39.1 C
Patiāla
Thursday, April 25, 2024

ਤੇਰੀ ਮੇਰੀ ਕਹਾਣੀ

Must read


ਹਰਪ੍ਰੀਤ ਬਰਾੜ ਸਿੱਧੂ

ਹੋਟਲ ਦੇ ਆਲੀਸ਼ਾਨ ਕਮਰੇ ਦੀ ਬਾਲਕੋਨੀ ਵਿੱਚ ਬੈਠ ਕੇ ਘਰ ਤੋਂ ਲੈ ਕੇ ਆਈ ਚਾਹ ਪੀਣ ਦਾ ਆਨੰਦ ਹੀ ਵੱਖਰਾ ਆ ਰਿਹਾ ਸੀ। ਚਾਹ ਦੀ ਲੌਂਗ- ਲਾਚੀਆਂ ਦੀ ਖੁਸ਼ਬੂ, ਠੰਢਾ ਰਮਣੀਕ ਮੌਸਮ ਅਤੇ ਸਰਦਾਰ ਜੀ ਦੀ ਮਿੱਠੀ ਮਿੱਠੀ ਮੁਸਕਰਾਹਟ, ਲੱਗਦਾ ਸੀ ਕਿ ਸਾਰੀ ਕਾਇਨਾਤ ਹੀ ਅੱਜ ਮੇਰੇ ਉੱਤੇ ਮਿਹਰਬਾਨ ਹੋ ਗਈ ਸੀ। ਕੁਰਸੀ ਨਾਲ ਕੁਰਸੀ ਜੋੜ ਬੈਠੀ ਇੱਕ ਵਾਰ ਤਾਂ ਮੈਂ ਆਪਣੇ ਚਿਹਰੇ ਦੀਆਂ ਝੁਰੜੀਆਂ ਅਤੇ ਚਿੱਟੇ ਹੋਏ ਸਿਰ ਨੂੰ ਭੁੱਲ ਹੀ ਗਈ ਸੀ। ਦਿਲ ਉਵੇਂ ਹੀ ਧੱਕ-ਧੱਕ ਕਰ ਰਿਹਾ ਸੀ ਜਿਵੇਂ ਅੱਜ ਤੋਂ 55 ਸਾਲ ਪਹਿਲਾਂ ਵਿਆਹ ਵਾਲੇ ਦਿਨ ਕਰ ਰਿਹਾ ਸੀ। ਉਹ ਗੱਲ ਵੱਖਰੀ ਹੈ ਕਿ ਉਦੋਂ ਡਰ ਅਤੇ ਘਬਰਾਹਟ ਨਾਲ ਕਰ ਰਿਹਾ ਸੀ ਅਤੇ ਅੱਜ ਖੁਸ਼ੀ ਵਿੱਚ। ਇਹ ਦਿਨ ਸਾਲਾਂ ਦੇ ਅਣਥੱਕ ਸਫ਼ਰ ਦੀ ਮੰਜ਼ਿਲ ਜਿਹਾ ਲੱਗ ਰਿਹਾ ਸੀ। ਮੈਂ ਚਾਰ ਭੈਣਾਂ ਅਤੇ ਦੋ ਭਰਾਵਾਂ ਵਿੱਚੋਂ ਤੀਜੇ ਨੰਬਰ ’ਤੇ ਸੀ। 16 ਕੁ ਸਾਲਾਂ ਦੀ ਸੀ, ਜਦੋਂ ਮਾਸੜ ਨੇ ਮੇਰੇ ਰਿਸ਼ਤੇ ਦੀ ਦੱਸ ਪਾਈ ਸੀ। ਦੱਸਿਆ ਸੀ ਕਿ ਘਰ ਭਾਵੇਂ ਬਹੁਤਾ ਚੰਗਾ ਨਹੀਂ, ਪਰ ਮੁੰਡਾ ਰੱਜ ਕੇ ਮਿਹਨਤੀ ਹੈ। ਬਾਪੂ ਦੇ ਸਿਰ ’ਤੇ ਅਜੇ ਹੋਰ ਕਬੀਲਦਾਰੀ ਬਹੁਤ ਪਈ ਸੀ ਤੇ ਝੱਟ ਮੇਰਾ ਰਿਸ਼ਤਾ ਗੰਢ ਦਿੱਤਾ ਸੀ। ਗੱਲ ਤਾਂ ਹੋਈ ਸੀ ਕਿ ਵਿਆਹ ਅਜੇ ਦੋ ਕੁ ਸਾਲ ਠਹਿਰ ਕੇ ਕਰ ਲਵਾਂਗੇ। ਪਰ ਛੇ ਕੁ ਮਹੀਨਿਆਂ ਪਿੱਛੋਂ ਹੀ ਖ਼ਬਰ ਆਈ ਕਿ ਮੁੰਡੇ ਦੀ ਮਾਂ ਨੂੰ ਅਧਰੰਗ ਹੋ ਗਿਆ, ਘਰੇ ਹੁਣ ਸਰਦਾ ਨਹੀਂ, ਵਿਆਹ ਛੇਤੀ ਦੇ ਦਿਉ। ਇੰਜ ਮੈਂ ਸਤਾਰਵੇਂ ਵਿੱਚ ਪੈਰ ਧਰਨ ਸਾਰ ਹੀ ਸਹੁਰੇ ਘਰ ਆ ਪਹੁੰਚੀ। ਸੋਹਣੇ ਰੇਸ਼ਮੀ ਸੂਟਾਂ ਦੀ ਪਹੁੰਚ ਨਾ ਬਾਪੂ ਵਿੱਚ ਸੀ ਤੇ ਨਾ ਮੇਰੇ ਸਰਦਾਰ ਵਿੱਚ। ਵਿਆਹ ਵੀ ਬਸ ਪੰਜ ਬੰਦਿਆਂ ਦੀ ਬਰਾਤ ਨਾਲ ਨੇਪਰੇ ਚੜ੍ਹ ਗਿਆ ਸੀ। ਉਸ ਦੇ ਮੂੰਹ ਉੱਤੇ ਸਿਹਰੇ ਅਤੇ ਮੇਰੇ ਘੁੰਡ, ਇੱਕ ਦੂਜੇ ਨੂੰ ਤਾਂ ਦੇਖਿਆ ਵੀ ਨਾ ਗਿਆ। ਬਸ ਹੱਥ ਪੈਰ ਹੀ ਦਿਸੇ ਸਨ, ਹੱਥਾਂ ਪੈਰਾਂ ਦੀਆਂ ਵਿਆਈਆਂ ਉਸ ਦੇ ਕਾਮੇ ਹੋਣ ਦੀ ਤਾਂ ਗਵਾਹੀ ਭਰਦੀਆਂ ਸਨ।

