30.1 C
Patiāla
Saturday, September 7, 2024

ਵਿਸ਼ਵ ਹਾਕੀ ਦਾ ਸ਼ਾਹ ਸਵਾਰ ਸੈਂਟਰ ਸਟਰਾਈਕਰ ਸ਼ਾਹਬਾਜ਼ ਅਹਿਮਦ

Must read


ਦੁਨੀਆਂ ’ਚ ਧਿੰਗ ਤੋਂ ਧਿੰਗ ਹਾਕੀ ਖਿਡਾਰੀ ਪੈਦਾ ਹੋਏ ਹਨ ਪਰ ਪੋਟਿਆਂ ’ਤੇ ਗਿਣਨ ਜੋਗੇ ਖਿਡਾਰੀ ਹੀ ਪ੍ਰਸ਼ੰਸਾ ਦੇ ਬੋਲਾਂ ਦੇ ਹੱਕਦਾਰ ਬਣਦੇ ਹਨ, ਜਿਨ੍ਹਾਂ ਦਾ ਨਾਮ ਸਦਾ ਲਈ ਹਾਕੀ ਇਤਿਹਾਸ ਨਾਲ ਜੁੜ ਜਾਂਦਾ ਹੈ। ਪਾਕਿ ਟੀਮ ਦੇ ਧੁਨੰਤਰ ਖਿਡਾਰੀ ਸ਼ਾਹਬਾਜ਼ ਅਹਿਮਦ ਦਾ ਨਾਮ ਵੀ ਅਜਿਹੇ ਹੀ ਕੁਝ ਸਿਖਰਲੇ ਹਾਕੀ ਖਿਡਾਰੀਆਂ ਦੀ ਸੂਚੀ ’ਚ ਸ਼ੁਮਾਰ ਹੈ। ਹਾਕੀ ਦੇ ਉਚ ਪੱਧਰ ਦੇ ਗੁਣਾਂ ਦਾ ਲਖਾਇਕ ਸ਼ਾਹਬਾਜ਼ ਪੂਰੇ ਅਠਾਰਾਂ ਸਾਲ ਸ਼ੁਰੂਆਤ ਤੋਂ ਅੰਤ ਤੱਕ ਪੂਰੀ ਸ਼ਿੱਦਤ ਨਾਲ ਕੁੱਲ ਦੁਨੀਆਂ ਦੀ ਹਾਕੀ ’ਚ ਛਾਇਆ ਰਿਹਾ। ਸ਼ਾਹਬਾਜ਼ ਨੇ ਮੈਦਾਨ ਅੰਦਰ ਬੇਮਿਸਾਲ ਹਾਕੀ ਦੇ ਪ੍ਰਭਾਵ ਛੱਡਿਆ, ਜਿਸ ਕਰਕੇ ਵਰਲਡ ਹਾਕੀ ’ਚ ਉਸ ਦਾ ਕੱਦ ਸਭ ਤੋਂ ਉਚਾ ਹੈ।

 

 

ਹਾਕੀ ਖੇਡਣ ਦੇ ਜਨੂਨੀ ਸ਼ਾਹਬਾਜ਼ ਅਹਿਮਦ ਨੇ ਹਰ ਮੈਚ ’ਚ ਆਪਣੀ ਕਾਬਲਿਅਤ ਨਾਲ ਨਿਆਂ ਕੀਤਾ। ਹਾਕੀ ਖੇਡਣ ਦੀ ਮੁਹਾਰਤ ਅੱਲਾ ਵਲੋਂ ਉਸ ਨੂੰ ਗੱਫਿਆਂ ਦੇ ਰੂਪ ’ਚ ਮਿਲੀ ਹੋਈ ਸੀ। ਉਸ ਦੀ ਡਿ੍ਰਬਿਗ ਸਕਿੱਲ ਹਾਕੀ ਦਰਸ਼ਕਾਂ ਨੂੰ ਸਾਹ ਰੋਕਣ ਲਈ ਮਜਬੂਰ ਕਰ ਦਿੰਦੀ ਸੀ। ਹਾਕੀ ਖੇਡ ਲੇਖਕਾਂ ਨੇ ਉਸ ਨੂੰ ਪਾਕਿ ਹਾਕੀ ਟੀਮ ਦਾ ‘ਬਾਜ਼’ ਕਹਿ ਕੇ ਵੀ ਵਡਿਆਇਆ ਹੈ। ਹਾਲਾਤ ਇਹ ਹੋ ਗਏ ਜਿੱਥੇ ਵੀ ਉਹ ਹਾਕੀ ਖੇਡਿਆ, ਸਟੇਡੀਅਮ ਖੇਡ ਦਰਸ਼ਕਾਂ ਨਾਲ ਤੂੜੇ ਗਏ।                      

 

                                         
ਜ਼ਾਹਿਰਾਨਾ ਖੇਡ ਖੇਡਣ ਦੇ ਮਾਲਕ ਸ਼ਾਹਬਾਜ਼ ਨੂੰ ਘਾਤ ਲਾ ਕੇ ਹਮਲੇ ਕਰਨ ਦਾ ਨਿਪੁੰਨ ਮੰਨਿਆ ਗਿਆ, ਜਿਸ ਦਾ ਲੋਹਾ ਵਿਰੋਧੀ ਟੀਮ ਖਾਸ ਕਰ ਯੂਰਪੀਨ ਹਾਕੀ ਟੀਮਾਂ ਵੀ ਮੰਨਦੀਆਂ ਸਨ ਕਿ ਅਸੰਭਵ ਨੂੰ ਸੰਭਵ ਕਰ ਵਿਖਾਉਣਾ ਉੁਸ ਦੀ ਹਾਕੀ ਖੇਡ ਕਲਾ ਦਾ ਇਕ ਕਮਾਲ ਸੀ। ਜਦੋਂ ਉਹ ਹਾਕੀ ਲਾਲ ਬਾਲ ਵਲ੍ਹੇਟ ਕੇ ਹਵਾ ਦੇ ਬੁੱਲਿਆਂ ਨੂੰ ਚੀਰਦਾ ਤੂਫਾਨਮੇਲ ਬਣਦਾ ਤਾਂ ਇਕ ਵਾਰ ਤਾਂ ਵਿਰੋਧੀ ਰੱਖਿਅਕਾਂ ਨੂੰ ਹੱਥਾਂ-ਪੈਰਾਂ ਪੈ ਜਾਂਦੀ ਤੇ ਗੋਲ ਵੱਲ ਨਿਸ਼ਾਨੇ ਸੇਧਣ ਦੀ ਮੁਹਾਰਤ ਵੀ ਵਧਦੀ ਗਈ। ਸਿਡਨੀ ਦਵਸ਼ਵ ਹਾਕੀ ਕੱਪ ਸਮੇਂ ਉਸ ਨੇ ਸਾਰੇ ਰੋਣੇ-ਧੋਣੇ ਧੋ ਕੇ ਰੱਖ ਦਿੱਤੇ, ਜਦੋਂ ਉਸ ਦੀ ਕਪਤਾਨੀ ’ਚ ਪਾਕਿ ਹਾਕੀ ਨੇ ਪੰਜਵੀਂ ਵਾਰ ਸੰਸਾਰ ਹਾਕੀ ਦੀ ਗੁਰਜ਼ ਜਿੱਤੀ। ਤੇਜ਼ਧਾਰ ਵਾਂਗ ਤਿੱਖੇ ਹਾਕੀ ਖਿਡਾਰੀ ਸ਼ਾਹਬਾਜ਼ ਅਹਿਮਦ ਨੇ ਤਕਰੀਬਨ ਹਰ ਮੈਚ ’ਚ ਧਮਾਕੇਦਾਰ ਖੇਡ ਦਾ ਮੁਜ਼ਾਹਰਾ ਕਰਕੇ ਹਾਕੀ ਟੀਮ ਨੂੰ ਵਿਸ਼ਵ ਹਾਕੀ ਕੱਪ ਚੁੰਮਣ ਯੋਗ ਬਣਾਇਆ। ਸਿਡਨੀ-1994 ਸੰਸਾਰ ਹਾਕੀ ਕੱਪ ਦੌਰਾਨ ਉਸ ਨੇ ਵਿਰੋਧੀ ਰੱਖਿਅਕਾਂ ਨੂੰ ਬੁਰੀ ਤਰ੍ਹਾਂ ਰੋਲ ਕੇ ਗੋਲ ਕਰਨ ’ਚ ਕੋਈ ਰਹਿਮਦਿਲੀ ਨਹੀਂ ਵਿਖਾਈ। ਉਸ ਨੇ ਮੇਜ਼ਬਾਨ ਆਸਟਰੇਲੀਆ ਟੀਮ ਸਮੇਤ ਯੁੂਰਪੀਅਨ ਹਾਕੀ ਟੀਮਾਂ ਦੇ ਬਿਸਤਰੇ ਗੋਲ ਕਰਕੇ ਰੱਖ ਦਿੱਤੇ, ਜਿਹੜੀਆਂ ਮਨ ’ਚ ਸੰਸਾਰ ਹਾਕੀ ਕੱਪ ਜਿੱਤਣ ਦੇ ਸੁਪਨੇੇ ਸੰਜੋਅ ਕੇ ਆਈਆਂ ਸਨ। 

