ਗੁਰਮਲਕੀਅਤ ਸਿੰਘ ਕਾਹਲੋਂ
ਭੈਣ ਭਰਾਵਾਂ ’ਚ ਬੱਲੀ ਛੋਟਾ ਸੀ। ਮਾਪਿਆਂ ਦੇ ਬਲਵਿੰਦਰ ਸਿੰਘ ਤੋਂ ਲਾਡ ਨਾਲ ਬਣੇ ਬੱਲੀ ਨਾਂ ਨਾਲ ਉਸ ਦਾ ਨਾਤਾ ਵਿਆਹ ਤੋਂ ਬਾਅਦ ਵੀ ਨਾ ਛੁੱਟਿਆ। ਉਸ ਦੇ ਵਿਆਹ ਨੂੰ ਸਾਲ ਕੁ ਹੋਇਆ ਹੋਊ, ਪਹਿਲਾਂ ਬਾਪ ਤੇ ਫਿਰ ਮਾਂ ਅੱਗੜ ਪਿੱਛੜ ਚੱਲਦੇ ਬਣੇ। ਬਿਸ਼ਨ ਕੌਰ ਬੱਲੀ ਦੇ ਸਾਹਾਂ ’ਚ ਸਾਹ ਲੈਂਦੀ ਸੀ। ਹਰ ਮਾਂ ਦਾ ਛੋਟੇ ਨਾਲ ਹੇਜ ਥੋੜ੍ਹਾ ਵੱਧ ਈ ਹੁੰਦਾ। ਬੱਲੀ ਦੇ ਮਨੋਂ ਬਾਪੂ ਦਾ ਵਿਛੋੜਾ ਫਿੱਕਾ ਪੈਣ ਈ ਲੱਗਾ ਸੀ ਕਿ ਬਿਮਾਰੀ ਨੇ ਬਿਸ਼ਨ ਕੌਰ ਨੂੰ ਮੂਹਰੇ ਲਾ ਕੇ ਤੋਰ ਲਿਆ। ਬੱਲੀ ਨੂੰ ਦੁਨੀਆ ਉੱਜੜ ਗਈ ਲੱਗਦੀ। ਕਈ ਦਿਨ ਉਸ ਨੂੰ ਖਾਣ ਪੀਣ ਨਾ ਸੁੱਝਿਆ। ਬੱਲੀ ਦੀ ਵਹੁਟੀ ਜੀਤੋ ਨੇ ਮਸੀਂ ਉਸ ਦੀ ਸੁਰਤ ਟਿਕਾਣੇ ਲਿਆਂਦੀ। ਕੁਝ ਦਿਨ ਉਹ ਆਪ ਉਸ ਦੇ ਨਾਲ ਖੇਤ ਜਾਂਦੀ ਰਹੀ। ਉਸ ਨੂੰ ਖ਼ਤਰਾ ਰਹਿੰਦਾ ਕਿਤੇ ਮਾਂ ਦੇ ਗ਼ਮ ਵਿੱਚ ਕੋਈ ਕਾਰਾ ਨਾ ਕਰ ਬੈਠੇ। ਔਖੇ ਮੌਕੇ ਜੀਤੋ ਦੇ ਮੋਹ ਨੇ ਬੱਲੀ ਦਾ ਰੋਮ ਰੋਮ ਜੀਵਨ-ਸਾਥਣ ’ਤੇ ਮਾਣ ਕਰਨ ਲਾ ਦਿੱਤਾ। ਉਸ ਨੂੰ ਲੱਗਦਾ ਜੀਤੋ ਨੂੰ ਰੱਬ ਨੇ ਪੈਦਾ ਹੀ ਉਸੇ ਲਈ ਕੀਤਾ ਸੀ। ਜੀਤੋ ਦੇ ਸੁਹੱਪਣ ਤੇ ਸੁਭਾਅ ਦੀ ਸਿਫ਼ਤ ਲੋਕਾਂ ਦੇ ਮੂੰਹੋ ਸੁਣਨੀ ਉਸ ਨੂੰ ਚੰਗੀ ਲੱਗਦੀ। ਉਹ ਫੁੱਲਿਆ ਨਾ ਸਮਾਉਂਦਾ। ਘਰੇ ਪਈ ਕਿਤਾਬ ’ਚੋਂ ਚੰਨ ਤੇ ਚਕੋਰ ਵਾਲੀ ਕਹਾਣੀ ਉਸ ਨੂੰ ਨਸ਼ਿਆ ਦਿੰਦੀ। ਉਹ ਸੋਚਦਾ, “ਸਾਡੇ ’ਚੋਂ ਚੰਨ ਕੌਣ ਹੈ ਤੇ ਚਕੋਰ ਕੌਣ?” ਸੁਰਤ ਭੰਗ ਕਰਨ ਵਾਲੇ ’ਤੇ ਉਸ ਨੂੰ ਗੁੱਸਾ ਆਉਂਦਾ। ਕਦੇ ਖੇਤ ਬੈਠਿਆਂ ਚੇਤਿਆਂ ਵਿੱਚ ਲੀਨ ਹੋ ਜਾਂਦਾ। ਘੜੀ ਵੇਖਦਾ ਤਾਂ ਪਤਾ ਲੱਗਦਾ, ਬੇਰੀ ਵਾਲੇ ਖੇਤ ਨੂੰ ਨੱਕਾ ਮੋੜਿਆਂ ਤਾਂ ਚਾਰ ਘੰਟੇ ਹੋ ਗਏ ਤੇ ਉਹ ਕਹੀ ਫੜ ਕੇ ਖਾਲ ਦੇ ਕੰਢੇ ਕਾਹਲੀ ਕਾਹਲੀ ਪੈਰ ਪੁੱਟਣ ਲੱਗਦਾ।
ਡੇਢ ਸਾਲ ਹੋ ਗਿਆ ਸੀ ਉਨ੍ਹਾਂ ਦੇ ਵਿਆਹ ਨੂੰ। ਉਸ ਦੇ ਕੰਨ ਤਰਸਦੇ ਸੀ ਜੀਤੋ ਦੇ ਮੂੰਹੋਂ ਖੁਸ਼ਖਬਰੀ ਸੁਣਨ ਲਈ, ਪਰ ਜੀਤੋ ਕਿਤੇ ਬੁਰਾ ਨਾ ਮਨਾਏ, ਉਹ ਆਪਣੀ ਰੀਝ ਦਾ ਪ੍ਰਗਟਾਵਾ ਨਾ ਕਰਦਾ। “ਉਸ ਦੇ ਮਨ ਵਿੱਚ ਚਾਅ ਮੇਰੇ ਤੋਂ ਘੱਟ ਥੋੜ੍ਹਾ ਹੋਊ। ਉਸ ਦੇ ਕਿਹੜਾ ਆਪਣੇ ਵੱਸ ਹੈ ਮਨ-ਮੁਰਾਦ ਪੂਰੀ ਕਰ ਲੈਣੀ?’’ ਬੱਲੀ ਆਪਣੇ ਆਪ ਨੂੰ ਸਵਾਲ ਕਰਕੇ ਆਪੇ ਈ ਜਵਾਬ ਦੇ ਲੈਂਦਾ।
ਉਸ ਦਿਨ ਬੱਲੀ ਨੇ ਗੰਨੇ ਦੀ ਟਰਾਲੀ ਮਿੱਲ ’ਤੇ ਲੈ ਕੇ ਜਾਣੀ ਸੀ। ਕਮਾਦ ਛਿੱਲਣ ਤੇ ਲੱਦਣ ਲਈ ਦਿਹਾੜੀ ’ਤੇ ਪੰਜ ਛੇ ਬੰਦੇ ਲਾਏ ਹੋਏ ਸੀ। ਦੋ ਤਿੰਨ ਚੱਕਰ ਕੱਟ ਕੇ ਮਿੱਲ ਦੀ ਪਰਚੀ ਮਿਲੀ ਸੀ। ਗਿਆਰਾਂ ਵਜੇ ਚਾਹ ਖੇਤ ਪੁੱਜਦੀ ਕਰਨ ਲਈ ਉਹ ਜੀਤੋ ਨੂੰ ਕਹਿ ਆਇਆ ਸੀ। ਕਾਮਿਆਂ ਦੇ ਕੰਮ ਦੀ ਸਪੀਡ ਮੱਠੀ ਪੈਂਦੀ ਵੇਖ ਕੇ ਉਸ ਨੇ ਉੱਪਰ ਨੂੰ ਵੇਖਿਆ। ਸੂਰਜ ਦੀ ਟਿੱਕੀ ਐਨ ਸਿਰ ਉੱਪਰ ਸੀ। ਉਸ ਦੇ ਮਨ ਦੀ ਤਾਰ ਖੜਕੀ, “ਖੈਰ ਹੋਵੇ ਸਹੀ। ਜੀਤੋ ਟੈਮ ਦੀ ਬੜੀ ਪੱਕੀ ਆ। ਉਹ ਤਾਂ ਦਿੱਤੇ ਟੈਮ ਤੋਂ ਪਹਿਲਾਂ ਪਹੁੰਚ ਜਾਂਦੀ ਆ, ਅੱਜ ਕੀ ਹੋ ਗਿਆ?” ਉਸ ਨੇ ਇੱਕੋ ਸਾਹੇ ਕਿੰਨੇ ਸਾਰੇ ਸਵਾਲ ਆਪਣੇ ਆਪ ਨੂੰ ਕੀਤੇ। ਉਸ ਨੂੰ ਗੁੱਟ-ਘੜੀ ਘਰੇ ਭੁੱਲ ਆਉਣਾ ਬੁਰਾ ਲੱਗਾ। ਆਵਾਜ਼ ਮਾਰਕੇ ਪੁੱਛਿਆ ਕਿ ਕਿਸੇ ਕੋਲ ਘੜੀ ਹੈਗੀ। ਸ਼ੀਟੇ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੱਸਿਆ ਕਿ ਸਵਾ ਬਾਰਾਂ ਹੋ ਗਏ। ਬੱਲੀ ਨੂੰ ਚਿੰਤਾ ਹੋਈ। “ਮੈਂ ਚਾਹ ਫੜ ਲਿਆਵਾਂ,” ਕਹਿਕੇ ਉਹ ਕਾਹਲੇ ਪੈਰੀਂ ਪਿੰਡ ਨੂੰ ਤੁਰ ਪਿਆ। ਹਵੇਲੀ ਵੜਦਿਆਂ ਈ ਉਸ ਨੇ ਵੇਖਿਆ, ਫਿੰਨੋ ਚਾਹ ਬਣਾ ਰਹੀ ਸੀ। ਉਸ ਦਾ ਮੱਥਾ ਠਣਕਿਆ, ਜ਼ਰੂਰ ਕੋਈ ਮਾੜੀ ਗੱਲ ਹੈ। ਫਿੰਨੋ ਨੇ ਉਸ ਨੂੰ ਵੇਖਦਿਆਂ ਈ ਅੰਦਰ ਵੱਲ ਇਸ਼ਾਰਾ ਕਰਤਾ। ਅੰਦਰ ਵੜਿਆ ਤਾਂ ਜੀਤੋ ਮੰਜੇ ’ਤੇ ਪਈ ਸੀ। ਉਹ ਪੁੱਛਣ ਈ ਲੱਗਾ ਸੀ ਕਿ ਜੀਤੋ ਬੋਲ ਪਈ।
“ਜੀ ਮੇਰਾ ਤਾਂ ਜੀਅ ਬਾਹਲਾ ਖ਼ਰਾਬ ਹੋਈ ਜਾਂਦਾ। ਚੱਕਰ ਜਿਹੇ ਆਈ ਜਾਂਦੇ ਨੇ, ਫਿੰਨੋ ਨੂੰ ਸੱਦਿਆ ਹੁਣੇ, ਚਾਹ ਬਣਾ ਰਹੀ ਆ, ਸੋਚਿਆ ਸੀ ਇਹਨੂੰ ਈ ਭੇਜ ਦੇਊਂ ਫੜਾਉਣ, ਮੇਰੇ ਤੋਂ ਤਾਂ ਖੜ੍ਹਾ ਵੀ ਨਈਂ ਹੋਇਆ ਜਾਂਦਾ?”
“ਚਾਚੀ ਤੂੰ ਫੜਾ ਆਏਂਗੀ ਕਾਮਿਆਂ ਨੂੰ ਚਾਹ। ਨਾਲੇ ਸ਼ੀਟੇ ਨੂੰ ਕਹੀਂ, ਉਹ ਟਰਾਲੀ ਲੱਦ ਕੇ ਘਰਾਂ ਨੂੰ ਜਾਣ। ਮੈਂ ਜੀਤੋ ਨੂੰ ਡਾਕਟਰ ਦੇ ਵਿਖਾ ਲਿਆਵਾਂ। “ਬੱਲੀ ਨੂੰ ਆਪ ਪਤਾ ਨਾ ਲੱਗਾ ਕਿ ਉਸ ਨੇ ਫਿੰਨੋ ਦਾ ਤਰਲਾ ਮਾਰਿਆ ਹੈ ਕਿ ਹੁਕਮ ਦਿੱਤਾ ?”
