ਨਵੀਂ ਦਿੱਲੀ: ਕੇਂਦਰੀ ਸੂਚਨਾ ਕਮਿਸ਼ਨ ਨੇ ਹਾਕੀ ਇੰਡੀਆ ਨੂੰ ਹੁਕਮ ਦਿੱਤਾ ਹੈ ਕਿ ਉਹ ਕਮਿਸ਼ਨ ਦੇ ਉਨ੍ਹਾਂ ਹੁਕਮਾਂ ਦੀ ਪਾਲਣਾ ਕਰੇ ਜਿਨ੍ਹਾਂ ਵਿਚ ਉਸ ਨੂੰ ਵਿਦੇਸ਼ੀ ਖਾਤਿਆਂ ’ਚ ਟਰਾਂਸਫਰ ਕੀਤੇ ਫੰਡ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਕਮਿਸ਼ਨ ਨੇ ਹਾਕੀ ਇੰਡੀਆ ਨੂੰ ਨਗ਼ਦੀ ਕਢਵਾਉਣ ਬਾਰੇ ਜਾਣਕਾਰੀ ਦੇਣ ਲਈ ਵੀ ਕਿਹਾ ਹੈ। ਕੇਂਦਰੀ ਕਮਿਸ਼ਨ ਨੇ ਇਸ ਲੈਣ-ਦੇਣ ਦੇ ਮੰਤਵ ਬਾਰੇ ਜਾਣਕਾਰੀ ਮੰਗੀ ਸੀ। ਖੇਡ ਇਕਾਈ ਨੇ ਹੁਕਮ ਖ਼ਿਲਾਫ਼ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਸੀ ਤੇ ਇਸ ਉਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਦਿੱਲੀ ਹਾਈ ਕੋਰਟ ਨੇ ਕਮਿਸ਼ਨ ਦੇ ਹੁਕਮਾਂ ਉਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹਾਕੀ ਇੰਡੀਆ ਨੂੰ ਹੁਣ 21 ਦਿਨਾਂ ਵਿਚ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਖੇਡ ਇਕਾਈ ਨੇ ਕਿਹਾ ਸੀ ਕਿ ਆਰਟੀਆਈ ਐਕਟ ਦੀ ਇਕ ਧਾਰਾ ਤਹਿਤ ਉਨ੍ਹਾਂ ਨੂੰ ਜਾਣਕਾਰੀ ਦੇਣ ਤੋਂ ਛੋਟ ਮਿਲੀ ਹੋਈ ਹੈ। -ਪੀਟੀਆਈ