ਇਨ੍ਹੀਂ ਦਿਨੀਂ ਪੂਰਾ ਦੇਸ਼ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਹੈ। ਬਾਲੀਵੁੱਡ ਇੰਡਸਟਰੀ ਇਸ ਵਾਇਰਸ ਦਾ ਡਟ ਕੇ ਮੁਕਾਬਲਾ ਕਰ ਰਹੀ ਹੈ। ਕੋਈ ਪੈਸੇ ਨਾਲ ਮਦਦ ਕਰ ਰਿਹਾ ਹੈ, ਕੋਈ ਮਜ਼ਦੂਰਾਂ ਨੂੰ ਘਰ ਭੇਜ ਰਿਹਾ ਹੈ ਅਤੇ ਕੋਈ ਗਰੀਬਾਂ ਤਕ ਰਾਸ਼ਨ ਤੇ ਖਾਣਾ ਪਹੁੰਚਾ ਰਿਹਾ ਹੈ। ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਨੇ ਮੁੰਬਈ ਦੀ ਝੁੱਗੀ ਬਸਤੀ ਧਾਰਾਵੀ ‘ਚ ਬਣੇ ਹਸਪਤਾਲ ਲਈ ਆਕਸੀਜਨ ਸਿਲੰਡਰ ਤੇ ਵੈਂਟੀਲੇਟਰ ਦਾਨ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਧਾਰਾਵੀ ਦੇ ਸੈਂਕੜੇ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਦਿੱਤੀਆਂ ਹਨ।
ਫ਼ੋਟੋਗ੍ਰਾਫ਼ਰ ਵਿਰਲ ਭਿਆਨੀ ਨੇ ਇੰਸਟਾਗ੍ਰਾਮ ‘ਤੇ ਅਜੇ ਦੇਵਗਨ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ, “ਸਾਡੇ ਐਕਸ਼ਨ ਹੀਰੋ ਅਜੇ ਦੇਵਗਨ ਨੇ ਚੁੱਪਚਾਪ ਧਾਰਾਵੀ ‘ਚ 200 ਨਵੇਂ ਬੈੱਡਾਂ ਵਾਲੇ ਹਸਪਤਾਲ ਲਈ ਆਕਸੀਜਨ ਸਿਲੰਡਰ ਤੇ ਵੈਂਟੀਲੇਟਰ ਦਾਨ ਕੀਤੇ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਝੁੱਗੀ ਕੋਵਿਡ-19 ਦਾ ਹੱਬ ਬਣ ਗਈ ਹੈ ਅਤੇ ਬੀਐਮਸੀ ਨੇ ਇਸ ਹਸਪਤਾਲ ਨੂੰ ਸ਼ੁਰੂ ਕਰਕੇ ਸਹੀ ਕੰਮ ਕੀਤਾ ਹੈ, ਜਿਸ ਨੂੰ ਬਣਾਉਣ ਵਿੱਚ ਉਨ੍ਹਾਂ ਨੂੰ 15 ਦਿਨ ਲੱਗੇ। ਅਜੇ ਦੇਵਗਨ ਨੇ ਧਾਰਾਵੀ ਦੇ 700 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਪ੍ਰਦਾਨ ਕੀਤੀਆਂ।”
ਹਾਲਾਂਕਿ, ਇਸ ਖ਼ਬਰ ‘ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਜੇ ਦੇਵਗਨ ਨੇ ਕੋਰੋਨਾ ਵਿਰੁੱਧ ਲੜਾਈ ‘ਚ 51 ਲੱਖ ਦਾਨ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਪੁਲਿਸ ਅਤੇ ਕੋਰੋਨਾ ਵਾਰੀਅਰਜ਼ ਲਈ ਪੀਪੀਆਈ ਕਿੱਟਾਂ, ਗਰੀਬਾਂ ਨੂੰ ਭੋਜਨ ਦਾਨ ਕਰਨਾ ਸਮੇਤ ਹੋਰ ਬਹੁਤ ਸਾਰੇ ਕੰਮ ਕੀਤੇ ਹਨ।