ਹਰਜੀਤ ਅਟਵਾਲ
ਪੈਡਲਰ ਇੱਕ ਟਰਮ ਹੈ ਜਿਸ ਦਾ ਭਾਵ ਹੈ, ਘਰ-ਘਰ ਪੈਦਲ ਜਾ ਕੇ ਸਾਮਾਨ ਵੇਚਣ ਵਾਲਾ। ਯੂਕੇ ਵਿੱਚ ਇਹ ਟਰਮ ਸੱਤਰਵੇਂ ਦਹਾਕੇ ਤੱਕ ਕਾਫ਼ੀ ਪ੍ਰਚੱਲਿਤ ਰਹੀ ਹੈ। ਬਹੁਤ ਸਾਰੇ ਭਾਰਤੀ ਲੋਕ ਵੀ ਪੈਡਲਰ ਹੁੰਦੇ ਸਨ। ਉਹ ਘਰ ਘਰ ਜਾ ਕੇ ਕੱਪੜੇ ਵੇਚਦੇ ਸਨ। ਯੂਕੇ ਵਿੱਚ ਇਸ ਲਈ ਕਈ ਨਾਂ ਵਰਤੇ ਜਾਂਦੇ ਹਨ ਜਿਵੇਂ ਕਿ ਚੀਪ-ਜੈਕ, ਪੈਕ-ਮੈਨ, ਚੈਪ-ਮੈਨ, ਹਾਕਰ, ਹਾਈਗਲ ਆਦਿ। ਇਨ੍ਹਾਂ ਨੂੰ ਸੋਲਿਸਟਰ ਵੀ ਕਹਿੰਦੇ ਹਨ ਕਿਉਂਕਿ ਇਹ ਆਪਣਾ ਸਾਮਾਨ ਵੇਚਣ ਲਈ ਲੋਕਾਂ ਨੂੰ ਸਲਾਹ ਦਿੰਦੇ ਹਨ। ਇੰਗਲੈਂਡ ਵਿੱਚ ਇਹ ਟਰਮ ਕਈ ਵਾਰ ਜਿਪਸੀਆਂ ਲਈ ਵੀ ਵਰਤੀ ਜਾਂਦੀ ਹੈ ਜੋ ਹੋਕਾ ਦੇ ਕੇ ਸਾਮਾਨ ਵੇਚਦੇ ਹਨ। ਜਿਪਸੀਆਂ ਦਾ ਸਾਡੇ ਪੰਜਾਬ ਵਿੱਚ ਇੱਕ ਰੂਪ ਹੈ ਵਣਜਾਰੇ। ਸਾਡੇ ਲੋਕ ਗੀਤਾਂ ਵਿੱਚ ਵਣਜਾਰੇ ਨੂੰ ਚੂੜੀਆਂ ਨਾਲ ਜੋੜ ਦਿੱਤਾ ਜਾਂਦਾ ਹੈ, ਪਰ ਇਹ ਲੋਕ ਸਾਰੇ ਕਿਸਮ ਦਾ ਵਣਜ ਕਰਦੇ ਹਨ, ਇਸੇ ਲਈ ਵਣਜਾਰੇ ਅਖਵਾਉਂਦੇ ਹਨ।
ਪੈਡਲਰ ਸ਼ਬਦ 1225 ਤੋਂ ਵਰਤਿਆ ਮਿਲਦਾ ਹੈ। ਇਹ ਫਰਿੰਚ ਬੋਲੀ ਤੋਂ ਆਇਆ ਸਮਝਿਆ ਜਾਂਦਾ ਹੈ, ਜਿਵੇਂ ਕਿ ਪੀਅਦ-ਪੈਸ ਜਾਂ ਪੈਦੀਸ ਸ਼ਬਦ ਜਿਨ੍ਹਾਂ ਦਾ ਮਤਲਬ ਪੈਰ ਵੀ ਹੁੰਦਾ ਹੈ, ਤੇ ਇਹ ਸ਼ਬਦ ਪੈਰਾਂ ਉੱਤੇ ਛੋਟੇ ਵਪਾਰ ਲਈ ਵਰਤਿਆ ਜਾਂਦਾ ਹੈ। ਯੂਰਪ ਵਿੱਚ ਡੱਡੇ ਨੂੰ ਦੱਦਾ ਬੋਲਿਆ ਜਾਂਦਾ ਹੈ। ਸੋ ਉਸ ਪਾਸੇ ਪੈਡਲਰ ਨੂੰ ਪੈਦਲਰ ਬੋਲਿਆ ਜਾਂਦਾ ਹੈ ਤੇ ਪੈਦਲਰ ਸ਼ਬਦ ਸਾਡੇ ਵੀ ਬਹੁਤ ਨੇੜੇ ਹੋ ਜਾਂਦਾ ਹੈ, ਭਾਵ ਪੈਦਲ ਜਾ ਕੇ ਸੌਦਾ ਵੇਚਣ ਵਾਲਾ। ਦੇਖਣ ਵਿੱਚ ਆਉਂਦਾ ਹੈ ਕਿ ਦੁਨੀਆ ਦੇ ਸਾਰੇ ਹੀ ਮੁਲਕਾਂ ਵਿੱਚ ਪੈਡਰਲ ਕਿਸੇ ਨਾ ਕਿਸੇ ਰੂਪ ਵਿੱਚ ਮੁੱਢ ਕਦੀਮ ਤੋਂ ਹੀ ਰਹੇ ਹਨ। ਇਹ ਆਮ ਮਾਰਕੀਟ ਜਾਂ ਵੱਡੀਆਂ ਦੁਕਾਨਾਂ ਦੇ ਖੱਪਿਆਂ ਨੂੰ ਭਰਦੇ ਹਨ। ਜਿਹੜੇ ਲੋਕ ਮਾਰਕੀਟ ਵਿੱਚ ਸੌਦਾ ਖ਼ਰੀਦਣ ਨਹੀਂ ਜਾ ਸਕਦੇ, ਉਨ੍ਹਾਂ ਦੇ ਇਹ ਕੰਮ ਆਉਂਦੇ ਹਨ। ਇਹ ਦੂਰ-ਦੂਰ ਦੇ ਪਿੰਡਾਂ ਜਾਂ ਇਕਾਂਤ ਜਿਹੇ ਵਿੱਚ ਵੱਸਦੇ ਲੋਕਾਂ ਤੀਕ ਵੀ ਪੁੱਜ ਜਾਂਦੇ ਹਨ। ਇੰਗਲਿਸ਼-ਲਾਅ ਵਿੱਚ ਪੈਡਲਰ ਨੂੰ ਇਵੇਂ ਪਰਿਭਾਸ਼ਿਤ ਕੀਤਾ ਗਿਆ ਹੈ, ਕੋਈ ਵੀ ਹਾਕਰ, ਪੈਡਲਰ, ਪੈਟੀ ਚੈਪਮੈਨ, ਟਿੰਕਰ ਜੋ ਬਿਨਾਂ ਘੋੜੇ ਜਾਂ ਹੋਰ ਜਾਨਵਰ ਦੀ ਵਰਤੋਂ, ਪੈਰਾਂ ਉੱਪਰ ਚੱਲ ਕੇ ਸ਼ਹਿਰ-ਸ਼ਹਿਰ, ਦੂਜੇ ਲੋਕਾਂ ਦੇ ਘਰ ਜਾ ਕੇ ਸਾਮਾਨ ਵੇਚਦਾ ਹੈ। ਇਸ ਬਾਰੇ 1871 ਵਿੱਚ ਪੈਡਲਰ ਐਕਟ ਬਣਾਇਆ ਗਿਆ ਜਿਸ ਮੁਤਾਬਕ ਹਰ ਪੈਡਲਰ ਨੂੰ ਸਥਾਨਕ ਚੀਫ ਕਾਂਸਟੇਬਲ ਤੋਂ ਇੱਕ ਸਰਟੀਫਿਕੇਟ ਲੈਣਾ ਪੈਂਦਾ ਹੈ। ਇਵੇਂ ਹੀ ਅਮਰੀਕਾ ਵਿੱਚ ਵੀ ਪੈਡਲਰਾਂ ਬਾਰੇ ਕਾਨੂੰਨ ਬਣੇ ਹੋਏ ਹਨ, ਭਾਵੇਂ ਇਹ ਉੱਥੇ ਹਰ ਸਟੇਟ ਦੇ ਕਾਨੂੰਨ ਕੁਝ ਵੱਖਰੇ ਹੋ ਸਕਦੇ ਹਨ। ਹੋਰਨਾਂ ਮੁਲਕਾਂ ਵਿੱਚ ਵੀ ਜ਼ਰੂਰ ਕਾਨੂੰਨ ਹੋਵੇਗਾ ਹੀ। ਹਰ ਖਿੱਤੇ ਵਿੱਚ ਪੈਡਲਰਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਚੇਤੇ ਕੀਤਾ ਜਾਂਦਾ ਹੈ।
ਮਾਰਕੀਟਿੰਗ ਇਤਿਹਾਸਕਾਰ ਐਰਿਕ ਸ਼ਾਅ ਲਿਖਦਾ ਹੈ ਕਿ ਸ਼ਾਇਦ ਰਿਟੇਲ ਪ੍ਰੈਕਟਿਸ ਮੁੱਢ ਕਦੀਮ ਤੋਂ ਹੀ ਚੱਲਿਆ ਆ ਰਿਹਾ ਹੈ ਜੋ ਅੱਜ ਵੀ ਮੁੱਢਲੇ ਰੂਪ ਵਿੱਚ ਹੀ ਜਿਉਂਦਾ ਹੈ। ਰਾਜੀਨਤਕ ਫ਼ਿਲਾਸਫ਼ਰ ਜੌਹਨ ਮਿਲ ਲਿਖਦਾ ਹੈ ਕਿ ਦੁਕਾਨਾਂ ਦੀ ਰਵਾਇਤ ਤੋਂ ਪਹਿਲਾਂ ਹੱਥੋ-ਹੱਥ ਸਾਮਾਨ ਵੇਚਣ ਦੀ ਪ੍ਰਥਾ ਚੱਲਦੀ ਆਈ ਹੈ। ਆਮ ਲੋਕ ਮੇਲਿਆਂ ਜਾਂ ਮੰਡੀਆਂ ਵਿੱਚ ਨਹੀਂ ਜਾ ਸਕਦੇ, ਜਾਂ ਉਹ ਸਾਲ ਬਾਅਦ ਲੱਗਦੇ ਹਨ ਤੇ ਪੈਡਲਰ ਮਹੀਨੇ ਵਿੱਚ ਇੱਕ ਗੇੜਾ ਮਾਰ ਦਿੰਦੇ ਸਨ। ਪੈਡਲਰ ਘਰ-ਘਰ ਵੀ ਜਾ ਸਕਦੇ ਹਨ ਜਾਂ ਮੁਹੱਲੇ ਵਿੱਚ ਜਾ ਕੇ ਖੁੱਲ੍ਹੇ ਅਸਮਾਨ ਹੇਠਾਂ ਵੀ ਸਾਮਾਨ ਲੈ ਕੇ ਬਹਿ ਜਾਂਦੇ ਹਨ। ਗਰੀਕੋ-ਰੋਮਨ ਸਮੇਂ ਖੁੱਲ੍ਹੇ ਆਮ ਸ਼ਹਿਰਾਂ ਵਿੱਚ ਮੰਡੀਆਂ ਲੱਗਦੀਆਂ ਸਨ ਜਦੋਂ ਕਿ ਪਿੰਡਾਂ ਵਿੱਚ ਪੈਡਲਰ ਹੀ ਜਾਂਦੇ ਸਨ। ਬਾਈਬਲ ਵਿੱਚ ਪੈਡਰਲ ਟਰਮ ਵਰਤੀ ਜਾਂਦੀ ਹੈ, ਪਰ ਉਹ ਰੱਬ ਦੇ ਨਾਂ ਨੂੰ ਤੁਰਕੇ ਘਰ-ਘਰ ਫੈਲਾਉਣ ਨਾਲ ਜੁੜਦੀ ਹੈ। ਪੁਰਾਣੀ ਇਸਾਈ-ਮੱਤ ਨਾਲ ਜੁੜੀ ਇੱਕ ਕਿਤਾਬ ਵਿੱਚ ਕਹਾਵਤ ਵਰਤੀ ਜਾਂਦੀ ਹੈ ਕਿ ਅਸੀਂ ਬਹੁਤੇ ਨਹੀਂ ਹਾਂ, ਇਸ ਲਈ ਪੈਡਲਰ ਬਣ ਕੇ ਰੱਬ ਦਾ ਨਾਂ ਦੂਰ ਤੀਕ ਲੈ ਕੇ ਜਾਓ। ਗਰੀਕ ਬੋਲੀ ਵਿੱਚ ਪੈਡਲਿੰਗ ਦੇ ਅਰਥ ਕੀਤੇ ਗਏ ਹਨ ਕਿ ਛੋਟੀ ਪੱਧਰ ਦਾ ਵਪਾਰੀ ਜੋ ਵਿਚਕਾਰ ਰਹਿ ਕੇ ਮੁਨਾਫਾ ਕਮਾਉਂਦਾ ਹੈ। ਇੱਕ ਹੋਰ ਬਹੁਤ ਅਹਿਮ ਕਹਾਵਤ ਹੈ ਜੋ ਹਰ ਖੇਤਰ ਵਿੱਚ ਵਰਤੀ ਜਾ ਸਕਦੀ ਹੈ ਕਿ ਵੱਡਾ ਵਪਾਰੀ ਕਿਸੇ ਗੁਨਾਹ ਦੀ ਜ਼ੱਦ ਵਿੱਚ ਫਸਦਾ ਨਹੀਂ ਤੇ ਪੈਡਲਰ ਨੂੰ ਕਦੇ ਵੀ ਗੁਨਾਹ ਤੋਂ ਮੁਕਤ ਨਹੀਂ ਕੀਤਾ ਜਾਂਦਾ। ਭਾਵ ਇਲਜ਼ਾਮ ਮੁਹਰਲੇ ਬੰਦੇ ਉੱਪਰ ਹੀ ਆਉਂਦਾ ਹੈ। ਇਹਨੂੰ ਸਾਦੀ ਬੋਲੀ ਵਿੱਚ ਕਹੀਏ ਕਿ ਵੱਡਾ ਲੀਡਰ ਕਦੇ ਫਸਦਾ ਨਹੀਂ ਤੇ ਉਸ ਦੇ ਪਿਆਦੇ ਜੇ ਕਦੇ ਫਸ ਜਾਣ ਤਾਂ ਬਖ਼ਸ਼ੇ ਨਹੀਂ ਜਾਂਦੇ।
ਕਈ ਥਾਵਾਂ ’ਤੇ ਜਿਪਸੀ ਵੀ ਪੈਡਲਰ ਦਾ ਕੰਮ ਕਰਦੇ ਹਨ, ਪਰ ਲੋਕ ਉਨ੍ਹਾਂ ਉੱਪਰ ਬਹੁਤਾ ਯਕੀਨ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਦੇਰ ਬਾਅਦ ਵਾਪਸ ਮੁੜਨਾ ਹੁੰਦਾ ਹੈ। ਇਹ ਜਿਪਸੀ ਮੇਲਿਆਂ ਵਿੱਚ ਭਵਿੱਖ ਦੱਸਣ ਜਾਂ ਕਰਤੱਵ ਦਿਖਾਉਣ ਜਾਂ ਭੂਤਾਂ-ਪ੍ਰੇਤਾਂ ਦਾ ਕੰਮ ਵੀ ਕਰਨ ਲੱਗਦੇ ਹਨ। ਅਮਰੀਕਾ ਵਿੱਚ ਪੈਡਲਿੰਗ ਦਾ ਕੰਮ ਉਨੀਵੀਂ ਸਦੀ ਵਿੱਚ ਉਹ ਲੋਕ ਕਰਦੇ ਸਨ ਜਿਹੜੇ ਉੱਥੇ ਜਾ ਕੇ ਸੈਟਲ ਹੋਣ ਦੇ ਯਤਨਾਂ ਵਿੱਚ ਸਨ ਜਿਵੇਂ ਕਿ ਇਟਾਲੀਅਨ, ਗਰੀਕ, ਯਹੂਦੀ ਆਦਿ। ਇੰਗਲਿਸ਼ ਲਾਅ ਮੁਤਾਬਕ ਪੈਡਲਰ ਪੈਦਲ ਹੀ ਚੱਲਦੇ ਹਨ, ਇਹ ਘੋੜੇ ਜਾਂ ਕਿਸੇ ਹੋਰ ਜਾਨਵਰ ਨੂੰ ਨਹੀਂ ਵਰਤਦੇ, ਪਰ ਇਤਿਹਾਸ ਵਿੱਚ ਇਨ੍ਹਾਂ ਵੱਲੋਂ ਸਾਮਾਨ ਚੁੱਕਣ ਲਈ ਵੱਖ-ਵੱਖ ਵਰਤੇ ਗਏ ਸਾਧਨ ਮਿਲਦੇ ਹਨ ਜਿਨ੍ਹਾਂ ਵਿੱਚ ਗੱਡੇ, ਟਾਂਗੇ ਆਦਿ ਆਉਂਦੇ ਹਨ। ਅਬਰਾਮ ਗੁਡਮੈਨ ਜਿਸ ਨੇ 1840 ਵਿੱਚ ਅਮਰੀਕਾ ਜਾ ਕੇ ਪੈਡਲਿੰਗ ਕੀਤੀ, ਉਹ ਇੱਕ ਥਾਂ ਲਿਖਦਾ ਹੈ ਕਿ ਬਹੁਤੀ ਬਰਫ਼ ਪੈ ਜਾਣ ਕਾਰਨ ਉਸ ਨੇ ਕਈ ਵਾਰ ਘੋੜਾ-ਬੱਘੀ ਵੀ ਵਰਤੀ, ਕਈ ਥਾਵਾਂ ’ਤੇ ਜਾਣ ਲਈ ਕਿਸ਼ਤੀ ਵੀ ਵਰਤੀ। ਬਰਮਾ, ਥਾਈਲੈਂਡ ਵਿੱਚ ਕਿਸ਼ਤੀਆਂ ਵਿੱਚ ਸਬਜ਼ੀਆਂ, ਫ਼ਲ, ਮੀਟ, ਮੱਛੀ ਵਿਕਦੇ ਆਮ ਮਿਲ ਜਾਂਦੇ ਹਨ। ਇਸ ਗੱਲ ਦੇ ਸਬੂਤ ਵੀ ਮਿਲਦੇ ਹਨ ਕਿ ਜਿਵੇਂ ਜਿਵੇਂ ਮਾਰਕੀਟਾਂ ਵਧਣ-ਫੁੱਲਣ ਲੱਗਦੀਆਂ ਹਨ ਤਾਂ ਇਹ ਪੈਡਲਰ ਆਪਣੀ ਵਿਕਰੀ ਦਾ ਸਾਮਾਨ ਬਦਲ ਲੈਂਦੇ ਹਨ। ਇਹ ਦਵਾਈਆਂ ਜਾਂ ਦਵਾਈਆਂ ਨਾਲ ਸਬੰਧਿਤ ਚੀਜ਼ਾਂ ਵੀ ਵੇਚਦੇ ਮਿਲਦੇ ਹਨ। ਲੋਕ ਅਜਿਹੀਆਂ ਚੀਜ਼ਾਂ ਦੀ ਵੱਧ ਕੀਮਤ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਕਈ ਪੈਡਲਰ ਸਰਾਵਾਂ, ਪੱਬਾਂ ਜਾਂ ਹੋਟਲਾਂ ਵਿੱਚ ਵੀ ਸਾਮਾਨ ਵੇਚਣ ਜਾਂਦੇ ਹਨ, ਉੱਥੇ ਜਾ ਕੇ ਇਹ ਆਪਣੇ ਆਪ ਨੂੰ ਕਿਸੇ ਕੰਪਨੀ ਦੇ ਏਜੰਟ ਦੇ ਤੌਰ ’ਤੇ ਵੀ ਪੇਸ਼ ਕਰ ਸਕਦੇ ਹਨ। ਸੋਲਵੀਂ ਸਦੀ ਵਿੱਚ ਇੱਕ ਕੁਮੈਂਟੇਟਰ ਲਿਖਦਾ ਹੈ ਕਿ ਇਹ ਪੈਡਲਰ ਮੇਲੇ ਤੋਂ ਮੇਲਾ, ਮਾਰਕੀਟ ਤੋਂ ਮਾਰਕੀਟ ਆਪਣਾ ਸਾਮਾਨ ਵੇਚਦੇ ਹਨ, ਇਹ ਕਿਤੇ ਘੋੜੇ, ਕਿਤੇ ਪੈਦਲ, ਕਿਤੇ ਛਾਬੜੀਆਂ ਲਾ ਕੇ ਵਪਾਰ ਕਰਦੇ ਹਨ। ਇਹ ਛੁੱਟੀਆਂ ਵਾਲੀਆਂ ਥਾਵਾਂ ’ਤੇ ਵੀ ਆਪਣਾ ਸਾਮਾਨ ਵੇਚਣ ਜਾਂਦੇ ਹਨ।
