ਨਵੀਂ ਦਿੱਲੀ, 29 ਮਾਰਚ
ਪੈਟਰੋਲ ਦੀ ਕੀਮਤ ਵਿੱਚ ਅੱਜ ਮੁੜ 80 ਪੈਸੇ ਦਾ ਵਾਧਾ ਹੋਣ ਨਾਲ ਇਸ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ। ਡੀਜ਼ਲ ਦੀ ਕੀਮਤ ਵਿੱਚ ਵੀ ਅੱਜ ਮੁੜ 70 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਪਿਛਲੇ ਇੱਕ ਹਫ਼ਤੇ ਅੰਦਰ ਪੈਟਰੋਲ ਦੀ ਕੀਮਤ ਵਿੱਚ 4.80 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ। ਤੇਲ ਕੰਪਨੀਆਂ ਨੇ 22 ਮਾਰਚ ਤੋਂ ਲੈ ਕੇ ਹੁਣ ਤੱਕ ਤੇਲ ਕੀਮਤਾਂ ’ਚ 7 ਵਾਰ ਵਾਧਾ ਕੀਤਾ ਹੈ। ਸਰਕਾਰੀ ਤੇਲ ਵੰਡ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਵੀਆਂ ਕੀਮਤਾਂ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ 100.21 ਰੁਪਏ ਪ੍ਰਤੀ ਲਿਟਰ ਜਦਕਿ ਡੀਜ਼ਲ 91.47 ਪੈਸੇ ਪ੍ਰਤੀ ਲਿਟਰ ਹੋ ਗਿਆ ਹੈ। ਸਾਰੇ ਰਾਜਾਂ ਵਿੱਚ ਤੇਲ ’ਤੇ ਟੈਕਸ ਵੱਖ ਵੱਖ ਹੋਣ ਕਾਰਨ ਤੇਲ ਕੀਮਤਾਂ ਵੀ ਵੱਖ ਵੱਖ ਹੋਣਗੀਆਂ।
ਚੰਡੀਗੜ੍ਹ (ਆਤਿਸ਼ ਗੁਪਤਾ): ਦੇਸ਼ ਭਰ ਵਿੱਚ ਹਫ਼ਤੇ ਤੋਂ ਲਗਾਤਾਰ ਤੇਲ ਕੀਮਤਾਂ ਵਿੱਚ ਹੋ ਰਹੇ ਵਾਧੇ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਟੱਪ ਗਈ ਹੈ। ਡੀਜ਼ਲ ਦੀ ਕੀਮਤ ਵੀ 90 ਰੁਪਏ ਪ੍ਰਤੀ ਲਿਟਰ ਦੇ ਕਰੀਬ ਪਹੁੰਚ ਗਈ ਹੈ। ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ 100.29 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ’ਚ 100.25 ਰੁਪਏ, ਫਿਰੋਜ਼ਪੁਰ ’ਚ 100.33 ਰੁਪਏ, ਗੁਰਦਾਸਪੁਰ ’ਚ 100.03 ਰੁਪਏ, ਮੋਗਾ ’ਚ 100.31 ਰੁਪਏ, ਪਠਾਨਕੋਟ ’ਚ 100.34 ਰੁਪਏ, ਰੂਪਨਗਰ ’ਚ 100.33 ਰੁਪਏ, ਮੁਹਾਲੀ ’ਚ 100.58 ਰੁਪਏ ਅਤੇ ਤਰਨ ਤਾਰਨ ’ਚ 100.20 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ ਹੈ। ਡੀਜ਼ਲ ਦੀ ਕੀਮਤ ਵੀ 89 ਤੋਂ 90 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ ਹੈ। ਅੰਬਾਲਾ ’ਚ ਪੈਟਰੋਲ ਦੀ ਕੀਮਤ 100.96 ਰੁਪਏ ਪ੍ਰਤੀ ਲਿਟਰ, ਭਿਵਾਨੀ ’ਚ 101.09 ਰੁਪਏ, ਚਰਖੀ ਦਾਦਰੀ ’ਚ 100.53 ਰੁਪਏ, ਫਰੀਦਾਬਾਦ ’ਚ 100.98 ਰੁਪਏ, ਗੁਰੂਗਰਾਮ ’ਚ 100.58 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ।