ਕੋਰੋਨਾ ਵਾਇਰਸ ਵਿਚਕਾਰ ਸ੍ਰੀਲੰਕਾ ਕ੍ਰਿਕਟ ਟੀਮ ਸੋਮਵਾਰ ਤੋਂ ਅਭਿਆਸ ਸ਼ੁਰੂ ਕਰਨ ਜਾ ਰਹੀ ਹੈ। ਟੀਮ ਲਗਭਗ ਢਾਈ ਮਹੀਨੇ ਬਾਅਦ ਮੈਦਾਨ ‘ਚ ਉਤਰੇਗੀ। ਸ੍ਰੀਲੰਕਾ ਬੋਰਡ ਨੇ ਸਿਰਫ਼ 13 ਖਿਡਾਰੀਆਂ ਨੂੰ 12 ਦਿਨ ਤਕ ਟ੍ਰੇਨਿੰਗ ਦੀ ਮਨਜੂਰੀ ਦਿੱਤੀ ਹੈ। ਇਸ ਦੌਰਾਨ ਸਮਾਜਿਕ ਦੂਰੀਆਂ ਸਮੇਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
ਸ੍ਰੀਲੰਕਾ ਨੇ ਮਾਰਚ ਮਹੀਨੇ ‘ਚ ਇੰਗਲੈਂਡ ਨਾਲ 2 ਟੈਸਟ ਮੈਚਾਂ ਦੀ ਘਰੇਲੂ ਲੜੀ ਖੇਡਣੀ ਸੀ, ਜਿਸ ਨੂੰ ਕੋਰੋਨਾ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇੰਗਲਿਸ਼ ਟੀਮ ਬਗੈਰ ਮੈਚ ਖੇਡੇ ਹੀ ਵਾਪਸ ਪਰਤ ਗਈ ਸੀ। ਉਸ ਤੋਂ ਬਾਅਦ ਸ੍ਰੀਲੰਕਾ ‘ਚ ਕੋਈ ਕ੍ਰਿਕਟ ਟੂਰਨਾਮੈਂਟ ਨਹੀਂ ਹੋਇਆ ਹੈ।
ਆਈਸੀਸੀ ਫਿਊਚਰ ਟੂਰ ਪ੍ਰੋਗਰਾਮ (ਐਫਟੀਪੀ) ਦੇ ਤਹਿਤ ਸ੍ਰੀਲੰਕਾ ਨੂੰ ਜੂਨ-ਜੁਲਾਈ ਵਿੱਚ ਦੱਖਣੀ ਅਫ਼ਰੀਕਾ ਤੇ ਭਾਰਤ ਨਾਲ 3-3 ਵਨਡੇ ਮੈਚਾਂ ਦੀ ਲੜੀ ਖੇਡਣੀ ਹੈ। ਹਾਲਾਂਕਿ ਇਹ ਲੜੀ ਕੋਰੋਨਾ ਮਹਾਂਮਾਰੀ ਤੇ ਯਾਤਰਾ ਪਾਬੰਦੀਆਂ ਕਾਰਨ ਸੰਭਵ ਨਹੀਂ ਹੈ। ਸ੍ਰੀਲੰਕਾ ਨੂੰ ਅਗੱਸਤ ‘ਚ ਬੰਗਲਾਦੇਸ਼ ਵਿਰੁੱਧ 3 ਟੈਸਟ ਮੈਚਾਂ ਦੀ ਮੇਜ਼ਬਾਨੀ ਕਰਨੀ ਹੈ। ਤਿੰਨੇ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ।
ਸ੍ਰੀਲੰਕਾ ਕ੍ਰਿਕਟ ਨੇ ਕਿਹਾ, “13 ਮੈਂਬਰੀ ਟੀਮ 12 ਦਿਨਾਂ ਦੇ ਟ੍ਰੇਨਿੰਗ ਸੈਸ਼ਨ ਵਿੱਚ ਹਿੱਸਾ ਲਵੇਗੀ। ਇਸ ਦੀ ਸ਼ੁਰੂਆਤ ਸੋਮਵਾਰ ਤੋਂ ਰਾਜਧਾਨੀ ਕੋਲੰਬੋ ਦੇ ਇੱਕ ਹੋਟਲ ‘ਚ ਫਿਟਨੈਸ ਸੈਸ਼ਨ ਨਾਲ ਹੋਵੇਗੀ। ਮੈਦਾਨ ‘ਚ ਟ੍ਰੇਨਿੰਗ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਟੀਮ ਦੇ ਖਿਡਾਰੀਆਂ ਨੂੰ ਕਿਸੇ ਵੀ ਸੂਰਤ ‘ਚ ਹੋਟਲ ਜਾਂ ਟ੍ਰੇਨਿੰਗ ਦੀ ਥਾਂ ਛੱਡਣ ਦੀ ਮਨਜੂਰੀ ਨਹੀਂ ਹੈ।
ਟ੍ਰੇਨਿੰਗ ‘ਚ ਗੇਂਦਬਾਜ਼ਾਂ ਨੂੰ ਮੁੱਖ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਗੇਂਦਬਾਜ਼ਾਂ ਨੂੰ ਇੰਨੇ ਆਰਾਮ ਤੋਂ ਬਾਅਦ ਤਿਆਰ ਹੋਣ ਲਈ ਵੱਧ ਸਮਾਂ ਚਾਹੀਦਾ ਹੈ। ਸਾਰੇ ਖਿਡਾਰੀਆਂ ਨੂੰ ਕ੍ਰਿਕਟ ਦੇ ਤਿੰਨੇ ਫਾਰਮੈਟਾਂ (ਟੈਸਟ, ਵਨਡੇ ਤੇ ਟੀ 20) ਲਈ ਟੀਮ ‘ਚ ਚੁਣਿਆ ਜਾਵੇਗਾ।