ਉਸ ਨੇ ਜੀਤੋ ਨੂੰ ਉਠਾ ਕੇ ਕੱਪੜੇ ਬਦਲਵਾਏ ਤੇ ਸਕੂਟਰ ਦੀ ਟੈਂਕੀ ਵਿੱਚ ਝਾਤੀ ਮਾਰੀ। ਸ਼ਹਿਰ ਜਾਣ ਜੋਗਾ ਬਥੇਰਾ ਪੈਟਰੋਲ ਸੀ। ਚਾਬੀ ਘੁਮਾਈ ਤੇ ਪਹਿਲੀ ਕਿੱਕ ’ਤੇ ਸਕੂਟਰ ਸਟਾਰਟ ਹੋ ਗਿਆ। ਬੱਲੀ ਨੂੰ ਲੱਗਿਆ, ਸਕੂਟਰ ਉਸ ਤੋਂ ਵੀ ਕਾਹਲਾ ਹੈ ਮਾਲਕਣ ਨੂੰ ਲਿਜਾਣ ਲਈ। ਜੀਤੋ ਨੂੰ ਬਹਾਕੇ, ਉਸ ਨੂੰ ਸੱਜੀ ਬਾਂਹ ਉਸ ਦੇ ਲੱਕ ਦੁਆਲੇ ਖੱਬੇ ਹੱਥ ਨਾਲ ਸਾਈਡ ਵਾਲਾ ਹੈਂਡਲ ਘੁਟਕੇ ਫੜਨ ਲਈ ਕਹਿ ਕੇ ਗੇਅਰ ਪਾ ਲਿਆ। ਵਿਆਹੀ ਔਰਤ ਦੀ ਇੰਜ ਦੀ ਹਾਲਤ ਕਦੋਂ ਹੁੰਦੀ ਐ, ਯਾਦ ਕਰਕੇ ਉਸ ਦਾ ਮਨ ਖੁਸ਼ ਹੋਈ ਜਾ ਰਿਹਾ ਸੀ। ਝਟਕਿਆਂ ਤੋਂ ਡਰਦਿਆਂ ਉਹ ਸਕੂਟਰ ਹੌਲੀ ਚਲਾ ਰਿਹਾ ਸੀ। ਮਾਂ ਦੇ ਇਲਾਜ ਮੌਕੇ ਡਾ. ਮੁਨੀ ਨਾਲ ਉਸ ਦਾ ਵਾਹ ਪਿਆ ਸੀ। ਰਸਤੇ ਵਿੱਚ ਉਸੇ ਕੋਲ ਜਾਣ ਬਾਰੇ ਸੋਚ ਕੇ ਮੁਨੀ ਹਸਪਤਾਲ ਦੇ ਮੂਹਰੇ ਸਕੂਟਰ ਖੜ੍ਹਾ ਦਿੱਤਾ। ਜੀਤੋ ਨੂੰ ਆਸਰਾ ਦੇ ਕੇ ਉਹ ਅੰਦਰ ਲੈ ਗਿਆ ਤੇ ਨਰਸ ਦੇ ਰੋਕਣ ਦੀ ਪਰਵਾਹ ਨਾ ਕਰਕੇ ਕਮਰੇ ਦੇ ਅੰਦਰ ਲੰਘ ਗਿਆ। ਡਾ. ਮੁਨੀ ਮਰੀਜ਼ ਨੂੰ ਦਵਾਈ ਸਮਝਾ ਰਿਹਾ ਸੀ। ਉਸ ਨੇ ਬਿਨਾਂ ਪੁੱਛੇ ਅੰਦਰ ਲੰਘਣ ਦਾ ਬੁਰਾ ਨਾ ਮਨਾਇਆ। ਮਾਂ ਦੇ ਇਲਾਜ ਤੋਂ ਬਾਅਦ ਹੋਰ ਮਰੀਜ਼ਾਂ ਨੂੰ ਦੱਸ ਪਾਉਣ ਕਰਕੇ ਡਾਕਟਰ ਦਾ ਬੱਲੀ ਨਾਲ ਲਿਹਾਜ਼ ਹੋ ਗਿਆ ਸੀ।
ਨਰਸਾਂ ਜੀਤੋ ਨੂੰ ਟੈਸਟਾਂ ਵਾਸਤੇ ਲੈਬਾਰਟਰੀ ’ਚ ਲੈ ਗਈਆਂ। ਬੈਂਚ ’ਤੇ ਬੈਠੇ ਬੱਲੀ ਦੀ ਅੱਖ ਲੈਬ ਦੇ ਦਰਵਾਜ਼ੇ ’ਤੇ ਟਿਕ ਗਈ। ਦਰਵਾਜ਼ੇ ਦੇ ਹੈਂਡਲ ਦੀ ਹਰਕਤ ਬੱਲੀ ਦੀ ਧੜਕਣ ਤੇਜ਼ ਕਰ ਦਿੰਦੀ। ਉਸ ਦੀਆਂ ਅੱਖਾਂ ਬਾਹਰ ਆਈ ਨਰਸ ਦੇ ਚਿਹਰੇ ’ਤੇ ਟਿਕ ਜਾਂਦੀਆਂ। ਉਸ ਨੂੰ ਸਕੂਟਰ ਚਲਾਉਂਦਿਆਂ ਠਰੇ ਹੱਥਾਂ ’ਚੋਂ ਸੇਕ ਨਿਕਲਦਾ ਲੱਗਦਾ। ਜੈਕਟ ਲਾਹੁਣ ਨੂੰ ਜੀਅ ਕਰਦਾ। ਫਿਰ ਆਪੇ ਈ ਸੋਚਣ ਲੱਗਦਾ, ਮੈਂ ਪਾਗਲ ਤਾਂ ਨਈ ਹੋ ਗਿਆ। ਉਸ ਨੂੰ ਮਾਂ ਦਾ ਕਿਹਾ ਚੇਤੇ ਆਉਂਦਾ, “ਪਰੇਸ਼ਾਨੀ ਸਿਆਲ ’ਚ ਵੀ ਮੁੜਕਾ ਲਿਆ ਦਿੰਦੀ ਆ।’’
ਬੱਲੀ ਨੇ ਕਲਾਕ ’ਤੇ ਨਜ਼ਰ ਮਾਰੀ। ਜੀਤੋ ਨੂੰ ਅੰਦਰ ਲਿਜਾਇਆਂ ਘੰਟੇ ਤੋਂ ਵੱਧ ਹੋ ਗਿਆ ਸੀ। ਤਦੇ ਲੈਬ ਦਾ ਦਰਵਾਜ਼ਾ ਖੁੱਲ੍ਹਿਆ। ਜੀਤੋ ਬਾਹਰ ਨਿਕਲੀ। ਬੱਲੀ ਉੱਠਿਆ ਤੇ ਅਗਲਵਾਂਢੀ ਹੋ ਕੇ ਬਾਂਹ ਦਾ ਸਹਾਰਾ ਦੇਣ ਈ ਲੱਗਾ ਸੀ ਕਿ ਜੀਤੋ ਨੇ ਮਨ੍ਹਾ ਕਰਤਾ।
“ਜੀ ਮੈਂ ਹੁਣ ਠੀਕ ਆਂ।” ਪਰ ਇਸ ਨਾਲ ਬੱਲੀ ਦੀ ਤਸੱਲੀ ਨਾ ਹੋਈ। ਉਸ ਦੇ ਕੰਨ ਜੀਤੋ ਦੇ ਮੂੰਹੋਂ ਅਗਾਂਹ ਦੀ ਗੱਲ ਸੁਣਨ ਲਈ ਕਾਹਲੇ ਸੀ। ਜੀਤੋ ਅਜੇ ਅੰਦਰ ਕੀ ਹੋਇਆ, ਬਾਰੇ ਦੱਸਣ ਈ ਲੱਗੀ ਸੀ ਕਿ ਲੈਬ ’ਚੋਂ ਨਿਕਲੀ ਨਰਸ ਨੇ ਟੈਸਟ ਫਾਈਲ ਡਾਕਟਰ ਮੂਹਰੇ ਰੱਖ ਕੇ ਉਨ੍ਹਾਂ ਨੂੰ ਅੰਦਰ ਜਾਣ ਦਾ ਇਸ਼ਾਰਾ ਕਰਤਾ। ਜੀਤੋ ਖੜ੍ਹੀ ਹੋਈ ਤੇ ਮੂਹਰੇ ਤੁਰ ਪਈ। ਉਸ ਨੂੰ ਨਰਸਾਂ ਵੱਲੋਂ ਸੈਂਪਲ ਲੈਂਦਿਆਂ ਆਪਣੇ ਅੰਦਰ ਫੁੱਟੇ ਬੀਜ ਦੀ ਭਿਣਕ ਤਾਂ ਪੈ ਗਈ ਸੀ, ਪਰ ਬੱਲੀ ਨੂੰ ਉਹ ਡਾਕਟਰ ਦੇ ਮੂੰਹੋਂ ਸੁਣਾਉਣਾ ਚਾਹੁੰਦੀ ਸੀ।
ਜੀਤੋ ਨੂੰ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕਰਕੇ ਡਾਕਟਰ ਮੁਨੀ ਨੇ ਖੜ੍ਹੇ ਹੋ ਕੇ ਬੱਲੀ ਦਾ ਹੱਥ ਫੜਕੇ ਦੋਹਾਂ ਨੂੰ ਮਾਂ-ਪਿਉ ਬਣਨ ਦੀ ਵਧਾਈ ਦਿੱਤੀ। ਗੱਲ ਸੁਣਦਿਆਂ ਈ ਬੱਲੀ ਨੂੰ ਲੱਗਿਆ ਜਿਵੇਂ ਉਹ ਹਵਾ ਉੱਡਣ ਲੱਗ ਪਿਆ ਹੋਏ। ਡਾਕਟਰ ਨੇ ਕੁਝ ਦਵਾਈਆਂ ਦੇ ਕੇ ਤੇ ਦੋ ਤਿੰਨ ਮਹੀਨੇ ਬਾਅਦ ਵਿਖਾ ਜਾਣ ਲਈ ਕਹਿ ਕੇ ਫਾਰਗ ਕਰ ਦਿੱਤਾ। ਤਸੱਲੀ ਜਿਹੀ ਨਾਲ ਉਹ ਹਸਪਤਾਲੋਂ ਨਿਕਲੇ। ਬੱਲੀ ਸਕੂਟਰ ਵੱਲ ਜਾਣ ਦੀ ਥਾਂ ਜੂਸ ਵਾਲੀ ਰੇਹੜੀ ਵੱਲ ਨੂੰ ਤੁਰਿਆ। ਇੱਕ ਵਾਰ ਉਸ ਨੇ ਮਾਂ ਨੂੰ ਭਾਬੀ ਦੇ ਕੰਨ ’ਚ ਕਹਿੰਦੇ ਸੁਣਿਆ ਸੀ ਕਿ ਸੰਤਰੇ ਖਾਣ ਨਾਲ ਬੱਚੇ ਦਾ ਰੰਗ ਗੋਰਾ ਹੁੰਦਾ। ਬੱਲੀ ਨੇ ਜੀਤੋ ਦੀ ਬਾਂਹ ’ਤੇ ਜ਼ੋਰ ਦੀ ਚੂੰਢੀ ਭਰ ਲਈ। ਜੀਤੋ ਦੇ ਨਾਂਹ ਨਾਂਹ ਕਰਦਿਆਂ ਬੱਲੀ ਨੇ ਦੂਜਾ ਗਲਾਸ ਉਸ ਦੇ ਹੱਥ ਫੜਾ ਦਿੱਤਾ। ਖੁਸ਼ੀ ’ਚ ਜੀਤੋ ਦਾ ਮਨ ਵੀ ਮਚਲਿਆ ਹੋਇਆ ਸੀ, “ਜੀ ਵੇਖਿਓ ਕਿਤੇ ਲੋਕ ਇਹ ਨਾ ਕਹਿਣ ਲੱਗ ਪੈਣ ਕਿ ਐਨਾ ਗੋਰਾ ਬੱਚਾ ਵਲੈਤੋਂ ਸਿੱਧਾ ਸਾਡੀ ਝੋਲੀ ਆਣ ਪਿਆ।’’