ਅਠਾਰਵੀਂ ਸਦੀ ਵਿੱਚ ਜਦੋਂ ਸਤਅੱਤੀ ਯੁੱਗ ਦਾ ਆਰੰਭ ਹੁੰਦਾ ਹੈ ਤਾਂ ਪੈਡਲਰਾਂ ਦਾ ਰੋਲ ਟਰੈਵਲਿੰਗ ਸੇਲਜ਼ਮੈੱਨ ਵਾਲਾ ਹੋ ਜਾਂਦਾ ਹੈ। ਇੰਗਲੈਂਡ ਵਿੱਚ ਪੈਡਲਰ ‘ਮਾਨਚੈਸਟਰ ਮੈੱਨ’ ਦੇ ਤੌਰ ’ਤੇ ਵੀ ਜਾਣੇ ਜਾਂਦੇ ਸਨ। ਕੱਪੜੇ ਦੀ ਫੈਕਟਰੀ ਵਾਲੇ ਪੈਡਲਰਾਂ ਨੂੰ ਦੁਕਾਨ ਤੋਂ ਦੁਕਾਨ, ਘਰ ਤੋਂ ਘਰ ਭੇਜਦੇ ਸਨ। ਹੌਲੀ ਹੌਲੀ ਇਹ ਮਾਲ ਜਮ੍ਹਾਂ ਕਰਕੇ ਹੋਲ-ਸੇਲਰ ਵੀ ਬਣ ਗਏ।
ਅਮਰੀਕਾ ਵਿੱਚ ਅਠਾਰਵੀਂ ਸਦੀ ਵਿੱਚ ਪੈਡਲਰਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ। ਅਮਰੀਕਨ ਸਿਵਲ-ਵਾਰ ਤੋਂ ਪਹਿਲਾਂ ਪੈਡਲਰਾਂ ਦੀ ਗਿਣਤੀ ਚਰਮ-ਸੀਮਾ ’ਤੇ ਸੀ। ਉਨੀਵੀਂ ਸਦੀ ਵਿੱਚ ਇਨ੍ਹਾਂ ਦੀ ਗਿਣਤੀ ਘਟਣ ਲੱਗੀ। ਮਾਡਰਨ ਰਿਟੇਲ ਤੇ ਡਿਸਟਰੀਬਿਊਸ਼ਨ ਦੇ ਆਉਣ ਨਾਲ ਇਹ ਸੇਲਜ਼ਮੈਨ ਵਿੱਚ ਬਦਲਣ ਲੱਗੇ। ਇਸੇ ਸਮੇਂ ਹੀ ‘ਮੇਲ ਆਰਡਰ ਕੈਟਾਲੌਗ’ ਹੋਂਦ ਵਿੱਚ ਆਈ। ਮੌਂਟਗੁਰਮਰੀ ਵਾਰਡ 1872 ਵਿੱਚ ਸ਼ੁਰੂ ਹੁੰਦੀ ਹੈ। ਇਸ ਨੇ ਲੋਕਾਂ ਨੂੰ ਖਰੀਦੋ-ਫਰੋਖ਼ਤ ਦਾ ਇੱਕ ਹੋਰ ਬਦਲ ਦੇ ਦਿੱਤਾ। ਗਾਹਕਾਂ ਨੂੰ ਸਾਮਾਨ ਦੀ ਲਿਸਟ ਦੇ ਦਿੱਤੀ ਜਾਂਦੀ, ਉਹ ਲੋੜ ਅਨੁਸਾਰ ਉਸ ਨੂੰ ਭਰ ਦਿੰਦੇ, ਉਹ ਅਗਲੀ ਫੇਰੀ ਵਿੱਚ ਲੈ ਕੇ ਪੁੱਜ ਜਾਂਦੇ। ਮਹਾਯੁੱਧਾਂ ਵਿੱਚ ਜਦੋਂ ਲੋਕੀਂ ਅੰਦਰ ਵੜੇ ਹੋਏ ਸਨ ਤਾਂ ਇਹ ਪੈਡਲਰ ਉਨ੍ਹਾਂ ਦੀ ਮਦਦ ਕਰਨ ਪੁੱਜ ਜਾਂਦੇ ਸਨ, ਪਰ ਇਨ੍ਹਾਂ ਦੀ ਬਹਾਦਰੀ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਜਿਹੜੇ ਸਿਪਾਹੀ ਸਮਾਜ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਫੇਲ੍ਹ ਹੋ ਗਏ, ਉਨ੍ਹਾਂ ਲਈ ਪੈਡਲਰ ਦੀ ਨੌਕਰੀ ਸਭ ਤੋਂ ਨੇੜੇ ਪੈਂਦੀ ਸੀ। ਇਸ ਵਿੱਚ ਆਮਦਨ ਵੀ ਵਾਹਵਾ ਹੁੰਦੀ।
