ਇਸਲਾਮਾਬਾਦ, 27 ਮਾਰਚ
ਬੇਭਰੋਸਗੀ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਇੱਥੇ ਇੱਕ ਵਿਸ਼ਾਲ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਉਸ ਦੀ ਗੱਠਜੋੜ ਸਰਕਾਰ ਨੂੰ ਡਿਗਾਉਣ ਦੀ ‘ਸਾਜ਼ਿਸ਼’ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ।’’ ਖ਼ਾਨ ਨੇ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਰੈਲੀ ਨੂੰ ਇਸਲਾਮਾਬਾਦ ਦੇ ਪਰੇਡ ਗਰਾਊਂਡ ਵਿੱਚ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਦੇਸ਼ ਨੀਤੀ ਤੈਅ ਕਰਨ ਲਈ ਵਿਦੇਸ਼ੀ ਤੱਕ ਸਥਾਨਕ ਸਿਆਸਤਦਾਨਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਵਾਲਾ ਇੱਕ ਪੱਤਰ ਸਬੂਤ ਵਜੋਂ ਉਨ੍ਹਾਂ ਕੋਲ ਹੈ। ਡੇਢ ਘੰਟੇ ਤੋਂ ਵੀ ਵੱਧ ਲੰਮੇ ਇਸ ਭਾਸ਼ਣ ਵਿੱਚ ਇਮਰਾਨ ਨੇ ਕਿਹਾ, ‘‘ਪਾਕਿਸਤਾਨ ਵਿੱਚ ਸਰਕਾਰ ਬਦਲਣ ਲਈ ਵਿਦੇਸ਼ੀ ਪੈਸੇ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਲੋਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਆਦਾਤਰ ਲੋਕ ਇਸ ਤੋਂ ਅਣਜਾਣ ਹਨ, ਪਰ ਕੁੱਝ ਲੋਕ ਸਾਡੇ ਖ਼ਿਲਾਫ਼ ਇਸ ਪੈਸੇ ਦੀ ਵਰਤੋਂ ਕਰ ਰਹੇ ਹਨ।’’ -ਪੀਟੀਆਈ