ਹਰਜੀਤ ਅਟਵਾਲ
ਉਂਜ ਤਾਂ ਡਰਬੀ ਇੰਗਲੈਂਡ ਦਾ ਇੱਕ ਖੂਬਸੂਰਤ ਸ਼ਹਿਰ ਹੈ ਜਿੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ, ਪਰ ਡਰਬੀ ਦੇ ਮਾਅਨੇ ਘੋੜ ਦੌੜ ਵੀ ਹੈ। ਇਸ ਘੋੜ ਦੌੜ ਨੂੰ ਖੇਡਦੇ ਰੂਪ ਵਿੱਚ ਲਿਆ ਜਾਂਦਾ ਹੈ। ਇਹ ‘ਖੇਡ’ ਬਹੁਤ ਸਾਰੇ ਦੇਸ਼ਾਂ ਵਿੱਚ ਖੇਡੀ ਜਾਂਦੀ ਹੈ ਬਲਕਿ ਦੁਨੀਆ ਦੇ ਹਰ ਵੱਡੇ ਸ਼ਹਿਰ ਵਿੱਚ ਖੇਡੀ ਜਾਂਦੀ ਹੈ। ਯੂਕੇ ਦੀ ਨੈਸ਼ਨਲ ਗੇਮ ਭਾਵੇਂ ਕ੍ਰਿਕਟ ਹੈ, ਪਰ ਡਰਬੀ ਉਸ ਤੋਂ ਵੱਧ ਹਰਮਨਪਿਆਰੀ ਹੈ। ਇਸ ਵਿੱਚ ਦੋ ਜਾਂ ਦੋ ਤੋਂ ਵੱਧ ਘੋੜੇ ਜੌਕੀ (ਸਵਾਰ) ਨੂੰ ਲੈ ਕੇ ਇੱਕ ਨਿਸ਼ਚਤ ਦੂਰੀ ਤੱਕ ਦੌੜਦੇ ਹਨ। ਇੰਗਲੈਂਡ ਵਿੱਚ ਇਹ ਦੂਰੀ ਇੱਕ ਮੀਲ, ਚਾਰ ਫਰਲਾਂਗ, ਛੇ ਗਜ਼ ਹੈ ਯਾਨੀ ਕਿ 2420 ਮੀਟਰ। ਆਸਟਰੇਲੀਅਨ-ਡਰਬੀ, ਨਿਊਜ਼ੀਲੈਂਡ-ਡਰਬੀ, ਜਰਮਨ-ਡਰਬੀ ਤੇ ਇੰਡੀਅਨ-ਡਰਬੀ ਵਿੱਚ ਇਹ ਦੂਰੀ 2400 ਮੀਟਰ ਹੈ, ਫਰਾਂਸੀਸੀ-ਡਰਬੀ ਵਿੱਚ 2100 ਮੀਟਰ, ਸਵੀਡਿਸ਼-ਡਰਬੀ ਵਿੱਚ 2640 ਮੀਟਰ। ਇਵੇਂ ਥੋੜ੍ਹੇ ਜਿਹੇ ਫਰਕ ਨਾਲ ਇਹ ਦੂਰੀ ਤਕਰੀਬਨ ਇੱਕੋ-ਜਿਹੀ ਹੀ ਹੈ। ਇਹ ਰੇਸ ਭਾਵੇਂ ਕੁਝ ਕੁ ਮਿੰਟਾਂ ਦੀ ਹੀ ਹੁੰਦੀ ਹੈ, ਪਰ ਇਸ ਦੀ ਤਿਆਰੀ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਹਨ। ਇਹ ਰੇਸ ਸਿਰਫ਼ ਘੋੜਿਆਂ ਲਈ ਹੈ, ਖੋਤੇ-ਖੱਚਰ ਇਸ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਦੌੜਨ ਵਾਲੇ ਕੋਲਟ ਜਾਂ ਫਿਲੀ ਦੀ ਉਮਰ ਤਿੰਨ ਸਾਲ ਜ਼ਰੂਰੀ ਹੋਣੀ ਚਾਹੀਦੀ ਹੈ। ਕੋਲਟ ਦਾ ਭਾਵ ਵਛੇਰੇ ਤੋਂ ਘੋੜਾ ਬਣਨ ਜਾਣ ਵਾਲੇ ਤੇ ਫਿਲੀ ਵਛੇਰੀ ਤੋਂ ਘੋੜੀ ਬਣਨ ਜਾਣ ਵਾਲੇ ਜਾਨਵਰ ਨੂੰ ਕਿਹਾ ਜਾਂਦਾ ਹੈ। ਇੰਗਲੈਂਡ, ਆਸਟਰੇਲੀਆ, ਫਰਾਂਸ, ਜਰਮਨੀ ਬਗੈਰਾ ਵਿੱਚ ਕੋਲਟ ਜਾਂ ਫਿਲੀ ਤਿੰਨ ਸਾਲ ਦੇ ਹੋਣੇ ਚਾਹੀਦੇ ਹਨ, ਪਰ ਭਾਰਤ, ਹੌਂਗਕੌਂਗ ਵਰਗੇ ਕੁਝ ਮੁਲਕ ਅਜਿਹੇ ਵੀ ਹਨ ਜਿੱਥੇ ਇਹ ਉਮਰ ਚਾਰ ਸਾਲ ਦੀ ਰੱਖੀ ਗਈ ਹੈ ਕਿਉਂਕਿ ਇਸ ਉਮਰ ਤੱਕ ਕੋਲਟ, ਫਿਲੀ ਪੂਰੇ ਘੋੜਾ, ਘੋੜੀ ਬਣ ਚੁੱਕੇ ਹੁੰਦੇ ਹਨ। ਫਿਨਲੈਂਡ ਡਰਬੀ ਵਿੱਚ ਤਾਂ ਦੌੜਨ ਲਈ ਘੋੜੇ ਦੀ ਉਮਰ ਪੰਜ ਸਾਲ ਰੱਖੀ ਗਈ ਹੈ। ਕਈ ਕਿਸਮ ਦੀਆਂ ਘੋੜ-ਦੌੜਾਂ ਹੁੰਦੀਆਂ ਹਨ ਜਿਵੇਂ ਕਿ ਸਟੀਪਲਚੇਜ਼ ਰੇਸ (ਅੜਿੱਕਿਆਂ ਵਾਲੀ), ਰੱਥ-ਰੇਸ ਵੀ। ਪਰ ਡਰਬੀ ਵਿੱਚ ਘੋੜੇ ਪੱਧਰੀ-ਧਰਤੀ ’ਤੇ ਸਿੱਧੇ ਇੱਕ ਨੁਕਤੇ ਤੋਂ ਦੂਜੇ ਨੁਕਤੇ ਵੱਲ ਦੌੜਦੇ ਹਨ।
ਘੋੜ-ਦੌੜ ਕੋਈ ਨਵੀਂ ਚੀਜ਼ ਨਹੀਂ ਹੈ। ਘੋੜ-ਸਵਾਰੀ ਵਿੱਚ ਨਿਪੁੰਨਤਾ ਦਾ ਦਿਖਾਵਾ ਕਰਨ ਦਾ ਇੱਕ ਭਾਵ ਇਹ ਵੀ ਸੀ ਕਿ ਯੁੱਧ ਲਈ ਤਿਆਰੀ। ਇਹ ਪੁਰਾਤਨ ਗਰੀਸ ਤੇ ਰੋਮ ਵਿੱਚ ਵੀ ਖੇਡੀ ਜਾਂਦੀ ਸੀ। ਅੱਜ ਤੋਂ ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ ਗਰੀਕ ਓਲੰਪਿਕ-ਗੇਮਾਂ ਦਾ ਹਿੱਸਾ ਵੀ ਰਹੀ ਹੈ। ਪੁਰਾਣੇ ਗਰੀਸ ਵੇਲੇ ਪੈਨਹੇਲੈਨਿਕ-ਗੇਮਜ਼ ਦਾ ਇਹ ਗੇਮ ਅਹਿਮ ਹਿੱਸਾ ਰਹੀ ਹੈ। ਰੱਥ-ਰੇਸ ਨੂੰ ਸਵਾਰ ਤੇ ਘੋੜਿਆਂ ਦੋਵਾਂ ਲਈ ਹੀ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ। ਘੋੜਿਆਂ ਉੱਪਰ ਪੋਲੋ ਖੇਡਣ, ਕੋਈ ਜਾਨਵਰ ਚੁੱਕਣ ਜਾਂ ਬੂਝਾ ਪੁੱਟਣ ਆਦਿ ਦੀਆਂ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ। ਕਈ ਥਾਵਾਂ ’ਤੇ ਘੋੜੇ ਖਾਸ ਭਾਰ ਚੁੱਕ ਕੇ ਦੌੜਦੇ ਹਨ ਤੇ ਕਈ ਥਾਵੀਂ ਖਾਲੀ ਘੋੜਿਆਂ ਨੂੰ ਦੌੜਾ ਕੇ ਵੀ ਰੇਸ ਖੇਡੀ ਜਾਂਦੀ ਹੈ। ਇਤਿਹਾਸ ਵਿੱਚ ਘੋੜਿਆਂ ਨਾਲ ਹੋਰ ਵੀ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਹਨ, ਪਰ ਪਿਛਲੀਆਂ ਕੁਝ ਸਦੀਆਂ ਤੋਂ ਡਰਬੀ ਹੀ ਸਭ ਤੋਂ ਵਧ ਪ੍ਰਚੱਲਤ ਚੱਲਦੀ ਆ ਰਹੀ ਹੈ। ਪਰ ਇੱਕ ਗੱਲ ਸਾਫ਼ ਹੈ ਕਿ ਇਹ ਖੇਡ ਆਮ ਆਦਮੀ ਦੀ ਨਹੀਂ ਹੈ।
ਡਰਬੀ ਨੂੰ ਡਰਬੀ ਸਟੇਕ, ਐਪਸਮ ਡਰਬੀ ਵੀ ਕਿਹਾ ਜਾਂਦਾ ਹੈ। ਇਸ ਨੂੰ ਸਪਾਂਸਰਸ਼ਿੱਪ ਦੇ ਮਕਸਦ ਨਾਲ ਕਾਜ਼ੂ ਡਰਬੀ ਵੀ ਆਖ ਦਿੱਤਾ ਜਾਂਦਾ ਹੈ। ਇੰਗਲੈਂਡ ਵਿੱਚ ਇਸ ਦਾ ਆਰੰਭ ਤਾਂ ਸੋਲਵੀਂ ਤੇ ਸਤਾਰਵੀਂ ਸਦੀ ਵਿੱਚ ਹੁੰਦਾ ਹੈ, ਪਰ ਅਠਾਰਵੀਂ ਸਦੀ ਵਿੱਚ ਆ ਕੇ ਪੂਰੀ ਤਰ੍ਹਾਂ ਸਥਾਪਤ ਹੋ ਜਾਂਦੀ ਹੈ। ਕਿੰਗ ਚਾਰਲਸ ਦੂਜਾ ਜੋ ਆਪ ਵੀ ਸਪੋਰਟਸਮੈਨ ਸੀ, ਨੇ ਪੱਛਮੀ ਇੰਗਲੈਂਡ ਦੇ ਸ਼ਹਿਰ ਨਿਊਮਾਰਕੀਟ ਵਿੱਚ ਪਹਿਲਾ ਰੇਸਕੋਰਸ ਬਣਾਇਆ। ਇਸੇ ਲਈ ਨਿਊਮਾਰਕੀਟ ਨੂੰ ਘੋੜ-ਦੌੜ ਦਾ ਹੈਡਕੁਆਰਟਰ ਕਿਹਾ ਜਾਂਦਾ ਹੈ। 1750 ਦੇ ਆਉਣ ਤੱਕ ਨਿਊਮਾਰਕੀਟ ਦੌੜਾਂ ਨੂੰ ਕੰਟਰੋਲ ਕਰਨ ਲਈ ਜੌਕੀ ਕਲੱਬ ਬਣਾਈ ਗਈ ਸੀ। ਜੌਕੀ ਭਾਵ ਘੋੜਾ ਦੜਾਉਣ ਵਾਲਿਆਂ ਦੀ ਕਲੱਬ। ਇਸ ਵਿੱਚ ਖੇਡ ਦੇ ਨਿਯਮ ਬਣਾਏ ਗਏ ਤਾਂ ਜੋ ਕੋਈ ਹੇਰਾਫੇਰੀ ਨਾ ਕਰ ਸਕੇ। ਯੂਕੇ ਦੀ ਸਭ ਤੋਂ ਵੱਡੀ ਤੇ ਅਹਿਮ ਐਪਸਮ-ਡਰਬੀ 1780 ਵਿੱਚ ਸ਼ੁਰੂ ਹੁੰਦੀ ਹੈ। ਪਹਿਲੀਆਂ ਵਿੱਚ ਇਸ ਵਿੱਚ ਜਿੱਤਣ ਵਾਲਿਆਂ ਨੂੰ ਸਾਧਾਰਨ ਜਿਹਾ ਇਨਾਮ ਹੀ ਹੁੰਦਾ ਸੀ, ਪਰ ਦੇਖਦਿਆਂ ਹੀ ਦੇਖਦਿਆਂ ਇਸ ਖੇਡ ਨੇ ਵਿਰਾਟ ਰੂਪ ਧਾਰਨ ਕਰ ਲਿਆ। ਇਸ ਨੂੰ ਦੇਖਣ ਵਾਲੇ ਤੇ ਖੇਡਣ ਵਾਲੇ ਅਮੀਰ ਲੋਕ ਹੀ ਹੁੰਦੇ ਸਨ, ਇਸ ਲਈ ਇਸ ਵਿੱਚ ਪੈਸਾ ਬਹੁਤਾ ਸ਼ਾਮਲ ਹੋਣ ਲੱਗਾ।
ਰੇਸ ਵਿੱਚ ਬਾਰਾਂ ਤੋਂ ਲੈ ਕੇ ਸੋਲਾਂ ਤੱਕ ਘੋੜੇ ਭਾਗ ਲੈਂਦੇ ਹਨ। ਕਦੇ-ਕਦੇ ਗਿਣਤੀ ਇਸ ਤੋਂ ਵਧ ਜਾਂਦੀ ਹੈ, ਪਰ ਵੀਹਾਂ ਤੋਂ ਕਦੇ ਨਹੀਂ ਵਧੇ। ਇਸ ਰੇਸ ਵਿੱਚ ਭਾਗ ਲੈਣ ਵਾਲੇ ਘੋੜਿਆਂ ਨੂੰ ਸਟਾਲੀਅਨ ਵੀ ਕਿਹਾ ਜਾਂਦਾ ਹੈ। ਇਨ੍ਹਾਂ ਘੋੜ-ਦੌੜਾਂ ਵਿੱਚ ਭਾਗ ਲੈਣ ਵਾਲੇ ਘੋੜੇ ਕੁਝ ਖਾਸ ਨਸਲਾਂ ਦੇ ਹੀ ਹੁੰਦੇ ਹਨ। ਇੱਕ ਘੋੜੇ ਦੇ ਸਾਇਰ (ਪਿਤਾ) ਤੇ ਡੈਮ (ਮਾਤਾ) ਅਜਿਹੇ ਹੋਣੇ ਚਾਹੀਦੇ ਹਨ ਜੋ ਮਨਜ਼ੂਰਸ਼ੁਦਾ ਸਟੱਡ ਤੋਂ ਆਏ ਹੋਣ। ਹੋਰਨਾਂ ਨਸਲਾਂ ਲਈ ਕੁਆਟਰ ਹੌਰਸ-ਰੇਸਿੰਗ ਕਰਾਈ ਜਾਂਦੀ ਹੈ। ਕਈ ਦੌੜਾਂ ਦੇ ਜੇਤੂ ਸਟਾਲੀਅਨ ਨੂੰ ਦੌੜਾਂ ਤੋਂ ਰਿਟਾਇਰ ਹੋਣ ਤੋਂ ਬਾਅਦ ਸਟੱਡ ਵਿੱਚ ਪਾ ਦਿੱਤਾ ਜਾਂਦਾ ਹੈ ਜਿੱਥੋਂ ਉਸ ਦੀ ਨਸਲ ਅਗਾਂਹ ਚਲਾਈ ਜਾਂਦੀ ਹੈ। ਆਰਟੀਫੀਸ਼ਲ-ਇਨਸੈਮੀਨੇਸ਼ਨ ਤੇ ਐਂਬਰੀਓ-ਟਰਾਂਸਫਰ ਦੀ ਟੈਕਨੋਲੌਜੀ ਨੇ ਪਰੰਪਰਾਗਤ-ਬ੍ਰੀਡਿੰਗ ਵਿੱਚ ਕਾਫ਼ੀ ਤਬਦੀਲੀਆਂ ਲਿਆਂਦੀਆਂ ਹਨ। ਇੰਗਲੈਂਡ ਵਿੱਚ ਤਿੰਨ ਕਿਸਮਾਂ ਦੇ ਘੋੜਿਆਂ ਨੂੰ ਆਲ੍ਹਾ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਨਾਂ ਉਨ੍ਹਾਂ ਦੇ ਮਾਲਕਾਂ ਦੇ ਨਾਵਾਂ ਪਿੱਛੇ ਆਉਂਦੇ ਹਨ ਜਿਨ੍ਹਾਂ ਨੇ ਇਹ ਨਸਲ ਬਣਾਈ ਯਾਨੀ ਕਿ ਅਰਬੀ ਘੋੜਿਆਂ ਨੂੰ ਲਿਆ ਕੇ ਅੱਗੋਂ ਨਸਲ ਚਲਾਈ। ਥੌਮਸ ਡੇਰਲੇ ਦੀ ਬ੍ਰੀਡ ਕੀਤੀ ਨਸਲ ਡੇਰਲੇ-ਅਰੇਬੀਅਨ, ਲੌਰਡ ਗੋਡੋਲਫਿਨ ਦੀ ਗੋਡੋਲਫਿਨ-ਅਰੇਬੀਅਨ ਤੇ ਕੈਪਟਨ ਰੌਬਰਟ ਬਾਇਰਲੇ ਦੀ ਬਾਇਰਲੇ-ਟਰਕ। ਘੋੜਿਆਂ ਦੀ ਬ੍ਰੀਡ ਦਾ ਵਿਸ਼ਾ ਕਾਫ਼ੀ ਗੁੰਝਲਦਾਰ ਹੈ, ਇਸ ਨੂੰ ਸਮਝਣ ਲਈ ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਹਨ, ਡਾਕੂਮੈਂਟਰੀਆਂ ਵੀ ਹਨ।
ਘੋੜ-ਦੌੜ ਦਾ ਡਰਬੀ ਨਾਂ ਪੈਣ ਵਿੱਚ ਵੀ ਇੱਕ ਕਹਾਣੀ ਹੈ। ਇਹ ਨਾਂ ਘੋੜ-ਦੌੜ ਨੂੰ ਸਪਾਂਸਰ ਕਰਨ ਵਾਲੇ ਲੌਰਡ-ਡਰਬੀ ਦੇ ਨਾਂ ’ਤੇ ਪਿਆ। ਜੇਮਜ਼ ਸਟੈਨਲੇ ਜੋ ਕਿ ਜੋ ਡਰਬੀ ਦੇ ਇਲਾਕੇ ਦਾ ਸੱਤਵਾਂ ਅਰਲ ਔਫ ਡਰਬੀ ਜਾਂ ਲੌਰਡ ਸੀ, ਨੇ ਆਇਲ ਔਫ ਮੈਨ, (ਇੰਗਲੈਂਡ ਨੇੜੇ ਜਜ਼ੀਰਾ) ਉੱਪਰ ਘੌੜ-ਦੌੜ ਦਾ ਇੰਸਟੀਚਿਊਟ ਸ਼ੁਰੂ ਕੀਤਾ ਸੀ ਜਿਸ ਵਿੱਚ ਉਹ ਹਰ ਸਾਲ ਇੱਕ ਕੱਪ ਦਿੰਦਾ ਸੀ ਜਿਸ ਨੂੰ ‘ਮੈਨਕਸ-ਡਰਬੀ’ ਕਿਹਾ ਜਾਂਦਾ ਸੀ। ਇਵੇਂ ਇਸ ਘੋੜ-ਦੌੜ ਨੂੰ ਹੀ ਡਰਬੀ ਕਿਹਾ ਜਾਣ ਲੱਗ ਪਿਆ। ਇੰਗਲੈਂਡ ਵਿੱਚ ਪਹਿਲੀ ਡਰਬੀ 1779 ਨੂੰ ਹੋਈ। ਉਸ ਤੋਂ ਬਾਅਦ ਹੋਰ ਵੀ ਕਈ ਅਮੀਰਜ਼ਾਦਿਆਂ ਨੇ ਆਪਣੇ ਨਾਂ ’ਤੇ ਕੱਪ ਸ਼ੁਰੂ ਕੀਤੇ, ਪਰ ਡਰਬੀ ਸਭ ਤੋਂ ਪ੍ਰਚੱਲਿਤ ਰਿਹਾ। ਐਪਸਮ ਸ਼ਹਿਰ ਦੇ ਰੇਸਕੋਰਸ ਵਿੱਚ ਅਗਲੀ ਡਰਬੀ 4 ਮਈ 1780 ਨੂੰ ਹੋਈ ਜਿਸ ਵਿੱਚ ਡਿਓਮੈਡ ਨਾਂ ਦਾ ਘੋੜਾ ਜਿੱਤਿਆ ਜਿਸ ਦਾ ਮਾਲਕ ਸਰ ਚਾਰਲਸ ਬਨਬਰੀ ਸੀ। ਉਸ ਨੇ ਉਸ ਵੇਲੇ ਦੇ 1065 ਪੌਂਡ, 15 ਸ਼ਿਲਿੰਗ ਜਿੱਤੇ। ਇਹ ਦੌੜ ਇੱਕ ਮੀਲ ਦੀ ਸੀ। 