30.5 C
Patiāla
Tuesday, October 8, 2024

ਹਾਕੀ  ਓਲੰਪੀਅਨ ਬਲਜੀਤ ਸਿੰਘ ਢਿੱਲੋਂ ਅਤੇ ਦਲਜੀਤ ਸਿੰਘ ਢਿੱਲੋਂ

Must read


ਦੂਜੀਆਂ ਖੇਡਾਂ ਦੀ ਤਰ੍ਹਾਂ ਕੌਮਾਂਤਰੀ ਹਾਕੀ ਦੇ ਹਲਕਿਆਂ ’ਚ ਵੀ ਭਰਾਵਾਂ ਦੇ ਹਾਕੀ ਜੋੜਿਆਂ ਦੀਆਂ ਧੰੂਮਾਂ ਪਈਆਂ ਹਨ। ਇਨ੍ਹਾਂ ਹਾਕੀ ਖੇਡਣ ਵਾਲੇ ਭਰਾਵਾਂ ’ਚ ਮੇਜਰ ਧਿਆਨ ਚੰਦ ਸਿੰਘ ਤੇ ਰੂਪ ਸਿੰਘ,  ਹਰਮੀਕ ਸਿੰਘ ਤੇ ਅਜੀਤ ਸਿੰਘ, ਬਲਬੀਰ ਸਿੰਘ ਰੇਲਵੇਵਾਲਾ ਤੇ ਗੁਰਬਖਸ਼ ਸਿੰਘ, ਬਲਬੀਰ ਸਿੰਘ ਰੰਧਾਵਾ ਤੇ ਬਲਦੇਵ ਸਿੰਘ ਰੰਧਾਵਾ, ਮੁਖਬੈਨ ਸਿੰਘ ਤੇ ਸੰਤੋਖ ਸਿੰਘ, ਵੀਜੇ ਪੀਟਰਸ ਤੇ ਵੀਜੇ ਫਿਲਿਪਸ ਚਰਨਜੀਤ ਕੁਮਾਰ ਤੇ ਗੁਨਦੀਪ ਕੁਮਾਰ, ਸਰਦਾਰ ਸਿੰਘ ਤੇ ਦੀਦਾਰ ਸਿੰਘ, ਸੰਦੀਪ ਸਿੰਘ ਤੇ ਬਿਕਰਮਜੀਤ ਸਿੰਘ ਅਤੇ ਵਿਵੇਕ ਸਿੰਘ ਤੇ ਰਾਹੁਲ ਸਿੰਘ ਨੇ ਨਾਮ ਸ਼ਾਮਲ ਹਨ, ਜਿਨ੍ਹਾਂ ਭਾਰਤੀ ਟੀਮ ਵਲੋਂ ਕੌਮੀ ਤੇ ਕੌਮਾਂਤਰੀ ਹਾਕੀ ਖੇਡਦਿਆਂ ਸਮੇਂ-ਸਮੇਂ ’ਤੇ ਆਪਣੀ ਖੇਡ ਦੇ ਜੌਹਰ ਵਿਖਾਏ ਹਨ। ਇਨ੍ਹਾਂ ਤੋਂ ਬਾਅਦ ਦੇਸ਼ ਦੇ ਹਾਕੀ ਨਕਸ਼ੇ ’ਤੇ ਪੰਜਾਬ ਦੇ ਦੋ ਭਰਾਵਾਂ ਬਲਜੀਤ ਬੱਲੀ ਅਤੇ ਦਲਜੀਤ ਦੱਲੀ ਨੇ ਕੌਮੀ ਅਤੇ ਕੌਮਾਂਤਰੀ ਹਾਕੀ ’ਚ ਵੱਡਾ ਨਾਮ ਕਮਾਇਆ ਹੈ।

 

ਓਲੰਪੀਅਨ ਬਲਜੀਤ ਸਿੰਘ ਢਿੱਲੋਂ: ਦੁਨੀਆਂ ਦੀ ਹਾਕੀ ’ਚ ਵਿਸ਼ੇਸ਼ ਧੰਨਵਾਦ ਦਾ ਪਾਤਰ ਬਣੇ ਬਲਜੀਤ ਦਾ ਦਿਲ ਹਾਕੀ ਖੇਡਦੇ ਸਮੇਂ ਸਦਾ ਹੀ ਅਸਮਾਨ ਵਾਂਗ ਸਾਫ਼ ਰਿਹਾ। ਦਿਲ ’ਚ ਖੁਸ਼ੀਆਂ ਦੀ ਆਹਟ, ਚਿਹਰੇ ’ਤੇ ਸਦਾ ਠਾਠਾਂ ਮਾਰਦੀ ਰੌਣਕ ਅਤੇ ਹਾਕੀ ਮੈਦਾਨ ’ਚ ਜਿੱਤ ਦੀ ਜੋਤ ਪ੍ਰਬਲ ਕਰਨ ਦਾ ਦਾਅਵਾ ਰੱਖਣ ਵਾਲੇ ਢਿੱਲੋਂ ਦੀ ਹਾਕੀ ਹਮੇਸ਼ਾ ਮੈਚ ਦੇ ਪ੍ਰਵਾਹ ਦੌਰਾਨ ਦਿਲ ਅਤੇ ਦਿਮਾਗ਼ ਦੀ ਗੱਲ ਕਰਦੀ ਰਹੀ। ਆਖ਼ਰੀ ਦਮ ਤੱਕ ਲੜਨ ਦੀ ਭਾਵਨਾ ਨਾਲ ਭਰਪੂਰ ਢਿੱਲੋਂ ਡਿੱਗਿਆਂ ਨੂੰ ਹੌਸਲਾ ਦੇ ਕੇ ਖੜ੍ਹਾ ਕਰਨ, ਖੜ੍ਹਿਆਂ ਨੂੰ ਤੋਰਨ ਅਤੇ ਤੁਰਨ ਵਾਲਿਆਂ ਨੂੰ ਭਜਾਉਣ ਵਾਲੀ ਖੇਡ ਰਣਨੀਤੀ ਦਾ ਧਾਰਨੀ ਹੋਣ ਕਰਕੇ ਨਿਵੇਕਲਾ ਖਿਡਾਰੀ ਬਣਿਆ। ਹਾਕੀ ਖੇਡ ਦੀਆਂ ਪੌੜੀਆਂ ਚੜ੍ਹਨਾ ਉਸ ਦੇ ਸੁਭਾਅ ’ਚ ਸ਼ਾਮਲ ਸੀ ਜਿਸ ਕਰਕੇ ਉਸ ਨੇ ਹਾਕੀ ਦਾ ਨਮੂਨਾ ਪੇਸ਼ ਕਰਕੇ ਹਾਕੀ ਖੇਡ ਨੂੰ ਨਵਾਂ ਸੰਕਲਪ ਵੀ ਦਿੱਤਾ। ਸਾਰ ਅੰਸ਼  ਇਹ ਕਿ ਢਿੱਲੋਂ ਦੀ ਘਰੇਲੂ ਅਤੇ ਆਲਮੀ ਹਾਕੀ ਨੂੰ ਦਿੱਤੀ ਦੇਣ ਨੂੰ ਕਦੇ ਵੀ ਛੁਟਿਆ ਕੇ ਨਹੀਂ ਵੇਖਿਆ ਜਾ ਸਕਦਾ ਅਤੇ ਹਾਕੀ ਨਾਲ ਭਾਈਚਾਰਕ ਸਾਂਝ ਪਾ ਕੇ ਉਹ ਵੱਡੀ ਖੇਡ ਖੱਟੀ ਦਾ ਮਾਲਕ ਵੀ ਬਣਿਆ ਹੋਇਆ ਹੈ।

 

ਬਲਜੀਤ ਸਿੰਘ ਢਿੱਲੋਂ ਜਿੰਨਾ ਵਜ਼ਨਦਾਰ ਹਾਕੀ ਖਿਡਾਰੀ ਹੈ ਉਸ ਤੋਂ ਕਿਤੇ ਵੱਧ ਉਸ ਨੂੰ ਨੇਕ ਇਨਸਾਨੀਅਤ ਦਾ ਗੂੜ੍ਹਾ ਰੰਗ ਵੀ ਚੜ੍ਹਿਆ ਹੋਇਆ ਹੈ। ਢਿੱਲੋਂ ਦੀਆਂ ਗੱਲਾਂ ਸੁਣ ਕੇ ਜਾਂ ਯਾਦ ਕਰਕੇ ਉਹਦੇ ਅਜਿਹਾ ਬਣਨ ਦੀ ਪ੍ਰੇਰਨਾ ਜ਼ਰੂਰ ਮਿਲਦੀ ਹੈ। ਇਹ ਗੱਲ ਉਸ ਦੇ ਖੇਡਦੇ ਜਾਂ ਹਾਕੀ ਕੈਂਪਾਂ ’ਚ ਸ਼ਾਮਲ ਰਹੇ ਦੂਜੇ ਹਾਕੀ ਖਿਡਾਰੀ ਵੀ ਤਸਲੀਮ ਕਰਦੇ ਹਨ ਕਿ ਢਿੱਲੋਂ ਦੀ ਹਰ ਗੱਲ ’ਚੋਂ ਗੁੱਝੀਆਂ ਰਮਜ਼ਾਂ ਦੇ ਝਲਕਾਰੇ ਪੈਂਦੇ ਹਨ। ਇਕ ਵਾਰ ਬਲਜੀਤ ਨਾਲ ਹੋਈ ਮੁਲਾਕਾਤ ’ਚ ਮੈਂ ਸਹਿਜ ਹੀ ਬਲਜੀਤ ਨੂੰ ਪੁੱਛ ਬੈਠਿਆ ਕਿ ਭਾਅ ਜੀ, ਖਿਡਾਰੀ ਬਣਨਾ ਕਿੰਨਾ ਕੁ ਔਖਾ ਹੈ ਤਾਂ ਉਹ ਹਲਕੇ ਮੂਡ ’ਚ ਚਟਕਾਰਾ ਲੈ ਕੇ ਬੋਲਿਆ, ਨਾ ਬਹੁਤਾ ਸੌਖਾ ਅਤੇ ਨਾ ਔਖਾ। ਬਸ ਜੇਠ ਹਾੜ੍ਹ ’ਚ ਪੱਛੋਂ ਦੀਆਂ ਤੱਤੀਆਂ ਲੋਆਂ ਅਤੇ ਪੋਹ-ਮਾਘ ਦੀਆਂ ਠੰਢੀਆਂ ਹਵਾਵਾਂ ਜਿਹੜਾ ਨੌਜਵਾਨ ਆਪਣੇ ਸਰੀਰ ’ਤੇ ਸਹਾਰ ਗਿਆ, ਸਮਝੋ ਖਿਡਾਰੀ ਬਣਨ ਲਈ ਮੈਦਾਨ ਦੇ ਰਾਹ ਪੈ ਗਿਆ।

 

 

ਇਹ ਪਹਿਲਾ ਪੜਾਅ ਹੈ। ਇਸ ਤੋਂ ਬਾਅਦ ਖਿਡਾਰੀ ਬਣਨ ਲਈ ਕੀ-ਕੀ ਪਾਪੜ ਵੇਲਣੇ ਪੈਂਦੇ ਹਨ ਉਹ ਰਾਹ ਪਿਆ ਜਾਣੇ ਜਾਂ ਵਾਹ ਪਿਆ। ਢਿੱਲੋਂ ਦੀ ਘੱਟ ਸ਼ਬਦੀ ਗੱਲ ਨੂੰ ਭਗਤ ਪਹਿਲਾਦ ਦੀ ਤਰ੍ਹਾਂ ਥੰਮ੍ਹ ਨਾਲ ਰੱਸੇ ਨਾਲ ਨਰੜਨ ਦੇ ਬਰਾਬਰ ਹੈ। ਮੈਂ ਪੁੱਛਿਆ, ‘‘ਹਾਰਾਂ ਨੂੰ ਕਿਵੇਂ ਲੈਂਦੇ ਹੋ?’’ ਤਾਂ ਉਹ ਠੰਢਾ ਹਉਕਾ ਭਰ ਕੇ ਬੋਲਿਆ, ‘‘ਭਾਅ ਜੀ! ਹਾਰਾਂ ਤਾਂ ਕਲੇਜੇ ਨੂੰ ਸੱਲ ਜਾਂਦੀਆਂ ਹਨ। ਜਿੱਤਾਂ ਦੀ ਗੱਲ ਕਰਦਾ ਢਿੱਲੋਂ ਮਹਿਸੂਸਦਾ ਹੈ ਕਿ ਜਿੱਤਣ ਨਾਲ ਜਿੱਥੇ ਅੱਗੇ ਵਧਣ ਲਈ ਹੌਸਲਾ ਅਤੇ ਪ੍ਰੇਰਨਾ ਮਿਲਦੀ ਹੈ ਉਵੇਂ ਹੀ ਮਨ ਨੂੰ ਸਕੂਨ ਤੇ ਵੱਡੀ ਰਾਹਤ ਮਿਲਦੀ ਹੈ।’’ ਮੇਰਾ ਅਗਲਾ ਸਵਾਲ ਸੀ ਕਿ ਬਲਜੀਤ ਹਾਕੀ ਖੇਡਣੀ ਕਿਵੇਂ ਲਗਦੀ ਹੈ ਤਾਂ ਉਹ ਬੜੇ ਭਰੋਸੇ ਨਾਲ ਬੋਲਿਆ, ‘‘ਮੈਨੂੰ ਹਾਕੀ ਨਾਲ ਸੱਚਾ ਇਸ਼ਕ ਹੈ, ਜਿਸ ਦੀ ਵਾਸ਼ਨਾ ਕਰਕੇ ਹੀ ਮੈਂ ਮੈਦਾਨ ਅੰਦਰ ਹਾਕੀ ਖੇਡਣ ਜਾਂਦਾ ਹੈ।’’ ਨਾਲ ਹੀ ਉਸ ਨੇ ਫ਼ਰਮਾਇਆ ਕਿ ਹਾਕੀ ਉਸ ਨੂੰ ਜਾਨ ਤੋਂ ਵੱਧ ਪਿਆਰੀ ਹੈ ਅਤੇ ਉਸ ਨੇ ਆਪਣਾ ਆਖ਼ਰੀ ਸਾਹ ਤੱਕ ਹਾਕੀ ਦੇ ਲੇਖੇ ਲਾਉਣ ਦੀ ਸਹੁੰ ਵੀ ਖਾਧੀ ਹੋਈ ਹੈ।

 

 

ਆਖ਼ਰ ’ਚ ਸਵਾਲਾਂ ਦੇ ਸਵਾਲ ਵਿਚ ਜਦੋਂ ਹਾਕੀ ਦੇ ਦਿਨੋਂ-ਦਿਨ ਡਿੱਗ ਰਹੇ ਗਰਾਫ਼ ਦੀ ਗੱਲ ਛਿੜੀ ਤਾਂ ਉਸ ਨੇ ਦਰਦ ਭਰੇ ਸ਼ਬਦਾਂ ’ਚ ਕਿਹਾ ਕਿ ਚੰਗੀਆਂ ਖੇਡ ਨੀਤੀਆਂ ਦਾ ਲਗਾਤਾਰ ਚੀਰ ਹਰਨ ਹੋਇਆ ਹੈ। ਹਾਲੇ ਵੀ ਨੀਤੀ ਅਤੇ ਨੀਅਤ ਬਦਲਣ ਦੇ ਵੇਲੇ ਹੱਥ ਹੈ। ਖੇਡ ਹੀਰਿਆਂ ਦਾ ਮੁੱਲ ਚੰਗਾ ਪਾਰਖੂ ਹੀ ਪਾ ਸਕਦਾ ਹੈ, ਅਨਾੜੀ ਬੰਦਾ ਤਾਂ ਗਧੇ ’ਤੇ ਘੋੜੇ ਦਾ ਠੱਪਾ ਲਗਾਉਣ ’ਚ ਦੇਰੀ ਨਹੀਂ ਕਰਦਾ। ਨਾਲ ਹੀ ਬਲਜੀਤ ਢਿੱਲੋਂ ਹਾਕੀ ਦਾ ਭਲਾ ਮੰਗਦਾ ਤਰਕ ਪੇਸ਼ ਕਰਦਾ ਹੈ ਕਿ ਅੱਜ ਖਿਡਾਰੀਆ ਦੇ ਨਾਲ ਦੇਸ਼ ਦਾ ਬੱਚਾ-ਬੱਚਾ ਹਾਕੀ ਦੇ ਰੁੰਡ-ਮਰੁੰਡ ਹੋ ਰਹੇ ਦਰਖ਼ਤਾਂ ’ਤੇ ਨਵੀਆਂ ਤੇ ਹਰੀਆਂ ਖੇਡ ਕਰੂੰਬਲਾਂ ਵੇਖਣਾ ਚਾਹੁੰਦਾ ਹੈ। ਸੱਚਾਈ, ਇਮਾਨਦਾਰੀ ਅਤੇ ਯੋਗਤਾ ਦੀ ਤਿ੍ਰਵੈਣੀ ’ਚ ਬੈਠ ਕੇ ਕਿਹੜੀ ਗੁੰਝਲ ਨਹੀਂ ਸੁਲਝਾਈ ਜਾ ਸਕਦੀ ਪਰ ਮਨ ਸਾਫ਼ ਹੋਣਾ ਚਾਹੀਦਾ ਹੈ।

 

 

ਹਾਕੀ ਖੇਡਣ ਵਾਲੇ ਮੈਦਾਨਾਂ ਦੇ ਪੁੱਤਰਾਂ ਨਾਲ ਕੀਤੀਆਂ ਜਾਂਦੀਆਂ ਮਸ਼ਕਰੀਆਂ ਬੰਦ ਕੀਤੀਆਂ ਜਾਣ। ਹਾਕੀ ਦੀਆਂ ਗ਼ਲਤੀਆਂ ਦੇ ਅੰਬਾਰ ਲਗਾਉਣ ਵਾਲੇ ਹਾਕੀ ਸੰਘ ਦੇ ਕਰਤਿਆਂ, ਜੋ ਖੇਡ ਦੇ ਮੁਢਲੇ ਨੇਮਾਂ ਤੋਂ ਵੀ ਕੋਰੇ ਸਫ਼ੇ ਵਾਂਗ ਹਨ, ਦੇ ਚੱਕਰਵਿਊ ’ਚ ਫ਼ਸੀ ਦੇਸ਼ ਦੀ ਹਾਕੀ ਨੂੰ ਮੁਕਤ ਕਰਾਇਆ ਜਾਵੇ। ਚੰਗੀਆਂ ਖੇਡ ਨੀਤੀਆਂ ਨੂੰ ਹਮੇਸ਼ਾ ਫਲ ਲੱਗਦੇ ਆਏ ਹਨ ਅਤੇ ਅੱਗੋਂ ਵੀ ਲੱਗਦੇ ਰਹਿਣਗੇ। ਇਕ ਵਾਰ ਅਜ਼ਮਾ ਕੇ ਦੇਖ ਲਉ, ਅਸੀਂ ਮੁੜ ਤੋਂ ਵਿਸ਼ਵ ਹਾਕੀ ਦੀਆਂ ਜਿੱਤਾਂ ਦੇ ਪ੍ਰਬਲ ਦਾਅਵੇਦਾਰ ਹੀ ਨਹੀਂ ਗਿਣੇ ਜਾਵਾਂਗੇ ਬਲਕਿ ਹਿੱਕ ਠੋਕਵੀਆਂ ਜਿੱਤਾਂ ਨਾਲ ਹਾਰਾਂ ਦਾ ਕਲੇਸ਼ ਹੀ ਕੱਟਿਆ ਜਾਵੇਗਾ।

 

ਬਲਜੀਤ ਦਾ ਹਾਕੀ ਸਫ਼ਰ ਸਿਖ਼ਰ ਤੋਂ ਸਿਖ਼ਰ ਦਾ ਹੈ ਅਤੇ ਉਸ ਦੀ ਹਾਕੀ ਨੂੰ ਦਿੱਤੀ ਦੇਣ ਨਾ ਭੁੱਲਣਯੋਗ ਹੈ। 1993 ਦੇ ਆਸਟਰੇਲੀਆ ਹਾਕੀ ਟੂਰ ਤੋਂ ਬਲਜੀਤ ਢਿੱਲੋਂ ਨੇ ਆਪਣੀ ਕੌਮਾਂਤਰੀ ਹਾਕੀ ਦੀ ਪਾਰੀ ਸ਼ੁਰੂ ਕਰਨ ਤੋਂ ਬਾਅਦ ਇਸੇ ਸਾਲ ਦੱਖਣੀ ਅਫ਼ਰੀਕਾ ਦੀ ਮੇਜ਼ਬਾਨੀ ’ਚ ਖੇਡੀ ਹਾਕੀ ਟੈਸਟ ਲੜੀ ’ਚ ਜੇਤੂ ਹਿੰਦ ਦੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਆਪਣੀ ਹਾਕੀ ਨਾਲ ਨਵੇਂ ਪੰਨੇ ਜੋੜਦਿਆਂ ਢਿੱਲੋਂ 1995 ’ਚ ਤਿੰਨ ਵਾਰ ਚਾਰ ਦੇਸ਼ਾਂ ਦਾ ਹਾਕੀ ਟੂਰਨਾਮੈਂਟ, ਜੋ ਕ੍ਰਮਵਾਰ ਚੰਡੀਗੜ੍ਹ, ਜਰਮਨੀ ਅਤੇ ਐਟਲਾਂਟਾ ਦੇ ਹਾਕੀ ਮੈਦਾਨ ’ਚ ਖੇਡੇ ਗਏ, ਦੇਸ਼ ਦੀ ਹਾਕੀ ਟੀਮ ਵੱਲੋਂ ਖੇਡਿਆ। ਹਾਕੀ ਟੀਮ ਚੰਡੀਗੜ੍ਹ ’ਚ ਚੈਂਪੀਅਨ ਬਣੀ ਅਤੇ ਜਰਮਨੀ ’ਚ ਤੀਜਾ ਸਥਾਨ ਹਾਸਲ ਕੀਤਾ। ਹਾਕੀ ਚੁਣੌਤੀਆਂ ਨੂੰ ਸਿਰ-ਮੱਥੇ ਪ੍ਰਵਾਨ ਕਰਨ ਵਾਲਾ ਮਾਣ-ਮੱਤਾ ਖਿਡਾਰੀ ਬਲਜੀਤ ਢਿੱਲੋਂ ਅਟੈਲਾਂਟਾ-1996, 2000 ਸਿਡਨੀ-2000 ਤੇ 2004 ਏਥਨਜ਼-2004 ਲਗਾਤਾਰ ਤਿੰਨ ਓਲੰਪਿਕ ਹਾਕੀ ਮੁਕਾਬਲੇ ਖੇਡਿਆ।

 

 

ਸਿਡਨੀ ਓਲੰਪਿਕ ’ਚ ਤਾਂ ਢਿੱਲੋਂ ਦੀ ਧੂੰਆਂਧਾਰ ਹਾਕੀ ਖੇਡ ਨੇ ਦੇਸ਼-ਵਿਦੇਸ਼ ਦੇ ਹਾਕੀ ਪ੍ਰਸੰਸਕਾਂ ਦੇ ਮਾਖਤੇ ਹੀ ਮਾਰ ਕੇ ਰੱਖ ਦਿੱਤੇ। ਆਖ਼ਰੀ ਮਿੰਟ ’ਚ ਪੋਲੈਂਡ ਨਾਲ ਮੈਚ ਵਿਚ ਹੋਈ ਕੋਤਾਹੀ ਕਾਰਨ ਟੀਮ ਸੈਮੀਫ਼ਾਈਨਲ ਦੇ ਦਰ ’ਤੇ ਪਹੁੰਚੀ ਇਕ ਵਾਰ ਫੇਰ ਧਰਤੀ ਨਾਲ ਲੱਗ ਗਈ। ਮੇਰੀ ਢਿੱਲੋਂ ਨਾਲ ਵਤਨ ਵਾਪਸੀ ’ਤੇ ਸਿਡਨੀ ਓਲੰਪਿਕ ਦਾ ਸੈਮੀਫ਼ਾਈਨਲ ਨਾ ਖੇਡ ਸਕਣ ਸਬੰਧੀ ਗੱਲਬਾਤ ਤੋਂ ਪ੍ਰਤੀਤ ਹੋਇਆ ਕਿ ਕਦੇ ਵੀ ਹੌਸਲਾ ਨਾ ਹਾਰਨ ਵਾਲਾ ਬਲਜੀਤ ਦੁਖੀ ਹੋਇਆ ਟੁੱਟਿਆ ਪਿਆ ਸੀ। ਉਹ ਉਦਾਸ ਲਹਿਜ਼ੇ ’ਚ ਬੋਲਿਆ, 1980 ਮਾਸਕੋ ਓਲੰਪਿਕ ਤੋਂ ਬਾਅਦ ਸਿਡਨੀ ਓਲੰਪਿਕ ’ਚ ਆਖ਼ਰੀ ਚਾਰ ਟੀਮਾਂ ਪਹੁੰਚਣ ਦੀ ਸੁਨਹਿਰੀ ਮੌਕਾ ਐਵੇਂ ਹੀ ਹੱਥੋਂ ਨਿਕਲ ਗਿਆ, ਜਿਸ ਦਾ ਗ਼ਮ ਉਮਰ ਭਰ ਰਹੇਗਾ। ਤਿੰਨ ਵਾਰ ਓਲੰਪਿਕ ਹਾਕੀ ਖੇਡਣ ਵਾਲਾ ਬਲਜੀਤ 1994 ਹੀਰੋਸ਼ੀਮਾ-1994 ਤੇ 1998 ਬੈਂਕਾਕ-1998 ਦੋ ਵਾਰ ਏਸ਼ੀਆਈ ਹਾਕੀ ਖੇਡਿਆ। ਜਾਪਾਨ ’ਚ ਚਾਂਦੀ ਦਾ ਮੈਡਲ ਜੇਤੂ ਹਿੰਦ ਦੀ ਹਾਕੀ ਟੀਮ ਨੇ ਬੈਂਕਾਕ ’ਚ 32 ਸਾਲ ਦੇ ਅਰਸੇ ਤੋਂ ਦੂਜੀ ਵਾਰ ਏਸ਼ੀਆਈ ਹਾਕੀ ਸੋਨ ਤਮਗਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ 1966 ’ਚ ਹਿੰਦ ਦੀ ਹਾਕੀ ਟੀਮ ਨੇ ਬੈਂਕਾਕ ਦੇ ਇਸੇ ਹਾਕੀ ਮੈਦਾਨ ’ਚ ਪਾਕਿਸਤਾਨੀ ਹਾਕੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਏਸ਼ੀਆਈ ਹਾਕੀ ਦੀ ਗੁਰਜ ਜਿੱਤੀ ਸੀ।

 

 

ਤਿੰਨ ਏਸ਼ੀਆਈ ਹਾਕੀ ਕੱਪਾਂ ’ਚ ਵੀ ਢਿੱਲੋਂ ਨੇ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। 2003 ਕੁਆਲਾਲੰਪੁਰ ’ਚ ਟੀਮ ਪਾਕਿਸਤਾਨੀ ਹਾਕੀ ਟੀਮ ਨੂੰ ਹਰਾ ਕੇ ਏਸ਼ੀਆ ਕੱਪ ਚੈਂਪੀਅਨਸ਼ਿਪ ਜਿੱਤੀ ਜਦ ਕਿ 1994 ਜਾਪਾਨ ਏਸ਼ੀਆ ਕੱਪ ’ਚ ਟੀਮ ਉਪ-ਜੇਤੂ ਅਤੇ 1999 ਕੁਆਲਾਲੰਪੁਰ ’ਚ ਕਾਂਸੇ ਦਾ ਮੈਡਲ ਹੀ ਜਿੱਤ ਸਕੀ। 1998 ਮਲੇਸ਼ੀਆ ’ਚ ਹੋਈ ਰਾਸ਼ਟਰਮੰਡਲ ਹਾਕੀ ਖੇਡਣ ਵਾਲੇ ਬਲਜੀਤ ਢਿੱਲੋਂ ਨੇ 1995 ਚੇਨਈ ’ਚ ਹੋਈ ਸੈਫ਼ ਹਾਕੀ ਵਿਚ ਟੀਮ ਨੂੰ ਚੈਂਪੀਅਨ ਬਣਾਉਣ ’ਚ ਬਹੁਤ ਵੱਡਾ ਸਹਾਰਾ ਦਿੱਤਾ। ਬਰਲਿਨ-1995 ਤੇ 2003 ਐਮਸਤਲਵੀਨ-2003 ਚੈਂਪੀਅਨਜ਼ ਹਾਕੀ ਟਰਾਫ਼ੀ ਮੁਕਾਬਲੇ ਖੇਡ ਕੇ ਢਿੱਲੋਂ ਦੀ ਹਾਕੀ ਧਰਤੀ ਤੋਂ ਅਸਮਾਨੀਂ ਜਾ ਪਹੁੰਚੀ।

 

ਹਾਕੀ ਖੇਡ ਰਾਂਝੇ ਦੀਆਂ ਗਾਉਣ ਵਾਲਾ ਬਲਜੀਤ ਢਿੱਲੋਂ ਸਿਡਨੀ-1994 ਤੇ ਐਟਰੈਖ਼ਟ-1998 ਵਿਸ਼ਵ ਕੱਪ ਖੇਡਣ ਦਾ ਤਕੜਾ ਦਾਅਵੇਦਾਰ ਹਾਕੀ ਖਿਡਾਰੀ ਸੀ ਪਰ ਧਰੋਹ ਕਮਾਉਣ ਵਾਲੇ ਹਾਕੀ ਦੇ ਅਣਜਾਣ ਘੋਗੜਾਂ ਦੀ ਮਾਰ ਪੈਣ ਸਦਕਾ ਟੀਮ ’ਚ ਨਵਾਂ ਖੇਡ ਜੋਸ਼ ਭਰਨ ਵਾਲਾ ਖਿਡਾਰੀ ਮੈਦਾਨ ’ਚ ਉਤਰਨ ਦੀ ਬਜਾਏ ਘਰ ਦੀ ਚਾਰਦੀਵਾਰੀ ’ਚ ਚੁੱਪ-ਚੁਪੀਤੇ ਮਜਬੂਰ ਹੋਇਆ ਉਹ ਸਭ ਜਰ ਰਿਹਾ ਸੀ ਜੋ ਉਸ ਲਈ ਜ਼ਹਿਰ ਖਾਣ ਦੇ ਬਰਾਬਰ ਸੀ ਪਰ ਉਸ ਨੇ ਉਮੀਦ ਦਾ ਪੱਲਾ ਨਾ ਛੱਡਿਆ ਅਤੇ ਸਵੇਰੇ-ਸ਼ਾਮ ਜਲੰਧਰ ਦੇ ਮੈਦਾਨ ’ਚ ਆਪਣੇ ਹੱਥੀਂ ਹਾਕੀ ਦੀ ਜੋਤ ਜਗਾਉਦਾ ਰਿਹਾ। ਉਹੀ ਹਾਕੀ ਖਿਡਾਰੀ ਢਿੱਲੋਂ ਬਲਜੀਤ ਸਿੰਘ, ਜਿਸ ਨੂੰ ਹਾਕੀ ਦੇ ਚੋਣਕਾਰਾਂ ਨੇ ਸੰਸਾਰ ਹਾਕੀ ਕੱਪ ਖਿਡਾਉਣ ਤੋਂ ਖਿੱਚ ਕੇ ਘੁੰਡ ਕੱਢਿਆ ਹੋਇਆ ਸੀ, ਨੂੰ 2002 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ ਖੇਡਣ ਵਾਲੀ ਟੀਮ ਦਾ ਖਿਡਾਰੀ ਹੀ ਨਾਮਜ਼ਦ ਨਹੀਂ ਕੀਤਾ ਸਗੋਂ ਸੁਲਝੇ ਹੋਏ ਹਾਕੀ ਖਿਡਾਰੀ ਦੀ ਖੇਡ ਦਾ ਮੁੱਲ ਪਾਉਦਿਆਂ ਦੇਸ਼ ਦੇ ਹਾਕੀ ਸੰਘ ਨੂੰ ਹਿੰਦ ਦੀ ਹਾਕੀ ਟੀਮ ਦੀ ਵਾਗਡੋਰ ਬਲਜੀਤ ਢਿੱਲੋਂ ਦੇ ਹੱਥ ਸੌਂਪਣ ਦਾ ਹੱਕੀ ਖੇਡ ਫ਼ੈਸਲਾ ਵੀ ਕਰਨਾ ਪਿਆ। ਬਲਜੀਤ ਲਈ ਟੀਮ ਦੀ ਅਗਵਾਈ ਕਰਨ ਦਾ ਮਾਮਲਾ ਕੋਈ ਨਵਾਂ ਨਹੀਂ ਸੀ ਕਿਉਕਿ ਚਾਰ ਦੇਸ਼ਾਂ ਜਰਮਨੀ, ਮਲੇਸ਼ੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਰੁੱਧ 2001 ਦੇ ਖੇਡ ਕੈਲੰਡਰ ਅਨੁਸਾਰ ਪੰਜਾਬ ਦਾ ਹਾਕੀ ਖਿਡਾਰੀ ਟੀਮ ਦੀ ਕਪਤਾਨੀ ਕਰਨ ਦੀ ਜ਼ਿੰਮੇਵਾਰੀ ਨਿਭਾਅ ਚੁੱਕਾ ਸੀ। ਇਥੇ ਹੀ ਬਸ ਨਹੀਂ 2001 ’ਚ ਢਾਕਾ ਵਿਖੇ ਹੋਏ ਪ੍ਰੈਜ਼ੀਡੈਂਟ ਹਾਕੀ ਕੱਪ, 2002 ਸਕਾਟਲੈਂਡ ’ਚ ਹੋਏ ਵਿਸ਼ਵ ਹਾਕੀ ਕੱਪ ਕੁਆਲੀਫ਼ਾਇੰਗ ਟੂਰਨਾਮੈਂਟ ਅਤੇ 2002 ’ਚ ਮਲੇਸ਼ੀਆ ਦੀ ਚੈਂਪੀਅਨਜ਼ ਚੈਲੇਂਜ ਹਾਕੀ ਟਰਾਫ਼ੀ ਖੇਡਣ ਵਾਲੀ ਹਿੰਦ ਦੀ ਹਾਕੀ ਟੀਮ ਦਾ ਕੈਪਟਨ ਬਲਜੀਤ ਢਿੱਲੋਂ ਹੀ ਸੀ।

 

 

ਹਾਕੀ ਟੀਮ ਨੇ ਚੈਂਪੀਅਨਜ਼ ਚੈਲੇਂਜ ਹਾਕੀ ਟਰਾਫ਼ੀ ਮਲੇਸ਼ੀਆ ਅਤੇ ਪ੍ਰੈਜ਼ੀਡੈਂਟ ਹਾਕੀ ਕੱਪ ਢਾਕਾ, ਦੋਵੇਂ ਹੀ ਹਾਕੀ ਮੁਕਾਬਲਿਆਂ ’ਚ ਚੈਂਪੀਅਨ ਬਣਨ ਦਾ ਨਸੀਬ ਹਾਸਲ ਕੀਤਾ ਸੀ।

 

ਕੁਆਲਾਲੰਪੁਰ ਵਿਸ਼ਵ ਕੱਪ ਖੇਡਣ ਤੋਂ ਪਹਿਲਾਂ ਬਲਜੀਤ ਨਾਲ ਹਾਕੀ ਟੀਮ ਦੀ ਤਿਆਰੀ ਅਤੇ ਜਿੱਤ ਦੀਆਂ ਸੰਭਾਵਨਾਵਾਂ ਸਬੰਧੀ ਟੈਲੀਫ਼ੋਨ ’ਤੇ ਹੋਈ ਵਾਰਤਾਲਾਪ ’ਚ ਉਸ ਨੇ ਨਪੇ-ਤੁਲੇ ਸ਼ਬਦਾਂ ’ਚ ਇਹੋ ਕਿਹਾ ਸੀ ਕਿ ਟੀਮ ਦਾ ਕੈਂਪ ਮੁੱਖ ਕੋਚ ਡਿਸੂਜ਼ਾ ਸੈਡਰਿਕ ਦੀ ਦੇਖ-ਰੇਖ ’ਚ ਆਖ਼ਰੀ ਦੌਰ ਵਿਚ ਪਹੁੰਚਿਆ ਹੋਇਆ ਹੈ। ਖੇਡ ਟ੍ਰੇਨਿੰਗ ਸੈਸ਼ਨਾਂ ’ਚ ਕੈਂਪ ਵਿਚ ਸ਼ਾਮਲ ਖਿਡਾਰੀਆਂ ਦੀ ਖੇਡ ਦਾ ਪੱਤਾ-ਪੱਤਾ ਫ਼ਰੋਲ ਕੇ ਕਮੀਆਂ-ਪੇਸ਼ੀਆਂ ਦੂਰ ਕੀਤੀਆਂ ਗਈਆਂ ਹਨ। ਟੀਮ ਕਪਤਾਨ ਹੋਣ ਦੇ ਨਾਤੇ ਉਸ ਨੇ ਘੱਟ ਲਫ਼ਜ਼ਾਂ ’ਚ ਇਹੋ ਕਿਹਾ ਸੀ ਕਿ ਸਾਰੀਆਂ ਟੀਮਾਂ ਨਰੋਈਆਂ ਹਨ। ਮੇਰੀ ਟੀਮ ਜਿੱਤ ਦੇ ਮੌਕੇ ਤਲਾਸ਼ਣ ’ਚ ਮੈਦਾਨ ਵਿਚ ਖੇਡਦੇ ਵਕਤ ਹਰ ਖੇਡ ਹਰਬਾ ਵਰਤੇਗੀ।

 

ਵਿਸ਼ਵ ਹਾਕੀ ਕੱਪ ’ਚ ਟੀਮ ਦੇ ਮਾੜੇ ਪ੍ਰਦਰਸ਼ਨ ਕਾਰਨ ਮੁੱਖ ਕੋਚ ਨੂੰ ਵਿਚ-ਵਿਚਾਲੇ ਕੋਚਿੰਗ ਦੇ ਭਾਰ ਤੋਂ ਮੁਕਤ ਕਰਕੇ ਵਤਨ ਵਾਪਸ ਬੁਲਾ ਲਿਆ ਗਿਆ। ਇਸ ਵਿਸ਼ਵ-ਵਿਆਪੀ ਹਾਕੀ ਮੁਕਾਬਲੇ ’ਚ ਵੀ ਟੀਮ ਦਾ ਹਸ਼ਰ 1975 ਤੋਂ ਬਾਅਦ ਦੇ ਖੇਡੇ ਗਏ ਆਲਮੀ ਹਾਕੀ ਕੱਪਾਂ ਜਿਹਾ ਹੀ ਰਿਹਾ। ਦੇਸ਼ ਵਾਪਸੀ ’ਤੇ ਢਿੱਲੋਂ ਨਾਲ ਟੀਮ ਦੇ ਮਾੜੇ ਪ੍ਰਦਰਸ਼ਨ ਸਬੰਧੀ ਚਰਚਾ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਹਾਕੀ ਸੰਘ ਦੇ ਕੋਚ ਨੂੰ ਟੂਰਨਾਮੈਂਟ ਦੇ ਅੱਧਵਾਟਿਓਂ ਅਹੁਦੇ ਤੋਂ ਮੁਕਤ ਕਰਨ ਨਾਲ ਪਹਿਲਾਂ ਤਾਂ ਟੀਮ ਕੋਚ ਤੋਂ ਨਿਹੱਥੀ ਹੋ ਗਈ। ਮੇਰੇ ਲਈ ਇਹ ਪਲ ਬਹੁਤ ਨਾਜ਼ੁਕ ਸਨ। ਮੈਂ ਰਹਿੰਦੇ ਮੈਚਾਂ ’ਚ ਖਿਡਾਰੀਆਂ ਵਿਚ ਮਨੋਬਲ ਭਰਨ ਦਾ ਬਹੁਤ ਤਹੱਈਆ ਕੀਤਾ ਪਰ ਇਕ-ਦੋ ਸੀਨੀਅਰ ਹਾਕੀ ਖਿਡਾਰੀਆਂ ਨੇ ਸਾਡਾ ਮੈਦਾਨ ਅੰਦਰ ਤੇ ਬਾਹਰ ਬਿਲਕੁਲ ਹੀ ਸਾਥ ਨਹੀਂ ਦਿੱਤਾ। ਉਹ ਸ਼ਾਇਦ ਟੀਮ ਕਪਤਾਨੀ ਨਾ ਮਿਲਣ ਕਾਰਨ ਹਾਕੀ ਸੰਘ ਤੋਂ ਖ਼ਫ਼ਾ ਸਨ। ਉਸ ਨੇ ਟੀਮ ਦੇ ਹਾਰਨ ਦੇ ਹੋਰ ਵੀ ਕਈ ਕਾਰਨ ਗਿਣਾਏ।

 

 