ਜੀਤੋ ਦੀ ਸ਼ਰਾਰਤੀ ਗੱਲ ਨੇ ਬੱਲੀ ਦਾ ਰੋਮ ਰੋਮ ਨਸ਼ਿਆ ਦਿੱਤਾ। ਬੱਲੀ ਨੂੰ ਸਕੂਟਰ ਦੇ ਝਟਕਿਆਂ ਦਾ ਚੇਤਾ ਭੁੱਲ ਗਿਆ। ਉਹ ਜੀਤੋ ਨੂੰ ਚੰਗੀ ਤਰ੍ਹਾਂ ਬੈਠਣ ਤੇ ਘੁੱਟਕੇ ਫੜਨ ਲਈ ਕਹਿਣਾ ਵੀ ਭੁੱਲ ਗਿਆ। ਰਸਤੇ ਵਿੱਚ ਕਿੰਨੀ ਵਾਰ ਜੀਤੋ ਨੂੰ ਹੌਲੀ ਚਲਾਉਣ ਲਈ ਕਹਿਣਾ ਪਿਆ। ਪਰ ਬੱਲੀ ਦੇ ਹੱਥ ਰੇਸ ’ਤੇ ਟਿਕ ਨਹੀਂ ਸੀ ਰਹੇ। ਸਕੂਟਰ ਗਲੀ ਵਿੱਚ ਖੜ੍ਹਾਕੇ ਬੱਲੀ ਕਾਹਲੀ ਨਾਲ ਅੰਦਰ ਗਿਆ। ਵਾਪਸ ਆਇਆ ਤਾਂ ਉਸ ਦੇ ਹੱਥ ਵਿੱਚ ਸਰੋਂ ਦੇ ਤੇਲ ਵਾਲੀ ਸ਼ੀਸ਼ੀ ਸੀ। ਬੱਲੀ ਨੇ ਸਰਦਲ ’ਤੇ ਤੇਲ ਚੋਅ ਕੇ ਜੀਤੋ ਨੂੰ ਅੰਦਰ ਲੰਘਾਇਆ। ਫਿੰਨੋ ਨੇ ਦੂਜੀ ਵਾਰ ਲਿਜਾਣ ਲਈ ਚਾਹ ਧਰੀ ਹੋਈ ਸੀ। ਸਮਝ ਤਾਂ ਉਹ ਸਵੇਰੇ ਈ ਗਈ ਸੀ ਕਿ ਜੀਤੋ ਨੂੰ ਕੀ ਹੋਇਆ, ਪਰ ਬੋਲੀ ਨਹੀਂ ਸੀ। ਤੇਲ ਚੋਂਦੇ ਬੱਲੀ ਨੂੰ ਵੇਖ ਕੇ ਉਸ ਨੇ ਵਧਾਈ ਤੇ ਅਸੀਸਾਂ ਦੀ ਝੜੀ ਲਾ ਦਿੱਤੀ। ਬੱਲੀ ਨੇ ਫਿੰਨੋ ਨੂੰ ਵਧਾਈ ਵਜੋਂ ਦੋ ਨੀਲੇ ਨੋਟ ਦਿੰਦਿਆਂ ਵਿੱਚ-ਵਾਰ ਗੇੜਾ ਮਾਰਦੇ ਰਹਿਣ ਲਈ ਕਿਹਾ ਤੇ ਆਪ ਚਾਹ ਵਾਲਾ ਡੋਲੂ ਫੜਕੇ ਖੇਤਾਂ ਵੱਲ ਤੁਰ ਪਿਆ।
ਸਮਾਂ ਆਉਣ ’ਤੇ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਜਿਸ ਦਾ ਨਾਂ ਉਨ੍ਹਾਂ ਜੋਤੀ ਰੱਖਿਆ। ਉਸ ਤੋਂ ਢਾਈ ਕੁ ਸਾਲ ਬਾਅਦ ਬਲਜੀਤ ਆ ਗਿਆ। ਬਲਜੀਤ ਦਾ ਨਾਂ ਉਨ੍ਹਾਂ ਬਲਵਿੰਦਰ ਤੇ ਜੀਤ ਕੌਰ ਦੀ ਕੱਟ-ਵੱਢ ਕਰਕੇ ਬਣਾਇਆ ਸੀ। ਝੋਲੀ ਪਏ ਧੀ-ਪੁੱਤ ਨੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਾ ਦਿੱਤੇ। ਬਲਜੀਤ ਢਾਈ ਕੁ ਸਾਲ ਦਾ ਹੋਊ, ਜਦੋਂ ਜੀਤੋ ਨੂੰ ਪੈਰ ਭਾਰੀ ਹੋਣਾ ਮਹਿਸੂਸ ਹੋਣ ਲੱਗਾ। ਉਸ ਨੂੰ ਇਸ ਅਹਿਸਾਸ ਦੇ ਤਜਰਬੇ ਹੋ ਗਏ ਹੋਏ ਸੀ। ਬੱਲੀ ਨੇ ਉਸ ਤੋਂ ਭਾਰੇ ਕੰਮ ਛੁਡਵਾ ਦਿੱਤੇ। ਖੇਤਾਂ ’ਚ ਕਾਮੇ ਲੱਗਦੇ ਤਾਂ ਉਹ ਫਿੰਨੋ ਨੂੰ ਸੱਦ ਲੈਂਦੇ। ਫਿੰਨੋ ਸੁਭਾਅ ਤੋਂ ਸਚਿਆਰੀ ਤੇ ਨੀਤ ਪੱਖੋਂ ਰੱਜੀ ਹੋਈ ਔਰਤ ਸੀ। ਦੋਵੇਂ ਪੁੱਤ ਵਿਆਹੇ ਹੋਏ ਸੀ। ਉਹ ਕੰਮ ਤੋਂ ਕਦੇ ਨਾਂਹ ਨਾ ਕਰਦੀ ਤੇ ਨਾ ਹੀ ਕਿਸੇ ਦੀ ਗੱਲ ਹੋਰ ਕਿਤੇ ਕਰਦੀ ਸੀ। ਜੀਤੋ ਨੂੰ ਅੱਠਵਾਂ ਮਹੀਨਾ ਲੱਗਿਆ ਹੋਇਆ ਸੀ। ਸੱਜਰ ਸੂਈ ਬੂਰੀ ਮੱਝ ਨੂੰ ਖੋਲ੍ਹਕੇ ਉਹ ਨਲਕੇ ਮੂਹਰੇ ਰੱਖੇ ਬੱਠਲ ’ਚੋਂ ਪਾਣੀ ਪਿਆ ਰਹੀ ਸੀ। ਨਾਲੋ ਨਾਲ ਉਹ ਨਲਕਾ ਗੇੜੀ ਜਾ ਰਹੀ ਸੀ। ਪਾਣੀ ਪੀਂਦੀ ਮੱਝ ਨੇ ਕਿਸੇ ਕਾਰਨ ਜ਼ੋਰ ਦੀ ਸਿਰ ਝਟਕਿਆ। ਬੂਰੀ ਦਾ ਬਾਹਰ ਨੂੰ ਵਧਿਆ ਕੁੰਡਾ ਸਿੰਗ ਜੀਤੋ ਦੇ ਪੇਟ ’ਤੇ ਵੱਜਾ। ਉਹ ਪਿੱਛੇ ਨੂੰ ਜਾ ਡਿੱਗੀ। ਕੁਦਰਤੀ ਨਿਆਣੇ ਘਰ ਸੀ। ਜੋਤੀ ਨੇ ਜ਼ੋਰ ਜ਼ੋਰ ਦੀ ਮੰਮੀ ਮੰਮੀ ਕਿਹਾ ਤਾਂ ਉਸ ਦੀ ਤਾਈ ਭੱਜੀ ਆਈ। ਉਹ ਜੀਤੋ ਨੂੰ ਫੜਕੇ ਅੰਦਰ ਲੈ ਗਈ ਤੇ ਕਿਸੇ ਨੂੰ ਬੱਲੀ ਵੱਲ ਭੇਜਣ ਈ ਲੱਗੀ ਸੀ ਕਿ ਉਹ ਅੰਦਰ ਆ ਵੜਿਆ। ਜੀਤੋ ਨਿਢਾਲ ਹੋਈ ਜਾ ਰਹੀ ਸੀ। ਉਸ ਦੇ ਅੰਦਰੋਂ ਖੂਨ ਵਹਿਣ ਲੱਗ ਪਿਆ।
ਇਤਫਾਕਨ ਸ਼ਹਿਰੋਂ ਕਿਸੇ ਨੂੰ ਛੱਡਣ ਟੈਕਸੀ ਆਈ ਸੀ। ਬੱਲੀ ਦੇ ਹੱਥ ਦੇਣ ’ਤੇ ਉਹ ਰੁਕ ਗਿਆ ਤੇ ਜੀਤੋ ਨੂੰ ਸ਼ਹਿਰ ਲੈ ਗਏ। ਡਾਕਟਰ ਮੁਨੀ ਨੇ ਜੀਤੋ ਦੀ ਹਾਲਤ ਵੇਖ ਕੇ ਉਸ ਨੂੰ ਵੱਡੇ ਹਸਪਤਾਲ ਲਿਜਾਣ ਲਈ ਕਹਿ ਕੇ ਆਪਣੀ ਐਂਬੂਲੈਂਸ ਦੇ ਦਿੱਤੀ। ਤਿੰਨ ਦਿਨ ਜੀਤੋ ਦੇ ਟੈਸਟ ਤੇ ਇਲਾਜ ਹੁੰਦੇ ਰਹੇ। ਬੱਚੇ ਦੀ ਹਰਕਤ ਰੁਕਣ ਕਰਕੇ ਜੀਤੋ ਦੇ ਬਚਾਅ ਦਾ ਆਖਰੀ ਹਥਿਆਰ ਅਪਰੇਸ਼ਨ ਸੀ। ਰਾਤ ਦਾ ਹਨੇਰਾ ਪਸਰ ਰਿਹਾ ਸੀ। ਜੀਤੋ ਨੂੰ ਅਪਰੇਸ਼ਨ ਥੀਏਟਰ ’ਚ ਲੈ ਕੇ ਗਏ ਈ ਸੀ ਕਿ ਬਿਜਲੀ ਬੰਦ ਹੋ ਗਈ। ਹਸਪਤਾਲ ਦਾ ਜਨਰੇਟਰ ਉਸੇ ਦਿਨ ਖਰਾਬ ਹੋਇਆ ਸੀ। ਡਾਕਟਰ ਬਿਜਲੀ ਦੀ ਉਡੀਕ ਕਰਕੇ ਘਰਾਂ ਨੂੰ ਚਲੇ ਗਏ। ਖ਼ਬਰਾਂ ਵਿੱਚ ਦੱਸਿਆ ਗਿਆ ਕਿ ਗਰਮੀ ਦੇ ਪੀਕ ਲੋਡ ਕਾਰਨ ਉੱਤਰੀ ਗ੍ਰਿਡ ਫੇਲ੍ਹ ਹੋ ਗਿਆ ਸੀ। ਬਾਹਰ ਹਨੇਰੇ ’ਚ ਬੈਠਾ ਬੱਲੀ ਹਰ ਸਾਹ ਨਾਲ ਬਿਜਲੀ ਆਉਣ ਦੀ ਅਰਦਾਸ ਕਰ ਰਿਹਾ ਸੀ। ਗ੍ਰਿਡ ਕੀ ਫੇਲ੍ਹ ਹੋਇਆ, ਬੱਲੀ ਦਾ ਦਿਲ ਫੇਲ੍ਹ ਹੋਣ ਨੂੰ ਕਰ ਰਿਹਾ ਸੀ।
ਚੰਗਿਆਂ ਦੀ ਗਿਣਤੀ ਵਿੱਚ ਆਉਂਦੇ ਉਸ ਹਸਪਤਾਲ ਵਿੱਚ ਲੋਕ ਹੱਥਾਂ ’ਚ ਟਾਰਚਾਂ, ਮੋਮਬੱਤੀਆਂ ਲੈ ਕੇ ਘੁੰਮ ਰਹੇ ਸੀ। ਨਰਸਾਂ ਦਾ ਬੁਰਾ ਹਾਲ ਹੋ ਗਿਆ। ਕਿਸੇ ਨੂੰ ਗ਼ਲਤ ਟੀਕਾ ਲੱਗਣ ਦੇ ਡਰੋਂ ਉਹ ਤਿੰਨ ਤਿੰਨ ਵਾਰ ਦਵਾਈਆਂ ਦੇ ਲੇਬਲ ਪੜ੍ਹਦੀਆਂ। ਤੜਕੇ ਦੀ ਲੋਅ ਅਜੇ ਨਹੀਂ ਸੀ ਲੱਗੀ ਜਦੋਂ ਜੀਤੋ ਨੇ ਆਖਰੀ ਸਾਹ ਲਿਆ। ਬੱਲੀ ਨੂੰ ਤਾਂ ਦੁਨੀਆ ਉੱਜੜ ਗਈ ਲੱਗੀ। ਉਹ ਆਪਣੇ ਆਪ ਨੂੰ ਫੱਟੇ ’ਤੇ ਪਿਆ ਮਹਿਸੂਸ ਕਰਨ ਲੱਗਾ। ਖ਼ਬਰ ਪਿੰਡ ਪਹੁੰਚੀ ਤਾਂ ਬਹੁਤਿਆਂ ਦੇ ਸਵੇਰ ਦੇ ਚੁੱਲ੍ਹੇ ਨਾ ਤਪੇ। ਸਾਰੇ ਪਿੰਡ ਨੇ ਜੀਤੋ ਦੀ ਮੌਤ ਦਾ ਦੁਖ ਮਨਾਇਆ। ਜੀਤੋ ਦੀਆਂ ਆਖਰੀ ਰਸਮਾਂ ਨਿਭਾਉਣ ’ਚ ਪਿੰਡ ’ਚੋਂ ਕੋਈ ਪਿੱਛੇ ਨਾ ਰਿਹਾ। ਜੋਤੀ ਤੇ ਬਲਜੀਤ ਦੇ ਮਾਸੂਮ ਜਿਹੇ ਚਿਹਰੇ ਵੇਖੇ ਨਹੀਂ ਸੀ ਜਾਂਦੇ। ਕਿਵੇਂ ਪਲਣਗੇ ਵਿਚਾਰੇ, ਲੋਕ ਆਪਣੇ ਆਪ ਤੋਂ ਪੁੱਛਣ ਲਈ ਮਜਬੂਰ ਹੋ ਜਾਂਦੇ। ਸਾਰਿਆਂ ਦੀ ਸੂਈ ਬੱਲੀ ਦੇ ਦੂਜੇ ਵਿਆਹ ’ਤੇ ਆ ਕੇ ਅਟਕ ਜਾਂਦੀ।