ਪੈਡਲਰ ਸਮੇਂ-ਸਮੇਂ ਲਤੀਫਿਆਂ ਦਾ ਭੰਡਾਰ ਵੀ ਬਣਦੇ ਰਹੇ ਹਨ। ਸ਼ਹਿਰੀ ਜੀਵਨ ਵਿੱਚ ਇਨ੍ਹਾਂ ਲਤੀਫਿਆਂ ਦਾ ਖ਼ੂਬ ਆਨੰਦ ਮਾਣਿਆ ਗਿਆ ਹੈ। ਯੂਰਪ ਵਿੱਚ ਪੈਡਲਰ ਬਦਨਾਮੀ ਦੀ ਜ਼ੱਦ ਵਿੱਚ ਵੀ ਆਉਂਦੇ ਰਹੇ ਹਨ। ਪੰਦਰਵੀਂ ਸਦੀ ਵਿੱਚ ਚਰਚ ਵੱਲੋਂ ਹਾਕਰਾਂ ਤੇ ਪੈਡਰਲਾਂ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਸੀ।
ਪੈਡਲਰ ਸਮਾਜ ਦਾ ਇੱਕ ਖ਼ਾਸ ਕਿਰਦਾਰ ਰਹੇ ਹਨ, ਪਰ ਇਨ੍ਹਾਂ ਦੇ ਅੰਦਰੂਨੀ ਜੀਵਨ ਬਾਰੇ ਫਸਟਹੈਂਡ ਅਨੁਭਵ ਵਿੱਚ ਬਹੁਤਾ ਕੁਝ ਪੜ੍ਹਨ ਲਈ ਨਹੀਂ ਮਿਲਦਾ। ਇਹ ਬਹੁਤੇ ਪੜ੍ਹੇ-ਲਿਖੇ ਨਹੀਂ ਸਨ ਹੁੰਦੇ। ਇਨ੍ਹਾਂ ਦਾ ਲੈਣ-ਦੇਣ ਕੈਸ਼ ਹੀ ਹੁੰਦਾ ਸੀ, ਨਾ ਕੋਈ ਰਸੀਦ ਤੇ ਨਾ ਕੋਈ ਡੇ-ਬੁੱਕ। ਫਿਰ ਵੀ ਕੁਝ ਕੁ ਪੈਡਲਰਾਂ ਨੇ ਆਪਣੇ ਬਾਰੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਤੋਂ ਇਨ੍ਹਾਂ ਦੇ ਜੀਵਨ ਬਾਰੇ ਅੰਦਾਜ਼ੇ ਲਾਏ ਜਾ ਸਕਦੇ ਹਨ। ਐਪੀਏਮ ਲਿਜ਼ਿਟਜ਼ਕੀ (1886¸1962) ਜੋ ਅਮਰੀਕਾ ਵਿੱਚ ਰੂਸੀ ਪਰਵਾਸੀ ਸੀ। ਅਮਰੀਕਾ ਪੁੱਜ ਕੇ ਕੁਝ ਦੇਰ ਉਸ ਨੇ ਪੈਡਲਿੰਗ ਕੀਤੀ। 1969 ਵਿੱਚ ਉਸ ਨੇ ਆਪਣੀ ਜੀਵਨੀ ਲਿਖੀ ਜਿਸ ਦਾ ਨਾਂ ਸੀ- ‘ਇਨ ਦਾ ਗਰਿੱਪ ਆਫ ਦਾ ਕਰੌਸ-ਕਰੰਟ’। ਉਹ ਆਪਣੇ ਗਾਹਕਾਂ ਨਾਲ ਹੋਏ ਸਾਹਮਣੇ ਬਾਰੇ ਲਿਖਦਾ ਹੈ ਕਿ ਕਈ ਵਾਰ ਤਾਂ ਉਹ ਤੁਹਾਡੇ ਮੂੰਹ ’ਤੇ ਹੀ ਦਰਵਾਜ਼ਾ ਬੰਦ ਕਰ ਮਾਰਦੇ ਸਨ। ਇਵੇਂ ਹੀ ਅਬਰਾਮ ਗੁੱਡਮੈਨ ਦੀ ਡਾਇਰੀ ਅਮਰੀਕਨ ਜਿਊਜ਼ ਮਾਰਕਾਈਵ ਵਾਲਿਆਂ ਨੇ ਛਾਪੀ ਹੈ। ਜਦੋਂ ਉਸ ਨੂੰ ਕਲਰਕੀ ਨਾ ਮਿਲੀ ਤਾਂ ਉਹ ਪੈਡਲਿੰਗ ਕਰਨ ਲੱਗਾ। ਉਹ ਵੱਖ-ਵੱਖ ਚੀਜ਼ਾਂ ਦੀ ਡੱਗੀ ਪਿੱਠ ਪਿੱਛੇ ਲਾ ਕੇ ਪਿੰਡਾਂ ਵੱਲ ਨਿਕਲ ਪੈਂਦਾ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੇ ਰਾਤ ਕਿੱਥੇ ਕੱਟਣੀ ਹੈ। ਆਮ ਕਰਕੇ ਉਹ ਕਿਸਾਨਾਂ ਦੇ ਘਰ ਹੀ ਰਹਿੰਦਾ ਸੀ। ਇੱਕ ਵਾਰ ਉਹ ਇੱਕ ਘਰ ਗਿਆ ਤਾਂ ਘਰ ਦੀ ਮਾਲਕਣ ਨੇ ਉਸ ਨੂੰ ਘਰ ਰੱਖਣ ਤੋਂ ਇਨਕਾਰ ਕਰ ਦਿੱਤਾ। ਉਹ ਬਾਹਰ ਨਿਕਲਿਆ ਤਾਂ ਬਰਫ਼ਾਨੀ ਤੁਫ਼ਾਨ ਚੱਲ ਰਿਹਾ ਸੀ। ਉਹ ਵਾਪਸ ਉਸੇ ਘਰ ਚਲੇ ਗਿਆ ਤੇ ਉਸ ਨੂੰ ਉਸ ਔਰਤ ਨੂੰ ਸਮਝਾਉਣ ਵਿੱਚ ਅੱਧਾ ਘੰਟਾ ਲੱਗਾ ਕਿ ਉਹ ਖ਼ਤਰਨਾਕ ਆਦਮੀ ਨਹੀਂ। ਇੱਕ ਥਾਂ ’ਤੇ ਉਹ ਕੁਝ ਹੋਰ ਪੈਡਲਰਾਂ ਨਾਲ ਅੱਗ ਮੁਹਰੇ ਬਹਿ ਕੇ ਗੀਤ ਗਾਉਂਦਾ ਹੈ ਤੇ ਘਰ ਨੂੰ ਚੇਤੇ ਕਰਦਾ ਹੈ। ਇਵੇਂ ਕਿਤੇ ਝਗੜਾ ਹੁੰਦਾ ਹੈ ਤੇ ਕਿਤੇ ਲੁੱਟ-ਖੋਹ ਵੀ।
ਪੈਡਲਰ ਖ਼ਾਸ ਕਿਰਦਾਰ ਹੋਣ ਕਰਕੇ ਕਲਾਕਾਰਾਂ ਲਈ ਵੀ ਖਿੱਚ ਦਾ ਕਾਰਨ ਰਹੇ ਹਨ। ਇਨ੍ਹਾਂ ਦੀਆਂ ਅਣਗਿਣਤ ਤਸਵੀਰਾਂ ਮਿਲਦੀਆਂ ਹਨ। ਕਿਸੇ ਪੈਡਲਰ ਦੀ ਪਹਿਲੀ ਤਸਵੀਰ ਬਾਰਵੀਂ ਸਦੀ ਵਿੱਚ ਇੱਕ ਚੀਨੀ ਮੁਸੱਬਰ ਸੂ ਹਨਚੈਨ ਵੱਲੋਂ ਬਣਾਈ ਗਈ। ਲੀ ਸੌਂਗ ਨਾਂ ਦਾ ਇਹ ਪੈਡਲਰ ਉਸ ਦਾ ਸਮਕਾਲੀ ਹੀ ਸੀ ਤੇ ਤਸਵੀਰ ਨੂੰ ਉਸ ਨੇ ਨਾਂ ਦਿੱਤਾ, ‘ਦਿ ਨਿਕ-ਨੈਕ ਪੈਡਲਰ’। ਇੱਕ ਹੋਰ ਪੇਟਿੰਗ ‘ਦਿ ਪੈਡਲਰ’ ਹੀਰੋਨਮਾਊਸ ਬੌਸ਼ ਨੇ 1500 ਵਿੱਚ ਬਣਾਈ। ਇਹ ਸਭ ਤੋਂ ਆਈਕੌਨਿਕ ਤਸਵੀਰ ਮੰਨੀ ਜਾਂਦੀ ਹੈ। ਅਠਾਰਵੀਂ ਸਦੀ ਵਿੱਚ ਪੈਡਲਰਾਂ ਤੇ ਗਲੀਆਂ ਵਿੱਚ ਹੋਕਾ ਦੇਣ ਵਾਲਿਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਬਣੀਆਂ ਮਿਲਦੀਆਂ ਹਨ। 1737 ਵਿੱਚ ਪੈਡਲਰਾਂ ਦੀਆਂ ਤਸਵੀਰਾਂ ਦੀ ਕੁਲੈਕਸ਼ਨ ਫਰਾਂਸ ਵਿੱਚ ਮਿਲਦੀ ਹੈ ਜਿਸ ਦਾ ਨਾਂ ‘ਦਿ ਕਰਾਈ ਆਫ ਪੈਰਿਸ’ ਹੈ। 1757 ਵਿੱਚ ਇਸੇ ਵਿਸ਼ੇ ਵਿੱਚ ‘ਦਿ ਕਰਾਈ ਆਫ ਲੰਡਨ’ ਪ੍ਰਕਾਸ਼ਿਤ ਹੋਈ। ਵੀਹਵੀਂ ਸਦੀ ਤੱਕ ਪੈਡਲਰ ਕਲਾਕਾਰਾਂ ਦਾ ਧਿਆਨ ਖਿੱਚਦੇ ਰਹੇ।