 

1985 ’ਚ ਹਾਲੈਂਡ ਦੀ ਹਾਕੀ ਟੀਮ ਖਿਲਾਫ ਖੇਡਣ ਉਪਰੰਤ ਉਸ ਨੇ ਆਪਣੀ ਹਾਕੀ ਖੇਡ ਨੂੰ  ਜਵਾਨ ਕੀਤਾ। 1987 ਤੇ 1988 ਦਾ ਜੂਨੀਅਰ ਏਸ਼ੀਆ ਹਾਕੀ ਕੱਪ, 1989 ਤੇ 1993 ’ਚ ਸੀਨੀਅਰ ਏਸ਼ੀਆ ਹਾਕੀ ਕੱਪ ਅਤੇ 1989 ਤੋਂ 1995 ਤੱਕ ਲਗਾਤਾਰ ਸੱਤ ਵਾਰ ਚੈਂਪੀਅਨਜ਼ ਹਾਕੀ ਟਰਾਫੀ ਖੇਡ ਕੇ ਸ਼ਾਹਬਾਜ਼ ਹਾਕੀ ਦੇ ਆਸਮਾਨ ਦੀਆਂ ਬੁਲੰਦੀਆਂ ’ਤੇ ਪਹੁੰਚਿਆ। ਇਪੋਹ-1989 ਦੀ ਚੈਂਪੀਅਨਜ਼ ਹਾਕੀ ਟਰਾਫੀ ਖੇਡ ਕੇ ਸ਼ਾਹਬਾਜ਼ ਅਹਿਮਦ ਨੇ ਹਾਕੀ ਦੇ ਅੰਬਰ ਨਾਲ ਹੱਥ ਮਿਲਾਇਆ। ਮਲੇਸ਼ੀਆ ਦੇ ਸ਼ਹਿਰ ਇਪੋਹ-1989 ’ਚ ਜੂਨੀਅਰ ਸੰਸਾਰ ਹਾਕੀ ਕੱਪ ਖੇਡਣ ਤੋਂ ਇਲਾਵਾ ਹਾਕੀ ਓਲੰਪੀਅਨ ਸ਼ਾਹਬਾਜ਼ ਅਹਿਮਦ ਨੇ ਲੰਡਨ-1986, ਲਾਹੌਰ-1990, ਸਿਡਨੀ-1994, ਅਟਰੈਖਟ-1998 ਤੇ ਕੁਆਲਾਲੰਪੁਰ-2002 ’ਚ ਲਗਾਤਾਰ ਪੰਜ ਵਿਸ਼ਵ ਹਾਕੀ ਕੱਪ ਖੇਡ ਕੇ ਆਪਣੇ ਹੀ ਦੇਸ਼ ਦੇ ਸਾਬਕਾ ਸੈਂਟਰ ਹਾਫ ਖਿਡਾਰੀ ਅਖਤਰ ਰਸੂਲ ਨਾਲ ਪੰਜ ਸੰਸਾਰ ਹਾਕੀ ਕੱਪ ਖੇਡਣ ਦੀ ਬਰਾਬਰੀ ਕੀਤੀ।

 

 

ਹਾਕੀ ਦੀ ਅਹਿਮ ਪ੍ਰਾਪਤੀ ਸਰ ਕਰਨ ਵਾਲਾ ਸ਼ਾਹਬਾਜ਼ ਅਹਿਮਦ ਸਿਓਲ-1988, 1992 ’ਚ ਬਾਰਸੀਲੋਨਾ-1992 ਅਤੇ ਐਟਲਾਂਟਾ-1996 ’ਚ ਤਿੰਨ ਵਾਰ ਓਲੰਪਿਕ ਹਾਕੀ ’ਚ ਪਾਕਿਸਤਾਨ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਦੇ ਨਾਲ-ਨਾਲ ਸਿਓਲ-1986, ਬੀਜਿੰਗ-1990 ਅਤੇ ਹੀਰੋਸ਼ੀਮਾ-1994 ’ਚ ਤਿੰਨ ਵਾਰ ਏਸ਼ਿਆਈ ਹਾਕੀ ਖੇਡਣ ਸਦਕਾ ਵੱਡੀ ਖੇਡ ਦਾਦ ਖੱਟਣ ਸਦਕਾ ਹਾਕੀ ਦੇ ਰੰਗ ’ਚ ਰੰਗਿਆ ਗਿਆ। ਬਾਰਸੀਲੋਨਾ-1992 ਓਲੰਪਿਕ ਹਾਕੀ, ਸਿਡਨੀ-1994 ਸੰਸਾਰ ਹਾਕੀ ਕੱਪ ਤੇ ਹੀਰੋਸ਼ੀਮਾ-1994 ਏਸ਼ਿਆਈ ਹਾਕੀ ਸਮੇਂ ਪਾਕਿਸਤਾਨੀ ਹਾਕੀ ਟੀਮ ਦੀ ਕਮਾਨ ਸ਼ਾਹਬਾਜ਼ ਅਹਿਮਦ ਦੇ ਹੱਥਾਂ ’ਚ ਸੀ। ਉਸ ਦੀ ਕਪਤਾਨੀ ’ਚ ਪਾਕਿਸਤਾਨੀ ਟੀਮ ਨੇ ਸਿਡਨੀ-1994 ਆਲਮੀ ਹਾਕੀ ਕੱਪ ਤੇ ਚੈਂਪੀਅਨਜ਼ ਹਾਕੀ ਟਰਾਫੀ ’ਚ ਜਿੱਤਾਂ ਦਰਜ ਕੀਤੀਆਂ।

 

10 ਨੰਬਰੀ ਜਰਸੀ ਪਾ ਕੇ ਹਾਕੀ ਖੇਡਦੇ ਸ਼ਾਹਬਾਜ਼ ਦੀ ਮੈਦਾਨ ਅੰਦਰ ਪਸ਼ਦੀਦਾ ਖੇਡ ਪੁਜ਼ੀਸ਼ਨ ਸੈਂਟਰ ਫਾਰਫਰਡ ਸੀ ਪਰ ਵਿਰੋਧੀ ਰੱਖਿਅਕਾਂ ਵਲੋਂ ਘੇਰੇ ਜਣ ਸਦਕਾ ਉਹ ਇੰਨ ਸਾਈਡ ਲੈਫਟ ਵੀ ਖੇਡਦਾ ਰਿਹਾ। ਉਸ ਦਾ ਜਨਮ 10 ਅਪਰੈਲ, 1966 ਨੂੰ ਪਾਕਿਸਤਾਨੀ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ’ਚ ਹੋਇਆ। ਉਹ ਪਾਕਿਸਤਾਨੀ ਇੰਟਰਨੈਸ਼ਨਲ ਏਅਰਵੇਜ਼ ਮਹਿਕਮੇ ’ਚ ਐਗਜ਼ੀਕਿਊਟਿਵ ਦੇ ਅਹੁਦੇ ’ਤੇ ਤਾਇਲਾਤ ਹੈ ਤੇ ਕੌਮੀ ਹਾਕੀ ਲੀਗ ’ਚ ਵੀ ਉਹ ਏਅਰਵੇਜ਼ ਮਹਿਕਮੇ ਦੀ ਟੀਮ ਦੀ ਨੁਮਾਇੰਦਗੀ ਕਰਦਾ ਰਿਹਾ। ਸਮਕਾਲੀ ਹਾਕੀ ਖਿਡਾਰੀ ਅਤੇ ਪਾਕਿਸਤਾਨੀ ਹਾਕੀ ਟੀਮ ਦੇ ਸਾਬਕਾ ਕਪਤਾਨ ਤਾਹਿਰ ਜ਼ਮਾਨ ਦਾ ਉਹ ਰਿਸ਼ਤੇ ’ਚ ਸਕਾ ਸਾਂਢੂ ਹੈ। ਓਲੰਪਿਕ ਹਾਕੀ ’ਚ ਸਭ ਤੋਂ ਵੱਧ 16 ਗੋਲ ਦਾਗਣ ਵਾਲੇ ਦੁਨੀਆਂ ਦੇ ਮਹਾਨ ਸਟਰਾਈਕਰਾਂ ਭਾਰਤ ਦੇ ਸੁਰਿੰਦਰ ਸਿੰਘ ਸੋਢੀ ਅਤੇ ਪਾਕਿਸਤਾਨ ਦੇ ਹਸਨ ਸਰਦਾਰ ਨੂੰ ਉਹ ਆਪਣਾ ਆਦਰਸ਼ ਮੰਨਦਾ ਹੈ। ਉਂਜ ਉਹ ਪਰਗਟ ਸਿੰਘ ਦੀ ਹਿਫਾਜ਼ਤੀ ਰੇਖਾ ’ਤੇ ਖੇਡੀ ਹਾਕੀ ਦਾ ਵੀ ਮੁਰੀਦ ਹੈ ਤੇ ਪਰਗਟ ਸਿੰਘ ਨਾਲ ਉਸ ਦੀ ਦੋਸਤੀ ਦੇ ਕਿੱਸੇ ਜੱਗ ਜ਼ਾਹਿਰ ਵੀ ਹਨ। 