ਲੰਘਦੇ ਦਿਨਾਂ ਨਾਲ ਬੱਲੀ ਕੰਮ ਵਿੱਚ ਰੁੱਝਦਾ ਗਿਆ। ਫਿੰਨੋ ਨੇ ਉਸ ਦੇ ਘਰ ਸਫ਼ਾਈ, ਕੱਪੜੇ ਤੇ ਦੁਪਹਿਰ ਦੀ ਰੋਟੀ ਬਣਾਉਣਾ ਮੰਨ ਲਿਆ। ਸਕੂਲੋਂ ਮੁੜੇ ਬੱਚਿਆਂ ਦਾ ਖਾਣ ਪੀਣ ਕਰਵਾ ਕੇ ਉਹ ਰਾਤ ਲਈ ਦਾਲ ਸਬਜ਼ੀ ਬਣਾ ਜਾਂਦੀ। ਬੱਲੀ ਦੇ ਵੱਡੇ ਭਰਾਵਾਂ ਤੇ ਪਿੰਡ ਵਾਲਿਆਂ ਨੇ ਹੋਰ ਵਿਆਹ ਲਈ ਆਪਣਾ ਜ਼ੋਰ ਲਾ ਕੇ ਵੇਖ ਲਿਆ, ਪਰ ਬੱਲੀ ਦੀ ਫੜੀ ਹੋਈ ਨਾਂਹ ਨੂੰ ਕੋਈ ਹਾਂ ਵਿੱਚ ਨਾ ਬਦਲਵਾ ਸਕਿਆ। ਖੇਤੀ ਕਰਨੀ ਤੇ ਬੱਚੇ ਪਾਲਣੇ ਸੌਖੇ ਨਹੀਂ ਸੀ। ਉਸ ਦਾ ਮਨ ਗਵਾਹੀ ਨਹੀਂ ਸੀ ਦਿੰਦਾ ਕਿ ਮਤਰੇਈ ਬੱਚਿਆਂ ਨੂੰ ਜੀਤੋ ਵਰਗਾ ਪਿਆਰ ਕਰ ਸਕੂ। ਔਖੇ ਸੌਖਿਆਂ ਉਸ ਦੇ ਚਾਰ ਸਾਲ ਲੰਘ ਗਏ। 8-9 ਸਾਲਾਂ ਦੀ ਹੋਣ ’ਤੇ ਜੋਤੀ ਰੋਟੀ ਬਣਾਉਣ ਲੱਗ ਪਈ। ਸਕੂਲ ਦੀ ਤਿਆਰੀ ਕਾਰਨ ਬੱਲੀ ਨੇ ਸਵੇਰੇ ਉਸ ਨੂੰ ਚੌਂਕੇ ’ਚ ਵੜਨੋ ਮਨ੍ਹਾ ਕੀਤਾ ਹੋਇਆ ਸੀ। ਉਹ ਹਰ ਕੋਸ਼ਿਸ਼ ਕਰਦਾ ਸੀ ਕਿ ਬੱਚਿਆਂ ਨੂੰ ਮਾਂ ਵਾਲੀ ਘਾਟ ਬਹੁਤਾ ਮਹਿਸੂਸ ਨਾ ਹੋਵੇ।
ਉਸ ਦਿਨ ਪੰਡੋਰੀ ਵਾਲਾ ਸਾਲਾਨਾ ਮੇਲਾ ਸੀ। ਬੱਚਿਆਂ ਨੇ ਜ਼ਿੱਦ ਕੀਤੀ ਤਾਂ ਬੱਲੀ ਮੇਲਾ ਵਿਖਾਉਣ ਲੈ ਗਿਆ। ਦੋਹਾਂ ਨੂੰ ਉਂਗਲ ਲਾਈ ਭੀੜ ਤੋਂ ਬਚਦਾ ਬਚਾਉਂਦਾ ਮੇਲੇ ਦੀ ਰੌਣਕ ਵਿਖਾ ਰਿਹਾ ਸੀ। ਕਿਤੇ ਝੂਲੇ ਤੇ ਕਿਤੇ ਛੋਟੀ ਜਿਹੀ ਸਰਕਸ। ਬਾਹਰੋਂ ਵੇਖਦੇ ਵੇਖਦੇ ਉਹ ਤੁਰੇ ਜਾ ਰਹੇ ਸੀ। ਅਚਾਨਕ ਮੂਹਰਿਓਂ ਆਉਂਦੀ ਉਨ੍ਹਾਂ ਦੇ ਪਿੰਡ ਵਾਲੀ ਚੰਨੀ ਨੇ ਬੱਲੀ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਜੋਤੀ ਦੀਆਂ ਗੱਲ੍ਹਾਂ ’ਤੇ ਹੱਥ ਮਾਰਦਿਆਂ ਬਲਜੀਤ ਨੂੰ ਬਾਹਾਂ ਵਿੱਚ ਲੈ ਲਿਆ। ਬੱਲੀ ਨੂੰ ਬੱਚਿਆਂ ਪ੍ਰਤੀ ਉਸ ਦਾ ਮੋਹ ਚੰਗਾ ਵੀ ਲੱਗਾ ਤੇ ਹੈਰਾਨੀ ਵੀ ਹੋਈ। ਪਿੰਡ ਦੇ ਦੂਜੇ ਪਾਸਿਓਂ ਹਰਜੀਤ ਸਿਉਂ ਫ਼ੌਜੀ ਦੀ ਇਕਲੌਤੀ ਧੀ ਸੀ ਚੰਨੀ। ਖੁੱਲ੍ਹਦਿਲੇ ਸੁਭਾਅ ਵਾਲੀ ਚੰਨੀ ਨੇ ਦਸਵੀਂ ਤਾਂ ਚੰਗੇ ਨੰਬਰਾਂ ’ਚ ਕੀਤੀ ਸੀ, ਪਰ ਕਈ ਦਿਨ ਤੇਜ਼ ਬੁਖਾਰ ਕਾਰਨ ਬਾਰ੍ਹਵੀਂ ਦੇ ਸਾਰੇ ਪੇਪਰ ਨਾ ਦੇ ਸਕੀ। ਅਗਲੇ ਸਾਲ ਉਹ ਦਾਖਲ ਈ ਨਾ ਹੋਈ। ਬੱਲੀ ਨੂੰ ਯਾਦ ਆਇਆ, ਇਹ ਛੋਟੀ ਜਿਹੀ ਹੁੰਦੀ ਸੀ, ਜਦ ਉਸ ਨੇ ਦਸਵੀਂ ਦੇ ਪੇਪਰ ਦਿੱਤੇ ਸੀ। ਬੱਲੀ ਆਖਰੀ ਪੇਪਰ ਦੇ ਕੇ ਘਰ ਆਉਂਦਾ ਸੀ। ਰਸਤੇ ’ਚ ਖ਼ਰਾਬ ਹੋਈ ਬੱਸ ਖੜ੍ਹੀ ਸੀ ਤੇ ਪੰਜ ਸੱਤ ਸਵਾਰੀਆਂ ਪਿੰਡ ਵੱਲ ਤੁਰੀਆਂ ਜਾਂਦੀਆਂ ਸੀ। ਮਾਂ ਦੀ ਉਂਗਲ ਫੜੀ ਨਿੱਕੇ ਨਿੱਕੇ ਪੈਰ ਪੁੱਟਦੀ ਚੰਨੀ ਉਸ ਨੂੰ ਕਿੰਨੀ ਪਿਆਰੀ ਲੱਗੀ ਸੀ। ਕੋਲ ਜਾ ਕੇ ਉਸ ਨੇ ਸਾਈਕਲ ਖੜ੍ਹਾ ਕੇ ਚਾਚੀ ਸਤਿ ਸ੍ਰੀ ਅਕਾਲ ਕਹਿ ਕੇ ਉਨ੍ਹਾਂ ਨੂੰ ਲੈ-ਜਾਣ ਲਈ ਕਿਹਾ। ਚੰਨੀ ਦੀ ਮੰਮੀ ਕੋਲ ਬੈਗ ਹੋਣ ਕਰਕੇ, ਚੰਨੀ ਨੂੰ ਮੂਹਰੇ ਡੰਡੇ ਉੱਤੇ ਕੱਪੜਾ ਬੰਨ੍ਹ ਕੇ ਬੈਠਾਉਣਾ ਪਿਆ ਸੀ।
“ਇਹ ਮਰ ਜਾਣੀ ਐਡੀ ਵੱਡੀ ਹੋ ਗਈ।’’ ਬੱਲੀ ਹੈਰਾਨ ਹੋਈ ਜਾ ਰਿਹਾ ਸੀ। ਮੇਲੇ ਵਿੱਚ ਖੜ੍ਹਿਆਂ ਦੋਹਾਂ ਨੂੰ ਪਤਾ ਈ ਨਾ ਲੱਗਾ ਕਦੋਂ ਉਨ੍ਹਾਂ ਇੱਕ ਦੂਜੇ ਦੇ ਮਨਾਂ ’ਚ ਵੜਕੇ ਡੇਰੇ ਜਮਾ ਲਏ। ਚੰਨੀ ਭੱਜ ਕੇ ਗਈ ਤੇ ਲਿਫ਼ਾਫ਼ੇ ਵਿੱਚ ਗਰਮ ਗਰਮ ਜਲੇਬੀਆਂ ਪਵਾ ਲਿਆਈ। ਜੋਤੀ ਨੇ ਦੋ ਵਾਰ ਕਿਹਾ ਸੀ ਬੱਲੀ ਨੂੰ ਜਲੇਬੀਆਂ ਬਾਰੇ, ਪਰ ਉਹ ਇਸ ਕਰਕੇ ਟਾਲ ਰਿਹਾ ਸੀ ਕਿ ਬੱਚੇ ਚਾਸ਼ਣੀ ਨਾਲ ਲਿੱਬੜੇ ਹੱਥਾਂ ਨਾਲ ਕੱਪੜੇ ਖ਼ਰਾਬ ਕਰ ਲੈਣਗੇ। ਸੋਚਦਾ ਸੀ ਮੁੜਨ ਲੱਗਿਆਂ ਪੈਕ ਕਰਵਾ ਕੇ ਘਰ ਲੈਜਾਂਗੇ। ਪੱਕੇ ਥੜ੍ਹੇ ਉੱਤੇ ਬੈਠਿਆਂ ਜਲੇਬੀਆਂ ਖਾਂਦੇ ਬੱਚੇ ਚੰਨੀ ਨੂੰ ਬੜੇ ਚੰਗੇ ਲੱਗੇ ਸੀ। ਬੱਲੀ ਨੂੰ ਪਹਿਲੀ-ਵਾਰ ਲੱਗਿਆ ਕਿ ਦੂਜੀ ਔਰਤ ਵੀ ਮਾਂ ਦੀ ਥਾਂ ਲੈ ਸਕਦੀ ਹੈ। ਮੇਲਾ ਗਾਹੁੰਦਿਆਂ ਪਤਾ ਈ ਨਾ ਲੱਗਾ ਕਦੋਂ ਸ਼ਾਮ ਪੈਣ ਵਾਲੀ ਹੋਗੀ। ਚੰਨੀ ਉਨ੍ਹਾਂ ਦੇ ਨਾਲ ਈ ਪਿੰਡ ਨੂੰ ਤੁਰ ਪਈ। ਰਸਤੇ ਵਿੱਚ ਉਸ ਨੇ ਦੱਸਿਆ ਕਿ ਸਹੇਲੀਆਂ ਨਾਲ ਮੇਲੇ ਆਈ ਸੀ। ਬੱਲੀ ਨੂੰ ਅੱਜ ਉਹ ਗੀਤ ਬੜਾ ਚੰਗਾ ਲੱਗ ਰਿਹਾ ਸੀ, “ਸਾਡੀ ਲੱਗਦੀ ਕਿਸੇ ਨਾ ਵੇਖੀ ਤੇ, … ।’’ ਰਿਕਾਰਡ ਤੇ ਸੂਈ ਟੱਪਣ ਵਾਂਗ ਉਹ ਹਰ ਵਾਰ ਉੱਥੇ ਅਟਕ ਕੇ ਰਹਿ ਜਾਂਦਾ। ਜਿਵੇਂ ਅਗਲੀ ਗੱਲ ਉਸ ਦਾ ਮੂੰਹ ਕੌੜਾ ਕਰਦੀ ਹੋਵੇ।