1784 ਵਿੱਚ ਇਸ ਨੂੰ ਡੇਢ ਮੀਲ ਦੀ ਕਰ ਦਿੱਤਾ ਗਿਆ। ਲੌਡਰ ਡਰਬੀ ਜਿਸ ਦੇ ਨਾਂ ’ਤੇ ਇਹ ਰੇਸ ਜਾਣੀ ਜਾਂਦੀ ਹੈ, ਉਹ ਇਸ ਰੇਸ ਨੂੰ 1787 ਵਿੱਚ ਜਿੱਤ ਸਕਿਆ। ਉਸ ਦੇ ਘੋੜੇ ਦਾ ਨਾਂ ਸਰ ਪੀਟਰ ਟੀਜ਼ਲ ਸੀ।
ਉਦੋਂ ਤੋਂ ਲੈ ਕੇ ਅੱਜ-ਤੱਕ ਐਪਸਮ ਵਿੱਚ ਹਰ ਸਾਲ ਡਰਬੀ ਹੁੰਦੀ ਹੈ। ਇਸ ਸਾਲ ਜੂਨ ਵਿੱਚ 243ਵੀਂ ਡਰਬੀ ਹੋਵੇਗੀ। ਵੈਸੇ ਦੋਨਾਂ ਮਹਾਂਯੁੱਧਾਂ ਵਿੱਚ ਡਰਬੀ ਨੂੰ ਮੁਲਤਵੀ ਕਰਨਾ ਪਿਆ ਸੀ। ਉਂਜ ਐਪਸਮ ਰੇਸਕੋਰਸ ਵਿੱਚ ਘੋੜ-ਦੌੜਾਂ ਚੱਲਦੀਆਂ ਰਹਿੰਦੀਆਂ ਹਨ, ਪਰ ਡਰਬੀ ਇੱਕਵਾਰ ਹੁੰਦੀ ਹੈ। ਹੁਣ ਬਹੁਤ ਸਾਲਾਂ ਤੋਂ ਇਹ ਜੂਨ ਦੇ ਪਹਿਲੇ ਸ਼ਨਿਚਰਵਾਰ ਹੁੰਦੀ ਆ ਰਹੀ ਹੈ। ਇਸ ਦੇ ਦਿਨ ਕਈ ਵਾਰ ਬਦਲਦੇ ਰਹੇ ਰਹੇ ਹਨ, ਪਰ ਜਦੋਂ ਤੋਂ ਵੀਕਐੰਡ ’ਤੇ ਛੁੱਟੀ ਵਾਲਾ ਸਿਸਟਮ ਸ਼ੁਰੂ ਹੋਇਆ ਹੈ, ਸ਼ਨਿਚਰਵਾਰ ਹੀ ਇਸ ਲਈ ਢੁਕਵਾਂ ਮੰਨਿਆ ਜਾਂਦਾ ਹੈ। ਪਿਛਲੇ ਸਾਲ ਕਰੋਨਾ ਕਰਕੇ ਡਰਬੀ ਕੁਝ ਠੰਢੀ ਰਹੀ ਨਹੀਂ ਤਾਂ ਹਰ ਸਾਲ ਡੇਢ ਲੱਖ ਤੋਂ ਵੱਧ ਲੋਕ ਇਸ ਨੂੰ ਦੇਖਣ ਜਾਂਦੇ ਹਨ ਤੇ ਜੋ ਟੈਲੀਵਿਜ਼ਨ ਉੱਪਰ ਜਾਂ ਹੋਰ ਸੋਸ਼ਲ ਮੀਡੀਆ ’ਤੇ ਦੇਖਦੇ ਹਨ ਉਹ ਅਲੱਗ ਹੈ। ਪਹਿਲੀਆਂ ਵਿੱਚ ਡਰਬੀ ਨੂੰ ਦੇਖਣ ਲਈ ਲੋਕ ਇੱਕ ਗੇਮ ਦੇਖਣ ਵਾਂਗ ਹੀ ਜਾਂਦੇ ਹਨ, ਪਰ ਹੁਣ ਇਹ ਇੱਕ ਮੇਲੇ ਵਿੱਚ ਤਬਦੀਲ ਹੋ ਚੁੱਕੀ ਹੈ। 