ਗ. ਸ. ਨਕਸ਼ਦੀਪ
ਗਿਲੇ ਸ਼ਿਕਵਿਆਂ ਨੂੰ ਦਫ਼ਨਾ ਕੇ
ਉਮਰ ਗੁਜ਼ਰਗੀ ਨਾਲ ਅਸਹਿਤਕਾਂ,
ਪਾਉਂਦੇ ਰਹੇ ਜੋ ਸ਼ੋਰ ਬੜੇੇ।
ਇਸ਼ਕ ਤੋਂ ਹੀ ਨਹੀਂ ਮਿਲੇ ਦੁਖ ਸਾਨੂੰ,
ਜ਼ਿੰਦਗੀ ਦੇ ਦੁਖ ਹੋਰ ਬੜੇ|
ਡਰਾ ਇਸ਼ਕ ਨੂੰ ਨਾ ਮਾਰੂਥਲ ਪਾਏ,
ਨਾ ਛੂਕਦੀਆਂ ਝਨਾਵਾਂ ਹੀ।
ਕੈਦੋਂ ਹੀ ਬਦਨਾਮ ਹੋਇਆ ਹੈ,
ਪਰ ਹੁੰਦੇ ਹੋਰ ਵੀ ਚੁਗਲਖੋਰ ਬੜੇ|
ਮੈਂ ਲੋਕੋ ਮਿੰਟ ਨਾ ਲਾਵਾਂ,
ਇਸ ਮਨਹੂਸ ਜਿਹੇ ਪਿੰਜਰ ਨੂੰ ਤੋੜਨ ਦੀ
ਹੱਸਦਾ ਚਾਹਵਾਂ ਆਪਣੇ ਸੱਜਣ ਨੂੰ,
ਜਿਸ ਦੇ ਮੇਰੇ ‘ਤੇ ਜ਼ੋਰ ਬੜੇ|
ਕਿੰਨੀ ਵਾਰ ਆਏ ਮਿਲੇ ਨਾ ਸਾਨੂੰ,
ਤਲਖੀ ਸੀ ਜਾਂ ਕੋਈ ਹੋਰ ਰੁਝੇਵਾਂ
ਧਰਤੀ ਬੜੀ ਹੀ ਬੇਆਸ ਰਹੀ,
ਭਾਵੇਂ ਚੜ੍ਹੇ ਬੱਦਲ ਘਣਘੋਰ ਬੜੇ|
ਸੰਭਲ ਸੰਭਲਕੇ ਰਹਿਣਾ ਸਿੱਖਲੋ,
ਦਿਨ ਉੱਤੇ ਵੀ ਛਾਏ ਹਨੇਰੇ ਨੇ
ਬੇਵਫ਼ਾ ਹੋ ਗਏ ਨੇ ਪਹਿਰੇਦਾਰ,
ਚਾਰ ਚੁਫ਼ੇਰੇ ਵਸਦੇ ਚੋਰ ਬੜੇ।
ਪਤਝੜ ਹਰ ਥਾਂ ਨੱਚੇ ਕੁੱਦੇ,
ਦਾਸਤਾਨ ਸੁਣਾਵੇ ਟੁੱਟੇ ਪੱਤਿਆਂ ਦੀ
ਬਹਾਰ ਮੁੱਕਰ ਗਈ ਇਸ ਵਾਰ ਆਉਣੋਂ,
ਪੈਲਾਂ ਪਾਉਂਦੇ ਮੋਰ ਬੜੇ|
ਤੂੰ ਬੈਠਾ ਜਿਸ ਕੁਰਸੀ ‘ਤੇ,
ਉਸ ਖਾਤਰ ਖਿਦਮਤ ਸਾਥੋਂ ਨਹੀਂ ਹੋਣੀ
ਆਪਣੀ ਸਾਨੂੰ ਸਿੱਲੀ ਬਸਤੀ ਚੰਗੀ,
ਖੇੜਿਆਂ ਦੇ ਆਸ਼ਕ ਹੋਰ ਬੜੇ|
ਨੇਤਾ ਵਿਕਦੇ ਰਾਹਗੀਰ ਵੀ ਵਿਕਦੇ,
ਜੰਗਲ ਦੇ ਵਿੱਚ ਜਿੰਦ ਇਕੱਲੀ
ਲੱਭਦੀ ਫਿਰੇ ਪੈੜ ਰਹਿਬਰ ਦੀ,
ਪਰ ਉਹਨੂੰ ਮਿਲੇ ਹਰਾਮਖੋਰ ਬੜੇ|
ਜਿੰਦਾ ਰਹੇ ਜ਼ਿਆਦਤੀਆਂ ਸਹਿਕੇ,