ਮੇਲੇ ਤੋਂ ਤੀਜੇ ਦਿਨ ਚੰਨੀ ਕਰਿਆਨੇ ਵਾਲੀ ਦੁਕਾਨ ’ਤੇ ਜਾਣ ਲੱਗੀ ਤਾਂ ਬੱਲੀ ਹੋਰਾਂ ਵਾਲੀ ਗਲੀ ਨੂੰ ਤੁਰ ਪਈ। ਲੰਘੀ ਰਾਤ ਉਸ ਨੇ ਬੱਲੀ ਦੇ ਸੁਪਨਿਆਂ ਵਿੱਚ ਲੰਘਾਈ ਸੀ। ਜਿਵੇਂ ਜਿਵੇਂ ਬੱਲੀ ਦਾ ਘਰ ਨੇੜੇ ਆ ਰਿਹਾ ਸੀ, ਚੰਨੀ ਦੀ ਧੜਕਣ ਤੇਜ਼ ਹੋਈ ਜਾਂਦੀ ਸੀ। ਉਸ ਨੇ ਗਲੀ ਵਿੱਚ ਝਾਤੀ ਮਾਰੀ, ਅੱਗੇ ਪਿੱਛੇ ਕੋਈ ਨਹੀਂ ਸੀ। ਦਰਾਂ ਦਾ ਇੱਕ ਪੱਲਾ ਖੁੱਲ੍ਹਾ ਸੀ, ਬੱਲੀ ਮੰਜੇ ’ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਚੰਨੀ ਨੂੰ ਪਤਾ ਈ ਨਾ ਲੱਗਾ, ਕਦੋਂ ਉਸ ਦੇ ਪੈਰ ਅੰਦਰ ਵੱਲ ਪੁੱਟੇ ਗਏ। ਹੈਰਾਨੀ ਦੇ ਨਾਲ ਨਾਲ ਬੱਲੀ ਦਾ ਮਨ ਗਵਾਹੀ ਦੇਣ ਲੱਗਾ ਕਿ ਐਸ ਵੇਲੇ ਰੱਬ ਤੋਂ ਕੁਝ ਹੋਰ ਮੰਗ ਲੈਂਦਾ, ਉਹ ਵੀ ਮਿਲ ਜਾਣਾ ਸੀ। ਫਿਰ ਸਵਾਲ ਕਰਦਾ, ‘ਇਸ ਤੋਂ ਵੱਡਾ ਰੱਬ ਕੋਲ ਹੋਰ ਕੀ ਹੋਊ ?’ ਦਰਵਾਜ਼ੇ ਮੂਹਰੇ ਬੈਠਣ ਦੀ ਥਾਂ ਉਸ ਨੇ ਡਿਉੜੀ ’ਚ ਪਈ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਅੰਦਰੋਂ ਦੂਜੀ ਲਿਆ ਕੇ ਚੰਨੀ ਦੇ ਮੂਹਰੇ ਬੈਠ ਗਿਆ। ਮੇਲੇ ਵਾਲੇ ਦਿਨ ਤਾਂ ਉਨ੍ਹਾਂ ਨੇ ਅੱਖਾਂ ਰਾਹੀਂ ਕਿਹਾ ਤੇ ਸੁਣਿਆ ਸੀ। ਬੱਚੇ ਮਨ ਕੇ ਸੱਚੇ, ਵਾਲੀ ਗੱਲ ਨੇ ਮਨ ਦੀ ਆਵਾਜ਼ ਜ਼ੁਬਾਨ ’ਤੇ ਨਹੀਂ ਸੀ ਆਉਣ ਦਿੱਤੀ। ਪਰ ਉਸ ਦਿਨ ਨਾ ਤੀਜੇ ਕੰਨ ਸੁਣ ਰਹੇ ਸੀ ਤੇ ਨਾ ਪੰਜਵੀਂ ਅੱਖ ਵੇਖ ਰਹੀ ਸੀ। ਦੋਹਾਂ ਨੇ ਮਨਾਂ ਦੀ ਹਾਲਤ ਕਹਿ ਸੁਣਾਈ। ਉਮਰਾਂ ਦੇ ਫ਼ਰਕ ਨੂੰ ਪਾਸੇ ਸੁੱਟ ਦਿੱਤਾ। ਜ਼ਿੰਮੇਵਾਰੀਆਂ ਵੰਡਣ ਦੇ ਅਹਿਦ ਕਰ ਲਏ, ਪਰ ਇੱਕੋ ਪਿੰਡ ਵਾਲੀ ਸਮਾਜਿਕ ਕੰਧ ਦਾ ਹੱਲ ਉਨ੍ਹਾਂ ਨੂੰ ਨਾ ਲੱਭਿਆ।
ਆਖਰ ਉਨ੍ਹਾਂ ਮੇਲ ਗੇਲ ਦਾ ਆਰਜ਼ੀ ਹੱਲ ਸੋਚ ਲਿਆ। ਬੱਲੀ ਨੇ ਉਸੇ ਅਖ਼ਬਾਰ ’ਚੋਂ ਮੁਨੀ ਹਸਪਤਾਲ ’ਚ ਨਰਸ ਦੀ ਲੋੜ ਦਾ ਇਸ਼ਤਿਹਾਰ ਪੜ੍ਹਿਆ ਸੀ। ਉਸ ਨੂੰ ਭਰੋਸਾ ਸੀ ਕਿ ਡਾਕਟਰ ਉਸ ਦੀ ਗੱਲ ਨਹੀਂ ਮੋੜੂ। ਤਜਵੀਜ਼ ਚੰਨੀ ਨੂੰ ਪਸੰਦ ਆਈ। ਗੱਲਾਂ ਕਰਦਿਆਂ ਦੋਹਾਂ ਨੂੰ ਪਤਾ ਈ ਨਾ ਲੱਗਾ, ਕਦੋਂ ਬੱਚੇ ਅੰਦਰ ਆਣ ਵੜੇ। ਦੋਹਾਂ ਨੇ ਬਸਤੇ ਪਾਸੇ ਰੱਖ, ਧਾਹ ਕੇ ਚੰਨੀ ਨੂੰ ਜੱਫੀ ਪਾ ਲਈ। ਮੰਮੀ ਦੇ ਫ਼ਿਕਰ ਬਾਰੇ ਸੋਚ ਕੇ ਚੰਨੀ ਚਲੇ ਗਈ। ਅਗਲੇ ਦੋ ਦਿਨ ਚੰਨੀ ਨੇ ਨਰਸ ਬਣਨ ਲਈ ਮੰਮੀ ਨੂੰ ਮਨਾਉਣ ’ਤੇ ਲਾਏ। ਮੰਮੀ ਦੇ ਮਨ ’ਚ ਟੀਕਾ ਲਾਉਂਦੀ ਧੀ ਦਾ ਅਕਸ ਉੱਭਰਦੇ ਈ ਉਸ ਨੂੰ ਚੰਨੀ ’ਤੇ ਮਾਣ ਮਹਿਸੂਸ ਹੋਣ ਲੱਗਾ। ਫ਼ੌਜੀ ਪਹਿਲਾਂ ਈ ਪਤਨੀ ਦੀ ਗੱਲ ਨਹੀਂ ਸੀ ਮੋੜਦਾ ਹੁੰਦਾ। ਮਾਪਿਆਂ ਵੱਲੋਂ ਹੋਈ ਹਾਂ ਚੰਨੀ ਦੇ ਮੂਹੋਂ ਸੁਣਕੇ ਬੱਲੀ ਦੇ ਹੱਥ ਰੱਬ ਦੇ ਸ਼ੁਕਰਾਨੇ ਵਿੱਚ ਜੁੜ ਗਏ। ਬੱਲੀ ਦੇ ਘਰ ਜਾਣ ਤੋਂ ਬਾਅਦ ਦੋਹਾਂ ਦਾ ਫੋਨ ਸੰਪਰਕ ਹੋਣ ਲੱਗ ਪਿਆ। ਦਿਨ ਵਿੱਚ ਇੱਕ ਵਾਰ ਦੀ ਸ਼ਰਤ ’ਤੇ ਦੋਵੇਂ ਕਾਇਮ ਰਹੇ।
ਸੋਮਵਾਰ ਨੂੰ ਦੋਵੇਂ ਡਾਕਟਰ ਕੋਲ ਪਹੁੰਚ ਗਏ। ਬੱਲੀ ਨੇ ਡਾ. ਮੁਨੀ ਨੂੰ ਸੱਚ ਸੱਚ ਦੱਸ ਦਿੱਤਾ। ਡਾਕਟਰ ਨੂੰ ਅਜਿਹੀ ਕੁੜੀ ਦੀ ਭਾਲ ਸੀ ਜੋ ਮਰੀਜ਼ਾਂ ਦੇ ਮਨਾਂ ’ਚ ਡਾਕਟਰ ਦਾ ਭਰੋਸਾ ਜਗਾਇਆ ਕਰੇ। ਚੰਨੀ ’ਚੋਂ ਉਹ ਗੁਣ ਡਲ੍ਹਕਾਂ ਮਾਰਦਾ ਸੀ। ਹੱਸਦੇ ਹੱਸਦੇ ਗੱਲ ਕਰਦਿਆਂ ਅਗਲੇ ਦੇ ਅੰਦਰ ਵੜ ਜਾਣਾ ਉਸ ਦਾ ਸੁਭਾਅ ਸੀ। ਡਾਕਟਰ ਨੇ ਤੀਜੇ ਦਿਨ ਤੋਂ ਡਿਊਟੀ ਸ਼ੁਰੂ ਕਰਨ ਲਈ ਕਹਿ ਦਿੱਤਾ ਤੇ ਹਸਪਤਾਲ ਦੇ ਕਮਰਿਆਂ ’ਚੋਂ ਕਿਸੇ ਹੋਰ ਨਰਸ ਨਾਲ ਰਿਹਾਇਸ਼ ਸਾਂਝੀ ਕਰਵਾ ਦਿੱਤੀ। ਨਰਸਾਂ ਵਾਲੀ ਵਰਦੀ ਪਾ ਕੇ ਚੰਨੀ ਹੋਰ ਵੀ ਜਚਣ ਲੱਗ ਪਈ। ਤਿੰਨ ਚਾਰ ਦਿਨਾਂ ਵਿੱਚ ਉਸ ਨੇ ਟੀਕੇ ਲਾਉਣੇ, ਗਲੂਕੋਜ਼ ਵਾਲੀ ਨਾੜ ਲੱਭਣੀ ਵਗੈਰਾ, ਕਾਫ਼ੀ ਕੁਝ ਸਿੱਖ ਲਿਆ। ਮਰੀਜ਼ਾਂ ਨੂੰ ਉਸ ਤੋਂ ਟੀਕਾ ਲਵਾ ਕੇ ਤਸੱਲੀ ਹੁੰਦੀ। ਸਮੇਂ ਨਾਲ ਹਸਪਤਾਲ ਵਿੱਚ ਉਸ ਦੀ ਲੋੜ ਵਧਦੀ ਗਈ। ਮਰੀਜ਼ਾਂ ਦੀ ਗਿਣਤੀ ਵਧਦੀ ਵੇਖ ਕੇ ਡਾ. ਮੁਨੀ ਖੁਸ਼ ਸੀ।