 

ਹਾਲੈਂਡ ’ਚ 9ਵਾਂ ਵਿਸ਼ਵ ਹਾਕੀ ਕੱਪ ਖੇਡਣ ਤੋਂ ਪਹਿਲਾਂ ਸ਼ਾਹਬਾਜ਼ ਅਹਿਮਦ ਜਦੋਂ ਭਾਰਤੀ ਹਾਕੀ ਟੀਮ ਨਾਲ ਟੈਸਟ ਹਾਕੀ ਲੜੀ ਖੇਡਣ ਜਲੰਧਰ ਆਇਆ ਤਾਂ ਪੀਏਪੀ ਦੇ ਖੇਡ ਕੰਪਲੈਕਸ ’ਚ ਉਸ ਨਾਲ ਮੁਲਾਕਾਤ ਕਰਨ ਉਪਰੰਤ ਇਹੋ ਪ੍ਰਭਾਵ ਮਿਲਿਆ ਕਿ ਅਜਿਹੇ ਲਾਜਵਾਬ ਹਾਕੀ ਖਿਡਾਰੀਆਂ ਨੂੰ ਮਿਲ ਕੇ ਰੂਹ ਦਾ ਰੱਜ ਮਿਲਦਾ ਹੈ। ਸਿਖਰੀ ਹਾਕੀ ਪਾਰੀ ਖੇਡਣ ਸਦਕਾ ਵੀ ਸ਼ਾਹਬਾਜ਼ ਅਹਿਮਦ ਦੇ ਪੈਰ ਧਰਤੀ ’ਤੇ ਟਿਕੇ ਹੋੲੈ ਹਨ। ਨਪੇ-ਤੁਲੇ ਬੋਲ ਬੋਲਣ ਦੀ ਆਦਤ ਵਾਲਾ ਪਾਕਿਸਤਾਨੀ ਸ਼ਾਹਬਾਜ਼ ਹਾਕੀ ਲਾਲ ਸਬੰਧਤ ਗੱਲਾਂ ’ਚ ਖੁਭ ਕੇ ਦਿਲਚਸਪੀ ਲੈਂਦਾ ਹੈ। ਆਪਣੀ ਮੈਦਾਨੀ ਹਾਕੀ ਖੇਡ ਬਾਰੇ ਪੁੱਛਣ ’ਤੇ ਉਹ ਦੋ-ਟੁੱਕ ਜਵਾਬ ਦਿੰਦਾ ਹੈ ਕਿ ਮੈਂ ਆਪਣੀ ਖੇਡ ਦਾ ਜੱਜ ਆਪ ਨਹੀਂ ਹੋ ਸਕਦਾ। ਅੰਦਾਜ਼ਾ ਲਾ ਕੇ ਅਜਿਹਾ ਫੈਸਲਾ ਕਰਨ ਦੀ ਮੈਂ ਦੂਜਿਆਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਜਿਵੇਂ ਰਾਵੀ-ਝਨਾਂ ਵਾਂਗ ਉਹ ਹਾਕੀ ਦਾ ਇਕ ਵਗਦਾ ਦਰਿਆ ਹੈ, ਉਵੇਂ ਹੀ ਉਸ ਅੰਦਰ ਹਾਕੀ ਦਾ ਇਕ ਅਮੁੱਲ ਖਜ਼ਾਨਾ ਭਰਿਆ ਹੋਇਆ ਹੈ। ਉਹ ਬੇਝਿੱਜਕ ਕਹਿੰਦਾ ਹੈ, ਹਾਕੀ ਮੇਰੀ ਮਹਿਬੂਬ ਖੇਡ ਹੈ ਅਤੇ ਇਸ ਖੇਡ ਨਾਲ ਮੇਰਾ ਹਮਾਂ ਕਿਸਮ ਦਾ ਰਿਸ਼ਤਾ ਹੈ। 

 