ਡੋਲੀ ਘਰ ਪੁੱਜੀ ਤਾਂ ਮੰਜੇ ਉੱਤੇ ਪਈ ਸੱਸ ਨੇ ਪਿਆਰ ਨਾਲ ਹੱਥ ਸਿਰ ’ਤੇ ਰੱਖ ਦਿੱਤਾ। ਮੰਜਾ ਵੀ ਮੇਰਾ ਬੀਬੀ ਕੋਲ ਹੀ ਸੀ, ਨਾਲ ਹੀ ਨਿੱਕੀ ਨਣਦ ਸੌਂ ਗਈ ਸੀ। ਮਸਾਂ ਦਸ ਕੁ ਸਾਲਾਂ ਦੀ ਹੋਊ ਉਦੋਂ। ਉਸ ਦਿਨ ਤਾਂ ਹਨੇਰੇ ਵਿੱਚ ਨਾ ਘਰ ਦਿਖਿਆ ਤੇ ਨਾ ਮੇਰਾ ਕੰਤ। ਅਗਲੀ ਸਵੇਰ ਉੱਠ ਚੁੱਲ੍ਹੇ ਅੱਗ ਪਾਉਣ ਗਈ ਤਾਂ ਦੇਖਿਆ ਕਿ ਬਸ ਇੱਕ ਹੀ ਕਮਰਾ, ਜਿੱਥੇ ਬੀਬੀ ਪਈ ਆ, ਮੂਹਰੇ ਕੱਚਾ ਬਰਾਡਾਂ ਅਤੇ ਖੱਬੇ ਹੱਥ ਚੌਕਾ ਚੁੱਲ੍ਹਾ। ਵਿਹੜੇ ਦੇ ਪਰਲੇ ਪਾਸੇ ਮੱਝਾਂ, ਤੂੜੀ ਵਾਲਾ ਕੋਠਾ ਅਤੇ ਕੱਚਾ ਜਿਹਾ ਇੱਟਾਂ ਚਿਣ ਕੇ ਬਣਾਇਆ ਨਹਾਉਣ ਵਾਲਾ। ਚਾਅ ਤਾਂ ਜਿਵੇਂ ਸਾਰੇ ਮਰ ਹੀ ਗਏ ਸਨ, ਪਰ ਹੌਸਲਾ ਨਹੀਂ। ਉਸ ਦਿਨ ਉਹ ਵੀ ਦਿਖਿਆ ਮੱਝ ਦੀ ਧਾਰ ਕੱਢੀ ਜਾਂਦਾ ਸੀ। ਸਾਵਲਾਂ ਜਿਹਾ ਰੰਗ, ਸੋਹਣਾ ਕੱਦ-ਕਾਠ ਅਤੇ ਚਿਹਰੇ ਉੱਤੇ ਸ਼ੁਕਰਾਨਾ। ਬਸ ਦੋ ਪਲ ਹੀ ਦੇਖਿਆ ਗਿਆ ਕਿ ਉਸ ਦੀ ਨਜ਼ਰ ਮੇਰੇ ਚਿਹਰੇ ’ਤੇ ਪੈ ਗਈ ਅਤੇ ਮੈਂ ਨਜ਼ਰਾਂ ਝੁਕਾ ਲਈਆਂ ਸਨ।

