ਜਗਮੋਹਨ ਸਿੰਘ
ਘਨੌਲੀ, 28 ਮਾਰਚ
ਹਰੀਜਨ ਬਸਤੀ ਘਨੌਲੀ ਦੇ ਵਸਨੀਕ ਤੇ ਪੇਸ਼ੇ ਵਜੋਂ ਰਾਜ ਮਿਸਤਰੀ ਲਾਲੀ ਸਿੰਘ ਪੁੱਤਰ ਚਰਨ ਸਿੰਘ ਦੀ 1.20 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲਾਲੀ ਨੇ ਦੱਸਿਆ ਕਿ ਉਸ ਨੇ 24 ਮਾਰਚ ਨੂੰ ਲਾਟਰੀ ਦਾ ਟਿਕਟ ਮੋਰਿੰਡਾ ਦੇ ਨੂੰਹੋਂ ਕਲੋਨੀ ਦੇ ਲਾਟਰੀ ਵਿਕਰੇਤਾ ਬ੍ਰਿਜ ਮੋਹਨ ਤੋਂ ਖਰੀਦਿਆ ਸੀ। ਲਾਲੀ ਮੁਤਾਬਕ ਉਸ ਨੇ ਆਪਣੀ ਲੜਕੀ ਦਾ ਵਿਆਹ ਕਰਨ ਲਈ ਇਹ ਲਾਟਰੀ ਟਿਕਟ ਖਰੀਦਿਆ ਸੀ। ਲਾਲੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਰਾਜ ਮਿਸਤਰੀ ਦਾ ਕੰਮ ਕਰਦਾ ਰਹੇਗਾ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੇ ਅਤੇ ਇਕ ਲੜਕੀ ਹੈ। ਇਕ ਲੜਕਾ ਮੋਟਰਸਾਈਕਲ ਮਕੈਨਿਕ ਦਾ ਕੰਮ ਸਿੱਖਦਾ ਹੈ ਤੇ ਦੂਜਾ ਪੜ੍ਹਾਈ ਕਰ ਰਿਹਾ ਹੈ। ਇਸ ਮੌਕੇ ਹਰੀਜਨ ਬਸਤੀ ਘਨੌਲੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਲਾਲੀ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।