ਦਫ਼ਨ ਕਰ ਗਿਲੇ ਸ਼ਿਕਵਿਆਂ ਨੂੰ
ਨਕਸ਼ਦੀਪ ਲੋੜੇ ਉਨ੍ਹਾਂ ਸ਼ਬਦਾਂ ਨੂੰ,
ਮਨਾ ਦੇਂਦੇ ਦਿਲ ਜੋ ਕਠੋਰ ਬੜੇ|
***
ਵਿਕੀਆਂ ਕਲਮਾਂ
ਚਿਹਰੇ ਨਾ ਵੇਖ ਤੂੰ ਸੱਜਣਾ,
ਚਿਹਰੇ ਹੀ ਮੌਖਟੇ ਬਣਾਏ ਹੁੰਦੇ ਨੇ|
ਬੋਲਾਂ ਉੱਤੇ ਵੀ ਨਾ ਜਾਵੀਂ ਤੂੰ,
ਕਿਉਂਕਿ ਬੋਲ ਵੀ ਸਜਾਏ ਹੁੰਦੇ ਨੇ|
ਇਹ ਸਭ ਵਿਖਾਵੇ ਨੇ ਮਿੱਤਰਾ,
ਇਨ੍ਹਾਂ ‘ਚ ਲੁਕੇ ਝੂਠ ਨੂੰ ਵੀ ਵੇਖ
ਉਹ ਜਿਹੜੇ ਢੰਗ ਵਰਤਦੇ,
ਉਨ੍ਹਾਂ ਉਹ ਸਭ ਅਜ਼ਮਾਏ ਹੁੰਦੇ ਨੇ|
ਤੂੰ ਲੱਭਦਾ ਫਿਰੇਂ ਬੇਈਮਾਨਾਂ ‘ਚੋਂ,
ਬੜੇ ਕੀਮਤੀ ਸੱਚਿਆਰਿਆਂ ਨੂੰ
ਸੱਚਿਆਰਿਆਂ ਨੂੰ ਮਾਰਕੇ ਹੀ,
ਉਹ ਸਾਰੇ ਅੱਗੇ ਆਏ ਹੁੰਦੇ ਨੇ!
ਇਹ ਕਲਮਾਂ ਦਾ ਸਹਾਰਾ ਹੁਣ,
ਜੋ ਤੂੰ ਤੱਕਦਾ ਰੀਝ ਲਾ ਲਾ ਕੇ
ਇਹ ਤਾਂ ਬੜੇ ਸ਼ਾਤਰ ਨੇ,
ਕਲਮਾਂ ਦੇ ਮੁੱਲ ਇਨ੍ਹਾਂ ਪਾਏ ਹੁੰਦੇ ਨੇ|
ਤੂੰ ਲੱਭ ਜੇ ਲੱਭਣੇ ਅਤੀਤ ਵਿੱਚੋਂ,
ਬੜੇ ਹੀ ਹਨ ਚਮਕ ਰਹੇ ਸੂਰਜ
ਇਹ ਜੋ ਦਿਸ ਰਹੇ ਤੈਨੂੰ ਹੁਣ,
ਇਨ੍ਹਾਂ ਸਭ ਨੂੰ ਗ੍ਰਹਿਣ ਲਾਏ ਹੁੰਦੇ ਨੇ|
ਇਹ ਵੱਡੇ ਵਪਾਰੀ ਲਫਜ਼ਾਂ ਦੇ,
ਰੱਖਦੇ ਮੌਜੂ ਆਪਣਾ ਠੀਕ ਹਮੇਸ਼ਾਂ
ਨਕਸ਼ਦੀਪ ਕੋਈ ਗਾਹਕ ਮਿਲੇ,
ਇਹ ਤਦੇ ਮੰਡੀ ‘ਚ ਆਏ ਹੁੰਦੇ ਨੇ|
ਡਾ. ਜੀ. ਐੱਸ. ਭੰਡਾਲ
ਅਰਕਾਂ ਦਾ ਪਾਣੀ
ਮੈਂ ਅੱਖ ਦਾ ਹੰਝੂ ਨਹੀਂ, ਅਰਕਾਂ ਦਾ ਪਾਣੀ ਹਾਂ।
ਹਰ ਰੁੱਤ ਦੇ ਪਿੰਡੇ ਦੀ ਤਵਾਰੀਖ਼ੀ ਕਹਾਣੀ ਹਾਂ।
ਮੈਂ ਅੰਬਰ ਵਿੱਚ ਪਸਰੀ ਚੁੱਪ ਨੂੰ ਪੜ੍ਹਿਆ ਹੈ।
