁਤੇ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਨਿਜ਼ਾਮ ਸਦਕਾ ਹੀ ਆਪਣੇ ਵਤਨ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣਾ ਪਿਆ।

ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨਾਲ ਉਸ ਚੱਲ ਰਹੇ ਨਿਜ਼ਾਮ ਵਿੱਚ ਇੱਕ ਤਬਦੀਲੀ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋਈ ਹੈ। ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਲੋਕਾਂ ਨੂੰ ਨਵੀਂ ਸਰਕਾਰ ਕੋਲੋਂ ਇੱਕ ਆਸ ਬੱਝੀ ਹੈ, ਪਰ ਦੂਜੇ ਪਾਸੇ ਉਸ ਪੁਰਾਣੇ ਨਿਜ਼ਾਮ ਦਾ ਕਿਸੇ ਨਾ ਕਿਸੇ ਤਰ੍ਹਾਂ ਫਾਇਦਾ ਲੈਣ ਵਾਲੇ ਲੋਕਾਂ ਨੂੰ ਇਹ ਤਬਦੀਲੀ ਹਜ਼ਮ ਨਹੀਂ ਹੋ ਰਹੀ। ਜਿਸ ਦਿਨ ਤੋਂ ਨਤੀਜਿਆਂ ਨੇ ਤਿੰਨ-ਤਿੰਨ, ਚਾਰ-ਚਾਰ ਵਾਰ ਲਗਾਤਾਰ ਜਿੱਤਣ ਵਾਲੇ ਉਮੀਦਵਾਰਾਂ ਨੂੰ ਘਰੋਂ ਬਾਹਰ ਨਿਕਲਣ ਜੋਗੇ ਵੀ ਨਹੀਂ ਛੱਡਿਆ, ਉਸੇ ਦਿਨ ਤੋਂ ਉਨ੍ਹਾਂ ਦੀਆਂ ਪਾਰਟੀਆਂ ਦੇ ਬੁਲਾਰਿਆਂ ਨੇ ਨਵੀਂ ਬਣੀ ਸਰਕਾਰ ’ਤੇ ਤੁਹਮਤਾਂ ਲਾਉਣ ਦੀ ਕੋਈ ਕਸਰ ਨਹੀਂ ਛੱਡੀ। ਸੋਚਣ ਵਾਲੀ ਗੱਲ ਹੈ ਕਿ ਜੇ ਤੁਸੀਂ ਖ਼ੁਦ ਦਹਾਕਿਆਂ ਬੱਧੀ ਸਰਕਾਰਾਂ ਚਲਾ ਕੇ ਵੀ ਪੰਜਾਬ ਤੇ ਪੰਜਾਬੀਆਂ ਦਾ ਕੁਝ ਨਹੀਂ ਸੰਵਾਰਿਆ, ਤਾਂ ਹੁਣ ਨਵੀਂ ਸਰਕਾਰ ਕੋਲੋਂ ਕੁਝ ਹੀ ਹਫ਼ਤਿਆਂ ਵਿੱਚ ਕਿਹੜੀ ਕਰਾਮਾਤ ਦੀ ਤਵੱਕੋ ਰੱਖਦੇ ਓ? ਜੇ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਵੀਂ ਸਰਕਾਰ ਨੂੰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਢਿੱਲ ਨਹੀਂ ਦਿਖਾਉਣੀ ਚਾਹੀਦੀ, ਰਤੀ ਭਰ ਵੀ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਤੁਹਾਡੇ ਆਪਣੇ ਦਿਮਾਗ਼ ਵਿੱਚ ਆਪਣੇ ਹੀ ਰਾਜ ਕਾਲਾਂ ਦੌਰਾਨ ਇਹ ਗੱਲ ਕਦੇ ਕਿਉਂ ਨਹੀਂ ਆਈ?

ਤੁਸੀਂ ਤਾਂ ਰਾਜ ਕਰਨ ਨੂੰ ਆਪਣਾ ਜਨਮ-ਅਧਿਕਾਰ ਸਮਝਦੇ ਰਹੇ ਹੋ, ਤੁਸੀਂ ਤਾਂ ਇਹ ਸਮਝਣਾ ਸ਼ੁਰੂ ਕੀਤਾ ਹੋਇਆ ਸੀ ਕਿ ਚੋਣ ਮੁਹਿੰਮ ਦੇ ਕੁਝ ਹਫ਼ਤਿਆਂ ਵਾਸਤੇ ਲੋਕਾਂ ਅੱਗੇ ਹੱਥ ਜੋੜ ਦਿਓ, ਪਿੰਡ ਪਿੰਡ ਜਾ ਕੇ ਰੈਲੀਆਂ ਵਿੱਚ ਨਾਅਰੇ ਲਗਾ ਦਿਓ, ਉਨ੍ਹਾਂ ਨਾਲ ਵੱਡੇ ਵੱਡੇ ਵਾਅਦੇ ਕਰ ਲਓ, ਉਨ੍ਹਾਂ ਦੇ ਭਵਿੱਖ ਨੂੰ ਸੁਧਾਰਨ ਦੇ ਸੁਪਨੇ ਦਿਖਾ ਦਿਓ, ਕੁਝ ਨੂੰ ਤਰਲੇ ਮਿੰਨਤਾਂ ਨਾਲ ਮਨਾ ਲਓ, ਕੁਝ ਨੂੰ ਪੈਸੇ ਤੇ ਨਸ਼ੇ ਦੇ ਲਾਲਚ ਦੇ ਕੇ ਆਪਣੇ ਮਗਰ ਲਗਾ ਲਓ, ਕੁਝ ਨੂੰ ਡਰਾਵਾ ਦੇ ਦਿਓ, ਤੇ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀਆਂ ਵੋਟਾਂ ਆਪਣੇ ਹੱਕ ਵਿੱਚ ਭੁਗਤਾ ਲਓ ਤੇ ਉਸ ਤੋਂ ਬਾਅਦ ਕਿਹੜੇ ਵਾਅਦੇ, ਕਿਹੜਾ ਰੁਜ਼ਗਾਰ, ਕਿਹੜਾ ਚੰਗੇਰਾ ਭਵਿੱਖ? ਆਖਿਰ, ਲੰਮੇ ਸਮੇਂ ਤੋਂ ਚੱਕੀ ਦੇ ਪੁੜਾਂ ਵਿੱਚ ਪਿਸਦੇ ਆ ਰਹੇ ਆਮ ਲੋਕਾਂ ਨੇ ਰਵਾਇਤੀ ਲੀਡਰਾਂ ਨੂੰ ਸਬਕ ਸਿਖਾਉਣ ਦੀ ਖਾਤਰ, ਸਮਝ ਤੋਂ ਕੰਮ ਲੈਂਦੇ ਹੋਏ ਇੱਕ ਜ਼ਬਰਦਸਤ ਤਬਦੀਲੀ ਲਿਆਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ – ਦੇਰ ਆਏ ਦਰੁਸਤ ਆਏ।

ਉਂਜ ਤਾਂ ਨਵੀਂ ਬਣੀ ਕਿਸੇ ਵੀ ਸਰਕਾਰ ਕੋਲੋਂ ਇਕਦਮ ਤਰੱਕੀ ਦੀ ਆਸ ਕਰਨੀ ਵਾਜਬ ਨਹੀਂ ਹੁੰਦੀ, ਪਰ ਫੇਰ ਵੀ ਆਮ ਆਦਮੀ ਦੀ ਸਰਕਾਰ ਨੇ ਜੋ ਕੁਝ ਪਹਿਲੇ ਹੀ ਦਿਨਾਂ ਵਿੱਚ ਕਰ ਵਿਖਾਇਆ ਹੈ, ਉਹ ਪੁਰਾਣੀਆਂ ਸਰਕਾਰਾਂ ਨੇ ਦਹਾਕਿਆਂ ਵਿੱਚ ਵੀ ਨਹੀਂ ਕੀਤਾ। ਅੱਜ ਤੱਕ ਬੀਤੇ ਸਮੇਂ ਦੇ ਕਿਹੜੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਜੇ ਕਿਸੇ ਵੀ ਵਿਅਕਤੀ ਕੋਲੋਂ ਕੋਈ ਵੀ ਸਰਕਾਰੀ ਮੁਲਾਜ਼ਮ ਕਿਸੇ ਕੰਮ ਕਰਨ ਲਈ ਰਿਸ਼ਵਤ ਮੰਗਦਾ ਹੈ ਤਾਂ ਉਸ ਨੂੰ ਰਿਕਾਰਡ ਕਰ ਕੇ ਦਿੱਤੇ ਗਏ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਕਿ ਪੜਤਾਲ ਕਰਕੇ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ? ਅੱਜ ਤੱਕ ਕਿਹੜੇ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਨੂੰ ਖੁੱਲ੍ਹੇਆਮ ਇਹ ਹਦਾਇਤ ਦਿੱਤੀ ਸੀ ਕਿ ਉਹ ਚੰਡੀਗੜ੍ਹ ਵੱਲ ਵਹੀਰਾਂ ਘੱਤਣ ਦੀ ਬਜਾਏ, ਆਪਣੇ ਆਪਣੇ ਹਲਕੇ ਦੇ ਲੋਕਾਂ ਨਾਲ ਤਾਲਮੇਲ ਰੱਖਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਣ? ਅੱਜ ਤੱਕ ਕਿਹੜੇ ਮੁੱਖ ਮੰਤਰੀ ਨੇ ਇਹ ਫ਼ੈਸਲਾ ਲਿਆ ਸੀ ਕਿ ਜਨਤਾ ਦੇ ਸੇਵਾਦਾਰ ਅਖਵਾਉਣ ਵਾਲੇ ਵਿਧਾਇਕ ਭਾਵੇਂ ਕਿੰਨੀ ਵਾਰ ਵੀ ਜਿੱਤ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਹੋਣ, ਉਨ੍ਹਾਂ ਨੂੰ ਪੈਨਸ਼ਨ ਕੇਵਲ ਇੱਕ ਹੀ ਮਿਲੇਗੀ? ਗੱਲ ਹੈ ਤਾਂ ਜ਼ਰਾ ਹਟ ਕੇ, ਅਜਿਹਾ ਕੋਈ ਸਰਕਾਰੀ ਮਹਿਕਮਾ ਨਹੀਂ ਜਿੱਥੇ ਕਿਸੇ ਵੀ ਮੁਲਾਜ਼ਮ ਨੂੰ ਸਿਰਫ਼ ਪੰਜ ਸਾਲ ਕੰਮ ਕਰਕੇ ਹੀ ਪੈਨਸ਼ਨ ਮਿਲਦੀ ਹੋਵੇ।

ਨਵੇਂ ਬਣੇ ਮੁੱਖ ਮੰਤਰੀ ਨੇ ਤਾਂ 35,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵੀ ਕਹਿ ਦਿੱਤਾ, ਫ਼ਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਗਰਦਾਵਰੀ ਕਰਨ ਤੋਂ ਪਹਿਲਾਂ ਹੀ ਸਹਾਇਤਾ ਦੇਣ ਦਾ ਫ਼ੈਸਲਾ ਵੀ ਲੈ ਲਿਆ, ਸਾਬਕਾ ਮੰਤਰੀਆਂ ਤੇ ਹੋਰ ਲੀਡਰਾਂ ਦੀ ਵੱਡੀ ਵੱਡੀ ਸੁਰੱਖਿਆ ਵਾਪਸ ਲੈ ਲਈ, ਵੱਖ ਵੱਖ ਮਹਿਕਮਿਆਂ ਦੇ ਮੰਤਰੀਆਂ ਨੇ ਮਾਫ਼ੀਏ ਨੂੰ ਖ਼ਤਮ ਕਰਨ ਦੇ ਐਲਾਨ ਕਰ ਦਿੱਤੇ ਨੇ, ਕਿੰਨੇ ਵਿਧਾਇਕਾਂ ਨੇ ਆਪਣੀ ਸੁਰੱਖਿਆ ਤੇ ਕਾਰਾਂ ’ਤੇ ਖ਼ਰਚ ਕੀਤੇ ਜਾਂਦੇ ਕਰੋੜਾਂ ਰੁਪਿਆਂ ਨੂੰ ਬਚਾਉਣ ਦੀ ਗੱਲ ਕਰ ਵਿਖਾਈ ਹੈ। ਕੀ ਇਹ ਹਵਾਈ ਗੱਲਾਂ ਨੇ? ਕੀ ਇੰਜ ਕਰਨਾ ਸੌਖਾ ਹੈ? ਬਿਲਕੁਲ ਨਹੀਂ। ਪਰ ਜੇਕਰ ਬਹੁਤ ਪੱਛੜ ਚੁੱਕੇ ਸੂਬੇ ਵਿੱਚ ਕੋਈ ਸੁਧਾਰ ਲੈ ਕੇ ਆਉਣਾ ਹੈ ਤਾਂ ਇਸ ਤਰ੍ਹਾਂ ਦੇ ਫ਼ੈਸਲਿਆਂ ਦਾ ਸਵਾਗਤ ਕਰਨਾ ਬਣਦਾ ਹੈ।

