ਚੰਡੀਗੜ੍ਹ, 26 ਮਾਰਚ
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਇੱਥੇ ਸੈਕਟਰ 17 ਦੇ ਪਰੇਡ ਗਰਾਊਂਡ ਵਿੱਚ 39ਵੀਂ ‘ਹੁਨਰ ਹਾਟ’ ਦਾ ਉਦਘਾਟਨ ਕੀਤਾ। ਇਸ ਵਿੱਚ ਵੱਖ-ਵੱਖ ਸੂਬਿਆਂ ਤੋਂ 720 ਤੋਂ ਵੱਧ ਕਾਰੀਗਰ ਅਤੇ ਸ਼ਿਲਪਕਾਰ ਹਿੱਸਾ ਲੈ ਰਹੇ ਹਨ। ‘ਹੁਨਰ ਹਾਟ’ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸ਼ਿਲਪ, ਭੋਜਨ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਪਹਿਲ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ, ‘‘ਸਾਡੇ ਦੇਸ਼ ਵਿੱਚ ਹੁਨਰਮੰਦ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਕੋਈ ਕਮੀ ਨਹੀਂ ਅਤੇ ‘ਹੁਨਰ ਹਾਟ’ ਨੇ ਉਨ੍ਹਾਂ ਨੂੰ ਲੋੜੀਂਦੇ ਆਰਥਿਕ ਮੌਕੇ ਮੁਹੱਈਆ ਕਰਵਾਏ ਹਨ।’’ ਤਿੰਨ ਅਪਰੈਲ ਤੱਕ ਚੱਲਣ ਵਾਲੀ ‘ਹੁਨਰ ਹਾਟ’ ਵਿੱਚ ਦੇਸ਼ ਭਰ ਵਿੱਚੋਂ ਕਾਰੀਗਰ ਤੇ ਸ਼ਿਲਪਕਾਰ ਆਪਣੀਆਂ ਕਲਾਕ੍ਰਿਤਾਂ ਪੇਸ਼ ਕਰ ਰਹੇ ਹਨ। -ਪੀਟੀਆਈ