ਹਰ ਦਿਨ ਬਸ ਇੰਨਾ ਕੁ ਹੀ ਨਾਤਾ ਸੀ ਸਾਡਾ। ਮੈਂ ਬੀਬੀ ਕੋਲ ਤੇ ਉਹ ਮੱਝਾਂ ਕੋਲ। ਬੁਲਾਉਣ ਨੂੰ ਵੀ ਕੋਈ ਵੀਹ ਦਿਨ ਲੱਗ ਗਏ ਸਨ। ਬੀਬੀ ਵੀ ਜਿਵੇਂ ਜਾਣਦੀ ਤਾਂ ਸੀ, ਪਰ ਵਿਚਾਰੀ ਬੇਵੱਸ ਸੀ। ਉਹ ਮੇਰੇ ਕੋਲ ਆ ਨਹੀਂ ਸਕਦਾ ਸੀ ਤੇ ਮੇਰੇ ਕੋਲ ਉਸ ਕੋਲ ਜਾਣ ਦਾ ਹੌਸਲਾ ਵੀ ਨਹੀਂ ਸੀ। ਪਰ ਆਖਰ ਸੱਤ-ਅੱਠ ਮਹੀਨਿਆਂ ਬਾਅਦ ਮੇਰੀ ਕੀਤੀ ਮਾਲਿਸ਼ ਅਤੇ ਦਵਾਈ ਰੰਗ ਲੈ ਕੇ ਆਈ, ਬੀਬੀ ਤੁਰਨ ਫਿਰਨ ਲੱਗ ਪਈ। ਤੇ ਜਿਸ ਦਿਨ ਅਸੀਂ ਪਹਿਲੇ ਦਿਨ ਕਮਰੇ ਵਿੱਚ ਇਕੱਲੇ ਸੀ ਤਾਂ ਨਾ ਤਾਂ ਕੋਈ ਗੱਲ ਆ ਰਹੀ ਸੀ ਤੇ ਨਾ ਹੀ ਇੱਕ ਦੂਜੇ ਨੂੰ ਦੇਖਣ ਦਾ ਜੇਰਾ ਪੈ ਰਿਹਾ ਸੀ। ਇਹ ਪੈਂਡਾ ਵੀ ਅਸੀਂ ਕਈ ਦਿਨ ਲਾ ਕੇ ਪੂਰਾ ਕੀਤਾ ਸੀ। ਸਰਦਾਰ ਦੇ ਪਿਆਰ ਨੇ ਗ਼ਰੀਬੀ ਤਾਂ ਭੁਲਾ ਹੀ ਦਿੱਤੀ ਸੀ। ਬੀਬੀ ਠੀਕ ਹੋ ਗਈ ਸੀ ਤੇ ਮੈਂ ਤੇ ਬੀਬੀ ਨੇ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ ਸਨ। ਫ਼ਸਲ ਵੀ ਚੰਗੀ ਹੋ ਗਈ, ਦਿਨ ਥੋੜ੍ਹੇ ਬਦਲਣ ਲੱਗ ਗਏ ਸਨ। ਡੇਢ ਕੁ ਸਾਲ ਪਿੱਛੋਂ ਕਮਰਾ ਵੀ ਇੱਕ ਹੋਰ ਪਾ ਲਿਆ ਸੀ, ਮੱਝਾਂ ਦਾ ਕੰਮ ਵੀ ਵਧਾ ਲਿਆ ਸੀ। ਰੋਟੀ ਤਾਂ ਸੋਹਣੀ ਪੱਕਣ ਲੱਗ ਪਈ ਸੀ, ਪਰ ਸੁਪਨੇ ਤੇ ਚਾਅ ਤਾਂ ਮਰ ਹੀ ਰਹੇ ਸਨ।