ਕੀ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਸੌ ਫ਼ੀਸਦੀ ਸਿਰੇ ਚੜ੍ਹਾਉਣ ਵਿੱਚ ਸਫਲ ਹੋ ਸਕੇਗੀ? ਸ਼ਾਇਦ ਨਹੀਂ। ਪਰ ਜੇਕਰ ਪਹਿਲਾਂ ਵਾਲੀਆਂ ਸਰਕਾਰਾਂ ਆਪਣੇ ਪੰਜ-ਸੱਤ ਫ਼ੀਸਦੀ ਵਾਅਦਿਆਂ ਨੂੰ ਪੂਰਾ ਕਰਕੇ ਵੀ ਮਾਣ ਨਾਲ ਸਿਰ ਉੱਚਾ ਚੁੱਕ ਕੇ, ਹਰ ਪੰਜ ਸਾਲਾਂ ਬਾਅਦ ਜਨਤਾ ਦੀ ਹਮਾਇਤ ਦੇ ਹੱਕਦਾਰ ਸਮਝਦੀਆਂ ਰਹੀਆਂ ਹਨ ਤਾਂ ਮੌਜੂਦਾ ਸਰਕਾਰ ਦੀ ਸੁਹਿਰਦਤਾ ’ਤੇ ਹੁਣੇ ਹੀ ਸ਼ੱਕ ਕਰਨਾ ਜਾਇਜ਼ ਨਹੀਂ। ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫ਼ੈਸਲਾ ਦੇ ਕੇ, ਉਸ ਲਈ ਵੱਡੀਆਂ ਜ਼ਿੰਮੇਵਾਰੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਤੁਸੀਂ ਆਪਣਾ ਕੰਮ ਕਰ ਦਿੱਤਾ ਹੈ। ਹੁਣ ਵਾਰੀ ਨਵੀਂ ਸਰਕਾਰ ਦੀ ਹੈ ਕਿ ਉਹ ਤੁਹਾਡੀ ਭਲਾਈ ਲਈ ਕੰਮ ਕਰੇ।

ਪੰਜਾਬੀਓ, ਇਸ ਸਰਕਾਰ ਨੂੰ ਹੁਣ ਕੰਮ ਕਰਨ ਦਿਓ। ਜੇਕਰ ਤੁਸੀਂ ਸੱਚਮੁੱਚ ਹੀ ਇਹ ਚਾਹੁੰਦੇ ਹੋ ਕਿ ਚਾਚਾ-ਭਤੀਜਾਵਾਦ ਸਦਾ ਲਈ ਖ਼ਤਮ ਹੋ ਜਾਵੇ ਤਾਂ ਪਹਿਲ ਤੁਹਾਨੂੰ ਕਰਨੀ ਪੈਣੀ ਹੈ। ਤੁਸੀਂ ਇਹ ਤਹੱਈਆ ਕਰੋ ਕਿ ਆਪਣੀ ਸਹੂਲਤ ਲਈ, ਕਿਸੇ ਵੀ ਚੁਣੇ ਗਏ ਨੁਮਾਇੰਦੇ ਕੋਲ ਕੋਈ ਫ਼ਰਮਾਇਸ਼ ਲੈ ਕੇ ਨਹੀਂ ਜਾਣਾ। ਕਿਸੇ ਵਿਧਾਇਕ ਜਾਂ ਮੰਤਰੀ ਕੋਲੋਂ ਕਿਸੇ ਕੰਮ ਲਈ ਕੋਈ ਸਿਫ਼ਾਰਿਸ਼ ਨਹੀਂ ਲਗਵਾਉਣੀ। ਤੁਸੀਂ ਇਹ ਵੀ ਵਾਅਦਾ ਕਰੋ ਕਿ ਆਪਣੇ ਪਰਿਵਾਰ ਵਿੱਚ ਕਿਸੇ ਵਿਆਹ-ਸ਼ਾਦੀ, ਜਨਮ-ਦਿਨ, ਭੋਗ ਜਾਂ ਕਿਸੇ ਹੋਰ ਇਕੱਠ ’ਤੇ ਕਿਸੇ ਵਿਧਾਇਕ ਜਾਂ ਮੰਤਰੀ ਨੂੰ ਹਾਜ਼ਰੀ ਭਰਨ ਲਈ ਨਹੀਂ ਕਹਿਣਾ। ਇੰਜ ਕਰਨ ਨਾਲ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਦਾ ਸਮਾਂ ਬਰਬਾਦ ਨਹੀਂ ਹੋਣ ਦਿਓਗੇ। ਕਿਸੇ ਸਿਆਸੀ ਨੇਤਾ ਨੂੰ ਬੁਲਾ ਕੇ ਉਸ ਨਾਲ ਆਪਣੀ ਨੇੜਤਾ ਦਾ ਸਬੂਤ ਦੇਣ ਦੀ ਬਜਾਏ, ਉਸ ਨੂੰ ਉਹ ਕੰਮ ਕਰਨ ਦਿਓ ਜਿਹੜੇ ਲਈ ਤੁਸੀਂ ਉਨ੍ਹਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਉਨ੍ਹਾਂ ’ਤੇ ਇਹ ਅਹਿਸਾਨ ਨਾ ਜਤਾਇਓ ਕਿ ‘ਅਸੀਂ ਤਾਂ ਤੁਹਾਨੂੰ ਜਿਤਾਇਆ, ਤੇ ਹੁਣ ਤੁਹਾਨੂੰ ਸਾਡੇ ਕਹੇ ’ਤੇ ਸਾਡੇ ਨਾਜਾਇਜ਼ ਕੰਮ ਕਰਨੇ ਪੈਣਗੇ।’ ਇਸ ਤਰ੍ਹਾਂ ਕਰਨ ਨਾਲ ਤੁਸੀਂ ਫਿਰ ਤੋਂ ਉਸੇ ਸਿਸਟਮ ਨੂੰ ਚੱਲਦਾ ਰੱਖ ਰਹੇ ਹੋਵੋਗੇ, ਜਿਸ ਤੋਂ ਤੁਸੀਂ ਬੇਹੱਦ ਪਰੇਸ਼ਾਨ ਤੇ ਤੰਗ ਸੀ। ਜਿਸ ਦੀਆਂ ਜੜਾਂ ਪੁੱਟਣ ਲਈ ਲੰਮੇ ਸਮੇਂ ਤੋਂ ਡੇਰਾ ਲਾਈ ਬੈਠੇ ਨੇਤਾਵਾਂ ਨੂੰ ਚੱਲਦੇ ਕਰਕੇ, ਪੰਜਾਬ ਦੀ ਵਾਗਡੋਰ ਆਪ ਆਦਮੀ ਪਾਰਟੀ ਦੇ ਹੱਥ ਵਿੱਚ ਸੌਂਪੀ ਹੈ। ਜੇ ਤੁਸੀਂ ਲੀਡਰਾਂ ਕੋਲੋਂ ਗ਼ਲਤ ਕੰਮ ਕਰਾਉਣ ਜਾਓਗੇ ਹੀ ਨਹੀਂ ਤਾਂ ਫਿਰ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਦੀ ਆਦਤ ਪਏਗੀ ਹੀ ਨਹੀਂ।

ਪੰਜਾਬ ਪਹਿਲਾ ਸੂਬਾ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਸਰਕਾਰ ਬਣਾਈ ਹੈ। ਜ਼ਾਹਿਰ ਹੈ ਕਿ ਲੰਮੇ ਸਮੇਂ ਤੋਂ ਦਿੱਲੀ ਵਿੱਚ ਭਰਪੂਰ ਸਫਲਤਾ ਨਾਲ ਸਰਕਾਰ ਚਲਾ ਰਹੇ ਨੇਤਾ ਚਾਹੁਣਗੇ ਕਿ ਆਪਣੇ ਚੰਗੇ ਤਜਰਬਿਆਂ ਨੂੰ ਪੰਜਾਬ ਵਿੱਚ ਹੀ ਦੁਹਰਾਇਆ ਜਾਵੇ। ਜੇਕਰ ਦਿੱਲੀ ਦੀ ਸਰਕਾਰ ਨੇ ਦੇਸ਼ ਦੀ ਰਾਜਧਾਨੀ ਵਿੱਚ ਸਿੱਖਿਆ, ਸਿਹਤ, ਪਾਣੀ, ਬਿਜਲੀ, ਟਰਾਂਸਪੋਰਟ ਵਰਗੇ ਮਹਿਕਮਿਆਂ ਵਿੱਚ ਵੱਡੀ ਕਾਮਯਾਬੀ ਹਾਸਲ ਕਰਕੇ, ਪੰਜਾਬ ਦੀ ਸਰਕਾਰ ਨੂੰ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਲਈ ਕਿਹਾ ਹੈ ਤਾਂ ਇਸ ਵਿੱਚ ਕਿਸ ਨੂੰ ਇਤਰਾਜ਼ ਹੈ? ਦੋਵੇਂ ਸਰਕਾਰਾਂ ਇੱਕੋ ਪਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਹਨ, ਤੇ ਫਿਰ ਸਿਰਫ਼ ਇਸ ਗੱਲ ਦੀ ਡੌਂਡੀ ਪਿੱਟ ਦੇਣੀ ਕਿ ਦੇਖੋ ਜੀ ਪੰਜਾਬ ਦਾ ਕੰਮਕਾਜ ਤਾਂ ਦਿੱਲੀ ਵਾਲੇ ਚਲਾ ਰਹੇ ਨੇ, ਬਹੁਤ ਹੀ ਬਚਕਾਨਾ ਤੇ ਹਾਸੋਹੀਣਾ ਲੱਗਦਾ ਹੈ। ਦਿੱਲੀ ਵਿੱਚ ਪੇਸ਼ ਕੀਤੇ ਗਏ 2022-23 ਦੇ ਕੁੱਲ 75,800 ਕਰੋੜ ਦੇ ਬਜਟ ਵਿੱਚੋਂ 35,586 ਕਰੋੜ ਸਿਰਫ਼ ਸਿੱਖਿਆ, ਟਰਾਂਸਪੋਰਟ ਤੇ ਸਿਹਤ ਵਿਭਾਗਾਂ ਲਈ ਰਾਖਵੇਂ ਰੱਖੇ ਗਏ ਹਨ, ਜਿਨ੍ਹਾਂ ਵਿੱਚ ਸਿੱਖਿਆ ਸਭ ਤੋਂ ਉੱਪਰ ਹੈ। ਜੇ ਉਨ੍ਹਾਂ ਹੀ ਲੀਹਾਂ ’ਤੇ ਪੰਜਾਬ ਦੀ ਸਰਕਾਰ ਵੀ ਸਿੱਖਿਆ ਨੂੰ ਤਰਜੀਹ ਦੇ ਦਿੰਦੀ ਹੈ ਤਾਂ ਇਸ ਵਿੱਚ ਮਾੜਾ ਕੀ ਹੈ?

ਕੀ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਦਿੱਲੀ ਸਰਕਾਰ ਵਾਲੇ ਲੱਭ ਕੇ ਦੇਣਗੇ, ਜਾਂ ਕੀ ਦਿੱਲੀ ਵੱਲੋਂ ਆਇਆ ਹੋਇਆ ਹਰ ਫ਼ੈਸਲਾ ਅਟੱਲ ਸਮਝਿਆ ਜਾਣਾ ਚਾਹੀਦਾ? ਬਿਲਕੁਲ ਨਹੀਂ। ਆਪਾਂ ਤਾਂ ਸਿਰਫ਼ ਏਨਾ ਕਹਿ ਰਹੇ ਹਾਂ ਕਿ ਜੇਕਰ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਵਿਧੀ ਨਾਲ ਪੰਜਾਬ ਦੇ ਕੁਝ ਖੇਤਰਾਂ ਵਿੱਚ ਵੀ ਬਿਹਤਰੀ ਲਿਆਂਦੀ ਜਾ ਸਕਦੀ ਹੈ ਤਾਂ ਇਸ ਨੂੰ ਕੇਵਲ ਇਸ ਲਈ ਨਹੀਂ ਦੁਰਕਾਰ ਦੇਣਾ ਚਾਹੀਦਾ ਕਿ ਇਹ ਤਾਂ ਬਾਹਰਲਿਆਂ ਨੇ ਭੇਜੀ ਹੈ। ਦੁਨੀਆ ਭਰ ਵਿੱਚ ਜਿੱਥੇ ਜਿੱਥੇ ਵੀ ਚੰਗੀਆਂ ਯੋਜਨਾਵਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਹੋਰਨਾਂ ਖਿੱਤਿਆਂ ਦੇ ਲੋਕ ਅਕਸਰ ਅਪਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।

ਨਵੀਂ ਬਣੀ ਸਰਕਾਰ ਲਈ ਵੀ ਕੁਝ ਕਹਿਣਾ ਬਣਦਾ ਹੈ। ਤੁਹਾਨੂੰ ਪੰਜਾਬ ਦੇ ਵੋਟਰਾਂ ਨੇ ਦਿਲ ਖੋਲ੍ਹ ਕੇ ਤਾਕਤ ਬਖ਼ਸ਼ੀ ਹੈ; ਤੁਸੀਂ ਇਹਦੀ ਕਦਰ ਕਰਨੀ ਹੈ ਨਾ ਕਿ ਇਸ ਦਾ ਗੁਮਾਨ। ਤੁਹਾਡੇ ਵਾਸਤੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਨਾ ਹੈ; ਲਗਭਗ ਹਰ ਖੇਤਰ ਵਿੱਚ ਸੁਧਾਰ ਦੀ ਲੋੜ ਹੈ ਅਤੇ ਇਸ ਵਾਸਤੇ ਬਹੁਤ ਵੱਡੀ ਰਕਮ ਚਾਹੀਦੀ ਹੈ। ਹਕੀਕਤ ਇਹ ਹੈ ਕਿ ਤਰੱਕੀ ਕਹਿਣ ਨਾਲ ਨਹੀਂ ਹੋਣੀ, ਕਰਨ ਨਾਲ ਹੋਣੀ ਹੈ, ਜਿਸ ਲਈ ਲੱਖਾਂ ਕਰੋੜਾਂ ਰੁਪਿਆਂ ਦੀ ਜ਼ਰੂਰਤ ਪੈਣੀ ਹੈ। ਲੰਮੇ ਸਮੇਂ ਤੋਂ ਚੱਲ ਰਹੇ ਮਾਫੀਆ ਨੂੰ ਪਹਿਲ ਦੇ ਆਧਾਰ ’ਤੇ ਕਾਬੂ ਕਰਨ ਨਾਲ ਤੁਹਾਡੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵਧੇਗਾ, ਬੇਰੁਜ਼ਗਾਰੀ ਨੂੰ ਦੂਰ ਕਰਨ ਨਾਲ ਲੋਕ ਤੁਹਾਡੇ ਗੁਣ ਗਾਉਣਗੇ ਅਤੇ ਬਾਹਰਲੇ ਦੇਸ਼ਾਂ ਵਿੱਚ ਰੁਲਦੀ ਜਵਾਨੀ ਦਾ ਘਾਣ ਹੋਣੋ ਬਚੇਗਾ, ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਨਾਲ ਕਿਸਾਨੀ ਨਾਲ ਜੁੜਿਆ ਹਰ ਵਿਅਕਤੀ ਤੁਹਾਡੀ ਸ਼ਲਾਘਾ ਕਰੇਗਾ, ਸਕੂਲਾਂ ਦੀ ਦਸ਼ਾ ਨੂੰ ਬਦਲ ਕੇ ਉੱਚ-ਪੱਧਰੀ ਸਿੱਖਿਆ ਪ੍ਰਦਾਨ ਕਰਨ ਨਾਲ ਤੁਹਾਨੂੰ ਬੱਚਿਆਂ ਦੇ ਮਾਪਿਆਂ ਕੋਲੋਂ ਸਤਿਕਾਰ ਮਿਲੇਗਾ, ਸਿਹਤ ਸੇਵਾਵਾਂ ਨੂੰ ਬਿਹਤਰ ਕਰਕੇ ਤੁਸੀਂ ਹਰ ਗਰੀਬੜੇ ਪੰਜਾਬੀ ਦਾ ਦਿਲ ਜਿੱਤ ਸਕੋਗੇ, ਨਸ਼ਿਆਂ ਦੀ ਰੋਕਥਾਮ ਕਰਕੇ ਤੁਸੀਂ ਨਸ਼ੇੜੀ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਅਸੀਸਾਂ ਲਓਗੇ, ਕਾਨੂੰਨ ਅਤੇ ਵਿਵਸਥਾ ਨੂੰ ਪਹਿਲ ਦੇ ਕੇ ਤੁਸੀਂ ਹਰ ਔਰਤ, ਬੱਚੇ, ਬਜ਼ੁਰਗ ਲਈ ਸੁਰੱਖਿਆ ਦਾ ਮਾਹੌਲ ਪੈਦਾ ਕਰਕੇ, ਉਨ੍ਹਾਂ ਦੇ ਮਨੋਬਲ ਅਤੇ ਆਤਮ ਵਿਸ਼ਵਾਸ ਵਿੱਚ ਵਾਧਾ ਕਰੋਗੇ। ਜਨਤਾ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਵੱਡੀ ਜ਼ਿੰਮੇਵਾਰੀ ਹੁਣ ਤੁਹਾਡੇ ਮੋਢਿਆਂ ’ਤੇ ਹੈ। ਕਿਰਪਾ ਕਰਕੇ ਲੋਕਾਂ ਵੱਲੋਂ ਦਿੱਤੇ ਵਿਸ਼ਵਾਸ ਨੂੰ ਟੁੱਟਣ ਨਾ ਦੇਣਾ। ਤੁਸੀਂ ਇਸ ਗੱਲ ਨੂੰ ਵੀ ਕਦੀ ਨਹੀਂ ਭੁੱਲਣਾ ਕਿ ਲੋਕ-ਸ਼ਕਤੀ ਬਹੁਤ ਮਹਾਨ ਹੈ – ਜੇ ਉਹ ਕਿਸੇ ਦੇ ਸਿਰ ’ਤੇ ਤਾਜ ਸਜਾ ਸਕਦੀ ਹੈ ਤਾਂ ਉਸ ਤਾਜ ਨੂੰ ਲਾਹੁਣ ਦੀ ਸਮਰੱਥਾ ਵੀ ਰੱਖਦੀ ਹੈ। ਕਿਉਂਕਿ ਤੁਹਾਨੂੰ ਪਹਿਲੀ ਵਾਰ ਸਰਕਾਰ ਚਲਾਉਣ ਦਾ ਮੌਕਾ ਮਿਲਿਆ ਹੈ, ਇਸ ਲਈ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਬਾਰੀਕੀਆਂ ਹੋਣਗੀਆਂ ਜਿਨ੍ਹਾਂ ਤੋਂ ਤੁਸੀਂ ਅਣਜਾਣ ਹੋਵੋਗੇ, ਉਨ੍ਹਾਂ ਨੂੰ ਮਿਹਨਤ ਨਾਲ ਸਿੱਖਿਆ ਜਾ ਸਕਦਾ ਹੈ। ਲੰਮੇ ਅਰਸੇ ਤੋਂ ਆਪਣੇ ਹੀ ਤਰੀਕੇ ਨਾਲ ਕੰਮ ਕਰ ਰਹੀ ਅਫ਼ਸਰਸ਼ਾਹੀ, ਹੋ ਸਕਦੈ ਤੁਹਾਡੇ ਲਈ ਕੋਈ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰੇ; ਤੁਸੀਂ ਠਰੰਮੇ ਅਤੇ ਦ੍ਰਿੜ੍ਹਤਾ ਨਾਲ ਉਨ੍ਹਾਂ ਨੂੰ ਬਦਲ ਸਕੋਗੇ। ਸਾਡਾ ਮੰਨਣਾ ਹੈ ਕਿ ਜੇਕਰ ਸਿਆਸਤਾਨ ਆਪਣੀ ਜ਼ਿੰਮੇਵਾਰੀ ਪ੍ਰਤੀ ਖ਼ੁਦ ਵਫ਼ਾਦਾਰ ਤੇ ਇਮਾਨਦਾਰ ਹੋਣ ਅਤੇ ਲੋਕਾਂ ਪ੍ਰਤੀ ਸੁਹਿਰਦ ਹੋਣ ਤਾਂ ਕਿਸੇ ਵੀ ਅਫ਼ਸਰ ਦੀ ਮਜਾਲ ਨਹੀਂ ਕਿ ਉਹ ਰਿਸ਼ਵਤਖੋਰੀ ਕਰੇ। ਪੰਜਾਬ ਤੋਂ ਹਜ਼ਾਰਾਂ ਮੀਲ ਦੂਰ, ਸਮੁੰਦਰੋਂ ਪਾਰ ਵੱਸਦੇ ਅਸੀਂ ਪੰਜਾਬੀ, ਕੇਵਲ ਪੰਜਾਬ ਦਾ ਭਲਾ ਚਾਹੁੰਦੇ ਹਾਂ। ਸਾਡੀ ਦਿਲੀ ਤਮੰਨਾ ਹੈ ਕਿ ਦੇਸ਼ ਭਰ ਵਿੱਚ ਨੰਬਰ ਇੱਕ ’ਤੇ ਰਹਿਣ ਵਾਲਾ ਇਹ ਸੂਬਾ ਮੁੜ ਤੋਂ ਆਪਣਾ ਰੁਤਬਾ ਹਾਸਲ ਕਰੇ। ਤੁਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੁਹਾਰ ਇਸ ਕਦਰ ਬਦਲ ਦਿਓ ਕਿ ਬਾਹਰ ਵੱਸਦੇ ਹਰ ਪੰਜਾਬੀ ਦਾ ਦਿਲ ਕਰੇ ਕਿ ਉਹ ਮੌਕਾ ਮਿਲਦੇ ਹੀ ਆਪਣੇ ਰੰਗਲੇ ਪੰਜਾਬ ਵੱਲ ਨੂੰ ਵਹੀਰਾਂ ਘੱਤ ਦੇਵੇ।
ਸੰਪਰਕ: 416 737 6600
ਸੰਪਰਕ: 647 678 0077News Source link
#ਪਜਬਆ #ਦ #ਸਝ #ਤ #ਆਪ #ਦ #ਜਮਵਰ

- Advertisement -

More articles

- Advertisement -

Latest article