ਬੱਲੀ ਰਾਤ ਨੂੰ ਬੱਚਿਆਂ ਦੇ ਸੌਂ ਜਾਣ ਤੋਂ ਬਾਅਦ ਚੰਨੀ ਨੂੰ ਫੋਨ ਲਾਉਂਦਾ। ਚੰਨੀ ਦਾ ਪਹਿਲਾ ਸਵਾਲ ਜੋਤੀ ਤੇ ਬਲਜੀਤ ਬਾਰੇ ਹੁੰਦਾ। ਉਨ੍ਹਾਂ ਦੇ ਖਾਣ ਪੀਣ, ਕੱਪੜਿਆਂ ਦੀ ਸਫ਼ਾਈ ਤੇ ਸਕੂਲ ਦੇ ਕੰਮ ਬਾਰੇ ਪੁੱਛਦੀ। ਉਸ ਤੋਂ ਬਾਅਦ ਦੋਹੇਂ ਸਾਰੇ ਦਿਨ ਦੀ ਹੋਈ ਬੀਤੀ ਸਾਂਝੀ ਕਰਦੇ। ਇਸ ਗੱਲ ’ਤੇ ਤਸੱਲੀ ਵੀ ਪ੍ਰਗਟਾਉਂਦੇ ਕਿ ਉਹ ਮਰਿਆਦਾ ਵਿੱਚ ਰਹਿ ਕੇ ਅੱਗੇ ਵਧ ਰਹੇ ਹਨ। ਮਹੀਨੇ ਬਾਅਦ ਉਹ ਲੋਕਾਂ ਦੀ ਨਜ਼ਰ ਤੋਂ ਬਚ ਕੇ ਮਿਲਦੇ ਤੇ ਭਵਿੱਖ ਉਲੀਕਦੇ। ਚੰਨੀ ਪਿੰਡ ਆਉਂਦੀ ਤਾਂ ਬੱਲੀ ਹੋਰਾਂ ਵਾਲੀ ਗਲੀਂ ’ਚੋਂ ਲੰਘਣ ਦੀ ਥਾਂ ਫਿਰਨੀ ਪੈ ਕੇ ਆਪਣੇ ਘਰ ਜਾਂਦੀ। ਮਾਪੇ ਰਿਸ਼ਤੇ ਦੀ ਗੱਲ ਕਰਦੇ ਤਾਂ ਉਹ ‘ਥੋੜ੍ਹੇ ਸਾਲ ਠਹਿਰ ਜਾਓ’, ਕਹਿਕੇ ਟਾਲ ਦੇਂਦੀ। ਬੱਲੀ ਦੇ ਬੱਚੇ ਵੱਡੇ ਹੁੰਦੇ ਗਏ। ਜੋਤੀ ਦਸਵੀਂ ’ਚ ਸੀ। ਬੱਲੀ ਤੇ ਚੰਨੀ ਨੂੰ ਉਸ ਦੀ ਅਗਲੀ ਪੜ੍ਹਾਈ ਦਾ ਫ਼ਿਕਰ ਹੋਣ ਲੱਗਾ। ਅਗਲੇ ਸਾਲ ਵਿਧਾਨ ਸਭਾ ਚੋਣ ਸੀ। ਪਿੰਡ ਆਈ ਮੰਤਰੀ ਨੂੰ ਮਨਾ ਕੇ ਸਰਪੰਚ ਨੇ ਆਉਂਦੇ ਸੈਸ਼ਨ ਤੋਂ ਸਕੂਲ ਬਾਰ੍ਹਵੀਂ ਤੱਕ ਕਰਨ ਦਾ ਐਲਾਨ ਕਰਵਾ ਦਿੱਤਾ। ਤਾਲੀਆਂ ਦੀ ਗੂੰਜ ਦੂਰ ਤੱਕ ਸੁਣਾਈ ਦਿੱਤੀ। ਮੰਤਰੀ ਅੱਗੇ ਬੋਲਣ ਵੀ ਲੱਗ ਪਈ, ਪਰ ਬੱਲੀ ਦੇ ਹੱਥ ਆਪਸ ਵਿੱਚ ਵੱਜੀ ਜਾ ਰਹੇ ਸੀ। ਉਸ ਦੀ ਧੀ ਲਈ ਦੋ ਸਾਲਾਂ ਦੀ ਪੜ੍ਹਾਈ ਦਾ ਰਾਹ ਖੁੱਲ੍ਹ ਗਿਆ ਸੀ।
ਬਾਰ੍ਹਵੀਂ ਕਰਕੇ ਜੋਤੀ ਨੇ ਨਾਲ ਦੇ ਪਿੰਡ ਖੁੱਲ੍ਹੇ ਸਿਲਾਈ ਸੈਂਟਰ ਤੋਂ ਸਾਲ ਵਿੱਚ ਹੱਥ ਸਿੱਧੇ ਕਰ ਲਏ। ਪਹਿਲਾ ਸੂਟ ਉਸ ਨੇ ਚੰਨੀ ਲਈ ਸਿਉਂਤਾ। ਉਸ ਨੇ ਚੰਨੀ ਦੇ ਸ਼ਹਿਰੋਂ ਆਉਣ ਦਾ ਪਤਾ ਲਾਇਆ। ਡੈਡੀ ਨੂੰ ਨਾਲ ਲੈ ਕੇ ਸੂਟ ਦੇਣ ਉਹ ਆਪ ਉਨ੍ਹਾਂ ਦੇ ਘਰ ਗਈ। ਜੋਤੀ ਨੇ ਚੰਨੀ ਨੂੰ ਸੂਟ ਪਾ ਕੇ ਵਿਖਾਉਣ ਲਈ ਆਖਿਆ। ਫੱਬਵੀਂ ਫਿਟਿੰਗ ਵੇਖਕੇ ਚੰਨੀ ਹੈਰਾਨ ਰਹਿ ਗਈ। ਬੱਲੀ ਦੇ ਪੈਰ ਵੀ ਉਸ ਦਿਨ ਪਹਿਲੀ ਵਾਰ ਫ਼ੌਜੀ ਦਾ ਦਰ ਟੱਪੇ ਸੀ। ਸੂਟ ਦਾ ਰੰਗ, ਪ੍ਰਿੰਟ ਤੇ ਫਿਟਿੰਗ ਚੰਨੀ ਦੀ ਮੰਮੀ ਨੂੰ ਬਹੁਤ ਪਸੰਦ ਆਏ। ਉਸ ਤੋਂ ਕਹਿਣੋ ਰਿਹਾ ਨਾ ਗਿਆ “ਪੁੱਤ ਮੈਨੂੰ ਵੀ ਐਹੋ ਜਿਹਾ ਸੂਟ ਸੰਵਾਦੇ।”
“ਮੰਮੀ ਮੈਨੂੰ ਨਹੀਂ, ਆਪਣੀ ਦੋਹਤੀ ਨੂੰ ਕਹੋ।” ਚੰਨੀ ਨੂੰ ਪਤਾ ਈ ਨਾ ਲੱਗਾ, ਮਨ ਦੀ ਗੱਲ ਕਦੋਂ ਉਸ ਦੇ ਮੂੰਹੋਂ ਨਿਕਲ ਗਈ।
ਸਿਆਣਿਆਂ ਐਵੇਂ ਥੋੜ੍ਹਾ ਕਿਹਾ ਕੰਧਾਂ ਦੇ ਵੀ ਕੰਨ ਹੁੰਦੇ ਨੇ। ਪਿੰਡ ਵਿੱਚ ਬੱਲੀ ਤੇ ਚੰਨੀ ਦੀ ਘੁਸਰ ਮੁਸਰ ਹੋਣ ਲੱਗ ਪਈ। ਪਰ ਕਿਸੇ ਦੇ ਹੱਥ ਕੋਈ ਸਬੂਤ ਨਾ ਲੱਗਦਾ। ਬੱਲੀ ਦੇ ਭਤੀਜ-ਜਵਾਈ ਨੇ ਜੋਤੀ ਲਈ ਮੁੰਡੇ ਦੀ ਦਸ ਪਾਈ। ਨਜ਼ਰਾਂ ’ਚੋਂ ਕੱਢਣ ਦੀ ਪਹਿਲ ਬੱਲੀ ਨੇ ਚੰਨੀ ਤੋਂ ਪਰਦੇ ਨਾਲ ਕਰਵਾ ਲਈ। ਗੱਲ ਅੱਗੇ ਵਧ ਕੇ ਪੱਕ ਠੱਕ ਹੋਈ ਤੇ ਤਿੰਨ ਮਹੀਨਿਆਂ ਬਾਅਦ ਵਿਆਹ ਦਾ ਦਿਨ ਤੈਅ ਹੋ ਗਿਆ। ਕੱਪੜੇ ਲੱਤੇ ਤੇ ਗਹਿਣਿਆਂ ਦੀ ਖ਼ਰੀਦ ਲਈ ਬੱਲੀ ਜੋਤੀ ਨੂੰ ਲੈ ਕੇ ਸ਼ਹਿਰ ਪਹਿਲਾਂ ਚੰਨੀ ਕੋਲ ਜਾਂਦਾ ਤੇ ਦੋਹਾਂ ਦੀ ਪਸੰਦ ’ਤੇ ਮੋਹਰ ਲੱਗ ਜਾਂਦੀ। ਦੋਹਾਂ ਤਾਈਆਂ ਦਾ ਮਾਣ ਰੱਖਣ ਲਈ ਜੋਤੀ ਵਿਚਵਾਰ ਉਨ੍ਹਾਂ ਨੂੰ ਲੈ ਜਾਂਦੀ। ਚੰਨੀ ਵੀ ਤਾਈਆਂ ਨੂੰ ਮੂਹਰੇ ਲਾਉਣਾ ਨਾ ਭੁੱਲਦੀ। ਪਰ ਉਹ ਬੱਲੀ ਦੇ ਘਰ ਜਾਣ ਤੋਂ ਗੁਰੇਜ ਕਰਦੀ। ਵਿਆਹ ਮੌਕੇ ਉਸ ਨੇ ਆਪਣੇ ਆਪ ਨੂੰ ਕਾਫ਼ੀ ਸੀਮਤ ਰੱਖਿਆ। ਪਰ ਜੋਤੀ ਵੱਲੋਂ ਹਰ ਗੱਲ ਚੰਨੀ ਤੋਂ ਪੁੱਛਣ ਕਰਕੇ ਪਿੰਡ ਵਾਲੇ ਇਸ ਨੂੰ ਆਪਣੀ ‘ਉਸ ਗੱਲ’ ਦਾ ਸਬੂਤ ਮੰਨਣ ਲੱਗੇ।
ਬੱਲੀ ਦੇ ਆਂਢ ਗੁਆਂਢ ਤੋਂ ਚੱਲੀ ਗੱਲ ਪਿੰਡ ਦੀਆਂ ਸੱਥਾਂ ਵਿੱਚ ਹੋਣ ਲੱਗੀ। ਦੋ ਚਾਰ ਸਾਲ ਬਾਅਦ ਆਉਂਦੀ ਕਿਸੇ ਚੋਣ ਵਾਂਗ ਅਮਲੀਆਂ ਨੂੰ ਚਰਚਾ ਵਾਲਾ ਮੁੱਦਾ ਮਿਲ ਗਿਆ। ਗੱਲ ਮੁੱਢ ਬੱਝਣ ਤੱਕ ਪਹੁੰਚਦੀ ਤਾਂ ਘੈਂਟ ਅਮਲੀ ਆਪਣੇ ਮੂੰਹ ’ਤੇ ਚਪੇੜਾਂ ਮਾਰ ਲੈਂਦੇ। ਕਿਸੇ ਨੂੰ ਪੰਡੋਰੀ ਵਾਲਾ ਮੇਲਾ ਯਾਦ ਆ ਜਾਂਦਾ ਤੇ ਕਿਸੇ ਨੂੰ ਚੰਨੀ ਦੇ ਨਰਸ ਬਣਕੇ ਸ਼ਹਿਰ ਰਹਿਣ ਵਾਲੀ ਗੱਲ। ਅੱਖ ਮਟੱਕਾ 10-12 ਸਾਲਾਂ ਛਿਪਿਆ ਰੱਖਣ ਲਈ ਕੋਈ ਬੱਲੀ ਤੇ ਚੰਨੀ ਦੀਆਂ ਸਿਫ਼ਤਾਂ ਕਰਦਾ ਤੇ ਕੋਈ ਹੀਰ-ਰਾਂਝੇ ਦੀ ਕਹਾਣੀ ਨੂੰ ਪੁਣਨ ਲੱਗ ਜਾਂਦਾ। ਵਿੱਚ-ਵਾਰ ਕੋਈ ਅਮਲੀ ਬੱਲੀ ਦੀਆਂ ਭਰਜਾਈਆਂ ਨੂੰ ‘ਬੜੀਆਂ ਭੋਲੀਆਂ’ ਵਾਲੀ ਡਿਗਰੀ ਦੇ ਦਿੰਦਾ। ਆਪਣੇ ਨੈੱਟਵਰਕ ਦੇ ਫੇਲ੍ਹ ਹੋਣ ਦੇ ਕਾਰਨਾਂ ਵਿੱਚ ਉਹ ਫਿੰਨੋ ਨੂੰ ਘੜੀਸ ਲੈਂਦੇ। ਕੋਈ ਫਿੰਨੋ ਨੂੰ ਮੀਸਣੀ ਕਹਿੰਦਾ ਤੇ ਕੋਈ ਇਸ ਗੱਲ ਨੂੰ ਉਸ ਦਾ ਗੁਣ ਕਹਿਕੇ ਵਡਿਆ ਦਿੰਦਾ।
ਬਲਜੀਤ ਨੇ ਜੋਤੀ ਦੇ ਵਿਆਹ ਤੋਂ ਥੋੜ੍ਹਾ ਪਹਿਲਾਂ ਬਾਰਵੀਂ ਕਰ ਲਈ ਸੀ। ਕੱਦ-ਕਾਠ ਪੱਖੋਂ ਉਹ ਪਿਓ ਵਰਗਾ ਉੱਚਾ ਲੰਮਾ ਨਿਕਲਿਆ। ਪੁੱਤ ਨੂੰ ਖੇਤੀ ਲਾਉਣ ਜਾਂ ਨੌਕਰੀ ਭਾਲਣ ਬਾਰੇ ਬੱਲੀ ਅਜੇ ਦੁਚਿੱਤੀ ਵਿੱਚ ਸੀ। ਉਸ ਦਾ ਫ਼ੌਜੀ ਸਾਲਾ ਭਾਣਜੇ ਨਾਲ ਬੜਾ ਮੋਹ ਕਰਦਾ ਸੀ। ਛੁੱਟੀ ਆਉਂਦਿਆਂ ਈ ਮਿਲਣ ਆ ਜਾਂਦਾ। ਮੇਘਾਲਿਆ ਗਿਆ ਹੋਣ ਕਰਕੇ ਉਹ ਜੋਤੀ ਦੇ ਵਿਆਹ ’ਤੇ ਨਹੀਂ ਸੀ ਆ ਸਕਿਆ। ਉਸ ਨੇ ਬੱਲੀ ਨੂੰ ਮਨਾ ਲਿਆ ਤੇ ਛੁੱਟੀ ਖ਼ਤਮ ਹੋਣ ਮੌਕੇ ਭਾਣਜੇ ਨੂੰ ਨਾਲ ਲੈ ਗਿਆ। ਉਸ ਦਾ ਅਫ਼ਸਰ ਉਸ ਦੇ ਸਲੂਟ ਮਾਰਨ ਦੇ ਢੰਗ ਤੋਂ ਬੜਾ ਪ੍ਰਭਾਵਿਤ ਸੀ। ਅਫ਼ਸਰ ਨੇ ਆਪਣੇ ਅਖਤਿਆਰ ਵਰਤ ਕੇ ਬਲਜੀਤ ਨੂੰ ਭਰਤੀ ਕਰ ਲਿਆ।
