ਗਗਨਦੀਪ ਅਰੋੜਾ
ਲੁਧਿਆਣਾ, 27 ਮਾਰਚ
ਦੇਸ਼ ਦੀ ਆਜ਼ਾਦੀ ਲਈ ਜਾਨ ਵਾਰਨ ਵਾਲੇ ਭਗਤ ਸਿੰਘ ਤੇ ਰਾਜਗੁਰੂ ਦੇ ਸਾਥੀ ਸੁਖਦੇਵ ਥਾਪਰ ਦਾ ਲੁਧਿਆਣਾ ਸਥਿਤ ਜੱਦੀ ਘਰ ਸਿਆਸੀ ਆਗੂਆਂ ਦੀ ਅਣਦੇਖੀ ਦੀ ਭੇਟ ਚੜ੍ਹ ਰਿਹਾ ਹੈ। ਲੁਧਿਆਣਾ ਦੇ ਨੌਘਰਾਂ ਮੁਹੱਲੇ ਵਿੱਚ ਸਥਿਤ ਘਰ, ਜਿੱਥੇ ਸੁਖਦੇਵ ਥਾਪਰ ਦਾ ਜਨਮ ਹੋਇਆ ਸੀ, ਦੀ ਹਾਲਤ ਕਾਫ਼ੀ ਮਾੜੀ ਹੈ। ਭਾਵੇਂ ਇਸ ਥਾਂ ’ਤੇ ਦੂਰੋਂ-ਦੂਰੋਂ ਲੋਕ ਸ਼ਰਧਾਂਜਲੀ ਭੇਟ ਕਰਨ ਆਉਂਦੇ ਹਨ, ਪਰ ਘਰ ਨੂੰ ਕੋਈ ਸਿੱਧਾ ਰਸਤਾ ਨਾ ਜਾਂਦਾ ਹੋਣ ਕਰਕੇ ਇੱਥੇ ਪਹੁੰਚਣਾ ਹੀ ਬਹੁਤ ਮੁਸ਼ਕਲ ਹੈ। ਸੱਤਰ ਗਜ਼ ਥਾਂ ’ਚ ਬਣੇ ਇਸ ਘਰ ਦਾ ਥੱਲੇ ਵਾਲਾ ਹਿੱਸਾ ਥਾਪਰ ਟਰੱਸਟ ਕੋਲ ਹੈ ਤੇ ਉਪਰ ਦੋ ਮੰਜ਼ਿਲਾਂ ਦੀ ਮਾਲਕੀ ਕਿਸੇ ਹੋਰ ਵਿਅਕਤੀ ਕੋਲ ਹੈ। ਜੱਦੀ ਘਰ ਦੇ ਬਾਹਰ ਲੱਗਿਆ ਸ਼ਹੀਦ ਸੁਖਦੇਵ ਥਾਪਰ ਦਾ ਬੁੱਤ ਵੀ ਟਰੱਸਟ ਦੇ ਮੈਂਬਰਾਂ ਤੇ ਆਸ ਪਾਸ ਦੇ ਲੋਕਾਂ ਨੇ ਖ਼ੁਦ ਪੈਸੇ ਇਕੱਠੇ ਕਰਕੇ ਲਗਵਾਇਆ ਹੈ ਜਦਕਿ ਸਰਕਾਰਾਂ ਵੱਲੋਂ ਹਾਲੇ ਤਕ ਕੁਝ ਨਹੀਂ ਕੀਤਾ ਗਿਆ।
ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ਼ ਤੇ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ 15 ਮਈ 1907 ਨੂੰ ਸੁਖਦੇਵ ਥਾਪਰ ਦਾ ਲੁਧਿਆਣਾ ਸਥਿਤ ਨੌਘਰਾਂ ਮੁਹੱਲੇ ਵਿੱਚ ਮਾਤਾ ਰੱਲੀ ਦੇਵੀ ਤੇ ਪਿਤਾ ਰਾਮ ਲਾਲ ਦੇ ਘਰ ਹੋਇਆ ਸੀ। ਸਾਲ 1911 ਵਿੱਚ ਸੁਖਦੇਵ ਥਾਪਰ ਦੇ ਪਿਤਾ ਰਾਮ ਲਾਲ ਦਾ ਦੇਹਾਂਤ ਹੋ ਗਿਆ ਤੇ 1912 ਵਿੱਚ ਸੁਖਦੇਵ ਲਾਹੌਰ ਵਿੱਚ ਆਪਣੇ ਤਾਏ ਦੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ 1927 ਤੱਕ ਸੁਖਦੇਵ ਥਾਪਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਆਉਂਦੇ ਰਹੇ, ਪਰ ਬਾਅਦ ਵਿੱਚ ਘਰ ਦੀ ਦੇਖਭਾਲ ਸੂਦ ਪਰਿਵਾਰ ਨੂੰ ਦੇ ਦਿੱਤੀ ਸੀ। ਜਿਸ ਮਗਰੋਂ 2007 ਵਿੱਚ ਇਸ ਘਰ ਤੋਂ ਸੂਦ ਪਰਿਵਾਰ ਦਾ ਕਬਜ਼ਾ ਖਾਲੀ ਹੋਇਆ ਤੇ ਘਰ ਦਾ ਗਰਾਊਂਡ ਫਲੋਰ ਟਰੱਸਟ ਨੂੰ ਮਿਲ ਗਿਆ। ਉਦੋਂ ਤੋਂ ਹੀ ਸ਼ਹੀਦ ਥਾਪਰ ਦੇ ਇਸ ਜੱਦੀ ਘਰ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਸਾਰ ਨਹੀਂ ਲਈ ਜਦਕਿ ਟਰੱਸਟ ਦੇ ਮੈਂਬਰ ਆਪਣੇ ਤੌਰ ’ਤੇ ਘਰ ਦੀ ਹਾਲਤ ਸੁਧਾਰਨ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਘਰ ਦੇ ਮੌਜੂਦਾ ਹਾਲਾਤ ਕਾਫ਼ੀ ਮਾੜੇ ਹਨ, ਘਰ ਟੁੱਟਿਆ ਹੈ, ਥਾਂ-ਥਾਂ ਚੂਹਿਆਂ ਨੇ ਖੁੱਡਾਂ ਬਣਾਈਆਂ ਹਨ। ਹੁਣ ਸੁੰਦਰੀਕਰਨ ਦੇ ਨਾਂ ’ਤੇ ਸਰਕਾਰ ਨੇ ਗਲੀ ਪੁੱਟੀ ਹੋਈ ਹੈ, ਜਿਸ ਦਾ ਕੰਮ ਕਈ ਮਹੀਨਿਆਂ ਤੋਂ ਸ਼ੁਰੂ ਨਹੀਂ ਹੋਇਆ ਹੈ। ਸਾਲ 2018 ਵਿੱਚ ਤਤਕਾਲੀ ਕੈਪਟਨ ਸਰਕਾਰ ਨੇ ਸ਼ਹੀਦ ਥਾਪਰ ਦੇ ਘਰ ਨੂੰ ਸੰਵਾਰਨ ਲਈ 1 ਕਰੋੜ ਰੁਪਏ ਦੇ ਪੈਕੇਜ ਐਲਾਨਿਆ ਸੀ ਪਰ 2021 ਤੱਕ ਇੱਕ ਰੁਪਇਆ ਵੀ ਜਾਰੀ ਨਹੀਂ ਕੀਤਾ ਗਿਆ। ਜਦੋਂ ਵਿਰੋਧ ਹੋਇਆ ਤਾਂ 50 ਲੱਖ ਰੁਪਏ ਜਾਰੀ ਹੋਏ ਪਰ ਉਸ ਨਾਲ ਵੀ ਸਿਰਫ਼ ਕਾਗਜ਼ਾਂ ਵਿੱਚ ਹੀ ਵਿਕਾਸ ਕੰਮ ਹੋਇਆ ਅਤੇ ਮੌਜੂਦਾ ਸਮੇਂ ਵਿੱਚ ਸ਼ਹੀਦ ਥਾਪਰ ਦੇ ਘਰ ਦਾ ਬੁਰਾ ਹਾਲ ਹੈ।
ਬੇਅੰਤ ਸਿੰਘ ਤੋਂ ਇਲਾਵਾ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਸ਼ਹੀਦ ਦੇ ਘਰ ਦਾ ਦੌਰਾ
ਅਸ਼ੋਕ ਥਾਪਰ ਨੇ ਕਿਹਾ ਕਿ ਮੁੱਖ ਮੰਤਰੀ ਬੇਅੰਤ ਸਿੰਘ (ਮਰਹੂਮ) ਤੋਂ ਇਲਾਵਾ ਸੂਬੇ ਦੇ ਕਿਸੇ ਵੀ ਹੋਰ ਮੁੱਖ ਮੰਤਰੀ ਨੇ ਸ਼ਹੀਦ ਥਾਪਰ ਦੇ ਘਰ ਦਾ ਕਦੇ ਦੌਰਾ ਨਹੀਂ ਕੀਤਾ ਤੇ ਨਾ ਹੀ ਇੱਥੇ ਕੋਈ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਹੀਦ ਭਗਤ ਸਿੰਘ ਦਾ ਸਾਥ ਦੇਣ ਵਾਲੇ ਸ਼ਹੀਦਾਂ ਸੁਖਦੇਵ ਥਾਪਰ ਤੇ ਰਾਜਗੁਰੂ ਦਾ ਨਾਂ ਤੱਕ ਨਹੀਂ ਲੈ ਰਹੇ।