ਇਨ੍ਹਾਂ ਕੌਮਾਂਤਰੀ ਹਾਕੀ ਟੂਰਨਾਮੈਂਟਾਂ ਤੋਂ ਇਲਾਵਾ ਬਲਜੀਤ ਢਿੱਲੋਂ 1998 ਤੇ 1999 ’ਚ ਆਸਟਰੇਲੀਆ ਨਾਲ, 1999 ’ਚ ਜਰਮਨੀ ਨਾਲ, 1999 ’ਚ ਬੈਲਜੀਅਮ ਹਾਕੀ ਟੀਮ ਨਾਲ, 1999 ’ਚ ਪਾਕਿਸਤਾਨ ਨਾਲ, 2004 ਦੀ ਹੈਦਰਾਬਾਦ ਟੈਸਟ ਲੜੀ, 1996 ਦਾ ਚਾਰ ਦੇਸ਼ਾ, 2004 ਦਾ ਚਾਰ ਦੇਸ਼ਾ ਡਬਲ ਲੈੱਗ ਹਾਕੀ ਟੂਰਨਾਮੈਂਟ ਸਿਡਨੀ, 2004 ਦਾ ਜਰਮਨੀ ਚਾਰ ਦੇਸ਼ਾ ਟੂਰਨਾਮੈਂਟ ਅਤੇ 2004 ’ਚ ਸਪੇਨ ਵਿਖੇ ਹੋਇਆ ਓਲੰਪਿਕ ਕੁਆਲੀਫ਼ਾਇੰਗ ਟੂਰਨਾਮੈਂਟ ਖੇਡ ਕੇ ਕੌਮਾਂਤਰੀ ਹਾਕੀ ਦੇ ਬੇੜੇ ’ਚ ਸਵਾਰ ਹੋਇਆ ਰਿਹਾ। ਛੇ ਦੇਸ਼ਾ ਹਾਕੀ ਐਟਲਾਂਟਾ ਟੂਰਨਾਮੈਂਟ, ਚਾਰ ਦੇਸ਼ਾ ਜਰਮਨ ਟੂਰਨਾਮੈਂਟ, ਜਰਮਨੀ ਅਤੇ ਬੈਲਜੀਅਮ ਨਾਲ ਟੈਸਟ ਲੜੀਆਂ ’ਚ ਹਾਕੀ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ ਜਦ ਕਿ ਬਾਰਸੀਲੋਨਾ ਅਤੇ ਸਪੇਨ ਓਲੰਪਿਕ ਕੁਆਲੀਫ਼ਾਇੰਗ ਟੂਰਨਾਮੈਂਟ ’ਚ ਹਾਕੀ ਟੀਮ ਕ੍ਰਮਵਾਰ ਉਪ-ਜੇਤੂ ਅਤੇ ਸੈਮਫਾਈਨਲ ਖੇਡ ਕੇ ਚੌਥੇ ਸਥਾਨ ’ਤੇ ਆਈ।

 

ਬਲਜੀਤ ਢਿੱਲੋਂ ਨੈਸ਼ਨਲ ਹਾਕੀ ’ਚ ਪੰਜਾਬ ਸਟੇਟ ਤੇ ਪੰਜਾਬ ਪੁਲੀਸ ਦੀ ਹਾਕੀ ਟੀਮ ਵੱਲੋਂ ਕੌਮੀ ਹਾਕੀ ਖੇਡਣ ਵਾਲਾ ਹਾਲੇ ਵੀ ਪੰਜਾਬ ਪੁਲੀਸ ਦੀ ਟੀਮ ਵੱਲੋਂ ਹਾਕੀ ਖੇਡਦਾ ਹੈ। ਟੀਮ ਦੇ ਕੋਚ ਪ੍ਰਗਟ ਸਿੰਘ ਵੱਲੋਂ ਡਾਇਰੈਕਟਰ ਦਾ ਅਹੁਦਾ ਸੰਭਾਲਣ ਮਗਰੋਂ ਢਿੱਲੋਂ ਪੰਜਾਬ ਪੁਲੀਸ ਦੀ ਟੀਮ ਦੇ ਮੁੱਖ ਕੋਚ ਦੀ ਅਹਿਮ ਭੂਮਿਕਾ ਵੀ ਸਾਂਭਦਾ ਰਿਹਾ। ਸ਼ੇਰੇ ਪੰਜਾਬ ਜਲੰਧਰ ਦੀ ਹਾਕੀ ਟੀਮ ਵੱਲੋਂ ਹੈਦਰਾਬਾਦ 2005 ਅਤੇ ਚੰਡੀਗੜ੍ਹ 2006 ਦੇ ਦੋ ਪ੍ਰੀਮੀਅਰ ਹਾਕੀ ਲੀਗ ਟੂਰਨਾਮੈਂਟ ਖੇਡਣ ਵਾਲੇ ਢਿੱਲੋਂ ਦਾ ਜਨਮ 18 ਜੂਨ 1973 ’ਚ ਪੰਜਾਬ ਪੁਲੀਸ ਦੇ ਇੰਸਪੈਕਟਰ ਸ. ਗੁਰਮੁਖ ਸਿੰਘ ਢਿੱਲੋਂ ਦੇ ਘਰ ਹੋਇਆ। ਦੇਸ਼ ਦੀ ਹਾਕੀ ਦੀ ਜ਼ਰਖ਼ੇਜ਼ ਭੂਮੀ ਕਹੇ ਜਾਂਦੇ ਜ਼ਿਲ੍ਹਾ ਜਲੰਧਰ ਦੇ ਜੱਟ ਸਿੱਖ ਪਰਿਵਾਰ ਵਿਚ ਪਲੇ ਬਲਜੀਤ ਸਿੰਘ ਢਿੱਲੋਂ ਨੇ ਗੁੱਟੇ ’ਤੇ ਰੁਮਾਲ ਬੰਨ੍ਹ ਕੇ ਖੇਡਣ ਸਦਕਾ ਮੈਦਾਨ ਅੰਦਰ ਅਲੱਗ ਸਰਦਾਰੀ ਦੀ ਪਛਾਣ ਵੀ ਬਣਾਈ ਰੱਖੀ। ਨਵੇਂ ਜ਼ਮਾਨੇ ’ਚ ਪੁਰਾਣੇ ਹਾਕੀ ਖਿਡਾਰੀਆਂ ਦੀ ਜੂੜੇ ’ਤੇ ਰੁਮਾਲ ਬੰਨ੍ਹ ਕੇ ਖੇਡਣ ਦੀ ਰੀਤ ’ਤੇ ਬਲਜੀਤ ਸਿੰਘ ਸੈਣੀ, ਸੰਦੀਪ ਸਿੰਘ, ਪਰਗਟ ਸਿੰਘ ਸਰਦਾਰ ਸਿੰਘ, ਹਰਪਾਲ ਸਿੰਘ, ਗੁਰਵਿੰਦਰ ਸਿੰਘ ਚੰਦੀ ਅਤੇ ਬਲਜੀਤ ਸਿੰਘ ਢਿੱਲੋਂ ਨੇ ਡਟ ਕੇ ਪਹਿਰਾ ਦੇਣ ’ਚ ਜਿੱਥੇ ਮਾਣ ਮਹਿਸੂਸਿਆ, ਉੱਥੇ ਮੈਦਾਨ ਵਿਚ ਹਾਕੀ ਖੇਡਣ ਦੇ ਨਾਲ ਸਿੱਖੀ ਦੀ ਆਨ ਤੇ ਸ਼ਾਨ ਨੂੰ ਵੀ ਕਾਇਮ ਰੱਖਿਆ। ਪੰਜਾਬ ਪੁਲੀਸ ’ਚ ਚੰਗੇ ਅਹੁਦੇ ’ਤੇ ਤਾਇਨਾਤ ਢਿੱਲੋਂ ਦਾ ਛੋਟਾ ਵੀਰ ਦਲਜੀਤ ਸਿੰਘ ਢਿੱਲੋਂ ਕੌਮਾਂਤਰੀ ਹਾਕੀ ਦੇ ਮੈਦਾਨ ਵਿਚ ਨਿਤਰਿਆ। ਦੇਸ਼ ਅਤੇ ਪੰਜਾਬ ’ਚੋਂ ਪਹਿਲਾਂ ਵੀ ਭਰਾਵਾਂ ਦੇ ਜੋੜੇ ਕੌਮਾਂਤਰੀ ਹਾਕੀ ਖੇਡ ਚੁੱਕੇ ਹਨ ਅਤੇ ਕੁਆਲਾਲੰਪੁਰ ਵਿਸ਼ਵ ਹਾਕੀ ਖੇਡ ਕੇ ਢਿੱਲੋਂ ਭਰਾਵਾਂ ਨੇ ਵੀ ਪਰਿਵਾਰਕ ਹਾਕੀ ਖੇਡਣ ਦੀ ਭਲੀ ਰੀਤ ਨੂੰ ਅੱਗੇ ਤੋਰ ਕੇ ਵੱਡਾ ਨਾਮ ਕਮਾਇਆ।

 