ਸਾਲ ਬਾਅਦ ਮਾਮਾ-ਭਾਣਜਾ ਇਕੱਠੇ ਛੁੱਟੀ ਆਏ। ਆਉਂਦੇ ਸਾਰ ਮਾਮੇ ਨੇ ਫੋਨ ਕਰਕੇ ਬੱਲੀ ਨੂੰ ਅਗਲੇ ਦਿਨ ਆਪਣੇ ਪਿੰਡ ਸੱਦਿਆ। ਜੋਤੀ ਤੇ ਉਸ ਦੇ ਪ੍ਰਾਹੁਣੇ ਨੂੰ ਵੀ ਬੁਲਾ ਲਿਆ। ਮਾਮੇ ਨੇ ਬਿਨਾਂ ਝਿਜਕ ਗੱਲ ਛੇੜ ਲਈ ਕਿ ਫ਼ੌਜ ਵਿੱਚ ਉਸ ਦਾ ਦੋਸਤ ਆ ਹਰਜੀਤ ਸਿੰਘ। ਮੁਕੇਰੀਆਂ ਨੇੜਲੇ ਪਿੰਡ ਦਾ। ਉਸਨੂੰ ਬਲਜੀਤ ਬਹੁਤ ਪਸੰਦ ਆ ਤੇ ਜਵਾਈ ਬਣਾਉਣਾ ਚਾਹੁੰਦਾ। ਉਸ ਨੇ ਫਾਈਲ ’ਚੋਂ ਕੁੜੀ ਦੀਆਂ ਫੋਟੋਆਂ ਸਭ ਦੇ ਮੂਹਰੇ ਰੱਖ ਦਿੱਤੀਆਂ। ਬੱਲੀ ਦੇ ਮਨ ’ਚ ਸਹੁਰਿਆਂ ਦਾ ਮਾਣ-ਸਤਿਕਾਰ ਪਹਿਲੇ ਦਿਨੋਂ ਈ ਕਾਫ਼ੀ ਸੀ। ਜੋਤੀ ਨੇ ਡੈਡੀ ਤੇ ਆਪਣੇ ਪਤੀ ਦੀਆਂ ਅੱਖਾਂ ’ਚੋਂ ਹਾਂ ਪੜ੍ਹਕੇ, ਸਾਰੀ ਗੱਲ ਮਾਮੇ ’ਤੇ ਸੁੱਟਦਿਆਂ, ਬਲਜੀਤ ਨੂੰ ਮਨਾ ਲਉ ਦੀ ਸ਼ਰਤ ਲਾ ਕੇ ਗੱਲ ਤੋਰਨ ਨੂੰ ਹਰੀ ਝੰਡੀ ਦੇ ਦਿੱਤੀ। ਹਫ਼ਤੇ ਵਿੱਚ ਰਿਸ਼ਤਾ ਤੈਅ ਹੋ ਗਿਆ ਤੇ ਮਹੀਨੇ ਬਾਅਦ ਵਿਆਹ ਦੀ ਤਰੀਕ ਮਿੱਥ ਲਈ। ਭਰਾ ਦੇ ਵਿਆਹ ਦੀਆਂ ਤਿਆਰੀਆਂ ਲਈ ਪ੍ਰਾਹੁਣੇ ਨੇ ਜੋਤੀ ਨੂੰ ਪੇਕੇ ਭੇਜ ਦਿੱਤਾ।
ਪਿੰਡ ਵਿੱਚ ਹੁੰਦੀ ਚਰਚਾ ਦੀ ਭਿਣਕ ਬੱਲੀ ਤੇ ਚੰਨੀ ਦੇ ਕੰਨੀਂ ਪੈਣ ਲੱਗ ਪਈ ਸੀ। ਪਿਛਲੇ ਸਾਲ ਸੂਟ ਵਾਲੀ ਗੱਲ ਤੋਂ ਚੰਨੀ ਦੇ ਮੂੰਹੋਂ ਦੋਹਤੀ ਵਾਲੀ ਗੱਲ ਦੀ ਸਮਝ ਫ਼ੌਜਣ ਨੂੰ ਆ ਗਈ ਹੋਈ ਸੀ। ਉਸ ਨੇ ਚਾਰ ਕੁ ਮਹੀਨੇ ਪਹਿਲਾਂ ਛੁੱਟੀ ਆਏ ਫ਼ੌਜੀ ਦਾ ਮਨ ਟੋਹ ਲਿਆ ਸੀ। ਦੋਵੇਂ ਮੌਕੇ ਦੀ ਉਡੀਕ ’ਚ ਸਨ। ਧੀ ਦੀ ਖੁਸ਼ੀ ਖਾਤਰ ਦੋਵੇਂ ਕਿਸੇ ਦੀ ਪਰਵਾਹ ਕਰਨ ਵਾਲੇ ਨਹੀਂ ਸਨ।
ਸਾਲ ਬਾਅਦ ਦੂਜਾ ਵਿਆਹ ਕਰਨਾ ਬੱਲੀ ਲਈ ਹੈ ਤਾਂ ਔਖਾ ਸੀ, ਪਰ ਉਹ ਕੋਈ ਕਸਰ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਇਸ ਵਾਰ ਚੰਨੀ ਤਿਆਰੀਆਂ ਦੇ ਨਾਲ ਨਾਲ ਬੱਲੀ ਦੇ ਘਰ ’ਚ ਵੀ ਦਿਸਣ ਲੱਗ ਪਈ। ਜੋਤੀ ਤੇ ਚੰਨੀ ਨੂੰ ਮਾਂ-ਧੀ ਵਾਂਗ ਇੱਕ ਦੂਜੇ ਨਾਲ ਸਲਾਹ ਮਸ਼ਵਰੇ ਕਰਦਿਆਂ ਵੇਖ ਤਾਈਆਂ ਮੂੰਹ ਚਿੜਾਉਂਦੀਆਂ। ਵਿਆਹ ਤੋਂ ਤਿੰਨ ਚਾਰ ਦਿਨ ਪਹਿਲਾਂ ਚੰਨੀ ਦਾ ਡੈਡੀ ਵੀ ਛੁੱਟੀ ਆ ਗਿਆ। ਫ਼ੌਜੀ ਨੂੰ ਵੱਡੇ ਭਰਾ ਦੇ ਘਰ ਬੈਠਿਆਂ ਵੇਖ ਬੱਲੀ ਦਾ ਮੱਥਾ ਤਾਂ ਠਣਕਿਆ, ਪਰ ਗੰਭੀਰ ਨਾ ਹੋਇਆ। ਉਂਜ ਉਸ ਨੇ ਚੰਨੀ ਤੇ ਉਸ ਦੇ ਮਾਪਿਆਂ ਨੂੰ ਬਰਾਤ ’ਚ ਜਾਣ ਦਾ ਰਸਮੀਂ ਸੱਦਾ ਦਿੱਤਾ ਹੋਇਆ ਸੀ। ‘ਉਨ੍ਹਾਂ ਦੇ ਪਤੀ ਵੱਖਰੇ ਜਿਹੇ ਹੋ ਕੇ ਕੀ ਕੀ ਸਲਾਹਾਂ ਕਰਦੇ ਨੇ,’ ਬੱਲੀ ਦੀਆਂ ਭਾਬੀਆਂ ਦੇ ਮਨਾਂ ’ਚ ਸਵਾਲ ਤਾਂ ਉੱਠਦੇ, ਪਰ ਕਿਸੇ ਨਤੀਜੇ ’ਤੇ ਨਾ ਪਹੁੰਚਦੀਆਂ।
ਬਲਜੀਤ ਦੇ ਵਿਆਹ ਵਾਲਾ ਦਿਨ ਚੜ੍ਹਿਆ। ਭਾਣਜੇ ਨੂੰ ਖਾਰਿਓਂ ਉਤਾਰ ਕੇ ਬਲਜੀਤ ਦੇ ਮਾਮਾ-ਮਾਮੀ ਇਹ ਕਹਿ ਕੇ ਚਲੇ ਗਏ ਕਿ ਰਸਤੇ ’ਚੋਂ ਰਲਣਗੇ। ਸਿਹਰਾਬੰਦੀ ਤੋਂ ਬਾਅਦ ਘੋੜੀ-ਚੜ੍ਹਾਅ ਹੋਇਆ ਤੇ ਬਰਾਤ ਚੱਲਣ ਲਈ ਤਿਆਰ ਹੋਈ। ਬਲਜੀਤ ਤੇ ਨਾਲਦਿਆਂ ਨੂੰ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਭੇਜ ਕੇ ਬੱਲੀ, ਉਸ ਦਾ ਵੱਡਾ ਭਰਾ-ਭਾਬੀ ਅਤੇ ਫ਼ੌਜੀ-ਫ਼ੌਜਣ ਤੇ ਚੰਨੀ ਇਹ ਕਹਿੰਦਿਆਂ ਇਨੋਵਾ ’ਚ ਬੈਠਕੇ ਚੱਲ ਪਏ ਕਿ ਤੁਹਾਨੂੰ ਬਿਆਸ ਦਰਿਆ ਵਾਲੇ ਪੁਲ ਤੋਂ ਪਹਿਲਾਂ ਮਿਲਾਂਗੇ। 10-12 ਮੀਲ ਚੱਲ ਕੇ ਇਨੋਵਾ ਪੁਲ ਤੋਂ ਪਹਿਲਾਂ ਸੜਕ ਕੰਢੇ ਬਣੇ ਇਤਿਹਾਸਕ ਮੰਨੇ ਜਾਂਦੇ ਗੁਰਦੁਆਰੇ ਮੂਹਰੇ ਰੁਕੀ। ਡਰਾਈਵਰ ਨੂੰ ਸ਼ਾਇਦ ਪਹਿਲਾਂ ਸਮਝਾਇਆ ਹੋਇਆ ਸੀ। ਬੱਲੀ ਤੇ ਚੰਨੀ ਨੇ ਸਮਝਿਆ ਸ਼ਾਇਦ ਮੱਥਾ ਟੇਕਣ ਰੁਕੇ ਹਾਂ। ਬੱਲੀ ਦੇ ਸਾਲਾ-ਸਾਲੇਹਾਰ ਪਹੁੰਚੇ ਹੋਏ ਸੀ। ਗੁਰਦੁਆਰੇ ਦਾ ਗੇਟ ਵੜਦਿਆਂ ਬੱਲੀ ਦੇ ਸਾਲੇ ਵੱਲੋਂ ਬੱਲੀ ਦੇ ਗਲ ’ਚ ਸਿਰੋਪਾ ਪਾਉਣ ਤੋਂ ਉਸ ਨੂੰ ਹੈਰਾਨੀ ਹੋਈ। ਕਈ ਸਵਾਲ ਉਸ ਦੇ ਮਨ ’ਚ ਉੱਠਣ ਲੱਗੇ। ਅੰਦਰ ਰਾਗੀ ਕੀਰਤਨ ਕਰ ਰਹੇ ਸੀ। ਮੱਥਾ ਟੇਕਣ ਤੋਂ ਬਾਅਦ ਬੱਲੀ ਦੇ ਭਰਾ ਨੇ ਉਸ ਨੂੰ ਮੂਹਰੇ ਬੈਠਣ ਲਈ ਕਿਹਾ। ਮੰਮੀ-ਡੈਡੀ ਦੇ ਇਸ਼ਾਰੇ ’ਤੇ ਚੰਨੀ ਬੱਲੀ ਦੇ ਖੱਬੇ ਪਾਸੇ ਜਾ ਬੈਠੀ। ਚੰਨੀ ਦੇ ਡੈਡੀ ਨੇ ਬੱਲੀ ਦੇ ਗਲ ’ਚ ਪਏ ਸਿਰੋਪੇ ਦਾ ਇੱਕ ਪਾਸਾ ਚੰਨੀ ਦੇ ਹੱਥ ਫੜਾ ਦਿੱਤਾ ਤੇ ਉਧਰੋਂ ਗ੍ਰੰਥੀ ਨੇ ਪਹਿਲੀ ਲਾਂਵ ਦਾ ਪਾਠ ਸ਼ੁਰੂ ਕਰ ਦਿੱਤਾ। ਬੱਲੀ ਤੇ ਚੰਨੀ ਨੂੰ ਉੱਥੇ ਰੁਕਣ ਵਾਲੀ ਬੁਝਾਰਤ ਸਮਝ ਆ ਗਈ। ਉਹ ਸਮਝ ਗਏ ਕਿ ਕੱਲ੍ਹ ਪਰਸੋਂ ਤੋਂ ਵੱਖਰੀਆਂ ਮੀਟਿੰਗਾਂ ਇਸੇ ਕਰਕੇ ਹੁੰਦੀਆਂ ਹੋਣਗੀਆਂ। ਸਾਲਾ-ਸਾਲੇਹਾਰ ਦਾ ਸਵੇਰੇ ਜਲਦੀ ਆਉਣਾ ਉਸ ਨੂੰ ਸਮਝ ਆ ਗਿਆ। ਲਾਵਾਂ ਦੀ ਰਸਮ ਕਰਕੇ ਸਾਰੇ ਬਾਹਰ ਆਏ। ਬਾਹਰ ਇੱਕ ਸਜੀ ਹੋਈ ਕਾਰ ਖੜ੍ਹੀ ਸੀ। ਬੱਲੀ ਤੇ ਚੰਨੀ ਨੂੰ ਉਸ ਕਾਰ ਵਿੱਚ ਬਹਾਇਆ ਗਿਆ। ਕੁਝ ਮਿੰਟਾਂ ’ਚ ਲਾੜੇ ਵਾਲਾ ਕਾਫਲਾ ਵੀ ਪਹੁੰਚ ਗਿਆ। ਉਨ੍ਹਾਂ ਨੂੰ ਚੱਲਦੇ ਰਹਿਣ ਦਾ ਇਸ਼ਾਰਾ ਕਰਕੇ ਉਹ ਸਾਰੇ ਪਿੱਛੇ ਚੱਲ ਪਏ।
ਬਲਜੀਤ ਨੂੰ ਸਜੀ ਹੋਈ ਦੂਜੀ ਕਾਰ ਵੇਖ ਕੇ ਹੈਰਾਨੀ ਤਾਂ ਹੋਈ, ਪਰ ਆਪਣੇ ਵਿਆਹ ਦੇ ਚਾਅ ’ਚ ਕੋਈ ਸਮਝ ਨਾ ਆਈ। ਮੁਕੇਰੀਆਂ ਤੋਂ ਥੋੜ੍ਹਾ ਅੱਗੇ ਇੱਕ ਪੈਲੇਸ ਵਿੱਚ ਬਰਾਤ ਦਾ ਢੁਕਾਅ ਹੋਇਆ। ਮਿਲਣੀ ਦੀ ਰਸਮ ਹੋਣ ਲੱਗੀ। ਪਹਿਲਾਂ ਤੋਂ ਤੈਅ ਸੀ ਕਿ ਮਿਲਣੀ ਮੌਕੇ ਸਿਰਫ਼ ਹਾਰ ਪਾਏ ਜਾਣਗੇ। ਡੈਡੀਆਂ ਤੇ ਮਾਮਿਆਂ ਤੋਂ ਬਾਅਦ ਨਾਨਿਆਂ ਦੀ ਮਿਲਣੀ ਲਈ ਚੰਨੀ ਦੇ ਡੈਡੀ ਨੂੰ ਮੂਹਰੇ ਕੀਤਾ ਤਾਂ ਬਲਜੀਤ ਤੇ ਬਾਕੀ ਬਰਾਤੀਆਂ ਨੂੰ ਉਨ੍ਹਾਂ ਦੇ ਪਹਿਲਾਂ ਆਉਣ, ਗੁਰਦੁਆਰਾ ਸਾਹਿਬ ਰੁਕਣ ਤੇ ਸਜੀ ਹੋਈ ਕਾਰ ਦੀ ਸਮਝ ਆ ਗਈ। ਮਾਵਾਂ ਦੀ ਮਿਲਣੀ ਨੇ ਕੁੜੀ ਵਾਲੀਆਂ ਮੇਲਣਾਂ ਨੂੰ ਹੈਰਾਨ ਕਰ ਦਿੱਤਾ। ਅਖੇ, ਪਹਿਲਾਂ ਕਹਿੰਦੇ ਸੀ ਮੁੰਡੇ ਦੀ ਮਾਂ ਹੈ ਨਈ। ਚੰਨੀ ਨੇ ਸੂਟ ਵੀ ਉਹੀ ਪਾਇਆ ਹੋਇਆ ਸੀ ਜਿਹੜਾ ਜੀਤੀ ਨੇ ਪਿਛਲੇ ਸਾਲ ਸਿਉਂ ਕੇ ਦਿੱਤਾ ਸੀ। ਉੱਪਰ ਲਈ ਗੋਟੇ ਨਾਲ ਭਰੀ ਗੁਲਾਬੀ ਚੁੰਨੀ ਤੇ ਸੂਟ ਦੀ ਫੱਬਤ ਵਿੱਚ ਉਹ ਉਹੀ ਲੱਗ ਰਹੀ ਸੀ, ਇਹ ਕਹਿ ਕੇ ਮੇਲਣਾਂ ਆਪਸ ’ਚ ਘੁਸਰ ਮੁਸਰ ਕਰਨ ਲੱਗ ਪਈਆਂ।
“ਨੀਂ ਕੁੜਮਣੀ ਤਾਂ ਇੰਜ ਲੱਗਦੀ ਆ ਜਿਵੇਂ ਅੱਜ ਈ ਡੋਲਿਓਂ ਨਿਕਲੀ ਹੋਵੇ।’’ ਮੇਲਣਾਂ ਨੂੰ ਕੀ ਪਤਾ ਸੀ ਕਿ ਵਾਕਿਆ ਉਸ ਦਾ ਡੋਲਾ ਰਾਹ ’ਚੋਂ ਈ ਮੁੰਡਾ ਵਿਆਹੁਣ ਤੁਰ ਪਿਆ ਸੀ?
ਬਲਜੀਤ ਦੀਆਂ ਲਾਵਾਂ ਤੋਂ ਪਹਿਲੀ ਅਰਦਾਸ ਮੌਕੇ ਭਾਈ ਜੀ ਵੱਲੋਂ ਮੁੰਡੇ-ਕੁੜੀ ਦੇ ਮਾਪਿਆਂ ਨੂੰ ਖੜ੍ਹੇ ਹੋਣ ਲਈ ਕਿਹਾ ਤਾਂ ਚੰਨੀ, ਬੱਲੀ ਤੋਂ ਪਹਿਲਾਂ ਉੱਠ ਖੜੋਈ। ਲਾਵਾਂ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਬੱਲੀ ਸੋਚੀ ਜਾ ਰਿਹਾ ਸੀ, “ਇਨ੍ਹਾਂ ਵਧਾਈਆਂ ਨੂੰ ਆਪਣੇ ਵਿਆਹ ਦੀਆਂ ਮੰਨੇ ਜਾਂ ਬੇਟੇ ਦੇ ਵਿਆਹ ਦੀਆਂ ਜਾਂ ਫਿਰ ਸਾਂਝੀਆਂ?”
ਸ਼ਾਮ ਨੂੰ ਬੱਲੀ ਦੇ ਉਹੀ ਵੱਡੇ ਭਰਾ-ਭਾਬੀ ਵਿਦਾਈ ਤੋਂ ਪਹਿਲਾਂ ਤੁਰ ਪਏ ਤੇ ਘਰ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਲਾੜੇ-ਲਾੜੀ ਵਾਲੀ ਕਾਰ ਆ ਰੁਕੀ। ਨੂੰਹ-ਪੁੱਤ ਤੋਂ ਪਾਣੀ ਵਾਰਨ ਦੀ ਤਿਆਰੀ ਹੋਣ ਲੱਗੀ। ਮੇਲਣਾਂ ’ਚ ਘੁਸਮੁਸ ਸ਼ੁਰੂ ਹੋਗੀ, “ਪਾਣੀ ਕਿਹੜੀ ਤਾਈ ਵਾਰੂ, ਛੋਟੀ ਜਾਂ ਵੱਡੀ?” ਵੱਡੀ ਤਾਈ ਕਦੇ ਸਾਹਮਣੇ ਨਵੀਂ ਜੋੜੀ ਵੱਲ ਵੇਖਦੀ ਤੇ ਕਦੇ ਬਾਹਰ ਕਾਰਾਂ ’ਚੋਂ ਉਤਰਦੇ ਪ੍ਰਾਹੁਣਿਆਂ ਵੱਲ। ਮੇਲਣਾਂ ਹੈਰਾਨ ਕਿ ਤਾਈ ਕਿਸ ਨੂੰ ਉਡੀਕਦੀ ਪਈ ਆ। ਤਦੇ ਬਾਹਰ ਕਾਰ ਦੇ ਦਰਵਾਜ਼ੇ ਖੁੱਲ੍ਹਣ ਦੀ ਆਵਾਜ਼ ਆਈ। ਬੱਲੀ ਤੇ ਚੰਨੀ ਅੰਦਰ ਆਏ। ਤਾਈ ਨੇ ਦੋਹਾਂ ਨੂੰ ਬਲਜੀਤ ਹੋਰਾਂ ਦੇ ਮੂਹਰੇ ਲਿਆ ਖੜ੍ਹਾਇਆ। ਬੱਲੀ ਦੇ ਵੱਡੇ ਭਰਾ ਨੇ ਮਸੀਂ ਖੜ੍ਹੀ ਹੁੰਦੀ ਆਪਣੀ ਮਾਸੀ ਨੂੰ ਸਹਾਰਾ ਦਿੰਦੇ ਹੋਏ ਮੂਹਰੇ ਲਿਆ ਖੜ੍ਹਾਇਆ। ਮਾਸੀ ਦੇ ਹੱਥ ਕੱਚੀ ਲੱਸੀ ਵਾਲੀ ਗੜਵੀ ਫੜਾਈ ਤੇ ਉਸ ਦੇ ਕੰਬਦੇ ਹੱਥਾਂ ਨੂੰ ਸਹਾਰਾ ਦਿੰਦੇ ਹੋਏ ਬੱਲੀ ਤੇ ਚੰਨੀ ਦੇ ਸਿਰਾਂ ਤੋਂ ਵਰਾਉਣ ਲੱਗ ਪਿਆ। ਬੱਲੀ ਵਾਲੀ ਰਸਮ ਪੂਰੀ ਹੋਈ ਤਾਂ ਉਹੀ ਗੜਵੀ ਚੰਨੀ ਦੇ ਹੱਥ ਫੜਾ ਕੇ ਬਲਜੀਤ ਹੋਰਾਂ ਨੂੰ ਅੱਗੇ ਹੋਣ ਦਾ ਇਸ਼ਾਰਾ ਹੋਇਆ। ਮੇਲਣਾਂ ਨੇ ਮੂੰਹਾਂ ਵਿੱਚ ਉਂਗਲਾਂ ਪਾ ਲਈਆਂ। ਉਹ ਇੱਕ ਦੂਜੀ ਨੂੰ, ‘ਇਹ ਕੀ ?’ ਪੁੱਛਣਾ ਤੇ ਚਾਹੁੰਦੀਆਂ ਸੀ, ਪਰ ਕਿਸੇ ਦੇ ਸੰਘ ’ਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਸਾਲਾਂ ਤੋਂ ਗੁੱਝੇ ਇਸ ਭੇਦ ਵਾਲੀ ਗੱਲ ਅੱਗ ਤੋਂ ਵੀ ਤੇਜ਼ੀ ਨਾਲ ਫੈਲੀ। ਅਗਲੇ ਦਿਨ ਅਖ਼ਬਾਰਾਂ ਦੇ ਪਹਿਲੇ ਸਫ਼ੇ ’ਤੇ ਦੋਹਾਂ ਜੋੜੀਆਂ ਦੀਆਂ ਫੋਟੋਆਂ ਛਪੀਆਂ ਸਨ ਤੇ ਉੱਪਰ ਮੋਟੀ ਸਾਰੀ ਸੁਰਖੀ ਸੀ, “ਪੰਡੋਰੀ ਲਾਗਲੇ ਪਿੰਡ ਦੇ ਘਰ ਵਿੱਚ ਇੱਕੋ ਵੇਲੇ ਦੋ ਚੰਨ ਚਮਕਦੇ ਵੇਖੇ ਗਏ।’’ ਹੇਠਾਂ ਕੁਝ ਸਤਰਾਂ ਵਿੱਚ ਪੁੱਤ ਤੇ ਪਿਉ ਦੇ ਇੱਕੋ ਦਿਨ ਹੋਏ ਵਿਆਹਾਂ ਅਤੇ ਮਾਂ-ਪਿਉ ਦੇ ਸੱਚੇ-ਸੁੱਚੇ-ਪ੍ਰੇਮ ਦਾ ਸੰਖੇਪ ਵਰਨਣ ਸੀ।
ਸੰਪਰਕ: +16044427676
News Source link
#ਇਕ #ਵਲ #ਦ #ਚਨ