ਉਨੀਵੀਂ ਸਦੀ ਵਿੱਚ ਹੀ ਪੈਡਲਰ ਸਾਹਿਤ ਵਿੱਚ ਵੀ ਆ ਵੜਦੇ ਹਨ। ਚਾਰਲਸ ਡਿਕਨਜ਼ ਦਾ ਨਾਵਲ ‘ਡਾਕਟਰ ਮੈਰੀਗੋਲਡ’ ਇਸ ਦੀ ਉਦਾਹਰਨ ਹੈ। ਕ੍ਰਿਸਮਿਸ ਸਟੋਰੀਜ਼ ਵਿੱਚ ਅਜਿਹਾ ਕੁਝ ਮਿਲਦਾ ਹੈ, ਪਰ ਪੈਡਲਰਾਂ ਦਾ ਬਹੁਤਾ ਵਰਣਨ ਸਟੀਰੀਓਟਾਈਪ ਜਿਹਾ ਹੀ ਹੈ। ਪੈਡਲਰ ਬਾਰੇ ਰੂਸੀ ਬੋਲੀ ਵਿੱਚ ‘ਯੂਬੋਕ’ ਟਰਮ ਵਰਤੀ ਜਾਂਦੀ ਹੈ। ਕੋਰੋਬੀਨੀਕੀ ਰੂਸੀਆਂ ਦਾ ਇੱਕ ਲੋਕ ਗੀਤ ਹੈ ਜਿਸ ਵਿੱਚ ਪੈਡਲਰ ਨੂੰ ਇੱਕ ਕੁੜੀ ਮਿਲਦੀ ਹੈ। ਇਵੇਂ ਹੀ 1947 ਵਿੱਚ ਅਮਰੀਕਾ ਵਿੱਚ ਇੱਕ ਨਾਟਕ ਖੇਡਿਆ ਗਿਆ ਜਿਸ ਦਾ ਨਾਂ ਸੀ, ‘ਦਿ ਲੇਡੀ ਐਂਡ ਦਿ ਪੈਡਲਰ’। ਇਹ ਨਾਟਕ ਐੱਸ.ਵਾਈ. ਐਗਨਨ ਦੀ ਕਹਾਣੀ ਤੋਂ ਉਸਾਰਿਆ ਗਿਆ ਸੀ। ‘ਰੌਬਨਹੁੱਡ ਐਂਡ ਪੈਡਲਰ’ ਅਮਰੀਕਨ ਲੋਕ ਗੀਤਾਂ ਵਿੱਚੋਂ ਇੱਕ ਗੀਤ ਹੈ। ਇਵੇਂ ਹੀ ‘ਦਿ ਮਰਚੈਂਟ ਆਫ ਫੋਰ ਸੀਜ਼ਨਜ਼’ ਇੱਕ ਫਿਲਮ 1972 ਵਿੱਚ ਬਣੀ ਜੋ ਜਰਮਨ ਫਰੂਟ ਪੈਡਲਰ ਬਾਰੇ ਹੈ ਜਿਸ ਨੂੰ ਰੇਨਰ ਫਸਬਿੰਡਰ ਨੇ ਡਾਇਰੈਕਟ ਕੀਤਾ ਸੀ। ਇਵੇਂ ਹੀ ਪੈਡਲਰਾਂ ਬਾਰੇ 1987 ਵਿੱਚ ‘ਦਿ ਟਿਨ ਮੈੱਨ’ ਨਾਂ ਦੀ ਫ਼ਿਲਮ ਬਣੀ ਸੀ ਜਿਸ ਨੂੰ ਬੈਰੀ ਲੈਵਿਨਸਨ ਨੇ ਡਾਇਰੈਕਟ ਕੀਤਾ ਸੀ ਤੇ ਰਿਚਰਡ ਡਰੇਫੱਸ ਤੇ ਡੈਨੀ ਡੀ ਵੀਟੋ ਨੇ ਕੰਮ ਕੀਤਾ ਸੀ। ਇਨ੍ਹਾਂ ਸਭ ਤੋਂ ਉੱਪਰ ਇੰਗਲੈਂਡ ਵਿੱਚ ਪੰਜਾਵਿਆਂ ਤੇ ਸੱਠਵਿਆਂ ਵਿੱਚ ਬਹੁਤ ਸਾਰੇ ਭਾਰਤੀ ਪੈਡਲਰ ਦੇ ਤੌਰ ’ਤੇ ਵਿਚਰਦੇ ਰਹੇ ਹਨ।
ਈ-ਮੇਲ : harjeetatwal@hotmail.co.uk
News Source link
#ਪਡਲਰ #ਘਰ #ਘਰ #ਜ #ਕ #ਸਦ #ਵਚਣ #ਵਲ