ਤੇ ਵਾਵਾਂ ‘ਚ ਉੱਡਦੇ ਹਉਕੇ ਨੂੰ ਫੜਿਆ ਹੈ।
ਮੈਂ ਫ਼ਿਜ਼ਾ ਵਿੱਚ ਤੈਰਦੀ ਸਾਹਾਂ ਦੀ ਤਾਣੀ ਹਾਂ।
ਮੈਂ ਖੇਤਾਂ ਵਿੱਚ ਉੱਗੀ ਚੀਸ ਵੀ ਜਾਣੀ ਹੈ।
ਧੁੱਪਾਂ ਤੇ ਮੁੜਕੇ ਦੀ ਯਾਰੀ ਵੀ ਮਾਣੀ ਹੈ।
ਮੈਂ ਆੜ ‘ਚ ਵਗਦਾ ਰੰਗ-ਰੱਤਾ ਪਾਣੀ ਹਾਂ।
ਮੈਂ ਚੰਦ ਦੇ ਦਾਗਾਂ ਤੋਂ ਨਹੀਂ ਅਣਜਾਣ ਰਿਹਾ।
ਦੁੱਖ ਰੋਂਦੇ ਚਾਨਣ ਦਾ ਨਾ ਗਿਆ ਹੀ ਸਹਿਆ।
ਪੁੰਨਿਆ ਦੀ ਪੀੜਾ ਦਾ ਉਮਰਾਂ ਦਾ ਹਾਣੀ ਹਾਂ।
ਸ਼ਬਦਾਂ ਦੀਆਂ ਗੁੱਝੀਆਂ ਰਮਜ਼ਾਂ ਦਾ ਜਾਣੂ ਹਾਂ।
ਤੇ ਉੱਜੜੇ ਪਿੰਡਾਂ ਤੇ ਬੀਹੀਆਂ ਦਾ ਸਿਆਣੂ ਹਾਂ।
ਮੈਂ ਚੋਂਦੀ ਛੱਤ ਨੂੰ ਲਿੱਪਦੀ ਹੋਈ ਸੁਆਣੀ ਹਾਂ।
ਸੰਪਰਕ: 216-556-2080
ਗੁਰਦੀਸ਼ ਕੌਰ ਗਰੇਵਾਲ
ਮੈਂ ਔਰਤ ਹਾਂ
ਮੈਂ ਔਰਤ ਹਾਂ ਅਤੇ
ਔਰਤ ਹੀ ਰਹਾਂਗੀ
ਪਰ ਮੈਂ ਤੇਰੇ ਪਿੱਛੇ ਨਹੀਂ
ਕਦਮਾਂ ਦੇ ਬਰਾਬਰ
ਕਦਮ ਧਰਾਂਗੀ।
ਮੈਂ ਸੀਤਾ ਨਹੀਂ-
ਜੋ ਆਪਣੇ ਸਤ ਲਈ
ਤੈਨੂੰ ਅਗਨ ਪ੍ਰੀਖਿਆ ਦਿਆਂਗੀ।
ਮੈਂ ਦਰੋਪਤੀ ਵੀ ਨਹੀਂ-
ਜੋ ਇੱਕ ਵਸਤੂ ਦੀ ਤਰ੍ਹਾਂ
ਤੇਰੇ ਹੱਥੋਂ, ਜੂਏ ‘ਚ ਜਾ ਹਰਾਂਗੀ।
ਮੈਂ ਸੱਸੀ ਵੀ ਨਹੀਂ-
ਜੋ ਤੇਰੀ ਡਾਚੀ ਦੀ
ਪੈੜ ਭਾਲਦੀ ਭਾਲਦੀ
ਰੇਗਿਸਤਾਨ ਦੀ ਤਪਦੀ
ਰੇਤ ‘ਚ ਸੜ ਮਰਾਂਗੀ।
ਮੈਂ ਸੋਹਣੀ ਵੀ ਨਹੀਂ-
ਜੋ ਕੱਚਿਆਂ ‘ਤੇ ਤਰਦੀ ਤਰਦੀ
ਝਨਾਂ ਦੇ ਡੂੰਘੇ ਪਾਣੀਆਂ ‘ਚ
ਜਾ ਖਰਾਂਗੀ।
ਮੈਂ ਅਬਲਾ ਨਹੀਂ
ਸਬਲਾ ਬਣਾਂਗੀ।
ਮੈਂ ਤਾਂ ਮਾਈ ਭਾਗੋ ਬਣ
ਭਟਕੇ ਹੋਏ ਵੀਰਾਂ ਨੂੰ ਰਾਹੇ ਪਾਉਣਾ ਹੈ
