ਇਕਬਾਲ ਸਿੰਘ ਸ਼ਾਂਤ
ਲੰਬੀ, 29 ਮਾਰਚ
ਬੀਤੀ ਰਾਤ ਭਾਰੀ ਗਿਣਤੀ ਪੁਲੀਸ ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰਨ ਵਾਲੇ ਮਰਦ-ਔਰਤ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਦਫ਼ਤਰ ‘ਚ ਤਾੜੇ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਛੁਡਵਾ ਲਿਆ। ਲਾਠੀਚਾਰਜ਼ ‘ਚ ਛੇ ਕਿਸਾਨ ਅਤੇ ਇੱਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ, ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ ਬਲਾਕ ਪ੍ਰਧਾਨ ਗੁਰਪਾਸ਼ ਸਮੇਤ ਦੋ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਹਨ।
ਦੂਜੇ ਪਾਸੇ ਰਾਤ ਨੂੰ ਕਰੀਬ 11 ਵਜੇ ਪਟਵਾਰੀ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਤਾੜਨ ਖ਼ਿਲਾਫ਼ ਪਟਵਾਰੀਆਂ ਨੇ ਲੰਬੀ-ਗਿੱਦੜਬਾਹਾ ਤਿੰਨ ਕੋਨੀ ‘ਤੇ ਸੜਕ ਜਾਮ ਕਰ ਦਿੱਤਾ। ਕੱਲ੍ਹ ਦੁਪਹਿਰ ਕਿਸਾਨਾਂ ਵੱਲੋਂ ਦਫ਼ਤਰ ’ਚ ਨਾਇਬ ਤਹਿਸੀਲਦਾਰ, ਤਿੰਨ ਪਟਵਾਰੀ, ਤਿੰਨ ਕਲਰਕ ਅਤੇ ਦੋ ਅਪਰੇਟਰ ਅਤੇ ਡਰਾਈਵਰ ਸਮੇਤ 10 ਜਣੇ ਦਫ਼ਤਰ ‘ਚ ਘੇਰ ਲਏ ਸਨ। ਡੀਐੱਸਪੀ ਜਸਪਾਲ ਸਿੰਘ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਖਾਰਜ ਕਰਦੇ ਆਖਿਆ ਕਿ ਐੱਸਡੀਐੱਮ ਦੀ ਮੌਜੂਦਗੀ ‘ਚ ਅੰਦਰ ਤਾੜੇ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਬਾਹਰ ਕੱਢਿਆ ਗਿਆ।
ਮਾਨਸਾ (ਜੋਗਿੰਦਰ ਸਿੰਘ ਮਾਨ): ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦਾ ਰਹਿੰਦਾ ਮੁਆਵਜ਼ੇ ਲਈ ਲੰਬੀ ਤਹਿਸੀਲਦਾਰ ਦੇ ਘਿਰਾਓ ਸਮੇਂ ਪੁਲੀਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਧਰਨੇ ਦੇ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ, ਜਿਸ ਰਾਹੀਂ ਮੰਗ ਕੀਤੀ ਜਾਵੇਗੀ ਕਿ ਕਸੂਰਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੱਲ੍ਹ ਜਥੇਬੰਦੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲੰਬੀ ਦੇ ਤਹਿਸੀਲਦਾਰ ਦਾ ਘਿਰਾਓ ਕੀਤਾ ਹੋਇਆ ਸੀ, ਜਿੱਥੇ ਪੁਲੀਸ ਵੱਲੋਂ ਕਿਸਾਨਾਂ ‘ਤੇ ਅੱਧੀ ਰਾਤ ਨੂੰ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਕਿਸਾਨ ਫੱਟੜ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।