ਬਲਜੀਤ ਢਿੱਲੋਂ ਦਾ ਵਿਆਹ ਪੰਜਾਬ ਪੁਲੀਸ ਦੇ ਅਫ਼ਸਰ ਸ. ਸੁਰਜੀਤ ਸਿੰਘ ਗਰੇਵਾਲ ਦੀ ਪੁੱਤਰੀ ਮਨਜਿੰਦਰ ਕੌਰ ਨਾਲ ਹੋਇਆ। ਮਨਜਿੰਦਰ ਦਾ ਪੇਕਾ ਅਤੇ ਬਲਜੀਤ ਦਾ ਸਹੁਰਾ ਪਿੰਡ ਕਿਲਾ ਰਾਏਪੁਰ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ ਦੇ ਖੇਡ ਹਲਕਿਆਂ ’ਚ ਪੇਂਡੂ ਓਲੰਪਿਕ ਖੇਡਾਂ ਕਰਾਉਣ ਵਾਲੇ ਖੇਡ-ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਹਰ ਸਾਲ ਪੇਂਡੂ ਖਿਡਾਰੀਆਂ ਲਈ ਖੇਡ ਕੌਤਕ ਵਿਖਾਉਣ ਲਈ ਵੱਡਾ ਖੇਡ ਕੁੰਭ ਭਰਦਾ ਹੈ। ਬਲਜੀਤ ਢਿੱਲੋਂ ਦਾ ਸਹੁਰਾ ਸੁਰਜੀਤ ਗਰੇਵਾਲ ਵੀ ਆਪਣੇ ਸਮੇਂ ਚੰਗੀ ਹਾਕੀ ਖੇਡਦਾ ਹੁੰਦਾ ਸੀ ਅਤੇ ਕੁਝ ਸਾਲ ਉਹ ਕੌਮੀ ਹਾਕੀ ਖੇਡਣ ਵਾਲੀ ਪੰਜਾਬ ਪੁਲੀਸ ਦੀ ਟੀਮ ਦੀ ਕੋਚਿੰਗ ਦਾ ਮੁਖੀ ਵੀ ਰਿਹਾ। ਖੇਡ ਪਿੰਡ ਦੀ ਧੀ ਹੋਣ ਕਰਕੇ ਮਨਜਿੰਦਰ ਦਾ ਵੀ ਖੇਡਾਂ ਨਾਲ ਖ਼ਾਸ ਲਗਾਅ ਹੈ। 2002 ਦੇ ਕੁਆਲਾਲੰਪੁਰ ਵਿਸ਼ਵ ਹਾਕੀ ਕੱਪ ਵੇਖਣ ਉਹ ਵਿਸ਼ੇਸ਼ ਤੌਰ ’ਤੇ ਮਲੇਸ਼ੀਆ ਵੀ ਗਈ। ਜ਼ਿਕਰਯੋਗ ਹੈ ਕਿ ਇਸ ਸੰਸਾਰ ਵਿਆਪੀ ਹਾਕੀ ਮੁਕਾਬਲੇ ’ਚ ਦੇਸ਼ ਦੀ ਟੀਮ ਦਾ ਅਗਵਾਈਕਾਰ ਉਸ ਦਾ ਪਤੀ ਬਲਜੀਤ ਸਿੰਘ ਢਿੱਲੋਂ ਅਤੇ ਉਸ ਦੇ ਦਿਉਰ ਦਲਜੀਤ ਢਿੱਲੋਂ ਟੀਮ ਦੇ ਕੱਦਾਵਰ ਹਾਕੀ ਖਿਡਾਰੀ ਵਜੋਂ ਟੀਮ ’ਚ ਸ਼ੁਮਾਰ ਸਨ।

 

ਖੇਡ ਖੇਤਰ ’ਚ ਇਹ ਸੋਲਾਂ ਆਨੇ ਸੱਚ ਮੰਨਿਆ ਗਿਆ ਹੈ ਕਿ ਗ੍ਰਹਿ ਗ੍ਰਹਿਸਥੀ ਦਾ ਚੱਕਰ ਚਲਾਉਣ ਸਦਕਾ ਤਕਰੀਬਨ ਬਹੁਤੇ ਖਿਡਾਰੀਆਂ ਦੀ ਖੇਡ ਦਾ ਸੂਰਜ ਛਿਪਣਾ ਸ਼ੁਰੂ ਹੋ ਜਾਂਦਾ ਹੈ ਪਰ ਬਲਜੀਤ ਢਿੱਲੋਂ ਦੀ ਜ਼ਿੰਦਗੀ ਵਿਚ ਮਨਜਿੰਦਰ ਕੌਰ ਦੀ ਆਮਦ ਨੇ ਉਸ ਦੀ ਹਾਕੀ ’ਚੋਂ ਹੋਰ ਪੈਨਾਪਣ ਲਿਆਂਦਾ। ਬਲਜੀਤ ਅਨੁਸਾਰ ਹਾਕੀ ਕੈਂਪਾਂ, ਵਿਦੇਸ਼ੀ ਅਤੇ ਲੋਕਲ ਹਾਕੀ ਮੁਕਾਬਲਿਆਂ ’ਚ ਖੇਡ  ਅੱਕੀ ਦਾ ਤਾਂ ਨਹੀਂ ਪਰ ਖੇਡਣ ਅਤੇ ਸਫ਼ਰ ਦੀ ਥਕਾਵਟ ਨਾਲ ਘਰ ’ਚ ਇਕ ਦੋ ਦਿਨ ਆਰਾਮ ਕਰਨ ਨੂੰ ਜੀਅ ਕਰਦਾ ਹੈ ਪਰ ਘਰ ’ਚ ਮਨਜਿੰਦਰ ਆਦਤ ਅਨੁਸਾਰ ਸਵੇਰੇ ਸ਼ਾਮ ਖੇਡ ਪ੍ਰੈਕਟਿਸ ਲਈ ਖੇਡ ਕਿੱਟ ਤਿਆਰ ਕਰਕੇ ਪੂਰੇ ਸਮੇਂ ’ਤੇ ਖੇਡ ਮੈਦਾਨ ਤੋਰਨ ਦਾ ਬਾਨਣੂੰ ਬੰਨ੍ਹ ਦਿੰਦੀ ਹੈ। ਉਹ ਮੁਸਕਰਾਉਦਾ ਕਹਿੰਦਾ ਹੈ ਕਿ ਖੇਡ ਪਰਿਵਾਰਾਂ ਨਾਲ ਵਾਹ ਵਾਸਤਾ ਰਿਹਾ ਹੋਣ ਕਰਕੇ ਉਹ ਮੈਨੂੰ ਅਤੇ ਦਲਜੀਤ ਨੂੰ ਮੈਦਾਨ ਭੇਜਣ ਲਈ ਇਕ ਚੰਗੀ ਰਾਹ ਦਿਸੇਰਾ ਬਣੀ ਰਹੀ। ਉਹ ਹੱਸ ਕੇ ਕਹਿੰਦਾ ਹੈ ਕਿ ਪਰਿਵਾਰ ਦੇ ਦੂਜੇ ਮੈਂਬਰ ਵੀ ਮਨਜਿੰਦਰ ਦੀ ਹਾਂ ਵਿਚ ਹਾਂ ਮਿਲਾ ਕੇ ਸਾਨੂੰ ਮੱਤਾਂ ਦੇਣ ਲੱਗ ਜਾਂਦੇ ਸਨ ਕਿ ਰਾਹੀ ਅਤੇ ਖਿਡਾਰੀ ਕਦੇ ਨਹੀਂ ਥੱਕਦੇ ਹੁੰਦੇ। 

 

ਬਲਜੀਤ ਢਿੱਲੋਂ ਨਾਲ 2006 ’ਚ ਜਦੋਂ ਗੁਰਮੀਤ ਹਾਕੀ ਟੂਰਨਾਮੈਂਟ ਸਮੇਂ ਚੰਡੀਗੜ੍ਹ ’ਚ ਪਹਿਲੀ ਮੁਲਾਕਾਤ ਹੋਈ, ਉਹ ਮੈਦਾਨ ’ਚ ਦਰਸ਼ਕਾਂ ਦੀ ਨਿਗੂਣੀ ਹਾਜ਼ਰੀ ਤੋਂ ਬਹੁਤ ਉਦਾਸ ਨਜ਼ਰ ਆਇਆ। ਉਸ ਦੇ ਮੱਥੇ ’ਤੇ ਪਈਆਂ ਤਿਊੜੀਆਂ ਤੋਂ ਸਾਫ਼ ਪੜ੍ਹਿਆ ਜਾ ਰਿਹਾ ਸੀ ਕਿ ਹਾਕੀ ਦਾ ਅੱਗੋਂ ਵੀ ਇਹੋ ਹਸ਼ਰ ਹੁੰਦਾ ਰਹੇਗਾ ਜਾਂ ਕੋਈ ਹਾਕੀ ਨਾਲ ਹੋ ਰਹੀ ਜੱਗੋਂ ਤੇਰ੍ਹਵੀਂ ਨੂੰ ਰੋਕਣ ਲਈ ਸੰਗਰਾਮ ਦਾ ਬਿਗਲ ਵਜਾਉਣ ਦਾ ਅਹਿਦ ਕਰੇਗਾ।  ਹਾਕੀ ਨਾਲ ਲੰਮੀ ਸਾਂਝ ਨਿਭਾਉਣ ਵਾਲਾ ਓਲੰਪੀਅਨ ਬਲਜੀਤ ਸਿੰਘ ਢਿੱਲੋਂ ਨੂੰ 1998-99 ’ਚ ਬਲਜੀਤ ਨੂੰ ਭਾਰਤ ਸਰਕਾਰ ਵੱਲੋਂ ਖੇਡ ਪੁਰਸਕਾਰ ‘ਅਰਜੁਨਾ ਐਵਾਰਡ’ ਨਾਲ ਸਨਮਾਨਿਆ ਗਿਆ। ਸਾਲ 2006 ’ਚ ਪੰਜਾਬ ਸਰਕਾਰ ਵੱਲੋਂ ਬਲਜੀਤ ਢਿੱਲੋਂ ਦੀਆਂ ਹਾਕੀ ਸੇਵਾਵਾਂ ਨੂੰ ਵੇਖਦਿਆਂ ਸਟੇਟ ਦਾ ਸਭ ਤੋਂ ਵੱਡਾ ‘ਮਹਾਰਾਜਾ ਰਣਜੀਤ ਸਿੰਘ’ ਖੇਡ ਐਵਾਰਡ ਦਿੱਤਾ ਗਿਆ।