ਮੈਂ ਤਾਂ ਰਾਣੀ ਝਾਂਸੀ ਬਣ
ਆਜ਼ਾਦੀ ਦਾ ਬਿਗਲ ਵਜਾਉਣਾ ਹੈ
ਮੈਂ ਗੋਬਿੰਦ ਦੀ ਸ਼ਮਸ਼ੀਰ ਬਣ
ਜ਼ਾਲਮ ਨੂੰ ਸਬਕ ਸਿਖਾਉਣਾ ਹੈ
ਮੈਂ ਕਲਪਨਾ ਚਾਵਲਾ ਬਣ
ਧਰਤੀ ਹੀ ਨਹੀਂ, ਅੰਬਰ ਵੀ ਗਾਹੁਣਾ ਹੈ।
ਮੈਂ ਅਜੇ ਕਈ ਸਾਗਰ ਤਰਨੇ ਨੇ
ਮੈਂ ਅਜੇ ਪਰਬਤ ਸਰ ਕਰਨੇ ਨੇ
ਬਹੁਤ ਕੁਝ ਹੈ ਅਜੇ
ਮੇਰੇ ਕਰਨ ਲਈ
‘ਦੀਸ਼’ ਕੋਲ ਵਿਹਲ ਨਹੀਂ
ਅਜੇ ਮਰਨ ਲਈ।
ਮੈਂ ਔਰਤ ਹਾਂ ਅਤੇ
ਔਰਤ ਹੀ ਰਹਾਂਗੀ
ਪਰ ਮੈਂ ਤੇਰੇ ਪਿੱਛੇ ਨਹੀਂ
ਕਦਮਾਂ ਦੇ ਬਰਾਬਰ
ਕਦਮ ਧਰਾਂਗੀ।
ਸੰਪਰਕ: +91 98728 60488
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਗ਼ਜ਼ਲ
ਮਾੜੇ ਬੋਲ ਵਾਂਝੇ ਰਹਿ ਜਾਈਦਾ ਪਿਆਰ ਤੋਂ।
ਡਿੱਗੀਏ ਨਾ ਕਦੇ ਸੱਜਣਾ ਦੇ ਇਤਬਾਰ ਤੋਂ।
ਵੱਡੀਆਂ ਤਾਲੀਮਾਂ ਦਾ ਨਹੀਂ ਹੰਕਾਰ ਕਰੀਦਾ,
ਪੈ ਜਾਂਦਾ ਕਿਸੇ ਵੇਲੇ ਸਿੱਖਣਾ ਗਵਾਰ ਤੋਂ।
ਜੀਵਣੇ ਦਾ ਅਸਲੀ ਮੁਕਾਮ ਯਾਦ ਰੱਖਿਓ,
ਜਾਣਾ ਪੈਣਾ ਯਾਰੋ ਇੱਕ ਦਿਨ ਸੰਸਾਰ ਤੋਂ।
ਸਿਰ ਉੱਤੇ ਚੜ੍ਹਦਾ ਜੇ ਕਰਜ਼ਾ ਨਹੀਂ ਛੱਡਦਾ,
ਹਰ ਵੇਲੇ ਪਾਸਾ ਵੱਟੀ ਰੱਖਿਓ ਉਧਾਰ ਤੋਂ।
ਧੀਆਂ-ਭੈਣਾਂ ਮਾਵਾਂ ਦਾ ਸਦਾ ਸਤਿਕਾਰ ਕਰੋ,
ਇੱਜ਼ਤਾਂ ਖ਼ਰੀਦੀਆਂ ਨਾ ਜਾਂਦੀਆਂ ਬਜ਼ਾਰ ‘ਚੋਂ।
ਵਹੀ ਖਾਤੇ ਲਿਖਦਾ ਜੋ ਡਾਢੇ ਨੂੰ ਭੁਲਾਓ ਨਾ,
ਕਲਮਾਂ ਦੀ ਮਾਰ ‘ਲੱਖੇ’ ਤਿੱਖੀ ਤਲਵਾਰ ਤੋਂ।
ਸੰਪਰਕ: +447438398345
News Source link
#ਪਰਵਸ #ਕਵ