ਸ਼ਾਹਬਾਜ਼ ਨੂੰ ਜਦੋਂ ਹਾਕੀ ਤੋਂ ਸੰਨਿਆਸ ਲੈਣ ਮਗਰੋਂ ਮੁੜ ਤੋਂ ਹਾਕੀ ਚੁੱਕਣ ਬਾਰੇ ਸਵਾਲ ਪੁੱਛਿਆ ਤਾਂ ਉਸ ਦਾ ਸਪਸ਼ਟ ਉੱਤਰ ਸੀ ਕਿ ਉਸ ਨੇ ਹਾਕੀ ਖੇਡ ਨਾਲ ਤੋੜ ਨਿਭਣ ਦੀਆਂ ਕਸਮਾਂ ਖਾਈਆਂ ਹੋਈਆਂ ਹਨ। ਇਸ ਲਈ ਮੈਂ ਤਾਅ ਉਮਰ ਹਾਕੀ ਨਾਲ ਗੰਭੀਰਤਾ ਨਾਲ ਜੁੜਿਆ ਰਹਾਂਗਾ। ਜੇਕਰ ਨਾਜ਼ੁਕ ਸਮੇਂ ਦੇਸ਼ ਦੀ ਹਾਕੀ ਨੂੰ ਮੇਰੀ ਲੋੜ ਮਹਿਸੂਸ ਹੁੰਦੀ ਹੈ ਤਾਂ ਮੈਂ ਬਤੌਰ ਹਾਕੀ ਕੋਚ ਜਾਂ ਅਹੁਦੇਦਾਰ ਹਰ ਸਮੇਂ ਹਾਜ਼ਰ ਰਹਾਂਗਾ ਕਿਉਂਕਿ ਹਾਕੀ ਨਾਲ ਸੱਚਾ ਇਸ਼ਕ ਹੋਣ ਦੇ ਨਾਲ-ਨਾਲ ਮੈਨੂੰ ਆਪਣੇ ਦੇਸ਼ ਨਾਲ ਸੱਚਾ ਹੇਰਵਾ ਵੀ ਹੈ। 

 

ਸ਼ਾਹਬਾਦ ਅਹਿਮਦ ਪਾਕਿਸਤਾਨੀ ਹਾਕੀ ਟੀਮ ਦਾ ਕੋਚ ਵੀ ਨਾਮਜ਼ਦ ਹੋ ਚੁੱਕਾ ਹੈ। ਆਪਣੇ ਖਿਆਲ ਪ੍ਰਗਟਾਉਂਦਾ ਉਹ ਕਹਿੰਦਾ ਹੈ ਕਿ ਏਸ਼ਿਆਈ ਹਾਕੀ ਦੀ ਚੜ੍ਹਤ ਲਈ ਬਿਹਤਰ ਇਹੋ ਹੈ ਕਿ ਪਾਕਿਸਤਾਨ, ਭਾਰਤ, ਮਲੇਸ਼ੀਆ, ਜਪਾਨ, ਚੀਨ ਤੇ ਦੱਖਣੀ ਕੋਰੀਆ ਆਪਸੀ ਮੈਚ ਖੇਡਣ ਦੀ ਮਿੱਤਰਤਾ ’ਤੇ ਮੁਸ਼ਤੈਦੀ ਨਾਲ ਪਹਿਰਾ ਦੇਣ। ਪਾਕਿਸਤਾਨੀ ਹਾਕੀ ਖਿਡਾਰੀਆਂ ਨੂੰ ਮਿਲਦੀਆਂ ਖੇਡ ਸਹੂਲਤਾਂ ’ਤੇ ਸ਼ਾਹਬਾਜ਼ ਸੰਤੁਸ਼ਟੀ ਪ੍ਰਗਟ ਕਰਦਾ ਹੈ। ਉਹ ਕਹਿੰਦਾ ਹੈ ਕਿ ਪਾਕਿਸਤਾਨੀ ਹਾਕੀ ਖਿਡਾਰੀ ਬਾਹਰਲੇ ਹਾਕੀ ਦੇਸ਼ਾਂ ਖਾਸ ਕਰ ਯੂਰਪੀਨ ਮੁਲਕਾਂ ਦੇ ਪ੍ਰੋਫੈਸ਼ਨਲ ਹਾਕੀ ਕਲੱਬਾਂ ਲਈ ਖੇਡ ਕੇ ਚੰਗਾ ਨਾਮ ਤੇ ਨਾਮਾ ਕਮਾਉਂਦੇ ਹਨ। ਉਹ ਫਖਰ ਮਹਿਸੂਸਦਾ ਦੱਸਦਾ ਹੈ ਕਿ ਜਦੋਂ ਉਸ ਦੀ ਹਾਕੀ ਪੂਰੇ ਜੋਬਨ ’ਤੇ ਸੀ ਤਾਂ ਉਦੋਂ ਯੂਰਪੀਨ ਹਾਕੀ ਕਲੱਬਾਂ ’ਚ ਉਸ ਨੂੰ ਆਪਣੇ ਖੇਡ ਕਲੱਬਾਂ ਨਾਲ ਗੰਢਣ ਲਈ ਦੌੜ ਲੱਗੀ ਰਹੀ।     

 

ਹਾਲੈਂਡ ਦੇ ਸਟਿੱਕ-ਿਕਟ ਹਾਕੀ ਕਲੱਬ ਲਈ ਲੰਮੇ ਸਮੇਂ ਤੋਂ ਸ਼ਾਹਬਾਜ਼ ਅਹਿਮਦ ਸੀਜ਼ਨਲ ਹਾਕੀ ਖੇਡਦਾ ਰਿਹਾ। ਇਹ ਵੀ ਰੌਚਕ ਇਤਫਾਕ ਰਿਹਾ ਕਿ ਜਦੋਂ ਸ਼ਾਹਬਾਜ਼ ਨੇ ਪਾਕਿਸਤਾਨੀ ਹਾਕੀ ਟੀਮ ਵਲੋਂ ਖੇਡਣ ਨੂੰ ਅਲਵਿਦਾ ਕਹੀ ਤਾਂ ਡੱਚ ਸਟਿੱਕ-ਿਕਟ ਹਾਕੀ ਕਲੱਬ ਨੂੰ ਉਸ ਦਾ ਇਹ ਖੇਡ ਫੈਸਲਾ ਪ੍ਰਵਾਨ ਨਹੀਂ ਸੀ। ਇਸੇ ਦਾ ਸਿੱਟਾ ਸੀ ਕਿ ਕੌਮਾਂਤਰੀ ਹਾਕੀ ਖੇਡਣ ਤੌਂ ਤੌਬਾ ਕਰਨ ਤੋਂ ਬਾਅਦ ਵੀ ਸ਼ਾਹਬਾਜ਼ ਨੇ 2004 ਤੱਕ ਪ੍ਰੋਫੈਸ਼ਨਲ ਡੱਚ ਹਾਕੀ ਕਲੱਬ ਨਾਲ ਹਾਕੀ ਖੇਡਣ ਦੇ ਕੌਲ-ਕਰਾਰ ਨਿਭਾਉਣ ’ਚ ਕੋਈ ਕਸਰ ਬਾਕੀ ਨਹਂੀਂ ਛੱਡੀ। ਲਾਹੌਰ-2005 ਦੀ  ਚਂੈਪੀਅਨਜ਼ ਹਾਕੀ ਟਰਾਫੀ ਦੌਰਾਨ ਜਦੋਂ ਸ਼ਾਹਬਾਜ਼ ਨਾਲ ਹਾਕੀ ਖੇਡ ਸਬੰਧੀ ਸਰਸਰੀ ਗੱਲਾਂ ਕੀਤੀਆਂ ਤਾਂ ਉਸ ਨੇ ਹਿੱਕ ਥਾਪੜਦਿਆਂ ਕਿਹਾ ਕਿ 38 ਸਾਲ ਦੀ ਉਮਰ ਤੱਕ ਰੱਜਵੀਂ ਹਾਕੀ ਖੋਡਿਆ ਪਰ ਇਸ ਸਮੇਂ ਵੀ ਉਹ ਥੱਕਿਆ ਨਹੀਂ। ਮੇਰਾ ਹਾਕੀ ਤੋਂ ਅਲੱਗ ਹਹੋਣ ਦੀ ਇਕੋ ਵਜ੍ਹਾ ਇਹ ਸੀ ਕਿ ਮੈਂ ਆਪਣੇ ਤੋਂ ਜੂਨੀਅਰ ਖਿਡਾਰੀਆਂ ਦੇ ਰਸਤੇ ’ਚ ਰੋੜਾ ਲਾ ਬਣ ਕੇ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੁੰਦਾ ਸੀ। ਉਸ ਦੀ ਪਿਛੇ ਹਟਣ ਦੀ ਇਹ ਖੇਡ ਪਾਲਿਸੀ ਸਫਲ ਵੀ ਹੋਈ। ਅੱਜ ਪਾਕਿ ਟੀਮ ਦੀ ਹਮਲਾਵਰ ਪੰਕਤੀ ’ਚ ਰੇਹਾਨ ਬੱਟ, ਸ਼ਕੀਲ ਅੱਬਾਸੀ, ਸ਼ਬੀਰ ਅਹਿਮਦ, ਤਾਰਿਕ ਅਜ਼ੀਜ਼, ਅਖਤਰ ਅਲੀ, ਅਦਨਾਨ ਜ਼ਾਕਿਰ, ਮੁਹੰਮਦ ਵਿਕਾਸ ਅਜਿਹੇ ਨਾਮੀਂ ਖਿਡਾਰੀ ਸਮੇਂ ਅਨੁਸਾਰ ਸੰਸਾਰ ਹਾਕੀ ਦੇ ਖੇਡ ਨਕਸ਼ੇ ’ਤੇ ਚੰਗੀ ਤਰ੍ਹਾਂ ਛਾਏ ਰਹੇ। 