 

ਕੌਮਾਂਤਰੀ ਹਾਕੀ ਖਿਡਾਰੀ ਦਲਜੀਤ ਸਿੰਘ ਢਿੱਲੋਂ: ਹਾਕੀ ਓਲੰਪੀਅਨ ਬਲਜੀਤ ਢਿੱਲੋਂ ਦੇ ਛੋਟੇ ਪਰਾ ਦਲਜੀਤ ਢਿੱਲੋਂ ਦਾ ਜਨਮ 1 ਨਵੰਬਰ, 1977 ਨੂੰ ਪੁਲੀਸ ਇੰਸਪੈਕਟਰ ਗੁਰਮੁਖ ਸਿੰਘ ਦੇ ਗ੍ਰਹਿ ਵਿਖੇ ਜਲੰਧਰ ’ਚ ਹੋਇਆ। ਵੱਡੇ ਭਰਾ ਤੋਂ ਹਾਕੀ ਖੇਡਣ ਚਿਣਗ ਲੱਗਣ ਤੋਂ ਬਾਅਦ ਦਲਜੀਤ ਦੱਲੀ ਨੇ ਆਪਣੀ ਹਾਕੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਦਿਨ-ਰਾਤ ਮੈਦਾਨ ’ਚ ਖੂਨ-ਪਸੀਨਾ ਇਕ ਕਰੀ ਰੱਖਿਆ। ਪੰਜਾਬ ਵਲੋਂ ਕੌਮੀ ਹਾਕੀ ਖੇਡਣ ਵਾਲੇ ਦਲਜੀਤ ਦੱਲੀ ਨੂੰ ਪੈਨਾਸੋਨਿਕ ਹਾਕੀ ਕੱਪ ਜੋ ਹੈਮਬਰਗ-1998 ’ਚ ਖੇਡਿਆ ਗਿਆ, ਤੋਂ ਹਾਕੀ ਖੇਡਣ ਦੀ ਬਰੇਕ ਮਿਲੀ। ਮਲੇਸ਼ੀਆ-1998 ’ਚ ਦਲਜੀਤ ਕਾਮਨਵੈਲਥ ਹਾਕੀ ਖੇਡਿਆ। ਇਕ ਸਾਲ ਬਾਅਦ 1999 ’ਚ ਦਲਜੀਤ ਨੂੰ ਇੰਡੋ-ਪਾਕਿ ਹਾਕੀ ਲੜੀ ਖੇਡਣ ਲਈ ਚੁਣਿਆ ਗਿਆ। ਇਸ ਸਾਲ ਉਹ ਜਰਮਨੀ ਤੇ ਬੈੈਲਜੀਅਮ ਨਾਲ ਖੇਡਣ ਲਈ ਯੂਰਪੀਅਨ ਟੂਰ ’ਤੇ ਗਿਆ। ਸੰਨ-2000 ’ਚ ਉਸ ਦੀ ਪ੍ਰਤੀਨਿੱਧਤਾ ’ਚ ਕੌਮੀ ਟੀਮ ਨੇ ਸਿਡਨੀ ਅਤੇ ਪਰਥ ’ਚ ਖੇਡੇ ਚਾਰ ਦੇਸ਼ਾਂ ਟੂਰਨਾਮੈਂਟ ’ਚ ਜਿੱਤ ਦਰਜ ਕੀਤੀ। ਢਾਕਾ ’ਚ 2001 ਖੇਡੇ ਪ੍ਰਧਾਨ ਮੰਤਰੀ ਗੋਲਡ ਕੱਪ ’ਚ ਦਲਜੀਤ ਦੀ ਨੁਮਾਇੰਦਗੀ ਵਾਲੀ ਟੀਮ ਚੈਂਪੀਅਨ ਬਣੀ।

 

 

ਇਸੇ ਸਾਲ ਪਹਿਲਾਂ ਇੰਗਲੈਂਡ ਦਾ ਕਰਿਸਟਲ ਹਾਕੀ ਕੱਪ ਅਤੇ ਫੇਰ ਹਾਕੀ ਟੀਮ ਨੇ ਮਲੇਸ਼ੀਆ ’ਚ ਖੇਡਿਆ ਚੈਂਪੀਅਨ ਚੈਲੰਜ ਹਾਕੀ ਮੁਕਾਬਲਾ ਜਿੱਤਿਆ। ਦਲਜੀਤ ਢਿੱਲੋਂ ਨੂੰ ਆਪਣੇ ਵੱਡੇ ਭਰਾ ਬਲਜੀਤ ਦੀ ਕਪਤਾਨੀ ’ਚ ਕੁਆਲਾਲੰਪੁਰ-2002 ਦਾ ਆਲਮੀ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। ਆਸਟਰੇਲੀਆ ’ਚ 2002 ’ਚ ਖੇਡੇ ਗਏ ਚਾਰ ਦੇਸ਼ਾ ਹਾਕੀ ਮੁਕਾਬਲੇ ’ਚ ਟੀਮ ਉਪ ਜੇਤੂ ਬਣੀ। ਜਰਮਨੀ-2002 ਦੀ ਚੈਂਪੀਅਨਜ਼ ਹਾਕੀ ਟਰਾਫੀ ਖੇਡਣ ਵਾਲੇ ਦਲਜੀਤ ਨੂੰ 2003 ’ਚ ਸਪੇਨ ’ਚ ਓਲੰਪਿਕ ਕੁਆਲੀਫਾਈ ਹਾਕੀ ਮੁਕਾਬਲਾ ਖੇਡਣ ਦਾ ਮਾਣ ਵੀ ਹਾਸਲ ਹੈ। 

 

ਕੌਮੀ ਅਤੇ ਕੌਮਾਂਤਰੀ ਹਾਕੀ ਦੀ ਵੱਡੀ ਪਾਰੀ ਖੇਡਣ ਵਾਲਾ ਦਲਜੀਤ ਸਿੰਘ ਖੇਡ ਦੇ ਸਹਾਰੇ ਹੀ ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਹੈ। ਪੰਜਾਬ ਸਰਕਾਰ ਵਲੋਂ ‘ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ’ ਪ੍ਰਾਪਤ ਕੌਮਾਂਤਰੀ ਖਿਡਾਰੀ ਦਲਜੀਤ ਦੱਲੀ ਨੂੰ 1997 ’ਚ ਫੈਡਰੇਸ਼ਨ ਹਾਕੀ ਕੱਪ ’ਚ ਉਪ ਜੇਤੂ ਅਤੇ 61ਵੀਂ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ’ਚ ਪੰਜਾਬ ਦੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਮਿਲਿਆ। ਹੈਦਰਾਬਾਦ ’ਚ ਖੇਡੀ ਗਈ ਨੈਸ਼ਨਲ ਗੇਮਜ਼-2002 ’ਚ ਪਹਿਲੀ ਪੁਜ਼ੀਸ਼ਨ, 2004-ਇੰਡੋ-ਪਾਕਿ ਗੇਮਜ਼ ’ਚ ਟੀਮ ਨੂੰ ਚੈਂਪੀਅਨ ਬਣਾਉਣ ਦੇ ਰਾਹ ਪਾਉਣ ਦਾ ਹੱਕ ਵੀ ਹਾਸਲ ਹੈ। 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

   





News Source link

- Advertisement -

More articles

- Advertisement -

Latest article