ਜਦੋਂ ਵੀ ਕਿਸੇ ਦਾ ਰੇਸ਼ਮੀ ਸੂਟ ਸਿਊਂਦੀ ਤਾਂ ਹੱਥ ਕਿੰਨਾ ਚਿਰ ਟੋਂਹਦੇ ਹੀ ਰਹਿੰਦੇ। ਕੱਚੇ ਗੁਲਾਬੀ ਰੰਗ ਦਾ ਫ਼ੌਜਣ ਦਾ ਸੂਟ ਤਾਂ ਮੈਨੂੰ ਬਹੁਤ ਜਚਿਆ ਸੀ। ਸ਼ਾਇਦ ਮੇਰੀਆਂ ਨਜ਼ਰਾਂ ਨੂੰ ਇਨ੍ਹਾਂ ਨੇ ਵੀ ਟੋਹ ਲਿਆ ਸੀ ਅਤੇ ਅਗਲੇ ਹੀ ਮਹੀਨੇ ਮੈਨੂੰ ਉਸ ਰੰਗ ਦਾ ਸੂਟ ਲਿਆ ਦਿੱਤਾ ਸੀ, ਹੈ ਤਾਂ ਸੂਤੀ ਹੀ ਸੀ, ਪਰ ਮੈਨੂੰ ਰੇਸ਼ਮੀ ਨਾਲੋਂ ਵੀ ਵੱਧ ਪਿਆਰਾ ਲੱਗਾ ਸੀ। ਕਿੰਨੇ ਸਾਲ ਪਾਇਆ ਤੇ ਫਿਰ ਸਾਂਭ ਕੇ ਰੱਖ ਲਿਆ ਸੀ। ਤਿੰਨ ਸਾਲ ਬਾਅਦ ਵਾਹਿਗੁਰੂ ਨੇ ਮੇਰੀ ਝੋਲੀ ਪੁੱਤ ਨਾਲ ਭਰ ਦਿੱਤੀ ਅਤੇ ਅਗਲੇ ਦੋ ਸਾਲਾਂ ਬਾਅਦ ਧੀ ਰਾਣੀ ਵੀ ਆ ਗਈ। ਘਰ ਵਿੱਚ ਧੀ-ਪੁੱਤ, ਦੁੱਧ ਦਾਣੇ ਸਭ ਸੀ, ਪਰ ਜ਼ਿੰਮੇਵਾਰੀਆਂ ਦੀ ਪੰਡ ਵੀ ਭਾਰੀ ਹੋ ਗਈ ਸੀ। ਨਣਦ ਦੀ ਪੜ੍ਹਾਈ ਅਤੇ ਫਿਰ ਵਿਆਹ, ਜਵਾਕਾਂ ਦੀ ਪੜ੍ਹਾਈ ਦੇ ਖ਼ਰਚੇ, ਬੀਬੀ ਦੀਆਂ ਦਵਾਈਆਂ ਦੇ ਵਿੱਚ ਸਾਡੇ ਚਾਅ ਤਾਂ ਕਿਧਰੇ ਗਵਾਚ ਹੀ ਗਏ ਸਨ।

ਤੇ ਅੱਜ ਜਦੋਂ ਪੋਤਰੇ ਨੇ ਉਸੇ ਕੱਚੇ ਗੁਲਾਬੀ ਰੰਗ ਦਾ, ਸੁਨਹਿਰੀ ਤਿੱਲੇ ਨਾਲ ਕੱਢਿਆਂ ਰੇਸ਼ਮੀ ਸੂਟ ਮੈਨੂੰ ਪਾਉਣ ਲਈ ਅਤੇ ਕੋਟ-ਪੈਂਟ ਆਵਦੇ ਦਾਦੇ ਨੂੰ ਦਿੱਤਾ ਤਾਂ ਸਾਲਾਂ ਦੀ ਤੜਫ਼ ਜਿਵੇਂ ਸ਼ਾਂਤ ਹੋ ਗਈ ਸੀ। ਨਵੇਂ ਲੀੜੇ ਪਾ ਇੱਕ ਦੂਜੇ ਤੋਂ ਹੀ ਸੰਗ ਲੱਗੀ ਜਾਵੇ। ਹੁਣ ਸਾਨੂੰ ਦੋ ਦਿਨਾਂ ਲਈ ਹੋਟਲ ਛੱਡ ਗਿਆ, ਕਹਿੰਦਾ ਚਲੋ ਹੁਣ ਤੁਸੀਂ ਵੀ ਵਿਆਹ ਦੀ ਵਰ੍ਹੇਗੰਢ ਮਨਾ ਲਓ। ਸੱਚੀ ਦੱਸਾਂ ਗੱਲ ਸਾਨੂੰ ਅੱਜ ਵੀ ਕੋਈ ਨਹੀਂ ਬਹੁੜ ਰਹੀ।
(ਨਿਊਜ਼ੀਲੈਂਡ)



News Source link
#ਤਰ #ਮਰ #ਕਹਣ

- Advertisement -

More articles

- Advertisement -

Latest article