 

ਅੱਜ ਭਾਵੇਂ ਅੱਕ-ਥੱਕ ਕੇ ਉਸ ਨੇ ਆਪਣੀ ਹਾਕੀ ਕਿੱਲੀ ’ਤੇ ਟੰਗ ਕੇ ਘਰ ਦੇ ਡਰਾਇੰਗ ਰੂਮ ’ਚ ਸ਼ਿੰਗਾਰੀ ਹੋਈ ਹੈ ਪਰ ਉਸ ਨੇ ਆਪਣੀਆਂ ਹਾਕੀ ਸੇਵਾਵਾਂ ਦੇ ਤਜਰਬੇ ਦੇਸ਼ ਦੀ ਹਾਕੀ ਟੀਮ ਨਾਲ ਸਾਂਝੇ ਕਰਨ ਦੀ ਖੁੱਲ੍ਹੀ ਆਫਰ ਦੇਸ਼ ਦੇ ਹਾਕੀ ਸੰਘ ਨੂੰ ਦਿੱਤੀ ਹੋਈ ਹੈ। ਉਂਜ ਪਾਕਿਸਤਾਨੀ ਹਾਕੀ ਟੀਮ ਨਾਲ ਜੁੜੇ ਹਾਕੀ ਖਿਡਾਰੀ ਗਾਹੇ-ਬਗਾਹੇ ਉਸ ਤੋਂ ਚੰਗੀ ਹਾਕੀ ਖੇਡਣ ਦਾ ਸਬਕ ਜ਼ਰੂਰ ਲੈਂਦੇ ਰਹਿੰਦੇ ਹਨ। 

 

ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਨੂੰ ਸ਼ਾਹਬਾਜ਼ ਅਹਿਮਦ ਹਿੰਦ ਦੀ ਹਾਕੀ ਧੁਰਾ ਭਾਵ ਹਾਕੀ ਦੀ ਮੁੱਖ ਦਰਗਾਹ ਮੰਨਦਾ ਹੈ। ਇਸੇ ਨਾਲ ਹੀ ਉਹ ਪਾਕਿਸਤਾਨੀ ਪੰਜਾਬ ਦੇ ਜ਼ਿਨ੍ਹਾ ਟੋਬਾ ਟੇਕ ਸਿੰਘ ਦੇ ਕਸਬੇ ਗੋਜਰਾਂ ਦੇ ਹਾਕੀ ਖਿਡਾਰੀਆਂ ਦਾ ਵੀ ਖਾਸ ਜ਼ਿਕਰ ਕਰਦਾ ਕਹਿੰਦਾ ਹੈ ਕਿ ਮੇਰੇ ਤੋਂ ਇਲਾਵਾ ਪਾਕਿ ਟੀਮ ਦੇ ਬਹੁਤੇ ਓਲੰਪੀਅਨਾਂ ਨੇ ਵੀ ਗੋਜਰਾਂ ਕਸਬੇ ਦੇ ਖੇਡ ਮੈਦਾਨਾਂ ’ਚ ਮੁੱਢਲੀ ਹਾਕੀ ਖੇਡ ਕੇ ਕੌਮੀ ਤੇ ਕੌਮਾਂਤਰੀ ਹਾਕੀ ਦੀ ਸ਼ਾਨਦਾਰ ਅਤੇ ਯਾਦਗਾਰੀ ਲੰਮੀ ਖੇਡ ਪਾਰੀ ਖੇਡੀ ਹੈ।

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ





News Source link

- Advertisement -

More articles

- Advertisement -

Latest article