1850ਵਿਆਂ ਵਿੱਚ ਮਸ਼ਹੂਰ ਨਾਵਲਕਾਰ ਚਾਰਲਸ ਡਿਕਨਜ਼ ਜਾਇਆ ਕਰਦਾ ਸੀ, ਉਦੋਂ ਕੁ ਤੋਂ ਹੀ ਬਹੁਤ ਸਾਰੇ ਮਨੋਰੰਜਨ ਕਰਨ ਵਾਲੇ ਜਿਵੇਂ ਕਿ ਸੰਗੀਤ ਵਜਾਉਣ ਵਾਲੇ, ਡਾਂਸਰ, ਜੋਕਰ ਆਦਿ ਜਾਣ ਲੱਗੇ, ਕਈ ਕਿਸਮ ਦੇ ਪੰਡਾਲ ਸਜਣ ਲੱਗੇ। ਹੌਲੀ-ਹੌਲੀ ਇਹ ਪਰਿਵਾਰਕ ਆਊਟਿੰਗ ਦਾ ਦਿਨ ਬਣ ਗਿਆ। ਬੱਚਿਆਂ ਦੀਆਂ ਕਈ ਕਿਸਮ ਦੀਆਂ ਰਾਈਡਾਂ ਹੁੰਦੀਆਂ ਹਨ। 1870 ਵਿੱਚ ਹੀ ਗਰਾਊਂਡ ਦੇ ਇੱਕ ਪਾਸੇ ਸਟੀਮ-ਟਰੇਨ ਚੱਲਣ ਲੱਗ ਪਈ ਸੀ। ਕਿਸੇ ਵੇਲੇ ਤਾਂ ਇਹ ਮੇਲਾ ਦਸ ਦਿਨ ਤੱਕ ਚੱਲਦਾ ਰਹਿੰਦਾ ਸੀ, ਹੁਣ ਇਹ ਦੋ ਦਿਨ ਦਾ ਹੁੰਦਾ ਹੈ, ਸ਼ੁੱਕਰਵਾਰ ਤੇ ਸ਼ਨਿਚਰਵਾਰ। ਸ਼ੁੱਕਰਵਾਰ ਨੂੰ ਐਪਸਮ-ਲੇਡੀਜ਼-ਡੇ ਕਿਹਾ ਜਾਂਦਾ ਹੈ। ਉਸ ਦਿਨ ਔਰਤਾਂ ਇੱਕ ਦੂਜੇ ਤੋਂ ਵੱਧ ਫੈਸ਼ਨ ਕਰਕੇ ਆਉਂਦੀਆਂ ਹਨ। ਲੇਡੀਜ਼-ਡੇ ’ਤੇ ਡਿਨਰ ਦੀ ਬੁਕਿੰਗ ਹੁੰਦੀ ਹੈ ਜੋ ਬਹੁਤ ਮਹਿੰਗਾ ਸੌਦਾ ਹੁੰਦਾ ਹੈ। ਅੱਜਕੱਲ੍ਹ ਦੋ ਵਿਅਕਤੀਆਂ ਵਾਲੇ ਟੇਬਲ ਦੀ ਕੀਮਤ ਅੱਠ ਸੌ ਪੌਂਡ ਹੈ।
ਐਪਸਮ-ਡਰਬੀ ਦੇਖਣ ਜਾਣ ਲਈ ਔਨਲਾਈਨ ਬੁਕਿੰਗ ਕਰਾਉਣੀ ਪੈਂਦੀ ਹੈ। ਚਾਰ ਸਾਲ ਤੋਂ ਹੇਠਾਂ ਦੇ ਬੱਚਿਆਂ ਲਈ ਮੁਫ਼ਤ ਹੈ। ਇਸ ਤੋਂ ਉੱਪਰ ਦੇ ਬੱਚਿਆਂ ਲਈ ਟਿਕਟ 70 ਪੌਂਡ ਹੈ, ਵੱਡਿਆਂ ਲਈ 125 ਪੌਂਡ। ਪਿਕਨਿਕ-ਪੈਕੇਜ ਵੀ ਮਿਲ ਜਾਂਦੇ ਹਨ।
ਡਰਬੀ ਅਮੀਰਾਂ ਦੀ ਖੇਡ ਹੈ। ਦੁਨੀਆ ਭਰ ਵਿੱਚ ਹਰ ਸਾਲ 115 ਬਿਲੀਅਨ ਡਾਲਰ ਤੋਂ ਵੱਧ ਦੀ ਇਸ ਧੰਦੇ ਵਿੱਚ ਸ਼ਮੂਲੀਅਤ ਹੈ। ਐਪਸਮ-ਡਰਬੀ ਵਿੱਚ ਪੰਦਰਾਂ ਲੱਖ ਪੌਂਡ ਦੇ ਇਨਾਮ ਦਿੱਤੇ ਜਾਂਦੇ ਹਨ। ਪਹਿਲਾ ਇਨਾਮ ਸਾਢੇ ਅੱਠ-ਲੱਖ ਦਾ ਹੈ। ਘੋੜੇ ਵਿੱਚ ਦੌੜਨ ਦੀ ਸਮਰੱਥਾ ਤਾਂ ਹੋਣੀ ਹੀ ਚਾਹੀਦੀ ਹੈ, ਪਰ ਘੋੜਾ-ਜੌਕੀ ਵਿੱਚ ਕੂਵਤ ਹੋਣੀ ਬਹੁਤ ਜ਼ਰੂਰੀ ਹੈ, ਇਸੇ ਲਈ ਉਹਨੂੰ ਵੀ ਮਣਾਂ-ਮੂੰਹੀਂ ਰਕਮ ਮਿਲਦੀ ਹੈ। ਇਸ ਤੋਂ ਬਿਨਾਂ ਲੋਕ ਮਿਲੀਅਨ-ਪੌਂਡ ਘੋੜਿਆਂ ਉੱਪਰ ਦਾਅ ਲਾਉਂਦੇ ਹਨ। ਜਿੱਤਣਾ-ਹਾਰਨਾ ਤਾਂ ਇੱਕ ਵੱਖਰੀ ਗੱਲ ਹੈ। ਡਰਬੀ ਵਿੱਚ ਦੌੜਨ ਵਾਲੇ ਘੋੜਿਆਂ ਦੀ ਕੀਮਤ ਦੀ ਤਾਂ ਕੋਈ ਥਾਹ ਹੀ ਨਹੀਂ ਹੈ। ਇਹ ਸਾਰੇ ਘੋੜੇ ਅਮੀਰਾਂ ਦੇ ਹੀ ਹੁੰਦੇ ਹਨ। ਘੋੜਿਆਂ ਦੇ ਮਾਲਕਾਂ ਦੀ ਗਿਣਤੀ ਵਿੱਚ ਯੂਕੇ ਦੀ ਮਹਾਰਾਣੀ ਐਲਿਜ਼ਬੈਥ ਦਾ ਨਾਂ ਵੀ ਸ਼ਾਮਲ ਹੈ।
ਐਪਸਮ-ਡਰਬੀ ਦੇਖਣ ਜਾਣ ਲਈ ਲੋਕ ਵਿਸ਼ੇਸ਼ ਕਿਸਮ ਦੇ ਕੱਪੜੇ ਪਹਿਨਦੇ ਹਨ। ਇਸ ਨੂੰ ਦੇਖਣ ਲਈ ਸ਼ਾਹੀ ਪਰਿਵਾਰ ਦੇ ਬਹੁਤ ਸਾਰੇ ਲੋਕ ਆਉਂਦੇ ਹਨ। ਫ਼ਿਲਮੀ ਐਕਟਰ ਤੇ ਹੋਰ ਮਸ਼ਹੂਰ ਹਸਤੀਆਂ ਤਾਂ ਆਮ ਮਿਲ ਜਾਂਦੀਆਂ ਹਨ। ਭਾਰਤ ਵਾਲੀ ਡਰਬੀ ਜਾਂ ਹੋਰ ਰੇਸਕੋਰਸਾਂ ਦਾ ਵੀ ਇਹੋ ਹਾਲ ਹੈ।
ਬਹੁਤ ਦੇਰ ਪਹਿਲਾਂ ਮੈਂ ਐਪਸਮ-ਡਰਬੀ ’ਤੇ ਲਗਾਤਾਰ ਕੁਝ ਸਾਲ ਜਾਂਦਾ ਰਿਹਾ ਹਾਂ। ਉਨ੍ਹਾਂ ਦਿਨਾਂ ਵਿੱਚ ਆਗਾ ਖਾਨ ਦੇ ਘੋੜੇ ਬਹੁਤ ਮਸ਼ਹੂਰ ਹੋਇਆ ਕਰਦੇ ਸਨ। ਇੱਕ ਵਾਰ ਮੈਂ ਉਸ ਦੇ ‘ਲਸ਼ਕਰੀ’ ਨਾਂ ਦੇ ਘੋੜੇ ਉੱਪਰ ਪੈਸੇ ਲਾਏ ਸਨ, ਪਰ ਹਾਰ ਗਿਆ ਸਾਂ। ਅਸਲ ਵਿੱਚ ਇਹ ਇੱਕ ਜੂਆ ਹੀ ਹੈ ਤੇ ਜੂਏ ਵਿੱਚ ਕੌਣ ਜਿੱਤਦਾ ਹੈ! ਜੂਆ ਖਿਡਾਉਣ ਵਾਲੇ ਹੀ ਜਿੱਤਦੇ ਹਨ।
ਈ-ਮੇਲ : harjeetatwal@hotmail.co.uk
News Source link
#ਡਰਬ #ਦ #ਜਨਨ