ਕੋਰੋਨਾ ਵਾਇਰਸ ਨੇ ਬਾਲੀਵੁੱਡ ਦੀ ਮਸ਼ਹੂਰ ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਨੂੰ ਵੀ ਤੋੜ ਦਿੱਤਾ। ਵਾਜਿਦ ਖ਼ਾਨ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ‘ਚ ਲੈ ਕੇ ਦੁਨੀਆਂ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। ਉਨ੍ਹਾਂ ਦੇ ਦੇਹਾਂਤ ਨੇ ਇੱਕ ਵਾਰ ਫਿਰ ਬਾਲੀਵੁੱਡ ਨੂੰ ਕਦੇ ਨਾ ਭੁੱਲਣ ਵਾਲਾ ਗਮ ਦਿੱਤਾ ਹੈ। ਇਸ ਵਿਚਕਾਰ ਖ਼ਬਰ ਮਿਲੀ ਹੈ ਕਿ ਉਨ੍ਹਾਂ ਦੀ ਮਾਂ ਵੀ ਕੋਰੋਨਾ ਪਾਜ਼ੀਟਿਵ ਹਨ ਅਤੇ ਚੈਂਬੂਰ ਦੇ ਉਸੇ ਹਸਪਤਾਲ ‘ਚ ਦਾਖ਼ਲ ਹਨ, ਜਿੱਥੇ ਵਾਜਿਦ ਨੇ 42 ਸਾਲ ਦੀ ਉਮਰ ‘ਚ ਅੰਤਮ ਸਾਹ ਲਏ।
‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਦੇ ਅਨੁਸਾਰ ਸੂਤਰਾਂ ਦਾ ਕਹਿਣਾ ਹੈ ਕਿ ਰਜੀਨਾ ਕੋਰੋਨਾ ਪਾਜ਼ੀਟਿਵ ਹਨ, ਕਿਉਂਕਿ ਉਹ ਹਸਪਤਾਲ ‘ਚ ਬੇਟੇ ਵਾਜਿਦ ਖ਼ਾਨ ਦੀ ਦੇਖਭਾਲ ਕਰ ਰਹੇ ਸਨ। ਵਾਜਿਦ ਗੁਰਦੇ ਤੇ ਗਲੇ ਦੇ ਇਨਫ਼ੈਕਸ਼ਨ ਤੋਂ ਪੀੜਤ ਸਨ ਅਤੇ ਬਾਅਦ ‘ਚ ਉਨ੍ਹਾਂ ਨੂੰ ਕੋਰੋਨਾ ਹੋ ਗਿਆ। ਸਾਜਿਦ-ਵਾਜਿਦ ਦੀ ਮਾਂ ਹੁਣ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਨ੍ਹਾਂ ਦੀ ਸਿਹਤ ਠੀਕ ਹੋ ਰਹੀ ਹੈ।
ਵਜੀਦ ਖ਼ਾਨ ਦਾ ਅੰਤਮ ਸਸਕਾਰ ਬੀਤੇ ਦਿਨ ਮਤਲਬ 1 ਜੂਨ ਨੂੰ ਦੁਪਹਿਰ 1 ਵਜੇ ਕੀਤਾ ਗਿਆ। ਇਸ ਸਮੇਂ ਸਿਰਫ਼ 20 ਲੋਕ ਮੌਜੂਦ ਸਨ। ਨਾਲ ਹੀ ਸਾਰਾ ਕੰਮ ਪੁਲਿਸ ਦੀ ਨਿਗਰਾਨੀ ‘ਚ ਕੀਤਾ ਗਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵਾਜਿਦ ਦੇ ਅੰਤਮ ਦਰਸ਼ਨ ਕਰਨ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਮਾਂ ਨੂੰ ਵੀ ਹਾਲੇ ਤਕ ਨਹੀਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਬੇਟਾ ਵਾਜਿਦ ਹੁਣ ਦੁਨੀਆਂ ‘ਚ ਨਹੀਂ ਰਿਹਾ।
ਦੱਸ ਦੇਈਏ ਕਿ ਸਾਜਿਦ-ਵਾਜਿਦ ਸਲਮਾਨ ਖ਼ਾਨ ਦੇ ਮਨਪਸੰਦ ਮਿਊਜ਼ਿਕ ਕੰਪੋਜ਼ਰ ਰਹੇ ਹਨ। ਉਹ ਈਦ ਦੇ ਮੌਕੇ ‘ਤੇ ਸਲਮਾਨ ਦਾ ਗੀਤ ‘ਭਾਈ-ਭਾਈ’ ਲੈ ਕੇ ਆਏ ਸਨ। ਵਾਜਿਦ ਨੇ ਸਲਮਾਨ ਦੀ ਸਾਲ 1998 ‘ਚ ਆਈ ਫ਼ਿਲਮ ‘ਪਿਆਰ ਕਿਆ ਤੋਂ ਡਰਨਾ ਕਯਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਵਾਜਿਦ ਦਾ ਆਖਰੀ ਗੀਤ ਵੀ ਸਲਮਾਨ ਦੇ ਨਾਲ ਹੀ ਸੀ।
ਇਸ ਤੋਂ ਇਲਾਵਾ ‘ਦਬੰਗ 3’ ਦੇ ਸਾਰੇ ਗਾਣੇ ਇਨ੍ਹਾਂ ਦੇ ਕੰਪੋਜੀਸ਼ਨ ‘ਚ ਤਿਆਰ ਹੋਏ ਸਨ। ਵਾਜਿਦ ਨੇ ਬਤੌਰ ਸਿੰਗਰ ਸਲਮਾਨ ਖਾਨ ਲਈ ‘ਹਮਕਾ ਪੀਨੀ ਹੈ’, ‘ਮੇਰਾ ਹੀ ਜਲਵਾ’ ਸਮੇਤ ਕਈ ਹਿਟ ਗੀਤ ਵੀ ਗਾਏ। ਇਸ ਤੋਂ ਇਲਾਵਾ ‘ਸੋਨੀ ਦੇ ਨਖਰੇ’, ‘ਮਸ਼ੱਲਾ’, ‘ਡੂ ਯੂ ਵਾਨਾ ਪਾਰਟਨਰ’ ਉਨ੍ਹਾਂ ਦੇ ਬਲਾਕਬਸਟਰ ਗੀਤਾਂ ‘ਚੋਂ ਹਨ। ਉਨ੍ਹਾਂ ਨੂੰ 2011 ‘ਚ ਫ਼ਿਲਮ ਦਬੰਗ ਦੇ ਸੰਗੀਤ ਲਈ ਫ਼ਿਲਮਫ਼ੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।